ਭਗਤ ਸਿੰਘ ਦੀ ਚਿੰਤਨ ਪ੍ਰਕਿਰਿਆ ਦੀ ਸਾਰਥਿਕਤਾ
ਡਾ. ਕੁਲਦੀਪ ਸਿੰਘ
ਨਵੇਂ ਵਿਚਾਰਾਂ ਦੀ ਸ਼ੁਰੂਆਤ ਸਮਾਜ ਵਿੱਚ ਸਮੇਂ ਸਮੇਂ ’ਤੇ ਆਰਥਿਕ ਤੇ ਰਾਜਨੀਤਿਕ ਸਥਿਤੀਆਂ ਨੂੰ ਬਦਲਣ ਲਈ ਚੱਲ ਰਹੇ ਸੰਘਰਸ਼ਾਂ ਵਿੱਚੋਂ ਉਤਪੰਨ ਹੁੰਦੀ ਹੈ। ਸਮਾਜਿਕ ਹਾਲਾਤ ਨੂੰ ਬਦਲਣ ਲਈ ਨਵੀਆਂ ਲਹਿਰਾਂ, ਵਿਚਾਰ ਤੇ ਵਿਚਾਰਧਾਰਾਵਾਂ ਦੇ ਨਾਲ ਨਾਲ ਆਗੂ ਤੇ ਵਿਚਾਰਵਾਨ ਵੀ ਪੈਦਾ ਹੁੰਦੇ ਹਨ। ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਇੱਕ ਪਾਸੇ ਪਹਿਲੀ ਸੰਸਾਰ ਜੰਗ ਨੇ ਲੋਕਾਂ ਲਈ ਮੁਸ਼ਕਿਲਾਂ ਉਤਪੰਨ ਕਰ ਦਿੱਤੀਆਂ ਸਨ, ਦੂਸਰੇ ਪਾਸੇ ਲੈਨਿਨ ਦੀ ਅਗਵਾਈ ਵਿੱਚ ਅਕਤੂਬਰ ਇਨਕਲਾਬ ਰਾਹੀਂ ਸਮਾਜਵਾਦੀ ਵਿਚਾਰਾਂ ਦੀ ਪੁਠ ਨਵੀਂ ਪੀੜ੍ਹੀ ਨੂੰ ਚੜ੍ਹ ਰਹੀ ਸੀ, ਪੰਜਾਬ ਦਾ ਕਿਸਾਨ ਕਰਜ਼ੇ ’ਚ ਵਿੰਨ੍ਹਿਆ ਪਿਆ ਸੀ, ਉਸ ਦੀ ਜ਼ਮੀਨ ਉਸ ਨੂੰ ਦੋ ਡੰਗ ਦੀ ਰੋਟੀ ਦੇਣ ਤੋਂ ਅਸਮਰੱਥ ਹੋ ਰਹੀ ਸੀ ਤੇ ਆਰਥਿਕ ਮੰਦਵਾੜੇ ਤੋਂ ਬਾਹਰ ਨਿਕਲਣ ਲਈ ਉਹ ਦੇਸ਼ਾਂ ਵਿਦੇਸ਼ਾਂ ’ਚ ਮਜ਼ਦੂਰੀਆਂ ਦੇ ਰਾਹ ਪੈ ਚੁੱਕਾ ਸੀ। ਬਰਤਾਨਵੀ ਸਾਮਰਾਜ ਦੀ ਲੁੱਟ ਵਧਦੀ ਜਾ ਰਹੀ ਸੀ। ਅਜਿਹੀਆਂ ਪ੍ਰਸਥਿਤੀਆਂ ਵਿੱਚੋਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੁਫ਼ਨੇ ਪਲਣ ਲੱਗੇ, ਜਿਸ ਦੀ ਸ਼ੁਰੂਆਤ ਗ਼ਦਰ ਪਾਰਟੀ ਦੇ ਰੂਪ ’ਚ ਆਜ਼ਾਦੀ ਹਾਸਲ ਕਰਨ ਵਾਲੇ ਵਿਚਾਰਾਂ, ਸੋਚਾਂ ਤੇ ਲਹਿਰਾਂ ਦੇ ਰੂਪ ’ਚ ਪੰਜਾਬੀਆਂ ਨੂੰ ਕ੍ਰਾਂਤੀਕਾਰੀ ਪਹਿਲਕਦਮੀਆਂ ਵੱਲ ਖਿੱਚ ਲਿਆਈ।
ਪਹਿਲੀ ਸੰਸਾਰ ਜੰਗ, ਗ਼ਦਰ ਲਹਿਰ, ਪਹਿਲਾਂ ਲਾਹੌਰ ਸਾਜ਼ਿਸ਼ ਕੇਸ ਕ੍ਰਾਂਤੀਕਾਰੀ ਰਾਜ ਬਿਹਾਰੀ ਬੋਸ ਅਤੇ ਸਚਿੰਦਰ ਨਾਥ ਸਾਨਿਆਲ ਨੂੰ ਇਨਕਲਾਬੀ ਵਿਚਾਰਾਂ ਪ੍ਰਤੀ ਗੰਭੀਰ ਤੇ ਸੁਚੇਤ ਕਰ ਚੁੱਕੇ ਸਨ। 1920 ਅਜਿਹਾ ਸਮਾਂ ਸੀ ਜਦੋਂ ਮਹਾਤਮਾ ਗਾਂਧੀ ਵੱਲੋਂ ਨਾ-ਮਿਲਵਰਤਣ ਲਹਿਰ ਸ਼ੁਰੂ ਕਰਕੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਵਿਦਿਅਕ ਸੰਸਥਾਵਾਂ ਛੱਡ ਕੇ ਲਹਿਰ ’ਚ ਭਾਗ ਲੈਣ ਲਈ ਪ੍ਰੇਰਿਆ ਗਿਆ, ਇਹ ਵੀ ਕਹਿ ਦਿੱਤਾ ਕਿ ਤੁਹਾਡੇ ਭਾਗ ਲੈਣ ਨਾਲ ਇੱਕ ਸਾਲ ਵਿੱਚ ਦੇਸ਼ ਆਜ਼ਾਦੀ ਪ੍ਰਾਪਤ ਕਰ ਲਵੇਗਾ। ਇਸ ਅਹਿੰਸਕ ਸਤਿਆਗ੍ਰਹਿ ਵਿੱਚ ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ, ਸੁਖਦੇਵ ਤੇ ਸ਼ਿਵ ਵਰਮਾ ਤੇ ਹੋਰ ਨੌਜਵਾਨਾਂ ਨੇ ਮਿਲ ਕੇ ਭਾਗ ਲਿਆ ਪ੍ਰੰਤੂ ਜਲਦੀ ਹੀ ਚੌਰੀ ਚੌਰਾ ਦੀ ਘਟਨਾ ਵਾਪਰਨ ਕਰਕੇ ਮਹਾਤਮਾ ਗਾਂਧੀ ਨੇ ਅੰਦੋਲਨ ਵਾਪਸ ਲੈ ਲਿਆ। ਇਸ ਨਾਲ ਨੌਜਵਾਨਾਂ ਵਿੱਚ ਨਵੀਂ ਬੇਚੈਨੀ ਉਤਪੰਨ ਹੋ ਗਈ ਕਿ ਇਨ੍ਹਾਂ ਨੇਤਾਵਾਂ ਨੇ ਅੰਦੋਲਨ ਅਧਵਾਟੇ ਛੱਡ ਦਿੱਤਾ। ਨੌਜਵਾਨਾਂ ਵਿੱਚ ਸਵਾਲ ਖੜ੍ਹਾ ਹੋ ਗਿਆ ਕਿ ਇੱਕ ਬਦਲ ਤਲਾਸ਼ਣ ਦੀ ਜ਼ਰੂਰਤ ਹੈ। ਉਸ ਸਮੇਂ ਨੌਜਵਾਨਾਂ ਵਿੱਚ ਸੋਵੀਅਤ ਇਨਕਲਾਬ ਦਾ ਪ੍ਰਭਾਵ ਵਧਦਾ ਜਾ ਰਿਹਾ ਸੀ, ਜਿਸ ਰਾਹੀਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਤਬਦੀਲੀ ਲਈ ਕ੍ਰਾਂਤੀਕਾਰੀ ਢੰਗ ਤਰੀਕਿਆਂ ਬਾਰੇ ਤੇ ਦੂਸਰਾ ਸਮਾਜਵਾਦੀ ਵਿਚਾਰਾਂ ਬਾਰੇ ਸੋਚਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸ ਸਮੇਂ ਹੀ ਮਜ਼ਦੂਰਾਂ ਦੀ ਇੱਕ ਵੱਡੀ ਲਹਿਰ ਖੜ੍ਹੀ ਹੋ ਰਹੀ ਸੀ, ਜਿਸ ਨਾਲ ਨੌਜਵਾਨਾਂ ਵਿੱਚ ਬਰਤਾਨਵੀ ਸਾਮਰਾਜ ਦੇ ਖਿਲਾਫ਼ ਲੜਾਈ ਦੇ ਨਾਲ ਨਾਲ ਦੇਸ਼ ਦੇ ਅੰਦਰੂਨੀ ਖੂਨ ਚੂਸਣ ਵਾਲੇ ਸਰਮਾਏਦਾਰਾਂ ਤੇ ਜਗੀਰਦਾਰਾਂ ਖਿਲਾਫ਼ ਲੜਾਈ ਲਈ ਨਵੇਂ ਕਿਸਮ ਦੀ ਬੌਧਿਕ ਸਰਗਰਮੀ ਲਈ ਜ਼ਮੀਨ ਤਿਆਰ ਹੋ ਗਈ। ਅਜਿਹੀਆਂ ਪ੍ਰਸਥਿਤੀਆਂ ਵਿੱਚ 1924 ਵਿੱਚ ਪੁਰਾਣੀ ਪੀੜ੍ਹੀ ਦੇ ਇਨਕਲਾਬੀਆਂ ਤੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੇ ਇਨਕਲਾਬ ਤੇ ਸਮਾਜਵਾਦੀ ਵਿਚਾਰਾਂ ਨੂੰ ਗੰਭੀਰਤਾ ਨਾਲ ਸਮਝਣ ਲਈ ਵੱਖ-ਵੱਖ ਇਨਕਲਾਬੀ ਲਹਿਰਾਂ ਤੇ ਸੋਵੀਅਤ ਕ੍ਰਾਂਤੀ ਦੀਆਂ ਲਿਖਤਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਲਾਹੌਰ ਵਿਖੇ ਦਵਾਰਕਾ ਦਾਸ ਲਾਇਬ੍ਰੇਰੀ ਵਿੱਚੋਂ ਆਸਾਨੀ ਨਾਲ ਇਨਕਲਾਬੀ ਵਿਚਾਰਾਂ ਦੀਆਂ ਪੁਸਤਕਾਂ ਮਿਲ ਜਾਂਦੀਆਂ ਸਨ, ਇਨ੍ਹਾਂ ਲਿਖਤਾਂ ਵਿੱਚੋਂ ਹਾਸਲ ਕੀਤੇ ਗਿਆਨ ਨੂੰ ਨੌਜਵਾਨ ਭਾਰਤ ਸਭਾ ਰਾਹੀਂ ਜਨਸਮੂਹ ਵਿੱਚ ਪ੍ਰਚਾਰਨਾ ਤੇ ਪਸਾਰਨਾ ਸ਼ੁਰੂ ਕਰ ਦਿੱਤਾ।
ਜਿਸ ਪੱਧਰ ’ਤੇ ਭਾਰਤ ਦੇ ਲੋਕ ਦਾਬੇ ਤੇ ਗ਼ੁਲਾਮੀ ਤੋਂ ਆਜ਼ਾਦੀ ਹਾਸਲ ਕਰਨ ਲਈ ਸੰਘਰਸ਼ ਦੇ ਰਾਹ ਪੈ ਰਹੇ ਸਨ, ਬਰਤਾਨਵੀ ਹੁਕਮਰਾਨਾਂ ਦੀਆਂ ਹਮੇਸ਼ਾਂ ਕੋਸ਼ਿਸ਼ਾਂ ਰਹਿੰਦੀਆਂ ਸਨ ਕਿ ਸਮਝੌਤਿਆਂ ਤੇ ਸੁਧਾਰਾਂ ਦੇ ਚੱਕਰ ’ਚ ਇਨ੍ਹਾਂ ਲਹਿਰਾਂ ਨੂੰ ਖ਼ਤਮ ਕੀਤਾ ਜਾਵੇ। ਜਦੋਂ ਅਹਿਮਦਾਬਾਦ ਦੇ ਮਜ਼ਦੂਰਾਂ ਤੇ ਬਾਰੌਦਲੀ ਦੇ ਕਿਸਾਨਾਂ ਨੇ ਸੰਘਰਸ਼ ਤੇ ਬਗਾਵਤ ਕਰ ਦਿੱਤੀ ਤਾਂ ਸਮਝੌਤਿਆਂ ਦੀ ਰਾਜਨੀਤੀ ਵਾਲੇ ਆਗੂਆਂ ਨੇ ਅੰਗਰੇਜ਼ਾਂ ਅੱਗੇ ਗੋਡੇ ਟੇਕ ਦਿੱਤੇ। ਭਗਤ ਸਿੰਘ ਲਿਖਦੇ ਹਨ, ‘‘ਜਦੋਂ ਕਾਰਖਾਨਿਆਂ ਦੇ ਮਜ਼ਦੂਰ ਅਤੇ ਪਿੰਡਾਂ ਦੇ ਕਿਸਾਨ ਸੰਘਰਸ਼ਾਂ ਵਿੱਚ ਖੜ੍ਹੇ ਹੋ ਜਾਂਦੇ ਹਨ ਤਾਂ ਸਾਡੇ ਕਈ ਨੇਤਾਵਾਂ ਨੂੰ ਕੰਬਣੀਆਂ ਛਿੜ ਜਾਂਦੀਆਂ ਹਨ ਅਤੇ ਉਹ ਸਮਝੌਤਿਆਂ ਦਾ ਰਾਗ ਅਲਾਪਣ ਲੱਗ ਜਾਂਦੇ ਹਨ।’’ ਸਮਝੌਤਿਆਂ ਦੀ ਰਾਜਨੀਤੀ ਬਾਰੇ ਭਗਤ ਸਿੰਘ ਸਪੱਸ਼ਟ ਕਰਦੇ ਹੋਏ ਲਿਖਦੇ ਹਨ, ‘‘ਪਰ ਲੜ ਰਹੇ ਲੋਕਾਂ ਲਈ ਇਹ ਸਾਫ਼ ਹੋਣਾ ਚਾਹੀਦਾ ਹੈ ਕਿ ਇਹ ਸਮਝੌਤਾ ਉਨ੍ਹਾਂ ਦੀ ਵੱਡੀ ਲੜਾਈ ਲਈ ਸਹਾਇਕ ਹੋ ਰਿਹਾ ਹੈ ਜਾਂ ਵੱਡੀ ਤਬਦੀਲੀ ਨੂੰ ਰੋਕਣ ਵਿੱਚ ਅੜਿੱਕਾ ਬਣ ਰਿਹਾ ਹੈ।’’
ਇਸ ਕ੍ਰਾਂਤੀਕਾਰੀ ਪੀੜ੍ਹੀ ਵਿੱਚ ਵਿਚਾਰਾਂ ਦੀ ਪਕਿਆਈ ਤੇਜ਼ੀ ਨਾਲ ਹੋ ਰਹੀ ਸੀ, ਜਿਨ੍ਹਾਂ ਵਿੱਚ ਭਗਤ ਸਿੰਘ ਤੇ ਭਗਵਤੀ ਚਰਨ ਵੋਹਰਾ ਅਜਿਹੀਆਂ ਦੋ ਸ਼ਖ਼ਸੀਅਤਾਂ ਸਨ ਜੋ ਤੇਜ਼ੀ ਨਾਲ ਬੌਧਿਕ ਵਿਚਾਰਾਂ ਨੂੰ ਗ੍ਰਹਿਣ ਕਰਕੇ ਲਿਖਤੀ ਰੂਪ ’ਚ ਉਤਾਰਨ ਦੀ ਸਮਰੱਥਾ ਰੱਖਦੀਆਂ ਸਨ। ਚੰਦਰ ਸ਼ੇਖਰ ਆਜ਼ਾਦ ਵੀ ਹਰੇਕ ਕਿਤਾਬ ਨੂੰ ਪੜ੍ਹ ਕੇ ਉਸ ਵਿਚਲੇ ਵਿਚਾਰਾਂ ਨੂੰ ਅੰਗਰੇਜ਼ੀ ਭਾਸ਼ਾ ਤੋਂ ਹੋਰ ਭਾਸ਼ਾਵਾਂ ਵਿੱਚ ਲਿਜਾਣ ਦੀ ਅਥਾਹ ਸਮਰੱਥਾ ਰੱਖਦੇ ਸਨ। ਜਦੋਂ ਭਗਵਤੀ ਚਰਨ ਵੋਹਰਾ ਨੇ ‘ਬੰਬ ਦਾ ਫ਼ਲਸਫ਼ਾ’ ਲਿਖਤ ਲਿਖੀ, ਉਹ ਚੰਦਰ ਸ਼ੇਖਰ ਆਜ਼ਾਦ ਨਾਲ ਲੰਬੀ ਵਿਚਾਰ ਚਰਚਾ ਤੋਂ ਬਾਅਦ ਲਿਖਤੀ ਰੂਪ ’ਚ ਸਾਹਮਣੇ ਆਈ। ਵਿਚਾਰਧਾਰਕ ਸਵਾਲ ਜਿਨ੍ਹਾਂ ਵਿੱਚ ਅਛੂਤ ਦਾ ਸਵਾਲ, ਵਿਦੇਸ਼ੀ ਤੇ ਦੇਸੀ ਹਾਕਮਾਂ ਪ੍ਰਤੀ ਨਜ਼ਰੀਆ, ਭਵਿੱਖ ਦੇ ਸਮਾਜਵਾਦੀ ਮਾਡਲ ਦਾ ਸਵਾਲ ਲਗਾਤਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਿੱਚ ਵਿਚਾਰਿਆ ਤੇ ਸੁਲਝਾਇਆ ਜਾ ਰਿਹਾ ਸੀ।
ਉੱਘੇ ਇਤਿਹਾਸਕਾਰ ਪ੍ਰੋ. ਬਿਪਨ ਚੰਦਰ ਲਿਖਦੇ ਹਨ, ‘‘ਕਾਰਲ ਮਾਰਕਸ ਦਾ ਸਰਮਾਇਆ ਤੇ ਹੋਰ ਮਾਰਕਸਵਾਦੀ, ਸੋਸ਼ਲਿਸਟ ਤੇ ਇਨਕਲਾਬੀ ਸਾਹਿਤ ਭਗਤ ਸਿੰਘ ਨੇ ਜੇਲ੍ਹ ਤੋਂ ਪਹਿਲਾਂ ਹੀ ਪੜ੍ਹ ਲਿਆ ਸੀ, ਇਸ ਵਿਚਾਰ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਇਨ੍ਹਾਂ ਕ੍ਰਾਂਤੀਕਾਰੀਆਂ ਨੇ ਨਵੇਂ ਤਜਰਬਿਆਂ ਤੋਂ ਸਿੱਖਿਆ ਅਤੇ ਵਿਚਾਰ-ਵਟਾਂਦਰੇ ਕੀਤੇ ਜਿਹੜੇ ਨਵੀਆਂ ਲਿਖਤਾਂ ਦੇ ਰੂਪ ’ਚ ਸਾਹਮਣੇ ਆਏ।’’ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਦੀ ਇੱਕ ਲਿਖਤ ’ਚ ਸਪੱਸ਼ਟ ਦਰਜ ਹੈ, ‘‘ਸਾਡੇ ਲੋਕਾਂ ਦੀਆਂ ਪੀੜਾਂ ਦਾ ਅੰਤ ਇੱਕ ਨਵੇਂ ਸੂਰਜ ਨਾਲ ਹੀ ਹੋਵੇਗਾ, ਅਸੀਂ ਇਨ੍ਹਾਂ ਹੁਕਮਰਾਨਾਂ ਤੋਂ ਕੋਈ ਭੀਖ ਨਹੀਂ ਮੰਗ ਰਹੇ, ਸਾਡੀ ਜੰਗ ਦਾ ਮਕਸਦ ਇਸ ਰਾਜ ਦਾ ਅੰਤ ਕਰਨਾ, ਬੇਸ਼ੱਕ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ। 6 ਜੂਨ 1929 ਨੂੰ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਸਪੱਸ਼ਟ ਕਰ ਦਿੱਤਾ ਸੀ, ‘‘ਅਸੀਂ ਪੂੰਜੀਵਾਦ ਤੇ ਸਾਮਰਾਜੀ ਜੰਗਾਂ ਖਿਲਾਫ਼ ਲੜ ਕੇ ਇੱਕ ਸਵੈ ਨਿਰਭਰ ਰਾਜ ਸਥਾਪਤ ਕਰਨ ਦਾ ਟੀਚਾ ਰੱਖ ਕੇ ਲੜ ਰਹੇ ਹਾਂ, ਜਿਸ ਦਾ ਉਦੇਸ਼ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਨਾ ਹੈ।’’ ਲਾਹੌਰ ਸਾਜ਼ਿਸ਼ ਕੇਸ ਵਿੱਚ ਭਗਤ ਸਿੰਘ ਦੇ ਕੈਦੀ ਸਾਥੀ ਸਚਿੰਦਰ ਨਾਥ ਸਾਨਿਆਲ ਅਨੁਸਾਰ ਉਸ ਦੀ ਇਟਲੀ, ਆਇਰਲੈਂਡ ਤੇ ਸੋਵੀਅਤ ਯੂਨੀਅਨ ਦੇ ਇਨਕਲਾਬਾਂ ਬਾਰੇ ਪੜ੍ਹਨ ਦੀ ਰੁਚੀ ਤੇ ਬੌਧਿਕ ਵਿਕਾਸ ਪ੍ਰਕਿਰਿਆ ਹੈਰਾਨ ਕਰਨ ਵਾਲੀ ਸੀ।
ਭਗਤ ਸਿੰਘ ਦੇ ਵਿਚਾਰਾਂ ਦੇ ਵਿਕਾਸ ਦੀ ਪ੍ਰਕਿਰਿਆ ਤੇ ਰਵਾਨੀ ਵੱਖ-ਵੱਖ ਪੜਾਵਾਂ ਵਿੱਚੋਂ ਗੁਜ਼ਰ ਕੇ 1929 ਤੋਂ 23 ਮਾਰਚ 1931 ਤੱਕ ਲਾਹੌਰ ਸਾਜ਼ਿਸ਼ ਕੇਸ ਦੌਰਾਨ ਹੋਰ ਪਕਿਆਈ ਦੇ ਰੂਪ ’ਚ ਵੱਖ ਵੱਖ ਲਿਖਤਾਂ ਰਾਹੀਂ ਸਾਹਮਣੇ ਆਉਂਦੀ ਹੈ, ਜਿਨ੍ਹਾਂ ਵਿੱਚੋਂ ਇੱਕ ਪਾਸੇ ਅਤੀਤ ਦਾ ਆਲੋਚਨਾਤਮਕ ਦ੍ਰਿਸ਼ਟੀਕੋਣ ਤੇ ਦੂਸਰਾ ਬੌਧਿਕ, ਮਾਨਸਿਕ ਤੇ ਭਾਵਨਾਤਮਕ ਸੋਚਣ ਵਾਲੀ ਬਣਤਰ ਦਾ ਵਿਕਾਸ ਹੁੰਦਾ ਹੈ, ਜਿੱਥੇ ਵਿਚਾਰਾਂ ਦੇ ਭੇੜ ’ਚ ਤਣਾਅਪੂਰਨ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉੱਥੇ ਸੰਘਰਸ਼ਸ਼ੀਲ ਕਾਰਜਸ਼ੀਲ ਹਿੱਸਿਆਂ ਨੂੰ ਆਪਣੇ ਵਿਚਾਰਾਂ ਤੇ ਸੋਚਣ ਢੰਗ ਬਾਰੇ ਸਪੱਸ਼ਟ ਕਰਨਾ ਪੈਂਦਾ ਹੈ। ਨੌਜਵਾਨ ਸਿਆਸੀ ਕਾਰਕੁੰਨਾਂ ਦੇ ਨਾਂ 2 ਫਰਵਰੀ 1931 ਦੀ ਅਹਿਮ ਲਿਖਤ ਵਿੱਚ ਭਗਤ ਸਿੰਘ ਲਿਖਦੇ ਹਨ, ‘‘ਮੈਂ ਇੱਕ ਅਤਿਵਾਦੀ ਐਕਸ਼ਨ ਵਿੱਚ ਹਿੱਸਾ ਲਿਆ ਪਰ ਮੈਂ ਕੋਈ ਅਤਿਵਾਦੀ ਨਹੀਂ, ਮੈਂ ਇੱਕ ਇਨਕਲਾਬੀ ਹਾਂ, ਜਿਸ ’ਚ ਸਪੱਸ਼ਟ ਉਦੇਸ਼ ਹੈ ਕਿ ਚੱਲ ਰਹੇ ਸਮਾਜ ਦੀ ਸਮੁੱਚੀ ਬਣਤਰ ਨੂੰ ਤਬਦੀਲ ਕਰਨਾ ਤੇ ਇੱਕ ਨਵੇਂ ਸਮਾਜ ਦੀ ਸਿਰਜਨਾ ਕਰਨਾ।’’
