ਹਾਈ ਕੋਰਟ ਦੇ ਫ਼ੈਸਲੇ ਮਗਰੋਂ ਚੀਮਾ ਦੇ ਨਿਰਵਿਰੋਧ ਚੁਣੇ ਸਰਪੰਚ ਨੂੰ ਰਾਹਤ
ਲਖਵੀਰ ਸਿੰਘ ਚੀਮਾ
ਟੱਲੇਵਾਲ, 14 ਅਕਤੂਬਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਰੱਦ ਕੀਤੀਆਂ ਅਰਜ਼ੀਆਂ ਨਾਲ ਹਲਕੇ ਦੇ ਪਿੰਡ ਚੀਮਾ ਦੇ ਨਿਰਵਿਰੋਧ ਚੁਣੇ ਗਏ ਸਰਪੰਚ ਮਲੂਕ ਸਿੰਘ ਧਾਲੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਉਸ ਦੇ ਵਿਰੋਧੀ ਉਮੀਦਵਾਰ ਵੱਲੋਂ ਪਾਈ ਪਟੀਸ਼ਨ ਵੀ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ ਜਿਸ ਕਰਕੇ ਮਲੂਕ ਸਿੰਘ ਧਾਲੀਵਾਲ ਪਿੰਡ ਦੇ ਅਗਲੇ ਸਰਪੰਚ ਹੋਣਗੇ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮਲੂਕ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੋਈ ਹੈ। ਉਹ ਸਮੁੱਚੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਮੁੱਖ ਕੰਮ ਹੋਵੇਗਾ। ਉਥੇ ਹਰ ਵਰਗ ਅਤੇ ਹਰ ਪੱਖ ਤੋਂ ਸਰਵਪੱਖੀ ਵਿਕਾਸ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਮਾਣ ਬਖ਼ਸ਼ਣ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਚੀਮਾ ਤੋਂ ਦੋ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ। ਦੂਸਰੇ ਉਮੀਦਵਾਰ ਨਿਰੰਜਣ ਸਿੰਘ ਉਪਰ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਸੀ। ਪ੍ਰਸ਼ਾਸਨ ਦੇ ਇਸ ਫ਼ੈਸਲੇ ਨੂੰ ਉਕਤ ਉਮੀਦਵਾਰ ਦੇ ਪਰਿਵਾਰ ਵਲੋਂ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ, ਜਿੱਥੇ ਹਾਈ ਕੋਰਟ ਨੇ ਸਮੁੱਚੇ ਪੰਜਾਬ ਦੀਆਂ ਅਰਜ਼ੀਆਂ ਦੇ ਨਾਲ ਇਹ ਕੇਸ ਵੀ ਰੱਦ ਕਰ ਦਿੱਤਾ।