ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 25 ਦਸੰਬਰ
ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਬ੍ਰਿਟਿਸ਼ ਵਿਕਟੋਰੀਆ ਸਕੂਲ ਵਿਖੇ ‘ਖਾਲਸੇ ਦੀ ਪਛਾਣ’ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਬੱਚਿਆਂ ਨੂੰ ਸ਼ਬਦ ਗਾਇਨ ਦੇ ਨਾਲ-ਨਾਲ ਧਾਰਮਿਕ ਕਵਿਤਾਵਾਂ, ਗੀਤ, ਭਾਸ਼ਣ ਆਦਿ ਰਾਹੀਂ ਸਿੱਖ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਬੱਚਿਆਂ ਦਾ ਭੁਚੰਗੀ ਖਾਲਸਾ, ਸੁੰਦਰ ਦਸਤਾਰ ਸਜਾਉਣ, ਕਵਿਤਾ ਉਚਾਰਨ, ਸਾਖੀ ਸੁਣਾਉਣ ਅਤੇ ਚਮਕੌਰ ਦੀ ਗੜ੍ਹੀ ਦੇ ਇਤਿਹਾਸ ਨਾਲ ਸਬੰਧਿਤ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਗੁਰਪ੍ਰਤਾਪ ਸਿੰਘ ਨੇ ਪਹਿਲਾ, ਸੁਖਬੀਰ ਸਿੰਘ ਨੇ ਦੂਜਾ ਅਤੇ ਮਨਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਭਾਸ਼ਣ ਮੁਕਾਬਲੇ ’ਚ ਇਰਨਪ੍ਰੀਤ ਕੌਰ ਨੇ ਪਹਿਲਾ, ਰਹਿਮਤ ਕੌਰ ਨੇ ਦੂਜਾ ਅਤੇ ਜਸਕੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਤਰ ਹਾਊਸ ਪ੍ਰਸ਼ਨੋਤਰੀ ਮੁਕਾਬਲੇ ’ਚ ਰੌਇਲ ਗੌਲਫ਼ ਹਾਊਸ ਨੇ ਪਹਿਲਾ, ਮਾਨਚੈਸਟਰ ਹਾਊਸ ਦੂਜਾ ਅਤੇ ਵਿੰਬਲਡਨ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਏ ਗਏ ਇਮਤਿਹਾਨ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।