ਧਾਮ ਤਲਵੰਡੀ ਖੁਰਦ ਵਿੱਚ ਧਾਰਮਿਕ ਸਮਾਗਮ ਦੂਜੇ ਦਿਨ ਵੀ ਜਾਰੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਅਗਸਤ
ਆਸ਼ਰਮ ਸਤਿਗੁਰੂ ਭੂਰੀ ਵਾਲੇ (ਗਰੀਬਦਾਸੀ) ਧਾਮ ਤਲਵੰਡੀ ਖੁਰਦ ਵਿੱਚ ਐੱਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ, ਸਵਾਮੀ ਗੰਗਾ ਨੰਦ ਭੂਰੀ ਵਾਲੇ ਚੈਰੀਟੇਬਲ ਟਰੱਸਟ ਅਤੇ ਸੰਗਤਾਂ ਵੱਲੋਂ ਸਾਲਾਨਾ ਸਮਾਗਮਾਂ ਦੇ ਤੀਜੇ ਦਿਨ ਸਵਾਮੀ ਬ੍ਰਹਮ ਸਾਗਰ ਭੂਰੀ ਵਾਲਿਆਂ ਦੇ 162ਵੇਂ ਜਨਮ ਦਿਹਾੜੇ ਸਬੰਧੀ ਸ੍ਰੀ ਅਖੰਡ ਪਾਠਾਂ ਦੀ 13ਵੀਂ ਲੜੀ ਦੇ ਭੋਗ ਪਾਏ ਗਏ ਅਤੇ ਨਾਲ ਹੀ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 40ਵੀਂ ਬਰਸੀ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਈ। ਦੀਵਾਨ ਹਾਲ ’ਚ ਸਜੇ ਸਮਾਗਮਾਂ ਦੌਰਾਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਇਸ ਸੰਸਾਰ ਅੰਦਰ ਹਰ ਜੀਵ ਸੁੱਖ ਆਰਾਮ ਚਾਹੁੰਦਾ ਹੈ ਅਤੇ ਬੁਨਿਆਦੀ ਸਹੂਲਤਾਂ ਦੀ ਪ੍ਰਾਪਤੀ ਲਈ ਇੱਧਰ-ਉੱਧਰ ਭਟਕਦਾ ਵੀ ਹੈ। ਇਸ ਤਰ੍ਹਾਂ ਦੀ ਪ੍ਰਾਪਤੀ ਲਈ ਅਰੋਗ ਅਤੇ ਸੰਤੁਸ਼ਟ ਜੀਵਨ ਦੀ ਲੋੜ ਹੁੰਦੀ ਹੈ ਜੋ ਪ੍ਰਮਾਤਮਾ ਦੀ ਬੰਦਗੀ ਤੋਂ ਮਿਲਦਾ ਹੈ। ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਸੰਸਾਰ ਅੰਦਰ ਨੇਕ ਕਾਰ ਵਿਹਾਰ ਕਰਦਿਆਂ ਪ੍ਰਭੂ ਦੀ ਅਰਾਧਨਾ ਕਰਨ ਵਾਲਿਆਂ ਨੂੰ ਸਮਾਜ ਅੰਦਰ ਪ੍ਰਮੁੱਖਤਾ ਮਿਲਦੀ ਹੈ। ਇਸ ਮੌਕੇ ਭਾਈ ਭਾਈ ਗੁਰਮੀਤ ਸਿੰਘ ਬੈਂਸ, ਭਾਈ ਲਵਪ੍ਰੀਤ ਸਿੰਘ ਲਵਲੀ ਤੋਂ ਇਲਾਵਾ ਕਵੀਸ਼ਰ ਉਂਕਾਰ ਸਿੰਘ ਮਾਝੀ ਨੇ ਹਾਜ਼ਰੀ ਭਰੀ। ਸਵਾਮੀ ਓਮਾ ਨੰਦ ਅਤੇ ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਭਲਕੇ 27 ਅਗਸਤ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੇ ਮੱਧ ਦੇ ਭੋਗ ਪੈਣਗੇ ਅਤੇ ਨਾਲ ਹੀ ਸਵੇਰੇ 11 ਵਜੇ ਸਾਧੂ ਸਾਧਵੀਆਂ ਨੂੰ ਲੰਗਰ ਛਕਾ ਕੇ ਸਨਮਾਨ ’ਚ ਵਸਤਰ ਅਤੇ ਨਕਦੀ ਭੇਟ ਕਰ ਕੇ ਵਿਦਾਇਗੀ ਦਿੱਤੀ ਜਾਵੇਗੀ। ਦੂਜੇ ਪਾਸੇ ਸ਼ਾਮ ਚਾਰ ਵਜੇ ਸਰਬ ਧਰਮ ਸੰਮੇਲਨ ਤੇ ਰੈਣ ਸਬਾਈ ਕੀਰਤਨ ਦੀਵਾਨ ਸਜਾਏ ਜਾਣਗੇ ਜਿਸ ’ਚ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼ ਪਹੁੰਚਣਗੇ। ਇਸ ਮੌਕੇ ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਸੰਘੇੜਾ ਯੂਐੱਸਏ, ਭਾਈ ਬਲਜਿੰਦਰ ਸਿੰਘ ਲਿੱਤਰ ਤੇ ਇੰਸਪੈਕਟਰ ਸੁਖਦੇਵ ਰਾਜ ਤੇ ਹੋਰ ਪਤਵੰਤੇ ਹਾਜ਼ਰ ਸਨ।