ਮਾਲਵੇ ਵਿੱਚ ਪਏ ਭਰਵੇਂ ਮੀਂਹ ਨਾਲ ਤਪਦੀ ਗਰਮੀ ਤੋਂ ਰਾਹਤ
ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੂਨ
ਕਈ ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਤੋਂ ਬਾਅਦ ਅੱਜ ਸ਼ਾਮ ਨੂੰ ਅਚਾਨਕ ਆਏ ਮੀਂਹ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਖੇਤਰ ਦੇ ਮਾਨਸਾ, ਸੰਗਰੂਰ, ਬਰਨਾਲਾ, ਅਬੋਹਰ, ਫਾਜ਼ਿਲਕਾ ਅਤੇ ਬਠਿੰਡਾ ਇਲਾਕੇ ਵਿੱਚ ਮੀਂਹ ਪੈਣ ਦੀ ਜਾਣਕਾਰੀ ਮਿਲੀ ਹੈ। ਮੀਂਹ ਨਾਲ ਕਈ ਦਿਨਾਂ ਤੋਂ ਸਖ਼ਤ ਗਰਮੀ ਕਾਰਨ ਖੁਸ਼ਕ ਹੋਈ ਪਈ ਧਰਤੀ ਦੀ ਪਿਆਸ ਬੁਝੀ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਹੈ। ਇਸ ਦੌਰਾਨ ਤਾਪਮਾਨ 5 ਤੋਂ 7 ਡਿਗਰੀ ਸੈਂਟੀਗਰੇਡ ਹੇਠਾਂ ਆ ਜਾਵੇਗਾ, ਹੁਣ ਤਾਪਮਾਨ 41-42 ਡਿਗਰੀ ਚੱਲ ਰਿਹਾ ਸੀ। ਪੀਏਯੂ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਇਸ ਮੀਂਹ ਨਾਲ ਫਸਲਾਂ ਤੁਰੰਤ ਵਾਧੇ ਵੱਲ ਪੈ ਜਾਣਗੀਆਂ। ਡੀਜ਼ਲ ਫੂਕ ਕੇ ਫ਼ਸਲਾਂ ਸਿੰਜ ਰਹੇ ਕਿਸਾਨਾਂ ਦਾ ਵੱਡਾ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਮਾਲਵਾ ਪੱਟੀ ਵਿਚ ਹਫ਼ਤੇ ਭਰ ਤੋਂ ਮੀਂਹ ਨਾ ਪੈਣ ਕਾਰਨ ਗਰਮੀ ਪੈਣ ਲੱਗੀ ਸੀ। ਇਸ ਕਾਰਨ ਮੱਚ ਰਹੀਆਂ ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਡੀਜ਼ਲ ਫੂਕ ਰਹੇ ਸਨ।
ਕਿਸਾਨਾਂ ਨੇ ਅੱਜ ਸ਼ਾਮ ਅਕਾਸ਼ ਉੱਪਰ ਚੜ੍ਹੀਆਂ ਕਾਲੀਆਂ ਘਟਾਵਾਂ ਦੇਖ ਕੇ ਹੀ ਆਪਣੇ ਟਿਊਬਵੈਲ ਬੰਦ ਕਰ ਦਿੱਤੇ ਹਨ। ਖੇਤੀ ਵਿਭਾਗ ਨੇ ਇਸ ਮੀਂਹ ਨੂੰ ਨਰਮੇ ‘ਤੇ ਟਾਨਿਕ ਕਰਾਰ ਦਿੱਤਾ ਹੈ। ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਫ਼ਾਇਦਾ ਝੋਨੇ ਦੀ ਪੌਦ ਸਣੇ ਪਸ਼ੂਆਂ ਦੇ ਹਰੇ-ਚਾਰੇ ਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਕਿਹਾ ਸਰਕਾਰ ਨੂੰ ਖੇਤੀ ਸੁਸਾਇਟੀਆਂ ਕੋਲ ਲੋੜੀਂਦਾ ਯੂਰੀਆ ਖਾਦ ਤੇ ਦਵਾਈਆਂ ਤੁਰੰਤ ਭੇਜਣੀਆਂ ਚਾਹੀਦੀਆਂ ਹਨ।
ਇਸੇ ਦੌਰਾਨ ਹੀ ਮੀਂਹ ਨਾਲ ਮਾਨਸਾ ਸ਼ਹਿਰ ਵਿੱਚ ਪਾਣੀ ਭਰ ਗਿਆ। ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮੀਂਹ ਨਾਲ ਬਾਜ਼ਾਰ ਵਿੱਚ ਦੁਕਾਨਾਂ ਸਮੇਂ ਤੋਂ ਪਹਿਲਾਂ ਹੀ ਬੰਦ ਹੋ ਗਈਆਂ। ਰੇਹੜੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ।
