ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੁਲਾਈ
8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਇਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਲੇਰਕੋਟਲਾ ਰੋਡ ਖੰਨਾ ਵਿਖੇ ਚਾਰ ਰੋਜ਼ਾ ਸਮਾਗਮ ਕਰਵਾਇਆ ਗਿਆ। ਪਹਿਲੇ ਦਨਿ ਗੁਰੂ ਘਰ ਤੋਂ ਸਵੇਰੇ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿਚ ਗੁਰਦੁਆਰਾ ਸ੍ਰੀ ਬਾਬਾ ਨਿਰਗੁਣ ਦਾਸ, ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਗੁਰਦੁਆਰਾ ਗੁਰੂ ਅੰਗਦ ਦੇਵ ਜੀ, ਗੁਰਦੁਆਰਾ ਸੁੱਖ ਸਾਗਰ, ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਮੰਜੀ ਸਾਹਿਬ ਵੱਲੋਂ ਸਹਿਯੋਗ ਦਿੱਤਾ ਗਿਆ। ਭਾਈ ਘਨੱਈਆ ਦਲ ਤੇ ਜਲ ਸੇਵਾ ਸਮਿਤੀ ਸੇਵਾ ਵਿਚ ਹਾਜ਼ਰ ਰਹੇ। ਦੂਜੇ ਦਨਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਦੇ ਜੱਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਥਾ ਦੀਆਂ ਸੇਵਾਵਾਂ ਭਾਈ ਸਤਨਾਮ ਸਿੰਘ, ਭਾਈ ਅਵਤਾਰ ਸਿੰਘ, ਭਾਈ ਅਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਨਿਭਾਈ। ਬੱਚਿਆਂ ਦੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਸਮਾਗਮ ਦੌਰਾਨ ਭਾਈ ਹਰਭਜਨ ਸਿੰਘ ਦੇ ਜੱਥੇ ਵੱਲੋਂ ਰੋਜ਼ਾਨਾ ਸੇਵਾਵਾਂ ਨਿਭਾਈਆਂ ਗਈਆਂ। ਅੱਜ ਸਮਾਗਮ ਦੇ ਆਖਰੀ ਦਨਿ ਢਾਈ ਭਾਈ ਜਤਿੰਦਰਪਾਲ ਸਿੰਘ ਦੇ ਜੱਥੇ ਨੇ ਢਾਡੀ ਵਾਰਾਂ ਤੇ ਗੁਰ ਇਤਿਹਾਸ ਸਬੰਧੀ ਸੰਗਤਾਂ ਨੂੰ ਜਾਣੂੰ ਕਰਵਾਇਆ। ਸਮਾਗਮਾਂ ਨੂੰ ਨਿਰਵਿਘਨ ਸੰਪੂਰਨ ਕਰਨ ਲਈ ਖੰਨਾ ਸ਼ਹਿਰ ਦੀਆਂ ਗੁਰਦੁਆਰਾ ਕਮੇਟੀਆਂ ਨੇ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ, ਗੁਰਮੀਤ ਸਿੰਘ ਬਾਵਾ, ਇੰਦਰਜੀਤ ਸਿੰਘ ਅਕਾਲ, ਗੁਰਜੀਤ ਸਿੰਘ, ਦਲਵੀਰ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਇਥੋਂ ਦੇ ਗੁਰਦੁਆਰਾ ਸ੍ਰੋਮਣੀ ਭਗਤ ਬਾਬਾ ਨਾਮਦੇਵ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਦੌਰਾਨ ਸਵੇਰੇ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਪਾਠਾਂ ਦੇ ਭੋਗ ਪਾਏ ਗਏ।