ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਧਾਰਮਿਕ ਸਮਾਗਮ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 6 ਨਵੰਬਰ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦਾ ਜੋਤੀ- ਜੋਤ ਪੁਰਬ ਮਨਾਇਆ ਗਿਆ। ਸਵੇਰੇ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ। ਭਾਈ ਪ੍ਰਿਤਪਾਲ ਸਿੰਘ ਦੇ ਜਥੇ ਨੇ ਸਰਬੰਸਦਾਨੀ ਦੇ ਜੀਵਨ ਅਤੇ ਜੋਤੀ ਜੋਤ ਸਮਾਉਣ ਬਾਰੇ ਜਾਣੂ ਕਰਵਾਇਆ। ਭਾਈ ਨਿਤਨੇਮ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸ਼੍ਰੋਮਣੀ ਪ੍ਰਚਾਰਕ ਭਾਈ ਸੰਦੀਪ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਖ਼ਾਲਸਾ ਪੰਥ ਸਿਰਜਨਾ, ਦੇਸ਼, ਕੌਮ ਅਤੇ ਧਰਮ ਦੇ ਖ਼ਾਤਰ ਸਰਬੰਸ ਵਾਰਨ ਦੇ ਪ੍ਰਸੰਗ ਤੋਂ ਜਾਣੂ ਕਰਵਾਇਆ।
ਇਸ ਮੌਕੇ ਹਰਜੱਸ ਕੀਰਤਨੀ ਜਥਾ, ਭਾਈ ਮਨਦੀਪ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਕੁਲਦੀਪ ਸਿੰਘ, ਮਾਤਾ ਸੁੰਦਰ ਕੌਰ ਸਰਬ ਸੇਵਾ ਸੁਸਾਇਟੀ, ਭਾਈ ਗੁਰਸੇਵਕ ਸਿੰਘ, ਭਗੜਾਨੇ ਵਾਲਿਆਂ ਦਾ ਕਵੀਸ਼ਰੀ ਜਥਾ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਗੁਰਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਜਸਵੰਤ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਹਰਿਜੱਸ ਸੁਣਾ ਕੇ ਨਿਹਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।