ਰਾਹਤ: ਕੂੜੇ ਦੇ ਡੰਪ ਦਾ ਕਮਰਾ ਢਾਹਿਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਦਸੰਬਰ
ਜਲੰਧਰ ਦੇ ਪੌਸ਼ ਇਲਾਕੇ ਦੇ ਤੌਰ ’ਤੇ ਜਾਣੇ ਜਾਂਦੇ ਮਾਡਲ ਟਾਊਨ ਵਿਚਲੇ ਕੂੜੇ ਦੇ ਡੰਪ ਕਾਰਨ ਲੋਕ ਪ੍ਰੇਸ਼ਾਨ ਸਨ ਤੇ ਕੂੜੇ ਦੇ ਡੰਪ ਲਈ ਬਣਿਆ ਵੱਡਾ ਕਮਰਾ ਅੱਜ ਢਾਹ ਦਿੱਤਾ ਗਿਆ। ਮਾਡਲ ਟਾਊਨ ਦੇ ਵਾਰਡਾਂ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੇ ਏਜੰਡੇ ’ਤੇ ਇਸ ਡੰਪ ਨੂੰ ਚੁੱਕਣ ਦਾ ਮੁੱਦਾ ਪਹਿਲੇ ਸਥਾਨ ’ਤੇ ਸੀ। ਲੋਕ ਕੂੜੇ ਦੇ ਡੰਪ ਚੁੱਕੇ ਜਾਣ ਦੀ ਜਿੱਤ ਨੂੰ ਇੱਕ ਜ਼ਸ਼ਨ ਦੇ ਰੂਪ ਵਿੱਚ ਲੈ ਰਹੇ ਹਨ। ਇਸ ਮੌਕੇ ਵੋਟਾਂ ਮੰਗਣ ਵਾਲਿਆਂ ਨੇ ਵੀ ਇਸ ਕਮਰੇ ਨੂੰ ਢਾਹੁਣ ਦਾ ਲਾਹਾ ਲੈਂਦਿਆਂ ਦਾਅਵਾ ਕੀਤਾ ਕਿ ਉਹ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਵਾਉਣਗੇ।
ਨਗਰ ਨਿਗਮ ਦੀਆਂ ਚੋਣਾਂ ਦਾ ਪ੍ਰਚਾਰ ਆਏ ਦਿਨੀਂ ਭਖਦਾ ਜਾ ਰਿਹਾ ਹੈ ਤਾਂ ਮਾਡਲ ਟਾਊਨ ਦੇ ਲੋਕਾਂ ਨੇ ਕੂੜੇ ਦੇ ਡੰਪ ਨੂੰ ਇੱਕ ਸੰਜੀਦਾ ਮੁੱਦੇ ਵੱਜੋਂ ਉਭਾਰਿਆ। ਇਹ ਡੰਪ ਮਾਡਲ ਟਾਊਨ ਦੀ ਸ਼ਮਸ਼ਾਨਘਾਟ ਦੇ ਐਨ ਸਾਹਮਣੇ ਹੋਣ ਕਾਰਨ ਇੱਥੇ ਲੋਕਾਂ ਨੂੰ ਆਉਣ ਵਿੱਚ ਵੱਡੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਸਨ। ਇਸ ਕੂੜੇ ਦੇ ਡੰਪ ਨੂੰ ਹਟਾਉਣ ਲਈ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਆਪ ਧਰਨੇ ਵਿੱਚ ਬੈਠਦੇ ਰਹੇ। ਇਲਾਕੇ ਦੇ ਲੋਕ ਲਗਾਤਾਰ ਸੰਘਰਸ਼ ਕਰ ਰਹੇ ਸਨ ਕਿ ਇੱਥੋਂ ਕੂੜੇ ਦਾ ਡੰਪ ਚੁੱਕਿਆ ਜਾਵੇ। ਮਾਡਲ ਟਾਊਨ ਦੇ ਇਸ ਕੂੜਾ ਡੰਪ ਨੂੰ ਚੁਕਾਉਣ ਲਈ ਬਣੀ ਸੁਸਾਇਟੀ ਅੱਜ ਵੀ ਸੰਘਰਸ਼ਸ਼ੀਲ ਹੈ। ਹਾਲ ਹੀ ਵਿੱਚ ਲੋਕਾਂ ਨੇ ਕੂੜਾ ਚੁੱਕਣ ਲਈ ਮੋਮਬੱਤੀ ਮਾਰਚ ਵੀ ਕਰਕੇ ਪ੍ਰਸ਼ਾਸ਼ਨ ਦਾ ਧਿਆਨ ਖਿੱਚਿਆ ਸੀ।