For the best experience, open
https://m.punjabitribuneonline.com
on your mobile browser.
Advertisement

ਭਾਅ ਜੀ ਸੁਰਜੀਤ ਸਿੰਘ ਨੂੰ ਯਾਦ ਕਰਦਿਆਂ

11:29 AM Oct 15, 2023 IST
ਭਾਅ ਜੀ ਸੁਰਜੀਤ ਸਿੰਘ ਨੂੰ ਯਾਦ ਕਰਦਿਆਂ
Advertisement
ਸੁਰਿੰਦਰ ਸਿੰਘ ਤੇਜ

ਸਾਡੇ ਲਈ ਉਹ ‘ਭਾਅ ਜੀ’ ਸਨ: ਉਮਰ ਪੱਖੋਂ, ਹੁਨਰ ਪੱਖੋਂ, ਸੁਭਾਅ ਤੋਂ ਵੀ ਅਤੇ ਅਦਾਰਾ ਟ੍ਰਿਬਿਊਨ ਵਿਚ ਨੌਕਰੀ ਦੀ ਲੰਬਾਈ ਪੱਖੋਂ ਵੀ। ਪੰਜਾਬੀ ਟ੍ਰਿਬਿਊਨ ਦੀ ਆਰੰਭਤਾ ਵੇਲੇ ਸ. ਸੁਰਜੀਤ ਸਿੰਘ, ਨਿਊਜ਼ ਰੂਮ ਵਾਸਤੇ ਚੁਣੇ ਗਏ ਪਹਿਲੇ ਅੱਠ ਸਟਾਫ਼ ਮੈਂਬਰਾਂ ਵਿਚ ਸ਼ਾਮਲ ਸਨ। ਉਂਜ, ਬਾਕੀਆਂ ਦੀ ਤੁਲਨਾ ਵਿਚ ਉਨ੍ਹਾਂ ਦੀ ਚੋਣ ਮਹਿਜ਼ ਰਸਮ ਹੀ ਸੀ। ਚੁਣੇ ਤਾਂ ਉਹ ਪਹਿਲਾਂ ਹੀ ਜਾ ਚੁੱਕੇ ਸਨ। ਉਹ ਤੇ ਸ. ਅੰਤਰ ਸਿੰਘ ਦੋ ਅਜਿਹੇ ਸ਼ਖ਼ਸ ਸਨ ਜੋ ਟ੍ਰਿਬਿਊਨ ਅਦਾਰੇ ਦਾ ਪਹਿਲਾਂ ਹੀ ਹਿੱਸਾ ਸਨ। ਸੁਰਜੀਤ ਸਿੰਘ ਹੁਰੀਂ 1972 ਤੋਂ ਨਿਯਮਿਤ ਮੁਲਾਜ਼ਮ ਸਨ, ਅੰਤਰ ਸਿੰਘ ਜੁਜ਼ਵਕਤੀ। ਦੋਵਾਂ ਦਾ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਮੰਡਲ ਵਿਚ ਮੁਕਾਮ ‘ਪੰਜਾਬੀ ਟ੍ਰਿਬਿਊਨ’ ਦੀ ਸਥਾਪਨਾ ਦੀ ਮੁੱਢਲੀ ਰੂਪ-ਰੇਖਾ ਤਿਆਰ ਕਰਨ ਵੇਲੇ ਹੀ ਤੈਅ ਹੋ ਗਿਆ ਸੀ। ਸੁਰਜੀਤ ਸਿੰਘ ਦਾ ਉਨ੍ਹਾਂ ਦੀ ਇਮਾਨਦਾਰੀ, ਲਿਆਕਤ ਤੇ ਵਿੱਦਿਅਕ ਯੋਗਤਾਵਾਂ ਕਾਰਨ ਅਤੇ ਅੰਤਰ ਸਿੰਘ ਦਾ ਅੰਗਰੇਜ਼ੀ ਟ੍ਰਿਬਿਊਨ ਦੇ ਆਰਜ਼ੀ ਨਾਮਾਨਿਗਾਰ ਹੋਣ ਸਦਕਾ। ਇਹ ਵੱਖਰੀ ਗੱਲ ਹੈ ਕਿ ਸੁਰਜੀਤ ਸਿੰਘ ਹੁਰਾਂ ਨੇ ਪ੍ਰਬੰਧਕਾਂ ਵੱਲੋਂ ਦਿਖਾਏ ਭਰੋਸੇ ਨੂੰ ਬਿਹਤਰ ਢੰਗ ਨਾਲ ਸੱਚਾ ਸਾਬਤ ਕਰ ਦਿਖਾਇਆ। ਉਹ ਤਰੱਕੀਆਂ ਕਰਦੇ ਹੋਏ ਸਮਾਚਾਰ ਸੰਪਾਦਕ ਦੇ ਰੁਤਬੇ ਤੱਕ ਪਹੁੰਚੇ ਅਤੇ ਇਸ ਰੁਤਬੇ ਦਾ ਕੱਦ ਲਗਾਤਾਰ ਵਧਾਇਆ।
ਕੁਝ ਗਿਣਵੇਂ ਸੱਜਣ ਹੀ ਇਹ ਜਾਣਦੇ ਹਨ ਕਿ ਸੁਰਜੀਤ ਭਾਅ ਜੀ ਨੇ ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਕਰਵਾਉਣ ਵਿਚ ਵੀ ਛੋਟੀ ਪਰ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਟ੍ਰਿਬਿਊਨ ਟਰੱਸਟ ਦੇ ਸੰਸਥਾਪਕ ਸ. ਦਿਆਲ ਸਿੰਘ ਮਜੀਠੀਆ ਦੀ ਵਸੀਅਤ ਨਾਲ ਸਬੰਧਤ ਇਕ ਅਹਿਮ ਦਸਤਾਵੇਜ਼ ਦੀ ਨਕਲ ਪੁਰਾਣੇ ਰਿਕਾਰਡਾਂ ਵਿਚੋਂ ਲੱਭ ਕੇ ਟਰੱਸਟੀ ਡਾ. ਮਹਿੰਦਰ ਸਿੰਘ ਰੰਧਾਵਾ ਕੋਲ ਉਸ ਸਮੇਂ ਪਹੁੰਚਾਈ ਜਦੋਂ ਟਰੱਸਟ, ਪੰਜਾਬੀ ਅਖ਼ਬਾਰ ਸ਼ੁਰੂ ਕਰਨ ਬਾਰੇ ਦੁਬਿਧਾ ਵਿਚ ਸੀ। ਇਸ ਦਸਤਾਵੇਜ਼ ਨੇ ਦੁਬਿਧਾ ਦੂਰ ਕਰਨ ਵਿਚ ਯੋਗਦਾਨ ਪਾਇਆ। ਸੰਪਾਦਕੀ ਮੰਡਲ ਵਿਚ ਦਾਖ਼ਲੇ ਮਗਰੋਂ ਸੁਰਜੀਤ ਭਾਅ ਜੀ ਨੇ ਤਰਜਮਾਕਾਰੀ ਤੇ ਚਲੰਤ ਮਾਮਲਿਆਂ ਦੇ ਗਿਆਨ ਉੱਤੇ ਪੂਰੀ ਪਕੜ ਦਿਖਾਈ। ਅੰਗਰੇਜ਼ੀ ਦੇ ਔਖੇ ਸ਼ਬਦ ਉਨ੍ਹਾਂ ਨੂੰ ਔਖਾ ਨਹੀਂ ਸੀ ਕਰਦੇ। ਪੇਚੀਦਾ ਫ਼ਿਕਰਿਆਂ ਨੂੰ ਸਰਲ ਬਣਾਉਣ ਦਾ ਹੁਨਰ ਵੀ ਸਾਡੇ ਵਿਚੋਂ ਕਈਆਂ ਨੇ ਉਨ੍ਹਾਂ ਤੋਂ ਹੀ ਸਿੱਖਿਆ।
ਭਾਅ ਜੀ ਤੋਂ ਇਲਾਵਾ ਉਹ ‘ਫ਼ੌਜੀ’ ਦੀ ਅਲ੍ਹ ਨਾਲ ਵੀ ਜਾਣੇ ਜਾਂਦੇ ਸਨ। ਟ੍ਰਿਬਿਊਨ ਅਦਾਰੇ ਵਿਚ ਆਉਣ ਤੋਂ ਪਹਿਲਾਂ ਉਹ 1960 ਤੋਂ 1972 ਤਕ ਫ਼ੌਜ ਵਿਚ ਰਹੇ। ਮਿਹਨਤਕਸ਼ਾਂ ਦੇ ਪਰਿਵਾਰ ਤੋਂ ਸਨ ਉਹ। ਪਿਛੋਕੜ ਮਾਝੇ ਦਾ ਸੀ, ਪਰ ਜ਼ਿੰਦਗੀ ਬਿਹਤਰ ਬਣਾਉਣ ਦੀ ਲਾਲਸਾਵੱਸ ਉਹ ਪਰਿਵਾਰ ਲਾਇਲਪੁਰ (ਹੁਣ ਫ਼ੈਸਲਾਬਾਦ) ਜ਼ਿਲ੍ਹੇ ਵਿਚ ਜਾ ਵੱਸਿਆ। ਉਸ ਜ਼ਿਲ੍ਹੇ ਦੇ ਪਿੰਡ ਚੱਕ 353 ਜਹਾਂਗੀਰ ’ਚ 29 ਜੁਲਾਈ 1942 ਨੂੰ ਸੁਰਜੀਤ ਸਿੰਘ ਦਾ ਜਨਮ ਹੋਇਆ। ਪਾਕਿਸਤਾਨ ਬਣਨ ਮਗਰੋਂ ਇਸ ਪਰਿਵਾਰ ਨੂੰ ਮਲੋਟ ਨੇੜਲੇ ਪਿੰਡ ਬੁਰਜ ਸਿੱਧਵਾਂ ਵਿਚ ਜ਼ਮੀਨ ਅਲਾਟ ਹੋਈ। ਮਲੋਟ ਤੋਂ ਮੈਟ੍ਰਿਕ ਕਰਨ ਮਗਰੋਂ ਉਨ੍ਹਾਂ ਨੇ ਪਰਿਵਾਰ ਦੀ ਮਾਇਕ ਦਸ਼ਾ ਸੁਧਾਰਨ ਲਈ ਫ਼ੌਜ ’ਚ ਭਰਤੀ ਹੋਣਾ ਬਿਹਤਰ ਸਮਝਿਆ। ਇਹ ਉਨ੍ਹਾਂ ਅੰਦਰਲੇ ਮਿਹਨਤੀ ਜਜ਼ਬੇ ਦਾ ਕਮਾਲ ਸੀ ਕਿ 12 ਵਰ੍ਹਿਆਂ ਦੀ ਫ਼ੌਜੀ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਗਿਆਨੀ, ਬੀ.ਏ. ਅਤੇ ਫਿਰ ਅੰਗਰੇਜ਼ੀ ਤੇ ਪੰਜਾਬੀ ਵਿਸ਼ਿਆਂ ਵਿਚ ਐਮ.ਏ. ਦੀਆਂ ਡਿਗਰੀਆਂ ਹਾਸਿਲ ਕੀਤੀਆਂ। ਇਹ ਵਿੱਦਿਅਕ ਯੋਗਤਾਵਾਂ ਬਤੌਰ ਪੱਤਰਕਾਰ ਵੀ ਉਨ੍ਹਾਂ ਦੇ ਖ਼ੂਬ ਕੰਮ ਆਈਆਂ ਅਤੇ ਪੱਤਰਕਾਰ ਜਥੇਬੰਦੀਆਂ ਦੇ ਮੋਹਰੀ ਆਗੂ ਵਜੋਂ ਪਟੀਸ਼ਨਾਂ ਡਰਾਫਟ ਕਰਨ ਵਿਚ ਵੀ।
ਸੁਭਾਅ ਨੇਕ ਹੋਣ ਕਰਕੇ ਉਹ ਛੇਤੀ ਕਿਤੇ ਕਿਸੇ ਨਾਲ ਵੀ ਤਲਖ਼ ਨਹੀਂ ਸੀ ਹੁੰਦੇ। ਜਦੋਂ ਤਲਖ਼ ਹੁੰਦੇ ਸਨ ਤਾਂ ਦਬਕੇ ਦਾ ਅੰਦਾਜ਼ ਵੀ ਵੱਖਰਾ ਹੁੰਦਾ ਸੀ। ਇਕ ਵਾਰ ਕਿਸੇ ਗੱਲ ਤੋਂ ਮੈਂ ਉਨ੍ਹਾਂ ਨਾਲ ਬਹਿਸ ਪਿਆ। ਬਹਿਸਬਾਜ਼ੀ ਵਧਦੀ ਦੇਖ ਕੇ ਅਚਾਨਕ ਉਹ ਕੜਕੇ: ‘‘ਬੱਸ! ਹੋਰ ਬਹਿਸ ਨਹੀਂ। ਤੈਨੂੰ ਪਤੈ ਜਿਸ ਸਾਲ ਤੂੰ ਜੰਮਿਆ ਸੀ, ਉਸ ਸਾਲ ਮੈਂ ਮੈਟ੍ਰਿਕ ਪਾਸ ਕੀਤੀ ਸੀ!’’ ਸੁਭਾਅ ਵਾਂਗ ਉਨ੍ਹਾਂ ਦੀ ਨੀਤ ਵੀ ਫੱਕਰਾਂ ਵਾਲੀ ਸੀ। ਹਰ ਇਕ ਦਾ ਭਲਾ ਚਾਹੁਣ ਵਾਲੀ। ਛੇ ਦਹਾਕੇ ਚੰਡੀਗੜ੍ਹ ਸ਼ਹਿਰ ਵਿਚ ਰਹਿਣ ਦੇ ਬਾਵਜੂਦ ਉਹ ਅਖੀਰ ਤਕ ਦੇਸੀ ਹੀ ਰਹੇ। ਸ਼ਹਿਰੀ ਬਨਾਵਟ ਤੇ ਛਲ-ਕਪਟ ਤੋਂ ਬੇਲਾਗ਼ ਤੇ ਬੇਦਾਗ਼। ਨਿਦਾ ਫ਼ਾਜ਼ਲੀ ਦੇ ਮਸ਼ਹੂਰ ਮਿਸਰੇ ‘ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ’ ਵਾਂਗ ਸੁਰਜੀਤ ਸਿੰਘ ਦਾ ਜਹਾਨ ਵੀ ਨਾ-ਮੁਕੰਮਲ ਸੀ, ਪਰ ਉਨ੍ਹਾਂ ਨੇ ਨਾ-ਮੁਕੰਮਲੀ ਨੂੰ ‘ਨਾ’ ਵਾਲੀ ਨਜ਼ਰ ਨਾਲ ਕਦੇ ਨਹੀਂ ਦੇਖਿਆ; ਜ਼ਿੰਦਗੀ ਨੂੰ ਜਸ਼ਨ ਵਾਂਗ ਮਾਣਿਆ। ਦਿਮਾਗ਼ ਦੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਾਈ ਦੌਰਾਨ ਵੀ।
ਉਹ ਜ਼ਿੰਦਗੀ ਦੇ 81 ਵਰ੍ਹੇ (29 ਜੁਲਾਈ 1942 ਤੋਂ 6 ਅਕਤੂਬਰ 2023) ਜੀਵੇ। ਕੌਮੀ ਔਸਤ ਦੇ ਨਜ਼ਰੀਏ ਤੋਂ ਏਨੀ ਉਮਰ ਥੋੜ੍ਹੀ ਨਹੀਂ। ਪਰ ਉਨ੍ਹਾਂ ਦੇ ਮਾਮਲੇ ਵਿਚ ਇਹ ਥੋੜ੍ਹੀ ਜਾਪਦੀ ਹੈ। ਹਰ ਦਮ, ਹਰ ਸਾਹ ਚੜ੍ਹਦੀਆਂ ਕਲਾਂ ਵਿਚ ਰਹਿਣ ਦਾ ਜੋ ਹੁਨਰ ਉਨ੍ਹਾਂ ਕੋਲ ਸੀ, ਉਸ ਨੂੰ ਦੇਖਦਿਆਂ ਇਹੋ ਲੱਗਦਾ ਹੈ ਕਿ ਉਨ੍ਹਾਂ ਨੂੰ ਵੱਧ ਜਿਊਣਾ ਚਾਹੀਦਾ ਸੀ।

Advertisement

Advertisement
Author Image

sanam grng

View all posts

Advertisement
Advertisement
×