ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਗਿਆਨ ਤੇ ਵਾਤਾਵਰਨ ਸਬੰਧੀ ਕਹਾਣੀਆਂ ਦੀ ਸਾਰਥਿਕਤਾ

08:40 AM Jan 17, 2024 IST

ਡਾ. ਡੀ. ਪੀ. ਸਿੰਘ

Advertisement

ਸਾਹਿਤ ਲਗਾਤਾਰ ਵਿਕਾਸਸ਼ੀਲ ਖੇਤਰ ਹੈ। ਇਸ ਦੀਆਂ ਰਚਨਾ ਵਿਧੀਆਂ ਵਿੱਚੋਂ ਕੁਝ ਸ਼ੈਲੀਆਂ ਮਨਪ੍ਰਚਾਵੇ ਪੱਖੋਂ ਸਰਾਹੀਆਂ ਜਾਂਦੀਆਂ ਹਨ, ਪਰ ਕੁਝ ਹੋਰ ਸ਼ੈਲੀਆਂ ਸਮਾਜਿਕ ਵਿਚਾਰਧਾਰਾ ਨੂੰ ਉਚਿੱਤ ਸਰੂਪ ਦੇਣ ਅਤੇ ਦੁਨਿਆਵੀ ਵਰਤਾਰਿਆਂ ਨੂੰ ਪ੍ਰਭਾਵਿਤ ਕਰਨ ਲਈ ਵੀ ਪ੍ਰਸਿੱਧ ਹਨ। ਇਸ ਸਬੰਧ ਵਿੱਚ ਵਿਗਿਆਨਕ ਕਥਾਵਾਂ ਤੇ ਵਾਤਵਰਨ ਸਬੰਧੀ ਕਹਾਣੀਆਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਇਹ ਰਚਨਾਵਾਂ ਪਾਠਕਾਂ ਨੂੰ ਸੰਭਾਵੀ ਭਵਿੱਖ ਦੀ ਕਲਪਨਾ ਕਰਨ ਅਤੇ ਧਰਤੀ ਉੱਤੇ ਸਾਡੀਆਂ ਕਾਰਵਾਈਆਂ ਦੇ ਨਤੀਜਿਆਂ ਨੂੰ ਸਮਝਣ ਲਈ ਇੱਕ ਲੈਂਜ਼ ਪ੍ਰਦਾਨ ਕਰਦੀਆਂ ਹਨ। ਵਿਗਿਆਨਕ ਕਥਾਵਾਂ ਤੇ ਵਾਤਵਰਨ ਸਬੰਧੀ ਕਹਾਣੀਆਂ ਨੂੰ ਪੜ੍ਹਨਾ ਪਾਠਕਾਂ ਵਿੱਚ ਜਾਗਰੂਕਤਾ, ਉਤਸੁਕਤਾ ਤੇ ਨਵਾਂ ਕੁਝ ਜਾਣਨ ਦੀ ਇੱਛਾ ਪੈਦਾ ਕਰਦਾ ਹੈ। ਇਹ ਰਚਨਾਵਾਂ ਸਾਡੇ ਚੌਗਿਰਦੇ ਦੇ ਸੰਸਾਰ ਨਾਲ ਡੂੰਘੇ ਸਬੰਧ ਬਣਾਉਣ ਵਿੱਚ ਮਦਦ ਕਰਦੀਆਂ ਹਨ।
ਵਿਗਿਆਨ ਗਲਪ ਵਿੱਚ ਦਿਲਚਸਪੀ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਇਸ ਦੀ ਸਾਡੇ ਵਿਚਾਰਾਂ ਨੂੰ ਵਿਸ਼ਾਲਤਾ ਬਖ਼ਸ਼ਣ ਦੀ ਯੋਗਤਾ। ਭਵਿੱਖ ਬਾਰੇ ਸੰਭਾਵੀ ਹਕੀਕਤਾਂ ਅਤੇ ਅੰਦਾਜ਼ਿਆਂ ਦੀ ਜਾਚ ਰਾਹੀਂ, ਪਾਠਕ ਵਿਭਿੰਨ ਸੰਭਾਵਨਾਵਾਂ ਅਤੇ ਨਤੀਜਿਆਂ ਦੇ ਰੂਬਰੂ ਹੁੰਦੇ ਹਨ। ਵਿਗਿਆਨ ਗਲਪ ਸਾਨੂੰ ਸਾਡੀ ਤਤਕਾਲੀ ਸਮਝ ਦੀਆਂ ਸੀਮਾਵਾਂ ਤੋਂ ਬਾਹਰ ਨਿਕਲਣ ਅਤੇ ਅਜਿਹੇ ਸੰਸਾਰ ਦੀ ਕਲਪਨਾ ਕਰਨ ਦਾ ਸੱਦਾ ਦਿੰਦਾ ਹੈ ਜਿੱਥੇ ਤਕਨਾਲੋਜੀ, ਸਮਾਜ ਅਤੇ ਵਾਤਾਵਰਨ ਅਦਭੁੱਤ ਤਰੀਕਿਆਂ ਨਾਲ ਵਿਕਸਤ ਹੋਏ ਹਨ। ਅਜਿਹਾ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਚੁਣੌਤੀਆਂ ਲਈ ਆਲੋਚਨਾਤਮਕ ਸੋਚ ਦੇ ਗੁਣ ਨੂੰ ਪੈਦਾ ਕਰਨ ਦੇ ਨਾਲ ਨਾਲ ਗੈਰ-ਰਵਾਇਤੀ ਹੱਲਾਂ ਦੀ ਖੋਜ ਨੂੰ ਉਤਸ਼ਾਹਿਤ ਕਰਦਾ ਹੈ।
ਅਜੋਕੇ ਸਮੇਂ ਦੌਰਾਨ ਮਨੁੱਖਤਾ ਨੂੰ ਦਰਪੇਸ਼ ਮਸਲਿਆਂ ਵਿੱਚੋਂ ਵਾਤਾਵਰਨ ਸੰਕਟ ਪ੍ਰਮੁੱਖ ਹੈ। ਵਿਗਿਆਨ ਗਲਪ ਅਤੇ ਵਾਤਾਵਰਨ ਨਾਲ ਸਬੰਧਤ ਕਹਾਣੀਆਂ ਪਾਠਕਾਂ ਵਿੱਚ ਵਾਤਾਵਰਨ ਪ੍ਰਤੀ ਚੇਤਨਾ ਨੂੰ ਵਧਾਉਣ ਵਿੱਚ ਮਦਦ ਕਰਦੀਆਂ ਹਨ। ਅਜਿਹੀਆਂ ਕਹਾਣੀਆਂ ਦਾ ਬਿਰਤਾਂਤ ਭਵਿੱਖੀ ਸਮਾਜ ਦੇ ਹਾਲਾਤ ਦੀ ਦੱਸ ਪਾਉਂਦਾ ਹੈ ਜਾਂ ਵਾਤਾਵਰਨ ਦੀ ਅਣਗਹਿਲੀ ਕਰਨ ਦੇ ਨਤੀਜਿਆਂ ਦਾ ਵਰਨਣ ਕਰਦੇ ਹੋਏ, ਪਾਠਕਾਂ ਨੂੰ ਅਜਿਹੀ ਅਣਗਿਹਲੀ ਦੇ ਸੰਭਾਵੀ ਪ੍ਰਭਾਵਾਂ ਦਾ ਖੁਲਾਸਾ ਕਰਦਾ ਹੈ। ਇਹ ਕਹਾਣੀਆਂ ਤਤਕਾਲੀ ਮਸਲਿਆਂ ਨੂੰ ਨਜਿੱਠਣ ਲਈ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਪਾਠਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਨ ਦੀ ਸੁਰੱਖਿਆ ਸਬੰਧੀ ਚੇਤੰਨ ਰੂਪ ਵਿੱਚ ਕਾਰਵਾਈ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਵਿਗਿਆਨ ਕਥਾਵਾਂ ਅਕਸਰ ਸਮਾਜ ਅਤੇ ਵਾਤਾਵਰਨ ’ਤੇ ਨਵੀਂ ਤਕਨਾਲੋਜੀ ਦੇ ਪ੍ਰਭਾਵਾਂ ਨੂੰ ਦਰਸਾਉਂਦੀਆਂ ਹਨ। ਅਜਿਹੇ ਬਿਰਤਾਂਤਾਂ ਨੂੰ ਪੜ੍ਹ-ਸੁਣ ਕੇ ਅਸੀਂ ਤਕਨੀਕੀ ਤਰੱਕੀ ਦੇ ਸੰਭਾਵੀ ਨਤੀਜਿਆਂ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ। ਅਜੋਕੇ ਸਮੇਂ ਦੌਰਾਨ ਅਜਿਹੀਆਂ ਕਥਾਵਾਂ ਵਿੱਚ ਤਕਨਾਲੋਜੀਆਂ ਦੁਆਰਾ ਮਨੁੱਖੀ ਸਮਾਜ ਦੀਆਂ ਦਰਪੇਸ਼ ਚੁਣੌਤੀਆਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨੈਤਿਕ ਪ੍ਰਭਾਵਾਂ ਦਾ ਜ਼ਿਕਰ, ਬੇਰੋਕ ਜੈਨੇਟਿਕ ਇੰਜਨੀਅਰਿੰਗ ਦੇ ਗ਼ਲਤ ਨਤੀਜਿਆਂ, ਉੱਨਤ ਰੋਬੋਟਸ ਦੁਆਰਾ ਲਿਆਂਦੀਆਂ ਗਈਆਂ ਸਮਾਜਿਕ ਤਬਦੀਲੀਆਂ ਜਾਂ ਟਾਈਮ ਟਰੈਵਲ ਕਾਰਨ ਸਮਾਜ ਵਿੱਚ ਸੰਭਾਵੀ ਉਥਲ-ਪੁਥਲ ਦਾ ਜ਼ਿਕਰ ਮਿਲਦਾ ਹੈ।
ਵਿਗਿਆਨ ਕਥਾਵਾਂ ਅਤੇ ਵਾਤਾਵਰਨ ਸਬੰਧੀ ਕਹਾਣੀਆਂ ਦਾ ਖੇਤਰ ਨਵੀਆਂ ਖੋਜਾਂ ਦਾ ਆਧਾਰ ਬਣਨ ਦੀ ਸਮਰੱਥਾ ਰੱਖਦਾ ਹੈ। ਅਨੇਕਾਂ ਤਕਨੀਕੀ ਖੋਜਾਂ ਅਤੇ ਵਿਗਿਆਨਕ ਪ੍ਰਾਪਤੀਆਂ ਵਿਗਿਆਨ ਕਥਾ ਸਾਹਿਤ ਵਿੱਚ ਪਹਿਲੋਂ ਪ੍ਰਗਟ ਕੀਤੇ ਵਿਚਾਰਾਂ ਤੋਂ ਪ੍ਰਤੱਖ ਰੂਪ ਵਿੱਚ ਪ੍ਰਭਾਵਿਤ ਹੋਈਆਂ ਹਨ। ਬੇਸ਼ੱਕ ਪੁਲਾੜੀ ਖੋਜ ਦਾ ਖੇਤਰ ਹੋਵੇ ਜਾਂ ਨਵੇਂ ਊਰਜਾ ਸਰੋਤਾਂ ਦੀ ਭਾਲ, ਇਨ੍ਹਾਂ ਕਹਾਣੀਆਂ ਵਿੱਚ ਪੇਸ਼ ਕੀਤੀਆਂ ਗਈਆਂ ਕਲਪਿਤ ਘਟਨਾਵਾਂ ਅਕਸਰ ਨਵੀਆਂ ਖੋਜਾਂ ਲਈ ਇੱਕ ਉਤਪ੍ਰੇਰਕ ਦਾ ਕੰਮ ਕਰਦੀਆਂ ਹਨ। ਭਵਿੱਖ ਦੀਆਂ ਸੰਭਾਵੀ ਤਕਨਾਲੋਜੀਆਂ ਅਤੇ ਵਾਤਾਵਰਨ ਹਾਲਾਤ ਬਾਰੇ ਪੜ੍ਹਨਾ ਸਿਰਜਣਕਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਪਾਠਕਾਂ ਨੂੰ ਦਰਪੇਸ਼ ਮਸਲਿਆਂ ਦੇ ਸਥਾਈ ਹੱਲ ਦੇ ਵਿਕਾਸ ਲਈ ਉਤਸ਼ਾਹਿਤ ਕਰਦਾ ਹੈ।
