ਤੋਸ਼ਾਖਾਨਾ ਕੇਸ ’ਚ ਇਮਰਾਨ ਖਾਨ ਨੂੰ ਹਾਈ ਕੋਰਟ ਤੋਂ ਰਾਹਤ
ਇਸਲਾਮਾਬਾਦ: ਇਮਰਾਨ ਖਾਨ ਨੂੰ ਰਾਹਤ ਦਿੰਦਿਆਂ ਪਾਕਿਸਤਾਨੀ ਹਾਈ ਕੋਰਟ ਨੇ ਅੱਜ ਹੇਠਲੀ ਅਦਾਲਤ ਵੱਲੋਂ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਅਪਰਾਧਿਕ ਕਾਰਵਾਈ ਜਾਰੀ ਰੱਖਣ ਸਬੰਧੀ ਫ਼ੈਸਲਾ ਰੱਦ ਕਰ ਦਿੱਤਾ ਹੈ। ਇਸਲਾਮਾਬਾਦ ਹਾਈ ਕੋਰਟ ਨੇ ਬੀਤੇ ਦਿਨ ਇਮਰਾਨ ਖਾਨ ਵੱਲੋਂ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਖ਼ਿਲਾਫ਼ ਦਾਇਰ ਪਟੀਸ਼ਨਾਂ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਆਪਣਾ ਫ਼ੈਸਲਾ ਸੁਣਾਉਂਦਿਆਂ ਹਾਈ ਕੋਰਟ ਦੇ ਚੀਫ ਜਸਟਿਸ ਆਮੇਰ ਫਾਰੂਕ ਨੇ ਅੱਜ ਸੈਸ਼ਨ ਕੋਰਟ ਨੂੰ ਇਸ ਮਾਮਲੇ ਬਾਰੇ ਮੁੜ ਵਿਚਾਰ ਕਰਨ ਦੇ ਹੁਕਮ ਦਿੱਤੇ ਹਨ। -ਪੀਟੀਆਈ
ਚੋਣ ਕਮਿਸ਼ਨ ਸਾਹਮਣੇ ਪੇਸ਼ ਨਾ ਹੋਏ ਇਮਰਾਨ ਖਾਨ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀਟੀਆਈ ਮੁਖੀ ਇਮਰਾਨ ਖਾਨ ਅੱਜ ਪਾਰਟੀ ਅੰਦਰ ਚੋਣਾਂ ਕਰਵਾਉਣ ’ਚ ਨਾਕਾਮ ਰਹਿਣ ’ਤੇ ਆਖਰੀ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ। ਮੀਡੀਆ ਰਿਪੋਰਟਾਂ ਅਨੁਸਾਰ ਇਮਰਾਨ (70) ਨੂੰ ਚੋਣ ਕਮਿਸ਼ਨ ਨੇ ਇਹ ਚਿਤਾਵਨੀ ਦਿੰਦਿਆਂ ਸੰਮਨ ਕੀਤਾ ਸੀ ਕਿ ਜੇਕਰ ਉਹ ਪਾਕਿਸਤਾਨ ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ’ਚ ਨਾਕਾਮ ਰਹੇ ਤਾਂ ਕਮਿਸ਼ਨ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਨੂੰ ਭਵਿੱਖੀ ਚੋਣਾਂ ’ਚ ਚੋਣ ਚਿੰਨ੍ਹ ਹਾਸਲ ਕਰਨ ਲਈ ਅਯੋਗ ਐਲਾਨ ਸਕਦਾ ਹੈ। ਇਸ ਸਬੰਧੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਨੋਟਿਸ ਜਾਰੀ ਕੀਤੇ ਜਾਣ ਬਾਵਜੂਦ ਪੀਟੀਆਈ ਚੇਅਰਮੈਨ ਇਮਰਾਨ ਖਾਨ ਚੋਣ ਕਮਿਸ਼ਨ ਸਾਹਮਣੇ ਪੇਸ਼ ਹੋਣ ’ਚ ਨਾਕਾਮ ਰਹੇ ਹਨ। -ਪੀਟੀਆਈ