ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਧਾਰਮਿਕ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਦਸੰਬਰ
ਇਥੇ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਅੰਬਾਲਾ ਸ਼ਹਿਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ-ਰੋਜ਼ਾ ਸਮਾਗਮ ਦੌਰਾਨ ਦੇਰ ਰਾਤ ਤੱਕ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜਥੇ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ ਜੋੜਿਆ। ਸ਼ਾਂਤ ਸਾਹਿਬ ਨੇ ਰਾਗਾਂ ਅਤੇ ਧੁਨਾਂ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ। ਕਾਰਜਕਾਰਨੀ ਮੈਂਬਰ ਤਰਵਿੰਦਰਪਾਲ ਸਿੰਘ ਅਤੇ ਸੰਗਤ ਦੀ ਮੰਗ ’ਤੇ ਭਾਈ ਗੁਰਮੀਤ ਸਿੰਘ ਸ਼ਾਂਤ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ ਸ਼ਹਿਰ ਵਿੱਚ ਜਲਦੀ ਹੀ ਰਾਗ ਅਧਾਰਿਤ ਕੀਰਤਨ ਦੀ ਸਿਖਲਾਈ ਦੇਣ ਦਾ ਭਰੋਸਾ ਦਿੱਤਾ। ਇਕੱਤਰਤਾ ਵਿਚ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਦੇਵ ਸਿੰਘ ਨੇ ਵੀ ਸ਼ਬਦ ਕੀਰਤਨ ਕੀਤਾ। ਟੀ.ਪੀ ਸਿੰਘ ਨੇ ਵਿਸਾਖੀ ਮੌਕੇ ਪਾਕਿਸਤਾਨ ਜਾਣ ਦੇ ਇੱਛੁਕ ਸ਼ਰਧਾਲੂਆਂ ਨੂੰ ਆਪਣੇ ਪਾਸਪੋਰਟ ਗੁਰਦੁਆਰਾ ਸਾਹਿਬਾਨ ਜਾਂ ਸੰਸਥਾ ਦੇ ਮੁੱਖ ਦਫਤਰ ਕੁਰੂਕਸ਼ੇਤਰ ਵਿੱਚ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ।