ਧਾਰਮਿਕ ਆਗੂਆਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਨਵੰਬਰ
ਇੱਥੇ ਵੱਖ-ਵੱਖ ਧਰਮਾਂ ਦੇ ਵਿਸ਼ਵ ਪ੍ਰਤੀਨਿਧਾਂ ਨੇ ਅੱਜ ਦਰਬਾਰ ਸਾਹਿਬ ਮੱਥਾ ਟੇਕਿਆ। ਉਹ ਬੁਲੰਦਪੁਰ, ਜਲੰਧਰ ’ਚ ਹੋਣ ਵਾਲੇ ਅੰਤਰ-ਧਰਮ ਵਿਸ਼ਵ ਸੰਮੇਲਨ ’ਚ ਹਿੱਸਾ ਲੈਣ ਤੋਂ ਪਹਿਲਾਂ ਇੱਥੇ ਨਤਮਸਤਕ ਹੋਣ ਲਈ ਪੁੱਜੇ ਸਨ। ਇਹ ਸਰਬ ਧਰਮ ਸੰਮੇਲਨ ਗੁਰੂ ਨਾਨਕ ਦੇਵ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਵੱਖ-ਵੱਖ ਧਰਮਾਂ ਦੇ ਪ੍ਰਤੀਨਿਧ ਹਰਿਮੰਦਰ ਸਾਹਿਬ ਵਿਖੇ ਅਰਦਾਸ ਵਿੱਚ ਸਾਂਝੇ ਤੌਰ ’ਤੇ ਸ਼ਾਮਲ ਹੋਏ ਅਤੇ ਕੁਝ ਪਲਾਂ ਲਈ ਪਾਵਨ ਅਸਥਾਨ ’ਤੇ ਗੁਰਬਾਣੀ ਕੀਰਤਨ ਦਾ ਆਨੰਦ ਵੀ ਮਾਣਿਆ। ਇਨ੍ਹਾਂ ਵਿੱਚ ਬੋਧੀ ਧਰਮ ਗੁਰੂ (ਧਰਮਸ਼ਾਲਾ), ਚੀਫ਼ ਇਮਾਮ ਆਫ਼ ਇੰਡੀਆ ਦੇ ਪ੍ਰਤੀਨਿਧ, ਪਰਮਾਰਥ ਨਿਕੇਤਨ ਰਿਸ਼ੀਕੇਸ਼ ਤੋਂ ਸਵਾਮੀ ਚਿਤਾਨੰਦ ਸਰਸਵਤੀ, ਜੈਨ ਮੁਖੀ, ਇਜ਼ਰਾਈਲ ਤੋਂ ਯਹੂਦੀ ਆਗੂ ਅਤੇ ਇਸਾਈ ਆਗੂ ਸ਼ਾਮਲ ਸਨ। ਧਾਰਮਿਕ ਆਗੂਆਂ ਨਾਲ ਆਏ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜਲੰਧਰ ’ਚ ਹੋਣ ਵਾਲੇ ਆਲਮੀ ਅੰਤਰ-ਧਰਮ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਸੀ ਪਰ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਬੇਨਤੀ ਕੀਤੀ ਗਈ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੀ ਮਹੱਤਤਾ, ਇਸ ਦੇ ਇਤਿਹਾਸ ਤੇ ਮਰਿਆਦਾ ਆਦਿ ਬਾਰੇ ਜਾਣੂ ਕਰਵਾਇਆ। ਜ਼ਿਕਰਯੋਗ ਹੈ ਧਾਰਮਿਕ ਆਗੂਆਂ ਦੀ ਇਹ ਫੇਰੀ ਅਜਿਹੇ ਸਮੇਂ ਵਧੇਰੇ ਮਹੱਤਵਪੂਰਨ ਹੈ, ਜਦੋਂ ਕੈਨੇਡਾ ਵਿੱਚ ਹਾਲ ਹੀ ’ਚ ਹੋਏ ਹਿੰਸਕ ਹੰਗਾਮੇ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ਵ ਪੱਧਰ ’ਤੇ ਸਿੱਖਾਂ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਿੱਖ ਵਿਰੋਧੀ ਪ੍ਰਚਾਰ ਖ਼ਿਲਾਫ਼ ਸਮਰਥਨ ਦੀ ਅਪੀਲ
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ, ‘‘ਅਸੀਂ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੂੰ ਸਿੱਖ ਵਿਰੋਧੀ ਪ੍ਰਚਾਰ ਵਿਰੁੱਧ ਇੱਕ ਆਵਾਜ਼ ਵਿੱਚ ਸਮਰਥਨ ਦੇਣ ਅਪੀਲ ਕੀਤੀ ਹੈ। ਕਿਸੇ ਵੀ ‘ਮੰਦਿਰ’ ਜਾਂ ‘ਮਸਜਿਦ’ ਉੱਤੇ ਹਮਲਾ ਕਦੇ ਵੀ ਸਿੱਖ ਧਰਮ ਦਾ ਫਲਸਫਾ ਨਹੀਂ ਹੋ ਸਕਦਾ। ਗੁਰਬਾਣੀ ਸਾਨੂੰ ਬਿਨਾਂ ਕਿਸੇ ਭੇਦਭਾਵ ਸਰਬੱਤ ਦਾ ਭਲਾ ਸਿਖਾਉਂਦੀ ਹੈ। ਸਿੱਖ ਸ਼ਾਂਤੀ ਦੇ ਪ੍ਰਤੀਕ ਹਨ ਅਤੇ ਸਿੱਖ ਸਿਧਾਂਤ ਸਾਨੂੰ ਕਦੇ ਵੀ ਕਿਸੇ ਧਰਮ ਦੇ ਅਸਥਾਨ ’ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ’’।