For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਰਾਹਤ

06:48 AM Apr 11, 2024 IST
ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਰਾਹਤ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੰਜੈ ਿਸੰਘ ਤੇ ਸੌਰਭ ਭਾਰਦਵਾਜ। -ਫੋਟੋ: ਪੀਟੀਆਈ
Advertisement

* ‘ਆਪ’ ਸੁਪਰੀਮੋ ਨੇ ਪਟੀਸ਼ਨ ’ਤੇ ਫੌਰੀ ਸੁਣਵਾਈ ਦੀ ਕੀਤੀ ਮੰਗ

Advertisement

ਨਵੀਂ ਦਿੱਲੀ, 10 ਅਪਰੈਲ
ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਬਹਾਲ ਰੱਖਣ ਦੇ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ’ਚ ਦਾਖ਼ਲ ਅਰਜ਼ੀ ਨੂੰ ਛੇਤੀ ਸੂਚੀਬੱਧ ਕਰਨ ਸਬੰਧੀ ਅਪੀਲ ’ਤੇ ਵਿਚਾਰ ਕਰਨਗੇ। ਚੀਫ਼ ਜਸਟਿਸ ਨੇ ਕੇਜਰੀਵਾਲ ਦੇ ਵਕੀਲ ਨੂੰ ਈਮੇਲ ਭੇਜਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਹਾਈ ਕੋਰਟ ਦੇ 9 ਅਪਰੈਲ ਦੇ ਫ਼ੈਸਲੇ ਖ਼ਿਲਾਫ਼ ਸਿਖਰਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਚੀਫ਼ ਜਸਟਿਸ ਨੇ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਸਿੰਘਵੀ ਨੂੰ ਕਿਹਾ,‘‘ਮੈਂ ਅਰਜ਼ੀ ਫੌਰੀ ਸੂਚਬੱਧ ਕਰਨ ਦੀ ਮੰਗ ਵਾਲੀ ਈਮੇਲ ’ਤੇ ਵਿਚਾਰ ਕਰਾਂਗਾ। ਛੇਤੀ ਈਮੇਲ ਭੇਜੀ ਜਾਵੇ।’’ ਸਿੰਘਵੀ ਨੇ ਕਿਹਾ ਕਿ ਅਰਜ਼ੀ ’ਤੇ ਫੌਰੀ ਸੁਣਵਾਈ ਜ਼ਰੂਰੀ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਸਬੰਧ ’ਚ ਹੈ। ਉਨ੍ਹਾਂ ਕਿਹਾ,‘‘ਗ੍ਰਿਫ਼ਤਾਰੀ ਇਕ ਅਜਿਹੇ ਦਸਤਾਵੇਜ਼ ਦੇ ਆਧਾਰ ’ਤੇ ਕੀਤੀ ਗਈ ਹੈ ਜਿਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।’’ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੂੰ ਝਟਕਾ ਦਿੰਦਿਆਂ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਦੀ ਉਸ ਅਰਜ਼ੀ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ ਸੀ ਜਿਸ ’ਚ ਉਨ੍ਹਾਂ ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਵਾਰ ਵਾਰ ਸੰਮਨ ਭੇਜਣ ਦੇ ਬਾਵਜੂਦ ਕੇਜਰੀਵਾਲ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਨਹੀਂ ਹੋਏ ਅਤੇ ਜਾਂਚ ’ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਮਗਰੋਂ ਜਾਂਚ ਏਜੰਸੀ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਸੀ। ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇ ਈਡੀ ਦੇ ਦਾਅਵੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਜਰੀਵਾਲ ਅਪਰਾਧ ਤੋਂ ਹੋਈ ਆਮਦਨੀ ਦੀ ਵਰਤੋਂ ਅਤੇ ਉਸ ਨੂੰ ਛਿਪਾਉਣ ’ਚ ਪੂਰੀ ਸਰਗਰਮੀ ਨਾਲ ਸ਼ਾਮਲ ਸਨ। ਦਿੱਲੀ ਹਾਈ ਕੋਰਟ ਨੇ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਅਤੇ ਉਸ ਦੇ ਸਮੇਂ ’ਤੇ ਸਵਾਲ ਚੁੱਕਣ ਵਾਲੀ ਕੇਜਰੀਵਾਲ ਦੀ ਅਰਜ਼ੀ ਖਾਰਜ ਕਰਦਿਆਂ ਕਿਹਾ ਸੀ ਕਿ ‘ਆਮ ਅਤੇ ਖਾਸ ਵਿਅਕਤੀ’ ਖ਼ਿਲਾਫ਼ ਜਾਂਚ ਵੱਖ-ਵੱਖ ਨਹੀਂ ਹੋ ਸਕਦੀ। ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ’ਤੇ ਨਹੀਂ ਸਗੋਂ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰ ਰਹੇ ਹਨ। ਇਹ ਮਾਮਲਾ 2021-22 ਦੀ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਬਾਅਦ ’ਚ ਰੱਦ ਕਰ ਦਿੱਤਾ ਗਿਆ ਸੀ। ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਹੁਣ 15 ਅਪਰੈਲ ਤੱਕ ਜੁਡੀਸ਼ਲ ਹਿਰਾਸਤ ’ਚ ਤਿਹਾੜ ਜੇਲ੍ਹ ਅੰਦਰ ਬੰਦ ਹੈ। -ਪੀਟੀਆਈ

Advertisement

ਜੇਲ੍ਹ ’ਚ ਵੀ ਕੇਜਰੀਵਾਲ ਦੇ ਹੱਕ ਖੋਹ ਰਹੀ ਹੈ ਸਰਕਾਰ: ਸੰਜੈ ਸਿੰਘ

ਨਵੀਂ ਦਿੱਲੀ (ਮਨਧੀਰ ਿਸੰਘ ਦਿਓਲ): ‘ਆਪ’ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਤਿਹਾੜ ਜੇਲ੍ਹ ਤੋਂ ਆਪਣੇ ਵਕੀਲਾਂ ਰਾਹੀਂ ਵਿਧਾਇਕਾਂ ਨੂੰ ਭੇਜੇ ਗਏ ਸੁਨੇਹਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਦਾ ਨਾਮ ਲਏ ਬਿਨਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੈ ਸਿੰਘ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਵੱਲੋਂ ਪਾਰਟੀ ਵਿਧਾਇਕਾਂ ਨੂੰ ਆਪਣੇ ਹਲਕਿਆਂ ਦਾ ਦੌਰਾ ਕਰਕੇ ਉਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਕੇਜਰੀਵਾਲ ਸੁਨੇਹੇ ਭੇਜਦੇ ਰਹੇ ਤਾਂ ਉਨ੍ਹਾਂ ਨੂੰ ਵਕੀਲਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾਵੇਗੀ। ‘ਆਪ’ ਦੇ ਰਾਜ ਸਭਾ ਮੈਂਬਰ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਲ੍ਹ ’ਚ ਕੇਜਰੀਵਾਲ ਨੂੰ ਮਿਲਣਾ ਚਾਹੁੰਦੇ ਸਨ ਪਰ ਜੇਲ੍ਹ ਅਧਿਕਾਰੀਆਂ ਨੇ ਮੀਟਿੰਗ ਰੱਦ ਕਰ ਦਿੱਤੀ ਜਦਕਿ ਮੁਲਾਕਾਤ ਦਾ ਟੋਕਨ ਨੰਬਰ ਜਾਰੀ ਕੀਤਾ ਜਾ ਚੁੱਕਾ ਸੀ। ਸੰਜੈ ਸਿੰਘ ਨੇ ਮੋਦੀ ਸਰਕਾਰ ਅਤੇ ਹੁਕਮਰਾਨ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਉਹ ‘ਹਿਟਲਰਸ਼ਾਹੀ’ ਤਹਿਤ ਕੇਜਰੀਵਾਲ ਨੂੰ ਜਜ਼ਬਾਤੀ ਤੌਰ ’ਤੇ ਤੋੜਨ ਲਈ ਤਿਹਾੜ ’ਚ ਰੱਖਣਾ ਚਾਹੁੰਦੇ ਹਨ। ‘ਕੇਜਰੀਵਾਲ ਕਿਸੇ ਵੀ ਤਸੀਹੇ ਅੱਗੇ ਨਾ ਤਾਂ ਟੁੱਟਣਗੇ ਅਤੇ ਨਾ ਹੀ ਝੁਕਣਗੇ। ਦਿੱਲੀ ਦੇ 2 ਕਰੋੜ ਲੋਕ ਇਸ ਦਾ ਜਵਾਬ ਲੋਕ ਸਭਾ ਚੋਣਾਂ ’ਚ ਦੇਣਗੇ।’ ‘ਆਪ’ ਆਗੂ ਨੇ ਕਿਹਾ ਕਿ ਜੇਲ੍ਹ ’ਚ ਵਕੀਲਾਂ ਨਾਲ ਮੁਲਾਕਾਤ ਸਮੇਂ ਕੇਜਰੀਵਾਲ ਨੂੰ 8-9 ਪੁਲੀਸ ਕਰਮੀ ਘੇਰ ਕੇ ਖੜ੍ਹੇ ਰਹਿੰਦੇ ਹਨ ਜੋ ਨਿਯਮਾਂ ਖ਼ਿਲਾਫ਼ ਹੈ ਕਿਉਂਕਿ ਹਵਾਲਾਤੀਆਂ ਨੂੰ ਪ੍ਰਾਈਵੇਟ ’ਚ ਆਪਣੇ ਵਕੀਲ ਨਾਲ ਬੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਰਾਜ ਕੁਮਾਰ ਆਨੰਦ ਵੱਲੋਂ ਦਿੱਲੀ ਕੈਬਨਿਟ ਤੇ ‘ਆਪ’ ਤੋਂ ਅਸਤੀਫ਼ਾ

ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ‘ਆਪ’ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਮੰਤਰੀ ਰਾਜ ਕੁਮਾਰ ਆਨੰਦ ਨੇ ਅੱਜ ਕੈਬਨਿਟ ਅਤੇ ਪਾਰਟੀ ਤੋਂ ਅਸਤੀਫ਼ਾ ਦਿੰਦਿਆਂ ਆਮ ਆਦਮੀ ਪਾਰਟੀ ’ਚ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਲਾਇਆ। ਦਲਿਤ ਆਗੂ ਅਤੇ ਸਮਾਜ ਭਲਾਈ ਮੰਤਰੀ ਆਨੰਦ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੋਸ਼ ਲਾਇਆ ਕਿ ‘ਆਪ’ ’ਚ ਦਲਿਤਾਂ ਨੂੰ ਢੁੱਕਵੀਂ ਨੁਮਾਇੰਦਗੀ ਨਹੀਂ ਦਿੱਤੀ ਜਾ ਰਹੀ ਸੀ। ਉਧਰ ‘ਆਪ’ ਨੇ ਦਾਅਵਾ ਕੀਤਾ ਕਿ ਆਨੰਦ ਦੇ ਅਸਤੀਫ਼ੇ ਨੇ ਉਨ੍ਹਾਂ ਦੇ ਦਾਅਵੇ ਨੂੰ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਪਾਰਟੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ‘ਆਪ’ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤੋੜਨ ਲਈ ਉਹ ਈਡੀ ਅਤੇ ਸੀਬੀਆਈ ਦੀ ਵਰਤੋਂ ਕਰ ਰਹੀ ਹੈ। ਭਾਜਪਾ ਨੇ ਮੋੜਵਾਂ ਜਵਾਬ ਦਿੰਦਿਆਂ ਦਾਅਵਾ ਕੀਤਾ ਕਿ ਮੰਤਰੀ ਦੇ ਅਸਤੀਫ਼ੇ ਤੋਂ ‘ਆਪ’ ਦੇ ਭ੍ਰਿਸ਼ਟ ਤਰੀਕਿਆਂ ਅਤੇ ਪਾਰਟੀ ਦੇ ਮਾਫ਼ੀਆ ਵਾਂਗ ਕੰਮ ਕਰਨ ਦਾ ਭੇਤ ਖੁੱਲ੍ਹ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਆਨੰਦ ਨੇ ਕਿਹਾ,‘‘ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ’ਚ ਡੁੱਬੀ ਹੋਈ ਹੈ। ਹਾਲਾਤ ਦੇਖਦਿਆਂ ਮੇਰਾ ਪਾਰਟੀ ’ਚ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਪਾਰਟੀ ਅਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ।’’ ਅਸਤੀਫ਼ਾ ਦੇਣ ਦੇ ਸਮੇਂ ਬਾਰੇ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ,‘‘ਕੱਲ ਤੱਕ ਅਸੀਂ ਇਸ ਖ਼ਿਆਲ ’ਚ ਸੀ ਕਿ ਸਾਡੇ ’ਤੇ ਦੋਸ਼ ਮੜ੍ਹੇ ਜਾ ਰਹੇ ਹਨ ਪਰ ਹਾਈ ਕੋਰਟ ਦੇ ਫ਼ੈਸਲੇ ਮਗਰੋਂ ਜਾਪਦਾ ਹੈ ਕਿ ਪਾਰਟੀ ’ਚ ਕੁਝ ਗਲਤ ਜ਼ਰੂਰ ਹੈ।’’ ਉਨ੍ਹਾਂ ਕਿਹਾ ਕਿ ਜੰਤਰ-ਮੰਤਰ ਤੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਿਆਸਤ ਬਦਲਣ ਨਾਲ ਦੇਸ਼ ਬਦਲੇਗਾ ਪਰ ਸਿਆਸਤ ਨਹੀਂ ਬਦਲੀ ਸਗੋਂ ਸਿਆਸਤਦਾਨ ਬਦਲ ਗਏ ਹਨ। ਆਨੰਦ ਵੱਲੋਂ ਅਸਤੀਫ਼ਾ ਦੇਣ ਦੇ ਤੁਰੰਤ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਪਾਰਟੀ ਵਿਧਾਇਕਾਂ ਅਤੇ ਮੰਤਰੀਆਂ ਖ਼ਿਲਾਫ਼ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਇਹ ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਦੀ ਅਗਨੀ ਪ੍ਰੀਖਿਆ ਹੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਪਿੱਛੇ ‘ਆਪ’ ਦੀ ਤਬਾਹੀ ਹੈ। ਈਡੀ ਵੱਲੋਂ ਜਾਂਚ ਅਤੇ ਛਾਪਿਆਂ ਦਾ ਇਕੋ ਇਕ ਕਾਰਨ ‘ਆਪ’ ਨੂੰ ਖ਼ਤਮ ਕਰਨਾ ਹੈ। ਭਾਜਪਾ ਅਪਰਾਧਿਕ ਪਾਰਟੀ ਹੈ ਜੋ ਇਸ ਕਿਸਮ ਦੀ ਗੁੰਡਾਗਰਦੀ ਕਰ ਰਹੀ ਹੈ।’’ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ ’ਚ ਆਨੰਦ ਅਤੇ ਕੁਝ ਹੋਰ ਆਗੂਆਂ ਦੇ ਟਿਕਾਣਿਆਂ ’ਤੇ ਈਡੀ ਨੇ ਛਾਪੇ ਮਾਰੇ ਸਨ। ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦਾਅਵਾ ਕੀਤਾ ਕਿ ਆਨੰਦ ਨੂੰ ‘ਆਪ’ ਛੱਡਣ ਲਈ ਧਮਕੀ ਦਿੱਤੀ ਗਈ ਹੋਵੇਗੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅਸਤੀਫ਼ੇ ਮੁਤਾਬਕ ਲੋਕਾਂ ਦਾ ਪਾਰਟੀ ’ਚ ਦਮ ਘੁੱਟ ਰਿਹਾ ਸੀ ਕਿਉਂਕਿ ਉਨ੍ਹਾਂ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਦੇ ਦਿੱਤਾ ਹੈ। -ਪੀਟੀਆਈ

Advertisement
Author Image

joginder kumar

View all posts

Advertisement