ਕਹਾਣੀ ਸੁਣਾਉਣ ਦੀ ਪ੍ਰਭਾਵਸ਼ਾਲੀ ਕਿਰਿਆ ਸਰੋਤਿਆਂ ਵਿੱਚ ਵਾਤਾਵਰਨ ਨਾਲ ਚੰਗੇਰਾ ਸਬੰਧ ਬਣਾਉਣ ਅਤੇ ਕੁਦਰਤ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ। ਅਜਿਹਾ ਵਿਗਿਆਨਕ ਕਥਾਵਾਂ ਦੇ ਬਿਰਤਾਂਤ ਰਾਹੀਂ ਵੀ ਸੰਭਵ ਹੁੰਦਾ ਹੈ। ਵਾਤਾਵਰਨ ਨਾਲ ਸਬੰਧਤ ਕਹਾਣੀਆਂ ਵਿੱਚ ਵਾਤਾਵਰਨ ਦੀਆਂ ਚੁਣੌਤੀਆਂ ਦਾ ਸ਼ਿਕਾਰ ਹੋ ਕੇ ਅਣਸੁਖਾਵੇ ਹਾਲਾਤ ਨਾਲ ਜੂਝ ਰਹੇ ਪਾਤਰਾਂ ਦੇ ਜੀਵਨ ਹਾਲਾਤ ਦਾ ਬਿਰਤਾਂਤ ਪਾਠਕਾਂ ਵਿੱਚ ਇਨ੍ਹਾਂ ਪਾਤਰਾਂ ਲਈ ਹਮਦਰਦੀ ਦੀ ਭਾਵਨਾ ਪੈਦਾ ਕਰਦਾ ਹੈ। ਉਦਾਹਰਨ ਵਜੋਂ ਕੁਦਰਤੀ ਆਫ਼ਤ ਤੋਂ ਬਚਾਅ ਦੀ ਕਹਾਣੀ ਹੋਵੇ ਜਾਂ ਮਨੁੱਖ ਅਤੇ ਕੁਦਰਤ ਵਿਚਕਾਰ ਸਹਿਹੋਂਦ ਦੀ ਕਥਾ, ਅਜਿਹੀਆਂ ਕਹਾਣੀਆਂ ਮਨੁੱਖ, ਕੁਦਰਤ ਤੇ ਜੀਵਾਂ ਦੇ ਆਪਸੀ ਸਬੰਧਾਂ ਦੀ ਦੱਸ ਪਾਉਂਦੀਆਂ ਹਨ ਅਤੇ ਪਾਠਕਾਂ ਨੂੰ ਸਾਰੇ ਜੀਵਾਂ ਦੀ ਭਲਾਈ ਲਈ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੀਆਂ ਹਨ। ਸਮਾਜਿਕ ਹਾਲਾਤ ਉੱਤੇ ਟਿੱਪਣੀ ਕਰਨ ਸਬੰਧੀ ਵੀ ਵਿਗਿਆਨ ਗਲਪ ਦਾ ਇਤਿਹਾਸ ਕਾਫ਼ੀ ਅਮੀਰ ਹੈ। ਵਿਗਿਆਨ ਗਲਪ ਤੇ ਵਾਤਾਵਰਨ ਸਬੰਧੀ ਵਿਸ਼ਿਆਂ ਦੇ ਸੁਮੇਲ ਵਾਲੀਆਂ ਕਹਾਣੀਆਂ ਸੰਸਾਰ ਦੀ ਮੌਜੂਦਾ ਸਥਿਤੀ ਨੂੰ ਪ੍ਰਗਟ ਕਰਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਬਣ ਜਾਂਦੀਆਂ ਹਨ। ਲੇਖਕ ਕਲਪਿਤ ਹਕੀਕਤਾਂ ਵਾਲੇ ਭਵਿੱਖ ਨੂੰ ਪੇਸ਼ ਕਰਕੇ ਪਾਠਕਾਂ ਨੂੰ ਇੱਕ ਅਜਿਹਾ ਮੌਕਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਉਹ ਆਪਣੀਆਂ ਧਾਰਨਾਵਾਂ, ਵਿਸ਼ਵਾਸਾਂ, ਕਦਰਾਂ-ਕੀਮਤਾਂ ਅਤੇ ਕਾਰਵਾਈਆਂ ਦੀ ਜਾਂਚ ਕਰ ਕਰ ਸਕਦੇ ਹਨ। ਇਹ ਸੋਚ ਪ੍ਰਕਿਰਿਆ ਨਿੱਜੀ ਅਤੇ ਸਮੂਹਿਕ ਕਾਰਵਾਈਆਂ ਦੇ ਵਾਤਾਵਰਨ ਉੱਤੇ ਪੈ ਰਹੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਦੀ ਹੈ।
