ਸੁਪਰੀਮ ਕੋਰਟ ਵੱਲੋਂ ਮਾਣਹਾਨੀ ਦੇ ਮਾਮਲੇ ’ਚ ਸ਼ਸ਼ੀ ਥਰੂਰ ਨੂੰ ਰਾਹਤ
ਨਵੀਂ ਦਿੱਲੀ, 10 ਸਤੰਬਰ
ਦੇਸ਼ ਦੀ ਸਰਵਉਚ ਅਦਾਲਤ ਨੇ ਮਾਣਹਾਨੀ ਦੇ ਇਕ ਮਾਮਲੇ ਵਿਚ ਅੱਜ ਸ਼ਸ਼ੀ ਥਰੂਰ ਨੂੰ ਰਾਹਤ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ’ਚ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਸ਼ਿਵਲਿੰਗ ’ਤੇ ਬਿੱਛੂ’ ਵਾਲੀ ਟਿੱਪਣੀ ਕੀਤੀ ਸੀ ਤੇ ਭਾਜਪਾ ਆਗੂ ਦੀ ਸ਼ਿਕਾਇਤ ’ਤੇ ਸ਼ਸ਼ੀ ਥਰੂਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਆਰ ਮਹਾਦੇਵਨ ਦੇ ਬੈਂਚ ਨੇ ਅੱਜ ਦਿੱਲੀ ਪੁਲੀਸ ਅਤੇ ਭਾਜਪਾ ਆਗੂ ਰਾਜੀਵ ਬੱਬਰ ਨੂੰ ਨੋਟਿਸ ਜਾਰੀ ਕਰ ਕੇ ਚਾਰ ਹਫਤਿਆਂ ਵਿਚ ਜਵਾਬ ਮੰਗਿਆ ਹੈ। ਥਰੂਰ ਨੇ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਖ਼ਿਲਾਫ਼ ਸਰਵਉਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਜਿਸ ਨੇ 29 ਅਗਸਤ ਨੂੰ ਉਸ ਵਿਰੁੱਧ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੁਣਵਾਈ ਦੌਰਾਨ ਥਰੂਰ ਵੱਲੋਂ ਪੇਸ਼ ਹੋਏ ਵਕੀਲ ਮੁਹੰਮਦ ਅਲੀ ਖਾਨ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਪੀੜਤ ਧਿਰ ਨਹੀਂ ਕਿਹਾ ਜਾ ਸਕਦਾ। ਉਸ ਨੇ ਕਿਹਾ ਕਿ ਥਰੂਰ ਨੇ ਛੇ ਸਾਲ ਪਹਿਲਾਂ ਇਕ ਮੈਗਜ਼ੀਨ ਵਿੱਚ ਛਪੇ ਇੱਕ ਲੇਖ ਦਾ ਹਵਾਲਾ ਦਿੱਤਾ ਸੀ। ਇਸ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਲੇਖ ਅਤੇ ਬੋਲੇ ਗਏ ਵਾਕ ਪ੍ਰਤੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ। ਹਾਲਾਂਕਿ, ਜਦੋਂ ਥਰੂਰ ਨੇ ਉਸ ਲੇਖ ਦਾ ਹਵਾਲਾ ਦਿੱਤਾ ਤਾਂ ਸ਼ਿਕਾਇਤਕਰਤਾ ਨੇ ਉਸ ਨੂੰ ਮਾਣਹਾਨੀ ਮੰਨ ਲਿਆ। ਪੀਟੀਆਈ