ਜਨਮ ਦਿਨ ਮੌਕੇ ਲਤਾ ਮੰਗੇਸ਼ਕਰ ਨੂੰ ਯਾਦ ਕੀਤਾ
08:11 AM Sep 29, 2024 IST
ਨਵੀਂ ਦਿੱਲੀ: ਉੱਘੀ ਗਾਇਕਾ ਲਤਾ ਮੰਗੇਸ਼ਕਰ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਨ ਵਾਲੇ ਵੱਡੀ ਗਿਣਤੀ ਸੰਗੀਤ ਪ੍ਰੇਮੀਆਂ ਨੇ ਉਨ੍ਹਾਂ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਇਆ। ਲਤਾ ਮੰਗੇਸ਼ਕਰ ਦਾ ਜਨਮ ਸਾਲ 1929 ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਛੋਟੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਜਨਮ ਅਮੀਰ ਸੰਗੀਤਕ ਵਿਰਾਸਤੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਡਤ ਦੀਨਾਨਾਥ ਮੰਗੇਸ਼ਕਰ ਵੀ ਉੱਘੇ ਸੰਗੀਤਕਾਰ ਸਨ। ਲਤਾ ਨੂੰ ਆਪਣੇ ਸਮੇਂ ਦੇ ਪੁਰਸ਼ ਪ੍ਰਧਾਨ ਸਮਾਜ ਤੇ ਸਿਨੇ ਜਗਤ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਲਗਨ ਤੇ ਜਨੂੰਨ ਨਾਲ ਇਨ੍ਹਾਂ ਰੁਕਾਵਟਾਂ ਨੂੰ ਦੂਰ ਕੀਤਾ। ਉਨ੍ਹਾਂ ਬੌਲੀਵੁੱਡ ਲਈ ਸੱਤ ਦਹਾਕਿਆਂ ਦੇ ਵੱਡੇ ਅਰਸੇ ਦੌਰਾਨ ਗੀਤ ਗਾਏ। ਉਨ੍ਹਾਂ ‘ਪਿਆਰ ਕਿਆ ਤੋ ਡਰਨਾ ਕਯਾ’ ਅਤੇ ‘ਅਜੀਬ ਦਾਸਤਾਨ ਹੈ ਯੇ’ ਵਰਗੇ ਪ੍ਰਸਿੱਧ ਗੀਤ ਗਾਏ। ਉਨ੍ਹਾਂ ਦੇ ਗੀਤ ਅੱਜ ਵੀ ਦਰਸ਼ਕਾਂ ਵਿੱਚ ਗੂੰਜਦੇ ਰਹਿੰਦੇ ਹਨ। ‘ਲਗ ਜਾ ਗਲੇ’, ‘ਜੀਆ ਜਲੇ’ ਅਤੇ ‘ਤੁਝੇ ਦੇਖਾ ਤੋ’ ਵਰਗੇ ਗੀਤਾਂ ਨੇ ਨਵੀਂ ਪੀੜ੍ਹੀ ਨੂੰ ਵੀ ਪ੍ਰਭਾਵਿਤ ਕੀਤਾ। ਉਨ੍ਹਾਂ ਨਰਗਿਸ ਅਤੇ ਮਧੂਬਾਲਾ ਤੋਂ ਲੈ ਕੇ ਕਰੀਨਾ ਕਪੂਰ ਅਤੇ ਐਸ਼ਵਰਿਆ ਰਾਏ ਤੱਕ ਨੂੰ ਆਪਣੇ ਗੀਤਾਂ ਜ਼ਰੀਏ ਆਵਾਜ਼ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਦਿੰਦਿਆਂ ਐਕਸ ’ਤੇ ਉਨ੍ਹਾਂ ਦੀਆਂ ਤਸਵੀਰਾਂ ਤੇ ਅਖਬਾਰ ਦੀ ਕਟਿੰਗ ਵੀ ਸ਼ੇਅਰ ਕੀਤੀ ਹੈ। -ਏਐੱਨਆਈ
Advertisement
Advertisement