ਸਿੱਟੇ ਵਜੋਂ, ਵਿਗਿਆਨ ਕਥਾਵਾਂ ਅਤੇ ਵਾਤਾਵਰਨ ਨਾਲ ਸਬੰਧਤ ਕਹਾਣੀਆਂ ਨੂੰ ਪੜ੍ਹਨ ਦਾ ਕੰਮ ਸਿਰਫ਼ ਮਨਪ੍ਰਚਾਵਾ ਹੀ ਨਹੀਂ ਹੈ ਤੇ ਨਾ ਹੀ ਵਾਸਤਵਿਕਤਾ ਤੋਂ ਮੂੰਹ ਮੋੜਨ ਦਾ ਜ਼ਰੀਆ, ਸਗੋਂ ਇਹ ਤਾਂ ਸੰਸਾਰ ਬਾਰੇ ਸੂਝ-ਬੂਝ ਪ੍ਰਾਪਤ ਕਰਨ ਅਤੇ ਸਾਡੇ ਸਾਂਝੇ ਭਵਿੱਖ ਨੂੰ ਪ੍ਰਭਾਵਿਤ ਕਰਨ ਦਾ ਇੱਕ ਮਹੱਤਵਪੂਰਨ ਤਰੀਕਾ ਹੈ। ਇਹ ਕਹਾਣੀਆਂ ਸਾਡੇ ਵਿਚਾਰਾਂ ਵਿੱਚ ਮੋਕਲਾਪਣ ਪੈਦਾ ਕਰਨ, ਵਾਤਾਵਰਨ ਸਬੰਧੀ ਚੇਤਨਾ ਵਧਾਉਣ, ਭਵਿੱਖਮਈ ਤਕਨੀਕੀ ਉੱਨਤੀ ਦੀ ਪੈੜ ਨੱਪਣ, ਨਵੀਆਂ ਖੋਜਾਂ ਲਈ ਪ੍ਰੇਰਿਤ ਕਰਨ, ਹਮਦਰਦੀ ਦੀ ਭਾਵਨਾ ਪੈਦਾ ਕਰਨ, ਸਮਾਜਿਕ ਹਾਲਾਤ ਬਾਰੇ ਟਿੱਪਣੀ ਕਰਨ ਅਤੇ ਆਪਣੀਆਂ ਧਾਰਨਾਵਾਂ ਦੇ ਮੁੜ-ਮੁਲਾਂਕਣ ਲਈ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕਰਦੀਆਂ ਹਨ। ਜਿਵੇਂ ਹੀ ਅਸੀਂ ਵਾਤਾਵਰਨ ਸਬੰਧੀ ਚੁਣੌਤੀਆਂ ਦੇ ਨਾਲ ਹੀ ਤੇਜ਼ੀ ਨਾਲ ਤਕਨੀਕੀ ਤਰੱਕੀ ਕਰ ਰਹੇ ਯੁੱਗ ਦੀਆਂ ਬਾਤਾਂ ਪੜ੍ਹਦੇ ਹਾਂ ਤਾਂ ਇਨ੍ਹਾਂ ਕਹਾਣੀਆਂ ਤੋਂ ਪ੍ਰਾਪਤ ਜਾਣਕਾਰੀ ਸਾਨੂੰ ਮਨੁੱਖਤਾ ਦੀ ਹਮੇਸ਼ਾਂ ਲਈ ਸਲਾਮਤੀ ਵਾਲੇ ਅਤੇ ਸਦਭਾਵਨਾ ਭਰੇ ਭਵਿੱਖ ਦੀ ਸਾਜਨਾ ਲਈ ਪ੍ਰੇਰਿਤ ਕਰਦੀ ਹੈ।
ਇਸ ਲਈ ਵਿਗਿਆਨ ਗਲਪ ਅਤੇ ਵਾਤਾਵਰਨ ਸਬੰਧੀ ਕਹਾਣੀਆਂ ਪੜ੍ਹਨਾ, ਸੁਣਨਾ ਜਾਂ ਸੁਣਾਉਣਾ ਕੇਵਲ ਇੱਕ ਮਨੋਰੰਜਨ ਹੀ ਨਹੀਂ, ਸਗੋਂ ਇਹ ਉਨ੍ਹਾਂ ਵਿਅਕਤੀਆਂ ਲਈ ਇੱਕ ਜ਼ਿੰਮੇਵਾਰੀ ਵੀ ਹੈ ਜੋ ਸੰਸਾਰ ਦੇ ਮਸਲਿਆਂ ਨੂੰ ਜਾਣਨ, ਸਮਝਣ ਤੇ ਹੱਲ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ।
ਈਮੇਲ: drdpsn@hotmail.com

Advertisement
Advertisement