ਇਸ ਤਰ੍ਹਾਂ ਫਾਂਸੀ ਤੋਂ ਦੋ ਦਿਨ ਪਹਿਲਾਂ 21 ਮਾਰਚ 1931 ਨੂੰ ਲਿਖਦੇ ਹਨ, ‘‘ਬਰਤਾਨਵੀ ਸਾਮਰਾਜੀਆਂ ਨੂੰ ਕੱਢਣ ਨਾਲ ਸਾਡਾ ਭਲਾ ਨਹੀਂ ਹੋਣਾ ਬਲਕਿ ਹਰ ਕਿਸਮ ਦੇ ਦੇਸੀ ਤੇ ਵਿਦੇਸ਼ੀ ਸਰਮਾਏਦਾਰਾਂ ਨੂੰ ਪਰ੍ਹੇ ਕਰਕੇ ਹੀ ਨਵਾਂ ਸਮਾਜ ਸੰਭਵ ਹੋ ਸਕਦਾ ਹੈ।’’ ਉਸ ਸਮੇਂ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਕਿਸਮ ਦੀ ਗਹਿਗੱਚ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ। ਸਾਡੇ ਨੇਤਾ ਬਰਤਾਨਵੀ ਸਾਮਰਾਜੀਆਂ ਨਾਲ ਰਾਊਂਡ ਟੇਬਲ ਕਾਨਫਰੰਸਾਂ ਰਾਹੀਂ ਸੰਵਿਧਾਨਕ ਸੁਧਾਰਾਂ ਦਾ ਸਮਝੌਤਾ ਕਰਨਾ ਚਾਹੁੰਦੇ ਹਨ। ਸਾਡੇ ਲਈ ਇਹ ਕਠਿਨ ਤੇ ਚੁਣੌਤੀਆਂ ਭਰਿਆ ਸਮਾਂ ਹੈ। ਉਨ੍ਹਾਂ 2 ਫਰਵਰੀ 1931 ਦੀ ਲਿਖਤ ਵਿੱਚ ਇਹ ਵੀ ਦਰਜ ਕੀਤਾ, ‘‘ਨੌਜਵਾਨਾਂ ਨੂੰ ਫੈਕਟਰੀਆਂ, ਕਾਰਖਾਨਿਆਂ ਤੇ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਜੀਅ ਜਾਨ ਨਾਲ ਲੋਕਾਂ ਦੀ ਸਿਆਸੀ ਚੇਤਨਤਾ ਉੱਪਰ ਚੁੱਕਣ ਲਈ ਗਿਆਨ ਦਾ ਸੰਚਾਰ ਕਰਨਾ ਹੋਵੇਗਾ ਤਾਂ ਕਿ ਉਹ ਆਪਣੇ ਸੰਘਰਸ਼ਾਂ ਨੂੰ ਅਗਾਂਹ ਲਿਜਾਣ ਦੇ ਸਮਰੱਥ ਹੋ ਕੇ ਸਮਾਜਵਾਦੀ ਸਮਾਜ ਦੀ ਸਿਰਜਨਾ ਵਾਲੇ ਕਾਰਜ ਲਈ ਅਗਵਾਨੂੰ ਕੋਲ ਅਦਾ ਕਰ ਸਕਣ।’’ ਭਗਤ ਸਿੰਘ ਦਾ ਤਬਦੀਲੀ ਲਈ ਨਜ਼ਰੀਆ ਬੜਾ ਸਪੱਸ਼ਟ ਸੀ, ਉਹ ਆਰਥਿਕ ਆਜ਼ਾਦੀ ਤੋਂ ਬਿਨਾਂ ਕਿਸੇ ਵੀ ਆਜ਼ਾਦੀ ਨੂੰ ਕਲਪਨਾ ਤੇ ਖਿਆਲੀ ਹੀ ਸਮਝਦੇ ਸਨ। ਜੇ ਕੋਈ ਨੇਤਾ ਆਰਥਿਕ ਸੁਤੰਤਰਤਾ ਤੋਂ ਬਿਨਾਂ ਇਕੱਲੀ ਰਾਜਨੀਤਿਕ ਆਜ਼ਾਦੀ ਦੀ ਵਕਾਲਤ ਕਰਦਾ ਸੀ ਉਸ ਪ੍ਰਤੀ ਸਪੱਸ਼ਟ ਦਰਜ ਕਰਦੇ ਸਨ ਕਿ ਜਾਂ ਤਾਂ ਉਸ ਨੇਤਾ ਦਾ ਦਿਮਾਗ਼ ਖਾਲੀ ਹੈ ਜਾਂ ਫਿਰ ਗ਼ਲਤ ਵਿਚਾਰਾਂ ਨਾਲ ਭਰਿਆ ਹੋਇਆ ਹੈ।
