ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ
ਪੱਤਰ ਪ੍ਰੇਰਕ
ਪਟਿਆਲਾ, 12 ਜੁਲਾਈ
ਇੱਥੇ ਅਰਬਨ ਅਸਟੇਟ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬੇਹਾਲ ਲੋਕਾਂ ਦੀ ਸਾਰ ਲੈਣ ਲਈ ਵਿਸ਼ੇਸ਼ ਲੋੜਾਂ ਵਾਲੇ ਬੱਚੇ ਪੁੱਜੇ। ਉਨ੍ਹਾਂ ਨੇ ਪਾਣੀ ਮਾਰ ਚੱਲ ਰਹੇ ਇਸ ਇਲਾਕੇ ਦੇ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ। ਇਸ ਵੇਲੇ ਇਨ੍ਹਾਂ ਬੱਚਿਆਂ ਦੀ ਸੇਵਾ ਭਾਵਨਾ ਦੇਖ ਕੇ ਇਸ ਇਲਾਕੇ ਦੇ ਬਾਸ਼ਿੰਦਿਆਂ ਨੇ ਸ਼ਲਾਘਾ ਕੀਤੀ। ਇਸ ਵੇਲੇ ਇਲਾਕੇ ਦੇ ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਨਹੀਂ ਪੁੱਜਾ ਜਦੋਂਕਿ ਇਹ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਹਨ। ਇਨ੍ਹਾਂ ਬੱਚਿਆਂ ਵਿੱਚ ਵਾਣੀ ਪਬਲਿਕ ਸਕੂਲ ਅਰਬਨ ਅਸਟੇਟ, ਸੈਫਦੀਪੁਰ ਸਕੂਲ ਤੋਂ ਇਲਾਵਾ ਰਾਜਪੁਰਾ ਸਕੂਲ ਤੇ ਬੱਚੇ ਵੀ ਸ਼ਾਮਲ ਸਨ। ਇਨ੍ਹਾਂ ਬੱਚਿਆਂ ਨੇ ਇਸ਼ਾਰਿਆਂ ਨਾਲ ਸਮਝਾਇਆ ਕਿ ਉਨ੍ਹਾਂ ਨੂੰ ਕੁਝ ਜੇਬ ਖ਼ਰਚਾ ਮਿਲਦਾ ਹੈ ਪਰ ਹੁਣ ਹੜ੍ਹ ਪੀੜਤ ਲੋਕਾਂ ਨੂੰ ਮਦਦ ਦੀ ਲੋੜ ਹੈ। ਇਸ ਕਰ ਕੇ ਉਹ ਇੱਥੇ ਰਾਹਤ ਸਮੱਗਰੀ ਲੈ ਕੇ ਪੁੱਜੇ ਹਨ। ਇਨ੍ਹਾਂ ਬੱਚਿਆਂ ਦੀ ਅਗਵਾਈ ਮਨਜੋਤ ਸਿੰਘ ਸਹਿਜ, ਜਸ਼ਨ, ਲਵਪ੍ਰੀਤ ਸਿੰਘ, ਅਰਮਾਨ ਖ਼ਾਨ, ਵਿਜੈ ਕੁਮਾਰ, ਪਰਮਵੀਰ ਸਿੰਘ ਕਰ ਰਹੇ ਸਨ।