For the best experience, open
https://m.punjabitribuneonline.com
on your mobile browser.
Advertisement

ਪਟਿਆਲਾ ’ਚ ਮੀਂਹ ਨਾਲ ਹੁੰਮਸ ਤੋਂ ਰਾਹਤ

08:52 AM Aug 28, 2024 IST
ਪਟਿਆਲਾ ’ਚ ਮੀਂਹ ਨਾਲ ਹੁੰਮਸ ਤੋਂ ਰਾਹਤ
ਪਟਿਆਲਾ ਵਿੱਚ ਮੰਗਲਵਾਰ ਨੂੰ ਮੀਂਹ ਤੋਂ ਬਚਣ ਲਈ ਛਤਰੀ ਤਾਣ ਕੇ ਆਪਣੀ ਮੰਜ਼ਿਲ ਵੱਲ ਜਾਂਦੇ ਹੋਏ ਨੌਜਵਾਨ। -ਫੋਟੋਆਂ: ਰਾਜੇਸ਼ ਸੱਚਰ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਅਗਸਤ
ਇੱਥੇ ਤੇ ਆਸ ਪਾਸ ਦੇ ਇਲਾਕਿਆਂ ਵਿਚ ਮੀਂਹ ਨੇ ਜਿੱਥੇ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੱਤੀ ਉੱਥੇ ਹੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਕਾਫ਼ੀ ਲਾਭ ਪਹੁੰਚਾਇਆ। ਸ਼ਹਿਰ ਵਿਚ ਕਈ ਇਲਾਕਿਆਂ ਵਿਚ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਗਿਆ ਤੇ ਪਾਣੀ ਸੜਕਾਂ ’ਤੇ ਨਦੀ ਦਾ ਰੂਪ ਧਾਰ ਗਿਆ। ਅੱਜ ਪਟਿਆਲਾ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਪਏ ਭਾਰੀ ਮੀਂਹ ਨੇ ਠੰਢਕ ਵਾਲਾ ਵਾਤਾਵਰਨ ਬਣਾ ਦਿੱਤਾ। ਪਟਿਆਲਾ ਵਿਚ ਭਰਵਾਂ ਮੀਂਹ ਬੀਤੀ ਦੇਰ ਰਾਤ ਪਿਆ ਤੇ ਅੱਜ ਦਿਨ ਵੇਲੇ ਕਈ ਥਾਈਂ ਮੀਂਹ ਪਿਆ ਜਿਸ ਕਰਕੇ ਮੌਸਮ ਸੁਹਾਵਣਾ ਬਣਿਆ ਰਿਹਾ। ਦੂਜੇ ਪਾਸੇ ਇਸ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਕਾਫ਼ੀ ਰਾਹਤ ਮਿਲੀ। ਮੀਂਹ ਪੈਣ ਕਾਰਨ ਤਾਪਮਾਨ ਹੇਠਾਂ ਆ ਗਿਆ ਤੇ ਬਿਜਲੀ ਦੀ ਮੰਗ ਵੀ ਘਟ ਗਈ। ਇਸ ਮੀਂਹ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ ਤੇ ਉਹ ਮੀਂਹ ਵਿੱਚ ਨਹਾਉਂਦੇ ਨਜ਼ਰ ਆਏ।
ਦੂਜੇ ਪਾਸੇ ਪਟਿਆਲਾ ਵਿਚ ਕਈ ਸੜਕਾਂ ਪਾਈਪ ਪਾਉਣ ਲਈ ਪੁੱਟੀਆਂ ਪਈਆਂ ਹਨ ਉੱਥੇ ਲੰਘਣ ਵਾਲੇ ਲੋਕਾਂ ਨੂੰ ਮੀਂਹ ਕਾਰਨ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਾਈਪਾਂ ਪੈਣ ਦੇ ਬਾਵਜੂਦ ਪਟਿਆਲਾ ਦੇ ਕਈ ਖੇਤਰਾਂ ਵਿਚ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਗਈ ਪਰ ਅੱਜ ਪਟਿਆਲਾ ਦੇ ਮਾਡਲ ਟਾਊਨ, ਰਣਜੀਤ ਨਗਰ, ਦਸਮੇਸ਼ ਨਗਰ, ਆਨੰਦ ਨਗਰ, ਤ੍ਰਿਪੜੀ ਆਦਿ ਇਲਾਕਿਆਂ ਵਿਚ ਮੀਂਹ ਨੇ ਆਪਣਾ ਰੰਗ ਦਿਖਾਇਆ। ਬੰਤ ਸਿੰਘ ਆਨੰਦ ਨਗਰ ਨੇ ਕਿਹਾ ਕਿ ਇਸ ਮੀਂਹ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਤੇ ਖੇਤਾਂ ਵਿਚ ਪਾਣੀ ਆਉਣ ਨਾਲ ਹੁੰਮਸ ਤੋਂ ਵੀ ਰਾਹਤ ਮਿਲੀ ਹੈ ਪਰ ਪਟਿਆਲਾ ਵਿਚ ਪੁੱਟੀਆਂ ਸੜਕਾਂ ਕਰਕੇ ਲੋਕਾਂ ਵਿਚ ਭਾਰੀ ਪ੍ਰੇਸ਼ਾਨੀ ਬਣੀ ਹੋਈ ਹੈ, ਜਦੋਂ ਵੀ ਬਾਰਸ਼ ਪੈਂਦੀ ਹੈ ਤਾਂ ਲੋਕਾਂ ਨੂੰ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ।

