ਮੀਂਹ ਤੋਂ ਰਾਹਤ; ਮੌਨਸੂਨ ਦੀ ਝੜੀ ਨੇ ਟਰਾਈਸਿਟੀ ਦਾ ਮੁਹਾਂਦਰਾ ਵਿਗੜਿਆ
ਆਤਿਸ਼ ਗੁਪਤਾ
ਚੰਡੀਗੜ੍ਹ, 11 ਜੁਲਾਈ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 72 ਘੰਟੇ ਲਗਾਤਾਰ ਪਏ ਮੀਂਹ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹਾੜ ਦੇ ਮੀਂਹ ਨੇ ਸਮਾਰਟ ਸਿਟੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਂਜ ਅੱਜ ਦਨਿੇ ਧੁੱਪ ਖਿੜੀ ਅਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ।
ਮੀਂਹ ਕਰਕੇ ਸ਼ਹਿਰ ਦੇ ਕੁੱਝ ਹੇਠਲੇ ਇਲਾਕਿਆਂ ’ਚ ਅੱਜ ਵੀ ਪਾਣੀ ਭਰਿਆ ਰਿਹਾ। ਸੁਖਨਾ ਝੀਲ ’ਚ ਪਾਣੀ ਦਾ ਪੱਧਰ ਵਧਣ ਕਰਕੇ ਖੋਲ੍ਹੇ ਗਏ ਦੋ ਫਲੱਡ ਗੇਟਾਂ ਕਾਰਨ ਪਾਣੀ ਨੇੇ ਸ਼ਹਿਰ ਦੀਆਂ ਕਈ ਸੜਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਅੱਜ ਗੋਲਫ ਕਲੱਬ ਤੋਂ ਪਿੰਡ ਕਿਸ਼ਨਗੜ੍ਹ ਨੂੰ ਜਾਣ ਵਾਲਾ ਪੁਲ ਟੁੱਟ ਗਿਆ, ਜਿੱਥੇ ਪੁਲ ਦੇ ਨਾਲ-ਨਾਲ ਸੜਕ ਵਿੱਚ ਵੀ 10 ਫੁੱਟ ਤੋਂ ਵੱਧ ਦਾ ਪਾੜ ਪੈ ਗਿਆ ਹੈ। ਕਿਸ਼ਨਗੜ੍ਹ ਨੂੰ ਜਾਣ ਵਾਲੇ ਦੋਵੇਂ ਰਾਹ ਬੰਦ ਹੋਣ ਕਰਕੇ ਲੋਕਾਂ ਦਾ ਸ਼ਹਿਰ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸੇ ਦੌਰਾਨ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਵੱਲ ਜਾਂਦਾ ਪੁਲ ਵੀ ਨੁਕਸਾਨਿਆ ਗਿਆ। ਪੁਲ ਦੇ ਨਾਲੋਂ-ਨਾਲ ਮਨੀਮਾਜਰਾ ਨੂੰ ਪਾਣੀ ਸਪਲਾਈ ਵਾਲੀ ਦੋ ਫੁੱਟ ਦੀ ਪਾਈਪ-ਲਾਈਨ ਟੁੱਟ ਗਈ। ਪਾਈਪ ਲਾਈਨ ਟੁੱਟਣ ਕਾਰਨ ਮਨੀਮਾਜਰਾ ਤੇ ਹੋਰਨਾਂ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਠੱਪ ਹੋ ਗਈ। ਇਸ ਤੋਂ ਇਲਾਵਾ ਵੀ ਸੁਖਨਾ ਚੋਅ ਦੇ ਰਾਹ ਵਿੱਚ ਆਉਣ ਵਾਲੀ ਇੰਡਸਟਰੀਅਲ ਏਰੀਆ ਦੀਆਂ ਸੜਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇਸ ਮੌਕੇ ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਪਏ ਭਾਰੀ ਮੀਂਹ ਕਰਕੇ ਸੈਕਟਰ-26 ਸਥਿਤ ਸਬਜ਼ੀ ਮੰਡੀ ਵਿੱਚ ਪਾਣੀ ਭਰ ਗਿਆ ਅਤੇ ਗੰਦਗੀ ਕਰਕੇ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਗਿਆ। ਇਸੇ ਤਰ੍ਹਾਂ ਸੈਕਟਰ-26 ਸਥਿਤ ਪੁਲੀਸ ਲਾਈਨ ਦੀ ਕੰਧ ਡਿੱਗ ਗਈ। ਇਸ ਤੋਂ ਇਲਾਵਾ ਸੈਕਟਰ-27/28 ਵਾਲੀ ਸੜਕ, ਸੈਕਟਰ, 30 ਦੀ ਅੰਦਰੂਨੀ ਸੜਕ, ਸੈਕਟਰ-31/47 ਵਾਲੀ ਸੜਕ, ਮਟੌਰ ਚੌਕ ਵਾਲੀ ਸੜਕ ਸਣੇ ਕਈ ਸੜਕਾਂ ਦੀ ਹਾਲਤ ਵੀ ਮੰਦੀ ਹੋ ਗਈ ਹੈ। ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਤੇ ਚੀਫ਼ ਇੰਜਨੀਅਰ ਸੀਬੀ ਓਝਾ ਨੇ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਨੁਕਸਾਨ ਦੀ ਭਰਭਾਈ ਲਈ ਪ੍ਰਸ਼ਾਸਨ ਨੇ ਵਿਕਾਸ ਕਾਰਜ ਸ਼ੁਰੂ ਕੀਤੇ। ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਨਿਗਮ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਨੁਕਸਾਨ ਦੀ ਭਰਪਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਸ਼ਹਿਰ ਦੀਆਂ ਸੜਕਾਂ ਧੱਸ ਗਈਆਂ, ਜਨਿ੍ਹਾਂ ਦੀ ਮੁਰੰਮਤ ਲਈ ਨਗਰ ਨਿਗਮ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ।
ਮਨੀਮਾਜਰਾ ਵਿੱਚ ਪਾਣੀ ਦੀ ਸਪਲਾਈ ਠੱਪ ਹੋਈ
ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨ ਨੂੰ ਪੁੱਜੇ ਨੁਕਸਾਨ ਕਾਰਨ ਸ਼ਹਿਰ ਵਾਸੀ ਪਾਣੀ ਦੀ ਬੂੰਦ ਬੂੰਦ ਲਈ ਤਰਸ ਰਹੇ ਹਨ। ਸ਼ਹਿਰ ਵਾਸੀ ਨਗਰ ਨਿਗਮ ਦੇ ਟੈਂਕਰਾਂ ਰਾਹੀਂ ਪਾਣੀ ਮੰਗਵਾ ਕੇ ਆਪਣਾ ਬੁੱਤਾ ਸਾਰ ਰਹੇ ਹਨ। ਬੀਤੇ ਦਨਿ ਸੁਖਣਾ ਝੀਲ ਦਾ ਪਾਣੀ ਛੱਡਣ ਨਾਲ ਇਥੇ ਸ਼ਾਸਤਰੀ ਨਗਰ ਪੁਲ ਤੋਂ ਜਾ ਰਹੀ ਪਾਣੀ ਦੀ ਸਪਲਾਈ ਲਾਈਨ ਵੀ ਪਾਣੀ ਦੇ ਨਾਲ ਰੁੜ ਗਈ, ਜਿਸ ਨਾਲ ਮਨੀਮਾਜਰਾ ਇਲਾਕੇ ਵਿੱਚ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ। ਸ਼ਹਿਰ ਦੇ ਮੇਅਰ ਅਨੂਪ ਗੁਪਤਾ ਅਤੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਨਿਗਮ ਦੀ ਟੀਮ ਨਾਲ ਇਥੇ ਮਨੀਮਾਜਰਾ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਪਾਈਪ ਲਾਈਨ ਦੀ ਬਹਾਲੀ ਦੇ ਕੰਮ ਦਾ ਜਾਇਜ਼ਾ ਲਿਆ। ਨਿਗਮ ਕਮਿਸ਼ਨਰ ਨੇ ਦੱਸਿਆ ਮਨੀਮਾਜਰਾ ਵਿੱਚ ਪਾਣੀ ਦੀ ਸਪਲਾਈ ਤਿੰਨ ਦਨਿਾਂ ਦੇ ਅੰਦਰ ਬਹਾਲ ਕਰ ਦਿੱਤੀ ਜਾਵੇਗੀ, ਜਦ ਕਿ ਬਾਕੀ ਇਲਾਕਿਆਂ ਵਿੱਚ ਭਲਕ ਤੱਕ ਸਪਲਾਈ ਬਹਾਲ ਹੋ ਜਾਵੇਗੀ। ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਆਪੂਰਤੀ ਲਈ ਮਨੀਮਾਜਰਾ ਵਿਖੇ ਸਵੇਰੇ 6 ਵਜੇ ਤੋਂ ਸ਼ਾਮ ਦੇ 8 ਵਜੇ ਤੱਕ 24 ਟੈਂਕਰ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵਿਵਸਥਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪਾਈਪ ਰਾਹੀਂ ਜਲ ਸਪਲਾਈ ਸੇਵਾਵਾਂ ਮੁੜ ਸ਼ੁਰੂ ਨਹੀਂ ਹੋ ਜਾਂਦੀਆਂ। ਮੇਅਰ ਅਨੂਪ ਗੁਪਤਾ ਨੇ ਦੱਸਿਆ ਕਿ ਮੀਂਹ ਦੀ ਵਜ੍ਹਾ ਨਾਲ ਸਭ ਤੋਂ ਵੱਧ ਨੁਕਸਾਨ ਕਜੌਲੀ ਵਾਟਰ ਵਰਕਸ ਨੂੰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਜੌਲੀ ਜਲ ਘਰ ਦੇ ਹੋਏ ਨੁਕਸਾਨ ਅਤੇ ਜਾਰੀ ਮੁਰੰਮਤ ਕਾਰਜਾਂ ਦੇ ਮੁਆਇਨਾ ਕਰਨ ਲਈ ਬੀਤੇ ਦਨਿੀਂ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਅਤੇ ਹੋਰ ਅਧਿਕਾਰੀਆਂ ਉਨ੍ਹਾਂ ਕਜੌਲੀ ਵਾਟਰ ਵਰਕਸ ਦਾ ਦੌਰਾ ਵੀ ਕੀਤਾ ਸੀ। ਨਗਰ ਨਿਗਮ ਵਲੋਂ ਪਾਣੀ ਦੀ ਕਿੱਲਤ ਨੂੰ ਲੈਕੇ ਤਿੰਨ ਕੰਟਰੋਲ ਸੈਂਟਰ ਬਣਾਏ ਗਏ ਹਨ।
ਸੁਖਨਾ ਝੀਲ ਦੇ ਫਲੱਡ ਗੇਟ ਦੋ ਦਨਿ ਬਾਅਦ ਹੋਏ ਬੰਦ
ਚੰਡੀਗੜ੍ਹ (ਟਨਸ): ਚੰਡੀਗੜ੍ਹ ਦੇ ਸੁਖਨਾ ਝੀਲ ਦੇ ਰੈਗੁਲੇਟਰੀ ਐਂਡ ’ਤੇ ਸਥਿਤ ਦੋ ਫਲੱਡ ਗੇਟਾਂ ਨੂੰ ਦੋ ਦਨਿਾਂ ਬਾਅਦ ਅੱਜ ਤੜਕੇ ਬੰਦ ਕਰ ਦਿੱਤੇ ਹਨ। ਇਹ ਗੇਟ ਅੱਜ ਤੜਕੇ ਕਰੀਬ 1.30 ਵਜੇ ਬੰਦ ਕੀਤੇ ਹਨ। ਇਸ ਮੌਕੇ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਢਾਈ ਫੁੱਟ ਹੇਠਾਂ 1160.60 ਫੁੱਟ ’ਤੇ ਪਹੁੰਚ ਗਿਆ ਸੀ। ਜਦੋਂ ਕਿ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਘਟਣ ਕਰਕੇ ਪ੍ਰਸ਼ਾਸਨ ਨੇ ਤੜਕੇ ਦੋਵੇਂ ਫਲੱਡ ਗੇਟ ਬੰਦ ਕਰ ਦਿੱਤੇ ਸਨ ਪਰ ਇਕ ਫਲੱਡ ਗੇਟ ’ਚ ਦਰੱਖਣ ਦਾ ਟਾਹਣਾ ਫਸਣ ਕਰਕੇ ਮੁੜ 5.30 ਵਜੇ ਦੇ ਕਰੀਬ ਖੋਲ੍ਹ ਕੇ ਠੀਕ ਤਰ੍ਹਾਂ ਬੰਦ ਕੀਤਾ ਗਿਆ। ਗੌਰਤਲਬ ਕਿ ਚੰਡੀਗੜ੍ਹ ਤੇ ਆਲੇ-ਦੁਆਲੇ ਇਲਾਕੇ ਵਿੱਚ ਪੈ ਰਹੇ ਭਾਰੀ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਸੀ। ਇਸ ਦੌਰਾਨ ਸੁਖਨਾ ਝੀਲ ’ਚ ਪਾਣੀ ਪਹਿਲਾਂ 1164.60 ਫੁੱਟ ’ਤੇ ਪਹੁੰਚਿਆ। ਉਸ ਤੋਂ ਬਾਅਦ 1165.50 ਫੁੱਟ ’ਤੇ ਪਹੁੰਚ ਗਿਆ ਸੀ। ਝੀਲ ’ਚ ਪਾਣੀ ਵੱਧਦਾ ਦੇਖਦੇ ਹੋਣ ਯੂਟੀ ਪ੍ਰਸ਼ਾਸਨ ਨੇ ਐਤਵਾਰ ਸਵੇਰੇ ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹ ਦਿੱਤੇ। ਇਨ੍ਹਾਂ ਵਿੱਚੋਂ ਇਕ ਫਲੱਡ ਗੇਟ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਸੀ, ਪਰ ਪਾਣੀ ਵਧਦਾ ਦੇਖ ਕੇ ਮੁੜ ਫਲੱਡ ਗੇਟ ਖੋਲ੍ਹ ਦਿੱਤੇ। ਦੋਵਾਂ ਫਲੱਡ ਗੇਟਾਂ ਨੂੰ ਅੱਜ ਤੜਕੇ ਬੰਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਨਿਾਂ ਵਿੱਚ 572 ਐੱਮਐੱਮ ਮੀਂਹ ਪਿਆ ਹੈ।
ਡੰਪਿੰਗ ਗਰਾਊਂਡ ਦੀ ਕੰਧ ਟੁੱਟੀ; ਡੱਡੂਮਾਜਰਾ ਕਲੋਨੀ ’ਚ ਵੜਿਆ ਦੂਸ਼ਿਤ ਪਾਣੀ
