ਸਾਉਣ ਦੇ ਪਹਿਲੇ ਮੀਂਹ ਨਾਲ ਗਰਮੀ ਤੋਂ ਰਾਹਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਜੁਲਾਈ
ਪਟਿਆਲਾ ਅਤੇ ਨਾਲ ਲੱਗਦੇ ਖੇਤਰਾਂ ਵਿੱਚ ਅੱਜ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਗਈ ਹੈ। ਬਾਅਦ ਦੁਪਹਿਰ ਆਏ ਸਾਉਣ ਦੇ ਪਹਿਲੇ ਨੇ ਮੀਂਹ ਸ਼ਹਿਰ ਦੇ ਕਈ ਖੇਤਰਾਂ ਨੂੰ ਜਲ-ਥਲ ਕਰ ਦਿੱਤਾ ਅਤੇ ਕਈ ਥਾਈਂ ਲੋਕ ਮੀਂਹ ਨੂੰ ਤਰਸਦੇ ਰਹੇ। ਜਾਣਕਾਰੀ ਅਨੁਸਾਰ ਪਟਿਆਲਾ ਦੇ ਸਰਹਿੰਦ ਰੋਡ ਤੋਂ ਲੈ ਕੇ ਰਤਨ ਨਗਰ, ਤ੍ਰਿਪੜੀ, ਅਨੰਦ ਨਗਰ, ਦਸਮੇਸ਼ ਨਗਰ, ਰਣਜੀਤ ਨਗਰ, ਆਦਰਸ਼ ਨਗਰ ਵਾਲੇ ਇਲਾਕੇ ਨੂੰ ਭਾਰੀ ਮੀਂਹ ਨੇ ਜਲ-ਥਲ ਕਰ ਦਿੱਤਾ।
ਜਦ ਕਿ ਕੱਚਾ ਪਟਿਆਲਾ ਵਾਲੇ ਪਾਸੇ ਮੀਂਹ ਦੀ ਕਿਤੇ-ਕਿਤੇ ਕਣੀ ਹੀ ਡਿੱਗੀ। ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ਤਾਪਮਾਨ ਦੁਪਹਿਰ ਤੱਕ 37 ਡਿਗਰੀ ਸੈਲਸੀਅਸ ਤੋਂ ਉਪਰ ਹੀ ਰਿਹਾ ਜਦ ਕਿ ਬਾਅਦ ਇਹ ਤਾਪਮਾਨ ਥੋੜ੍ਹਾ ਘੱਟ ਕੇ 34 ਡਿਗਰੀ ਤੱਕ ਆ ਗਿਆ। ਹਵਾ ਵਿਚ ਨਮੀ ਵੀ ਅੱਜ 48 ਫ਼ੀਸਦੀ ਤੱਕ ਰਹੀ ਜਿਸ ਕਰਕੇ ਚਿਪਚਿਪਾਹਟ ਭਰੀ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ। ਇਸ ਤੋਂ ਇਲਾਵਾ ਹਵਾ ਦੀ ਗੁਣਵੱਤਾ ਦਾ ਪੱਧਰ ਘੱਟ ਹੀ ਰਿਹਾ। ਦੂਜੇ ਪਾਸੇ ਅੱਜ ਮੀਂਹ ਨੇ ਬਿਜਲੀ ਦੀ ਮੰਗ ਵਿਚ ਬਹੁਤਾ ਫ਼ਰਕ ਨਹੀਂ ਪਾਇਆ ਸਗੋਂ ਅੱਜ ਵੀ ਬਿਜਲੀ ਦੀ ਮੰਗ 15270 ਮੈਗਾਵਾਟ ਕੋਲ ਹੀ ਰਹੀ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਬੀਤੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਅੱਜ ਬਾਅਦ ਦੁਪਹਿਰ ਖੇਤਰ ਵਿੱਚ ਭਾਰੀ ਮੀਂਹ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਬੀਤੇ ਦਿਨਾਂ ਤੋਂ ਰਾਜਪੁਰਾ ਦਾ ਤਾਪਮਾਨ 37 ਡਿਗਰੀ ਸੈਲਸੀਅਸ ਨਜ਼ਦੀਕ ਚੱਲ ਰਿਹਾ ਸੀ ਜੋ ਕਿ ਮੀਂਹ ਪੈਣ ਨਾਲ ਡਿੱਗ ਕੇ 33 ਡਿਗਰੀ ਸੈਲਸੀਅਸ ਹੋ ਗਿਆ। ਹਵਾ ਵਿਚ ਗਰਮਾਇਸ਼ ਘਟਣ ਨਾਲ ਮੌਸਮ ਖ਼ੁਸ਼ਗਵਾਰ ਬਣ ਗਿਆ।
ਜਿੱਥੇ ਆਮ ਦਿਨਾਂ ਵਿਚ ਬਜ਼ੁਰਗ ਅਤੇ ਬੱਚੇ 7 ਵਜੇ ਤੋਂ ਬਾਅਦ ਘਰਾਂ ਤੋਂ ਬਾਹਰ ਸੈਰ ਵਗ਼ੈਰਾ ਕਰਨ ਲਈ ਨਿਕਲਦੇ ਸਨ, ਅੱਜ ਮੀਂਹ ਬੰਦ ਹੋਣ ਤੋਂ ਬਾਅਦ ਹੀ ਪਾਰਕਾਂ ਵਿਚ ਰੌਣਕਾਂ ਲੱਗ ਗਈਆਂ। ਅਕਸਰ ਮੀਂਹ ਪੈਣ ਤੋਂ ਬਾਅਦ ਇੱਥੋਂ ਦਾ ਅੰਡਰਬ੍ਰਿਜ ਪਾਣੀ ਨਾਲ ਭਰ ਜਾਂਦਾ ਹੈ ਪਰ ਅੱਜ ਅਜਿਹਾ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਰਾਜਪੁਰਾ ਦਾ ਇਕਲੌਤਾ ਓਵਰਬ੍ਰਿਜ ਰਿਪੇਅਰ ਕਾਰਨ ਬੰਦ ਪਿਆ ਹੈ। ਜਨਤਾ ਸਕੂਲ ਨਜ਼ਦੀਕ ਬਣ ਰਿਹਾ ਓਵਰ ਬ੍ਰਿਜ ਅਧੂਰਾ ਹੈ। ਇਸ ਤੋਂ ਇਲਾਵਾ ਮਿਨੀ ਸਕੱਤਰੇਤ ਨਜ਼ਦੀਕ ਬਣੇ ਅੰਡਰ ਬ੍ਰਿਜ ਅਤੇ ਅੰਡਰਪਾਸ ਹੀ ਰਾਜਪੁਰਾ ਤੋਂ ਅੰਬਾਲਾ ਚੰਡੀਗੜ੍ਹ ਜਾਣ ਲਈ ਰਸਤੇ ਬਚੇ ਹਨ ਜੋ ਕਿ ਬਰਸਾਤਾਂ ਵਿਚ ਪਾਣੀ ਭਰ ਜਾਣ ਕਾਰਨ ਇਹ ਵੀ ਬੰਦ ਹੋ ਜਾਂਦੇ ਹਨ।
ਵੱਡੀ ਨਦੀ ਨੇੜੇ ਰਹਿੰਦੇ ਲੋਕਾਂ ਨੂੰ ਹੜ੍ਹਾਂ ਦਾ ਖਦਸ਼ਾ
ਪਟਿਆਲਾ (ਪੱਤਰ ਪ੍ਰੇਰਕ): ਜਿੱਥੇ ਮੀਂਹ ਆਉਣ ’ਤੇ ਲੋਕਾਂ ਨੂੰ ਸੁੱਖ ਦਾ ਸਾਹ ਆਉਂਦਾ ਹੈ ਉੱਥੇ ਪਟਿਆਲਾ ਦੀ ਵੱਡੀ ਨਦੀ ਦੇ ਕੋਲ ਪਟਿਆਲਾ ਦੇ ਬਾਹਰਲੇ ਪਾਸੇ ਵਸੀਆਂ ਕਈ ਕਲੋਨੀਆਂ ਵਿਚ ਰਹਿੰਦੇ ਲੋਕਾਂ ਦਾ ਸਾਹ ਸੂਤਿਆ ਜਾਂਦਾ ਹੈ। ਕਿਉਂਕਿ ਇਸ ਪਾਸੇ ਇਸ ਵਾਰ ਵੀ ਸਰਕਾਰ ਨੇ ਕੋਈ ਬਚਾਅ ਕਾਰਜ ਨਹੀਂ ਕੀਤੇ। ਪਿਛਲੇ ਸਾਲ ਆਏ ਹੜ੍ਹ ਕਾਰਨ ਇਨ੍ਹਾਂ ਕਲੋਨੀਆਂ ਵਿਚ 6-7 ਫੁੱਟ ਪਾਣੀ ਆਗਿਆ ਸੀ, ਲੋਕ ਵਿਰੋਧ ਕਰਨਗੇ ਇਸ ਕਰਕੇ ਇੱਥੇ ਲੋਕ ਸਭਾ ਚੋਣਾਂ ਵਿਚ ਕੋਈ ਲੀਡਰ ਵੋਟਾਂ ਮੰਗਣ ਵੀ ਨਹੀਂ ਆਇਆ। ਗੋਪਾਲ ਕਲੋਨੀ, ਰਿਸ਼ੀ ਕਲੋਨੀ ਆਦਿ ਅੱਧੀ ਦਰਜਨ ਦੇ ਕਰੀਬ ਕਲੋਨੀਆਂ ਵਿਚ ਰਹਿੰਦੇ ਲੋਕ ਪ੍ਰੇਸ਼ਾਨ ਹਨ। ਇੱਥੇ ਕੋਈ ਵੀ ਵਿਅਕਤੀ ਸਿਆਸੀ ਜਾਂ ਗੈਰ ਸਿਆਸੀ, ਸਰਕਾਰੀ ਜਾਂ ਗੈਰ ਸਰਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਇੱਥੇ ਦੇ ਰਹਿਣ ਵਾਲੇ ਸੁਭਾਸ਼ ਕੁਮਾਰ ਤੇ ਸੰਤੋਸ਼ ਨੇ ਆਪਣੇ ਘਰਾਂ ਵਿਚ ਆਏ ਪਾਣੀ ਦਾ ਤਲ ਦੱਸਦਿਆਂ ਕਿਹਾ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਘਰਾਂ ਵਿਚ 6-7 ਫੁੱਟ ਪਾਣੀ ਵੜ ਗਿਆ ਸੀ, ਜਿਸ ਕਰਕੇ ਲੱਖਾਂ ਦਾ ਨੁਕਸਾਨ ਹੋਇਆ, ਉਸ ਨੁਕਸਾਨ ਦਾ ਕਿਸੇ ਵੀ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ, ਇਨ੍ਹਾਂ ਨੇ ਦੋਸ਼ ਲਗਾਏ ਜੇਕਰ ਕਿਸਾਨਾਂ ਦੀ ਫ਼ਸਲ ਮਰਦੀ ਹੈ ਤਾਂ ਉਨ੍ਹਾਂ ਲਈ ਮੁਆਵਜ਼ੇ ਤੇ ਹੋਰ ਕਈ ਸਾਰੇ ਫ਼ੰਡ ਭੇਜ ਦਿੱਤੇ ਜਾਂਦੇ ਹਨ ਪਰ ਗ਼ਰੀਬਾਂ ਕੋਲ ਕੋਈ ਸਰਕਾਰ ਨਹੀਂ ਆਉਂਦੀ।