ਭਗਤ ਸਿੰਘ ਦੀ ਚਿੰਤਨ ਪ੍ਰਕਿਰਿਆ ’ਚ ਕੇਂਦਰੀ ਨੁਕਤੇ ਵੱਖ ਵੱਖ ਜਮਾਤਾਂ ’ਚ ਆਪਸੀ ਸੰਘਰਸ਼, ਸਰਮਾਏਦਾਰੀ ਅਧੀਨ ਗੈਰ ਬਰਾਬਰਤਾ, ਸਾਮਰਾਜੀ ਲੁੱਟ ਰਾਹੀਂ ਦੇਸ਼ਾਂ ਦਾ ਕੰਗਾਲਪੁਣ ਆਦਿ ਪਹਿਲੂ ਕੇਂਦਰੀ ਸਨ। ਅਜੋਕੇ ਸਮਿਆਂ ’ਚ ਇਹ ਸਵਾਲ ਉਸ ਸਮੇਂ ਨਾਲੋਂ ਵੀ ਉੱਭਰਵੇਂ ਰੂਪ ’ਚ ਲੋਕਾਂ ਦੇ ਸਨਮੁਖ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਵਿਚਾਰਧਾਰਕ ਸੰਘਰਸ਼ਾਂ ਤੋਂ ਲੈ ਕੇ ਜ਼ਮੀਨੀ ਪੱਧਰ ਉੱਪਰ ਸੰਘਰਸ਼ ਕਰਨੇ ਇਤਿਹਾਸਕ ਤੌਰ ’ਤੇ ਜ਼ਰੂਰੀ ਹਨ। ਇਸ ਦੇ ਨਾਲ ਹੀ ਜਿਸ ਕਿਸਮ ਦਾ ਫਿਰਕੂ ਧਰੁਵੀਕਰਨ ਦਾ ਮਾਹੌਲ ਤੇ ਰਾਜਨੀਤੀ ਇਸ ਵਿੱਚ ਸ਼ਾਮਲ ਹੋ ਗਈ ਹੈ, ਇਸ ਨੇ ਸਭ ਕੁਝ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਅਜਿਹੀਆਂ ਸਥਿਤੀਆਂ ਨੂੰ ਸਰ ਕਰਨ ਲਈ ਇੱਕ ਵੱਡੇ ਵਿਚਾਰਧਾਰਕ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਭਗਤ ਸਿੰਘ ਨੇ ਆਪਣੇ ਸਮਿਆਂ ਦੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਬੌਧਿਕ ਪੱਧਰ ਉਸਾਰ ਲਿਆ ਸੀ। ਉਸ ਤਰ੍ਹਾਂ ਹੀ ਹੁਣ ਇੱਕ ਸਾਂਝੀ ਤੇ ਵਿਸ਼ਾਲ ਲਹਿਰ ਉਸਾਰਨ ਦੀ ਜ਼ਰੂਰਤ ਹੈ ਤਾਂ ਕਿ ਅਜੋਕੇ ਸਮਿਆਂ ਦੀਆਂ ਚੁਣੌਤੀਆਂ ਨੂੰ ਸਮਝ ਕੇ ਉਨ੍ਹਾਂ ਦੇ ਬਦਲ ਦੀ ਉਸਾਰੀ ਲਈ ਨਵੀਂ ਪੀੜ੍ਹੀ ਤਿਆਰ ਹੋ ਸਕੇ ਜੋ ਇਸ ਦੌਰ ’ਚ ਨਵੀਂ ਰੌਸ਼ਨੀ ਪ੍ਰਦਾਨ ਕਰਨ ਦੇ ਸਮਰੱਥ ਹੋਵੇ।