ਚੰਡੀਗੜ੍ਹ: ਭਾਰੀ ਮੀਂਹ ਦੌਰਾਨ ਡੱਡੂਮਾਜਰਾ ਡੰਪਿੰਗ ਦੀ ਕੰਧ ਟੁੱਟ ਗਈ ਹੈ, ਜਿਸ ਕਾਰਨ ਦੂਸ਼ਿਤ ਪਾਣੀ ਡੱਡੂਮਾਜਰਾ ਕਲੋਨੀ ’ਚ ਦਾਖ਼ਲ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੱਡੂਮਾਜਰਾ ਡੰਪਿੰਗ ਗਰਾਊਂਡ ਦੇ ਗੰਦੇ ਪਾਣੀ ਤੇ ਹੋਰ ਗੰਦਗੀ ਨੂੰ ਡੱਡੂਮਾਜਰਾ ਕਲੋਨੀ ਵੱਲ ਜਾਣ ਤੋਂ ਰੋਕਣ ਲਈ ਕੰਧ ਬਣਾਈ ਗਈ ਹੈ। ਇਹ ਕੰਧ ਮੌਨਸੂਨ ਦੇ ਮੀਂਹ ਕਰਕੇ ਡਿੱਗ ਗਈ ਹੈ, ਜਿਸ ਕਾਰਨ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ ਵੱਲ ਰਿਸਣਾ ਸ਼ੁਰੂ ਹੋ ਗਿਆ ਹੈ।
ਬਰਡ ਪਾਰਕ 16 ਜੁਲਾਈ ਤੱਕ ਬੰਦ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਚੰਡੀਗੜ੍ਹ ’ਚ ਭਾਰੀ ਮੀਂਹ ਕਰਕੇ ਬਰਡ ਪਾਰਕ ’ਚ ਕਾਫੀ ਨੁਕਸਾਨ ਹੋ ਗਿਆ ਹੈ। ਇਸ ਦੀ ਮੁਰੰਮਤ ਕਰਨ ਲਈ ਯੂਟੀ ਪ੍ਰਸ਼ਾਸਨ ਨੇ ਬਰਡ ਪਾਰਕ ਨੂੰ 12 ਤੋਂ 16 ਜੁਲਾਈ ਤੱਕ ਪੰਜ ਦਨਿਾਂ ਲਈ ਬੰਦ ਕਰ ਦਿੱਤਾ ਹੈ। ਯੂਟੀ ਪ੍ਰਸ਼ਾਸਨ ਦੇ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਬਰਡ ਪਾਰਕ ਨੂੰ ਪੰਜ ਦਨਿਾਂ ਵਿੱਚ ਮੁੜ ਪਹਿਲਾਂ ਵਾਂਗ ਕਰ ਦਿੱਤਾ ਜਾਵੇਗਾ।
ਸਰਹਿੰਦ ਨਹਿਰ ਦੇ ਫਲੱਡ ਗੇਟ ਨਹੀਂ ਖੋਲ੍ਹੇ ਜਾਣਗੇ: ਵਿਧਾਇਕ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਪਿਛਲੇ ਦਨਿਾਂ ਤੋਂ ਭਾਰੀ ਮੀਂਹ ਕਾਰਨ ਚਮਕੌਰ ਸਾਹਿਬ ਵਿਖੇ ਹੋਏ ਨੁਕਸਾਨਾਂ ਦਾ ਜ਼ਾਇਜਾ ਲਿਆ। ਉਨ੍ਹਾਂ ਇੱਥੇ ਸਰਹਿੰਦ ਨਹਿਰ, ਪਿੰਡ ਅਸਲਪੁਰ-ਰੰਗਾ, ਚੌਂਤਾ ਅਤੇ ਕਮਾਲਪੁਰ ਵਿੱਚ ਨਦੀ ਵਿਚ ਪਏ ਪਾੜ ਵਾਲੀ ਥਾਂ ਦਾ ਦੌਰਾ ਕੀਤਾ। ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸਰਹਿੰਦ ਨਹਿਰ ਦੇ ਫਲੱਡ ਗੇਟ ਖੋਲ੍ਹਣ ਦੇ ਕੋਈ ਵੀ ਅਦੇਸ਼ ਜਾਰੀ ਨਹੀਂ ਕੀਤੇ ਗਏ ਪਰ ਕੁੱਝ ਲੋਕ ਬੇਟ ਇਲਾਕੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੱਡੀ ਆਫ਼ਤ ਦੌਰਾਨ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਇੱਕ-ਦੂਜੇ ਨਾਲ ਮਿਲ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।