ਕੌਮੀ ਰਾਜਧਾਨੀ ’ਚ ਮੀਂਹ ਨਾਲ ਗਰਮੀ ਤੋਂ ਰਾਹਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਜੂਨ
ਭਾਰਤ ਦੇ ਉੱਤਰੀ ਖੇਤਰਾਂ ਵਿੱਚ ਮੌਨਸੂਨ ਦੀ ਦਸਤਕ ਨਾਲ ਦਿੱਲੀ ਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਅੱਜ ਫਿਰ ਦਰਮਿਆਨਾ ਮੀਂਹ ਪੈਣ ਕਾਰਨ ਮੌਸਮ ਸੁਹਾਵਣਾ ਹੋ ਗਿਆ। ਦਿਨ ਵਿੱਚ ਸੂਰਜ ਬੱਦਲਾਂ ਪਿੱਛੇ ਲੁਕਿਆ ਰਿਹਾ ਤੇ ਦੁਪਹਿਰ ਬਾਅਦ ਐੱਨਸੀਆਰ ਦੇ ਜ਼ਿਲ੍ਹਿਆਂ ਫਰੀਦਾਬਾਦ ਤੇ ਗੁਰੂਗ੍ਰਾਮ ਵਿੱਚ ਮੀਂਹ ਪਿਆ। ਦੱਖਣੀ ਦਿੱਲੀ ਦੇ ਇਲਾਕੇ ਕਾਪਾਸਹੇੜਾ ਵਿੱਚ ਕਈ ਥਾਵਾਂ ਉਪਰ ਪਾਣੀ ਭਰ ਗਿਆ ਤੇ ਗੁਰੂਗ੍ਰਾਮ ਵਿੱਚ ਵੀ ਤੇਜ਼ ਬਾਰਿਸ਼ ਹੋਈ। ਮੌਸਮ ਵਿਭਾਗ ਨੇ ਦੱਸਿਆ ਕਿ ਘੱਟੋ-ਘੱਟ ਤਾਪਮਾਨ 27.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਰਿਹਾ। ਕੌਮੀ ਰਾਜਧਾਨੀ ਵਿੱਚ ਸਵੇਰੇ 8.30 ਵਜੇ ਦੇ ਕਰੀਬ 81 ਫੀਸਦੀ ਨਮੀ ਦਰਜ ਕੀਤੀ ਗਈ। ਤਾਪਮਾਨ ਤੇ ਵਾਤਾਵਰਨ ਬਾਰੇ ਦੱਸਣ ਵਾਲੀ ਏਜੰਸੀ ‘ਸਫਰ’ ਦੇ ਅੰਕੜਿਆਂ ਮੁਤਾਬਕ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਸਵੇਰੇ 8.40 ਵਜੇ ਦੇ ਆਸਪਾਸ ‘ਤਸੱਲੀਬਖਸ਼’ (83) ਸ਼੍ਰੇਣੀ ਵਿੱਚ ਦਰਜ ਕੀਤੀ ਗਈ। ‘0’ ਤੋਂ 50 ਦੇ ਵਿਚਕਾਰ ਏਕਿਊਆਈ ਨੂੰ ਚੰਗਾ, 51 ਅਤੇ 100 ਤਸੱਲੀਬਖਸ਼, 101 ਅਤੇ 200 ਦਰਮਿਆਨਾ, 201 ਅਤੇ 300 ਮਾੜਾ, 301 ਅਤੇ 400 ਬਹੁਤ ਮਾੜਾ ਅਤੇ 401-500 ਗੰਭੀਰ ਏਕਿਊਆਈ ਮੰਨਿਆ ਜਾਂਦਾ ਹੈ।
ਇਸ ਵਾਰ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਪਹਿਲਾਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ, ਜਦੋਂਕਿ ਇਸ ਦੀ ਦੇਰੀ ਨਾਲ ਆਉਣ ਦੀ ਪੇਸ਼ੀਨਗੋਈ ਸੀ। ਵਿਗਿਆਨੀ ਮੌਨਸੂਨ ਹਲਕਾ ਰਹਿਣ ਦੀ ਪੇਸ਼ੀਨਗੋਈ ਵੀ ਕਰ ਰਹੇ ਸਨ। ਬੀਤੇ ਦਿਨੀਂ ਆਏ ਤੂਫ਼ਾਨ ਨੇ ਮੌਨਸੂਨ ਨੂੰ ਰਫ਼ਤਾਰ ਦਿੱਤੀ ਹੈ ਤੇ ਬੀਤੇ ਦਿਨ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਇਹ ਫੈਲ ਚੁੱਕਾ ਹੈ। ਇਸ ਵਾਰ ਮਈ ਦੌਰਾਨ ਵੀ ਕਾਫੀ ਮੀਂਹ ਪਿਆ ਹੈ। ਜੂਨ ਦੌਰਾਨ ਹੁਣ ਤੱਕ ਪਹਿਲਾਂ ਦੇ ਅੰਕੜਿਆਂ ਦੇ ਅਨੁਪਾਤ ਅਨੁਸਾਰ ਸਫਦਰਜੰਗ ਵਿੱਚ ਹੁਣ ਤੱਕ 14 ਬਰਸਾਤੀ ਦਿਨਾਂ ਦੇ ਰਿਕਾਰਡ ਦੇ ਨਾਲ ਪੂਰੀ ਦਿੱਲੀ ਵਿੱਚ ਜੂਨ ਵਿੱਚ 98% ਜ਼ਿਆਦਾ ਬਾਰਿਸ਼ ਹੋਈ ਹੈ। ਉੱਤਰ-ਪੂਰਬੀ ਦਿੱਲੀ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਮਹੀਨੇ ਦੌਰਾਨ ਬਹੁਤ ਜ਼ਿਆਦਾ ਮੀਂਹ ਪਿਆ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਵਿੱਚ 24 ਜੂਨ ਤੱਕ 41.3 ਮਿਲੀਮੀਟਰ ਤੱਕ ਆਮ ਬਾਰਿਸ਼ ਦਰਜ ਕੀਤੀ ਗਈ ਸੀ। 25 ਜੂਨ ਨੂੰ ਸ਼ਹਿਰ ਵਿੱਚ ਮੌਨਸੂਨ ਆਉਣ ਤੋਂ ਬਾਅਦ ਮੰਗਲਵਾਰ ਤੱਕ ਕੁੱਲ 51.7 ਮਿਲੀਮੀਟਰ ਦੇ ਮੁਕਾਬਲੇ ਵੱਧ ਕੇ 102.6 ਮਿਲੀਮੀਟਰ ਹੋ ਗਈ ਹੈ।