ਭਾਰੀ ਮੀਂਹ ਕਾਰਨ ਕਚਹਿਰੀਆਂ ਵਿੱਚ ਦਰੱਖਤ ਡਿੱਗੇ

ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਿਕਾਰਡ ਕੀਤਾ ਗਿਆ ਜਦ ਕਿ ਘੱਟੋ ਘੱਟ ਤਾਪਮਾਨ 26 ਡਿਗਰੀ ਰਿਹਾ। ਦੂਜੇ ਪਾਸੇ ਸ਼ਹਿਰ ਦੀ ਹਵਾ ਦਾ ਮਿਆਰ ਅੱਜ ਵੀ ਸਾਫ ਨਹੀਂ ਰਿਹਾ ਜਦਕਿ ਹਵਾ ਵਿਚ ਨਮੀ 83 ਫ਼ੀਸਦੀ ਦਰਜ ਕੀਤੀ ਗਈ। ਇਸ ਮੌਕੇ ਸ਼ਹਿਰ ਵਿਚ ਬੱਦਲਾਵਾਈ ਰਹੀ। ਇਸ ਤੋਂ ਇਲਾਵਾ ਅੱਜ ਆਈ ਤੇਜ਼ ਬਾਰਸ਼ ਨਾਲ ਇੱਥੇ ਕੋਰਟ ਕੰਪਲੈਕਸ ਵਿਚ ਕਈ ਦਰੱਖਤ ਇਕ ਪਾਸੇ ਝੁਕ ਗਏ ਜਿਸ ਨਾਲ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ। ਕਈ ਇਲਾਕਿਆਂ ਵਿਚ ਭਾਰੀ ਬਾਰਸ਼ ਪੈਣ ਕਰਕੇ ਹੜ੍ਹਾਂ ਵਰਗੀ ਸਥਿਤੀ ਦੇਖੀ ਗਈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਾਰ ਹੜ੍ਹ ਮਾਰੇ ਇਲਾਕੇ ਦੇ ਕਿਸਾਨ ਵੀ ਖ਼ੁਸ਼ਹਾਲ ਦੇਖੇ ਗਏ, ਜਿੱਥੇ ਮੀਂਹ ਉਨ੍ਹਾਂ ਲਈ ਮੁਸੀਬਤ ਲੈ ਕੇ ਆਉਂਦਾ ਸੀ ਪਰ ਇਸ ਵਾਰ ਅਜਿਹਾ ਮੀਂਹ ਉਨ੍ਹਾਂ ਦੀਆਂ ਫ਼ਸਲਾਂ ਨੂੰ ਲਾਭ ਦੇ ਰਿਹਾ ਹੈ, ਪਹਿਲਾਂ ਮੀਂਹ ਨਾਲ ਹੜ੍ਹ ਆਉਂਦੇ ਸੀ ਤੇ ਝੋਨਾ ਦੁਬਾਰਾ ਲਾਉਣਾ ਪੈਂਦਾ ਸੀ ਪਰ ਇਸ ਵਾਰ ਅਜਿਹੀ ਮੁਸ਼ਕਿਲ ਨਹੀਂ ਆਈ। ਉਂਜ ਦੇਵੀਗੜ੍ਹ, ਭੁਨਰਹੇੜੀ, ਭਾਦਸੋਂ, ਕੌਲੀ ਇਲਾਕੇ, ਬਲਵੇੜਾ ਵਿਚ ਭਰਵਾਂ ਮੀਂਹ ਪਿਆ। ਦੂਜੇ ਪਾਸੇ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਲਾਹ ਜਾਰੀ ਕਰਦਿਆਂ ਕਿਹਾ ਹੈ ਕਿ ਪ੍ਰਦੂਸ਼ਣ ਇਲਾਕੇ ਵਿਚ ਕਾਫ਼ੀ ਹੈ ਜਿਨ੍ਹਾਂ ਲੋਕਾਂ ਨੂੰ ਡਾਕਟਰਾਂ ਨੇ ਪ੍ਰਦੂਸ਼ਣ ਵਿਚ ਜਾਣ ਤੋਂ ਮਨ੍ਹਾ ਕੀਤਾ ਹੈ ਉਹ ਘਰਾਂ ਤੋਂ ਬਾਹਰ ਨਾ ਜਾਣ।

Advertisement

Advertisement
Author Image

Advertisement