ਝੱਖੜ ਕਾਰਨ ਬਿਜਲੀ ਸਪਲਾਈ ਅਤੇ ਆਵਾਜਾਈ ਪ੍ਰਭਾਵਿਤ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਇਲਾਕੇ ਵਿੱਚ ਅੱਜ ਬਾਅਦ ਦੁਪਹਿਰ ਪਏ ਜ਼ੋਰਦਾਰ ਮੀਂਹ ਨਾਲ ਪਿਛਲੇ ਦੋ ਤਿੰਨ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਦੂਜੇ ਪਾਸੇ ਝੱਖੜ ਕਾਰਨ ਬਿਜਲੀ ਸਪਲਾਈ ਅਤੇ ਆਵਾਜਾਈ ਵਿੱਚ ਵਿਘਨ ਪਿਆ ਵੀ ਹੈ। ਅੱਜ ਦਾ ਮੀਂਹ ਸਾਉਣੀ ਦੀਆਂ ਫ਼ਸਲਾਂ ਲਈ ਵਰਦਾਨ ਮੰਨਿਆ ਜਾ ਰਿਹਾ ਹੈ। ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਕਰ ਕੇ ਨਰਮੇ ਦੀ ਫ਼ਸਲ ਦੇ ਝੁਲਸੇ ਜਾਣ ਦਾ ਡਰ ਸੀ। ਝੋਨੇ ਦੀ ਲਵਾਈ ਵੀ ਕੁੱਝ ਦਿਨਾਂ ਤੱਕ ਸ਼ੁਰੂ ਹੋਣ ਵਾਲੀ ਹੈ। ਮੀਂਹ ਨਾਲ ਝੋਨੇ ਵਾਲੇ ਕਿਸਾਨਾਂ ਦਾ ਵੀ ਫ਼ਾਇਦਾ ਹੋਇਆ ਹੈ। ਤਲਵੰਡੀ ਸਾਬੋ ਦਾ ਸੀਵਰੇਜ ਸਿਸਟਮ ਠੀਕ ਢੰਗ ਨਾਲ ਨਾ ਚੱਲਣ ਕਰ ਕੇ ਮੀਂਹ ਦਾ ਪਾਣੀ ਭਰਨ ਕਾਰਨ ਧਾਰਮਿਕ ਤੇ ਇਤਿਹਾਸਕ ਸ਼ਹਿਰ ਜਲਥਲ ਹੋ ਗਿਆ ਹੈ। ਤਖ਼ਤ ਦਮਦਮਾ ਸਾਹਿਬ ਨੂੰ ਜਾਣ ਵਾਲੇ ਮੁੱਖ ਰਸਤੇ ਸਣੇ ਹੋਰ ਕਈ ਰਸਤੇ ਬੰਦ ਹੋਣ ਕਰ ਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਤਕਾਲੀ ਸਰਕਾਰਾਂ ਵੱਲੋਂ ਦਮਦਮਾ ਸਾਹਿਬ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਖ਼ਰਚਣ ਦੇ ਦਾਅਵੇ ਹਰ ਵਾਰ ਦਾ ਮੀਂਹ ਖੋਲ੍ਹ ਦਿੰਦਾ ਹੈ।
ਭਰਵੇਂ ਮੀਂਹ ਮਗਰੋਂ ਕਿਸਾਨ ਬਾਗ਼ੋ-ਬਾਗ਼
ਸਿਰਸਾ (ਪ੍ਰਭੂ ਦਿਆਲ): ਇੱਥੇ ਅੱਜ ਸ਼ਾਮ ਨੂੰ ਪਏ ਮੀਂਹ ਕਰ ਕੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੱਜ ਦੇਰ ਸ਼ਾਮ ਮੌਸਮ ਨੇ ਅਚਾਨਕ ਕਰਵਟ ਬਦਲੀ ਅਤੇ ਮੀਂਹ ਸ਼ੁਰੂ ਹੋ ਗਿਆ। ਕਰੀਬ ਇੱਕ ਘੰਟੇ ਤੱਕ ਪਏ ਭਰਵੇਂ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਤੇਜ਼ ਮੀਂਹ ਅਤੇ ਹਵਾ ਕਾਰਨ ਬਿਜਲੀ ਗੁੱਲ ਹੋ ਗਈ। ਦੂਜੇ ਪਾਸੇ, ਨਰਮਾ-ਕਪਾਹ ਅਤੇ ਗੁਆਰੇ ਦੀਆਂ ਫ਼ਸਲਾਂ ਲਈ ਵੀ ਮੀਂਹ ਲਾਹੇਵੰਦ ਦੱਸਿਆ ਜਾ ਰਿਹਾ ਹੈ। ਗਰਮੀ ਕਾਰਨ ਖੇਤਾਂ ‘ਚ ਨਰਮਾ ਸੜ ਰਿਹਾ ਸੀ ਕਿਸਾਨ ਬਾਗ਼ੋ-ਬਾਗ਼ ਹਨ।