ਹੜ੍ਹਾਂ ਤੋਂ ਜ਼ਿਲ੍ਹੇ ਦੇ ਲੋਕਾਂ ਨੂੰ ਰਾਹਤ ਅਜੇ ਦੂਰ ਦੀ ਗੱਲ
ਤਰਨ ਤਾਰਨ (ਗੁਰਬਖ਼ਸ਼ਪੁਰੀ): ਬਿਆਸ ਦਰਿਆ ਦੇ ਮੰਡ ਖੇਤਰ ਅੰਦਰਲੇ ਕਰੀਬ 28 ਪਿੰਡਾਂ ਦੀ ਜ਼ਮੀਨ ਦੀਆਂ ਫਸਲਾਂ ਵਿੱਚ ਤਿੰਨ ਦਨਿ ਪਹਿਲਾਂ ਵੜ੍ਹੇ ਦਰਿਆ ਦੇ ਪਾਣੀ ਨਾਲ ਲੋਕਾਂ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਮਿਲ ਸਕੀ| ਇਸ ਦੇ ਨਾਲ ਹੀ ਸਤਲੁਜ ਦਰਿਆ ਦੀ ਮਾਰ ਹੇਠ ਆਏ 35 ਦੇ ਕਰੀਬ ਪਿੰਡਾਂ ਦੀਆਂ ਮੁਸ਼ਕਲਾਂ ਜਿਓਂ ਦੀਆਂ ਤਿਓਂ ਹੀ ਚਲ ਰਹੀਆਂ ਹਨ| ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੇ ਖੇਤ ਦਰਿਆ ਦੀ ਰੇਤ ਅਤੇ ਭਲ ਨਾਲ ਭਰ ਜਾਣ ਨਾਲ ਕਿਸਾਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਲੀਹੋਂ ਲੱਥ ਗਈ ਹੈ| ਇਸ ਸਭ ਦੇ ਬਾਵਜੂਦ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਅੰਦਰ ਸਥਿਤੀ ਸਥਿਰ ਬਣੀ ਹੋਈ ਹੈ| ਅਧਿਕਾਰੀ ਨੇ ਕਿਹਾ ਕਿ ਜਿਲ੍ਹੇ ਅੰਦਰ ਅੱਜ ਤੱਕ ਅੱਠ ਪਸ਼ੂਆਂ ਦੇ ਰੂੜ੍ਹ ਜਾਣ ਦੀਆਂ ਖਬਰਾਂ ਮਿਲੀਆਂ ਹਨ ਜਦੋਂਕਿ 51 ਘਰਾਂ ਦਾ ਕੁਝ ਨੁਕਸਾਨ ਹੋਇਆ ਹੈ| ਉਨ੍ਹਾਂ ਕਿਹਾ ਕਿ ਤਸੱਲੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਆਮ ਲੋਕਾਂ ਦੇ ਸਹਿਯੋਗ ਨਾਲ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਕਰੀ ਰੱਖਿਆ ਹੈ| ਅਧਿਕਾਰੀ ਨੇ ਕਿਹਾ ਕਿ ਅੱਜ ਬਿਆਸ ਦਰਿਆ ਅੰਦਰ ਪਾਣੀ ਦਾ ਵਹਾਅ 67000 ਕਿਉਸਿਕ ਰਿਹਾ ਜਿਹੜਾ ਬੀਤੇ ਕੱਲ੍ਹ 58000 ਕਿਉਸਿਕ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੇ ਮੁੱਠਿਆਂਵਾਲਾ ਇਲਾਕੇ ਦੇ ਲੋਕਾਂ ਨੂੰ ਰਾਸ਼ਨ ਤੇ ਪਸ਼ੂਆਂ ਲਈ ਚਾਰਾ ਆਦਿ ਦੀ ਵੰਡ ਕੀਤੀ ਗਈ ਹੈ| ਇਲਾਕੇ ਦੇ ਪਿੰਡ ਚੰਬਾ ਕਲਾਂ ਦੇ ਵਾਸੀ ਪਰਗਟ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਕਿਸਾਨ ਦਾ ਬੇਹਿਸਾਬਾ ਨੁਕਸਾਨ ਹੋ ਰਿਹਾ ਹੈ| ਬਿਆਸ ਦਰਿਆ ਇਲਾਕੇ ਦੇ ਪਿੰਡ ਭਲੋਜਲਾ ਤੋਂ ਲੈ ਕੇ ਹਰੀਕੇ ਤੱਕ ਦੇ 28 ਪਿੰਡਾਂ ਦੀ ਕਰੀਬ 30,000 ਏਕੜ ਜ਼ਮੀਨ ਦੀਆਂ ਫਸਲਾਂ ਤਬਾਹ ਕਰਨ ਵੱਲ ਨੂੰ ਤੁਰਿਆ ਹੋਇਆ ਹੈ ਜਦੋਂਕਿ ਸਤਲੁਜ ਦਰਿਆ ਹਰੀਕੇ ਤੋਂ ਮੁੱਠਿਆਂਵਾਲਾ ਤੱਕ ਦੇ 35 ਪਿੰਡਾਂ ਦੀ 28000 ਏਕੜ ਜ਼ਮੀਨ ਨੂੰ ਮਾਰ ਕਰਦਾ ਆ ਰਿਹਾ ਹੈ| ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਠਿਆਂਵਾਲਾ ਨੇੜੇ ਦਰਿਆ ਦੇ ਪਾੜ ਨੂੰ ਪੂਰ ਦੇਣ ਨਾਲ ਅਗਲੇ ਪਿੰਡਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਬਚਾਅ ਹੋ ਜਾਵੇਗਾ|