ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਬਾ ਫ਼ਰੀਦ ਬਾਣੀ ਦੀ ਵਰਤਮਾਨ ਸਮੇਂ ਵਿੱਚ ਪ੍ਰਸੰਗਿਕਤਾ

09:32 AM Sep 18, 2024 IST

ਗੁਰਦੀਪ ਢੁੱਡੀ

Advertisement

ਕਿਸੇ ਵੀ ਕ੍ਰਿਤ ਦਾ ਅਧਿਐਨ ਸਮੇਂ ਦੇ ਸਮਕਾਲੀ ਹਾਲਾਤ ਦੇ ਪ੍ਰਸੰਗ ਵਿਚ ਕੀਤਿਆਂ ਹੀ ਸਿੱਟੇ ਪ੍ਰਾਪਤ ਹੁੰਦੇ ਹਨ। ਥੋੜ੍ਹ-ਚਿਰੇ ਜਾਂ ਕਹੀਏ ਕੇਵਲ ਤਤਕਾਲੀਨ ਹਾਲਾਤ ਅਨੁਸਾਰੀ ਰਚਨਾਵਾਂ ਚਿਰ ਸਥਾਈ ਨਹੀਂ ਹੁੰਦੀਆਂ। ਹਾਲਾਤ ਬਿਆਨ ਕਰਦੀਆਂ ਰਚਨਾਵਾਂ ਚਿਰ ਸਥਾਈ ਹੀ ਨਹੀਂ ਸਗੋਂ ਆਪਣਾ ਪ੍ਰਭਾਵ ਹਮੇਸ਼ਾ ਛੱਡਦੀਆਂ ਰਹਿੰਦੀਆਂ ਹਨ। ਜੇ ਅਸੀਂ ਆਪਣੇ ਮੱਧਕਾਲੀ ਸਾਹਿਤ ਨੂੰ ਅਧਿਐਨ ਦਾ ਵਿਸ਼ਾ ਬਣਾਉਂਦੇ ਹਾਂ ਤਾਂ ਸੂਫ਼ੀ ਕਾਵਿ, ਕਿੱਸਾ ਕਾਵਿ, ਗੁਰਬਾਣੀ ਆਦਿ ਸਾਡੇ ਵਾਸਤੇ ਅੱਜ ਵੀ ਪੂਰਾ ਪ੍ਰਸੰਗਿਕ ਸਾਹਿਤ ਹੈ। ਗੁਰਬਾਣੀ ਸਾਡੇ ਵਾਸਤੇ ਅੱਜ ਵੀ ਓਨੀ ਹੀ ਸਿੱਖਿਆ ਦੇਣ ਵਾਲੀ ਹੈ ਜਿੰਨੀ ਇਹ ਆਪਣੇ ਰਚਨਾਕਾਲ ਸਮੇਂ ਸੀ। ਜਦੋਂ ਅਸੀਂ ਬਾਬਾ ਫ਼ਰੀਦ ਬਾਣੀ ਦਾ ਅਧਿਐਨ ਕਰਦੇ ਹਾਂ ਤਾਂ ਵੀ ਇਸ ਦਾ ਸਹੀ ਮੁੱਲ ਵਰਤਮਾਨ ਹਾਲਾਤ ਵਿਚ ਪੂਰੀ ਉਤਰਦੀ ਹੋਣ ਕਰਕੇ ਹੀ ਪੈਂਦਾ ਹੈ। ਲੋਕ ਭਾਸ਼ਾ ਵਿਚ ਰਚੀ ਬਾਣੀ ਸਾਨੂੰ ਸਾਡੇ ਸਮਿਆਂ ਦੀ ਲਿਖੀ ਹੋਈ ਬਾਣੀ ਹੀ ਪ੍ਰਤੀਤ ਹੁੰਦੀ ਹੈ। ਬਾਬਾ ਫ਼ਰੀਦ ਦਾ ਜਨਮ 1173 ਈਸਵੀ ਵਿਚ ਹੋਇਆ ਸੀ ਅਤੇ ਉਹ 1265 ਈਸਵੀ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੁੰਦੇ ਹਨ। ਉਸ ਵੇਲੇ ਬੜਾ ਅਫ਼ਰਾ-ਤਫ਼ਰੀ ਵਾਲਾ ਮਾਹੌਲ ਸੀ। ਜਿਵੇਂ ਕੋਈ ਵੀ ਸਾਹਿਤ, ਸਮਾਜਿਕ ਤੌਰ ਤੋਂ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦਾ ਤਿਵੇਂ ਹੀ ਮੋੜਵੇਂ ਰੂਪ ਵਿਚ ਸਾਹਿਤ ਵੀ ਸਮਾਜਿਕ ਵਰਤਾਰਿਆਂ ’ਤੇ ਆਪਣਾ ਅਸਰ ਪਾਉਂਦਾ ਹੈ। ਬਾਬਾ ਫ਼ਰੀਦ ਜੀ ਦਾ ਸਮਾਂ ਸਾਮੰਤਵਾਦ ਦਾ ਸਮਾਂ ਸੀ ਅਤੇ ਸਾਮੰਤਵਾਦੀ ਸਮਾਜਕ ਵਿਵਸਥਾ ਦੌਰਾਨ ਮਨੁੱਖ ਦੀਆਂ ਸਮਾਜਿਕ ਖਾਹਿਸ਼ਾਂ ਅਤੇ ਨਿੱਜੀ ਆਜ਼ਾਦੀ ਦਾ ਹਮੇਸ਼ਾ ਦਮਨ ਹੁੰਦਾ ਹੈ। ਬਾਹੂ ਬਲੀ ਦਾ ਬੋਲਬਾਲਾ, ਮਾਨਵੀ ਜੀਵਨ ਦਾ ਘਾਣ ਕਰਦਾ ਹੈ। ਉਹ ਮਨੁੱਖ ਦੀ ਆਜ਼ਾਦੀ ਨੂੰ ਪ੍ਰਵਾਨ ਕਰਦਾ ਹੀ ਨਹੀਂ ਹੈ। ਜਦੋਂ ਬਾਬਾ ਫ਼ਰੀਦ ਜੀ:
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।।
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।
ਆਖਦੇ ਹਨ ਤਾਂ ਉਹ ਪਹਿਲੀ ਤੁਕ ਵਿਚ ਆਪਣੇ ਸਮੇਂ ਦੀ ਤਸਵੀਰਕਸ਼ੀ ਕਰਦੇ ਪ੍ਰਤੀਤ ਹੁੰਦੇ ਹਨ। ਇਹ ਇਕ ਸਮਾਜਿਕ ਤੇ ਆਰਥਿਕ ਪਾੜਾ ਹੈ। ਕਦੇ ਇਸੇ ਨੂੰ ਵਰਤਮਾਨ ਕਾਵਿਧਾਰਾ ਦੇ ਮੋਢੀ ਕਵੀਆਂ ’ਚੋਂ ਪ੍ਰੋਫ਼ੈਸਰ ਮੋਹਨ ਸਿੰਘ ਨੇ ‘ਦੋ ਧੜਿਆਂ ਵਿਚ ਦੁਨੀਆਂ ਵੰਡੀ ਇਕ ਮਹਿਲਾਂ ਦਾ ਇਕ ਢੋਕਾਂ ਦਾ, ਦੋ ਧੜਿਆਂ ਵਿਚ ਖ਼ਲਕਤ ਵੰਡੀ ਇਕ ਲੋਕਾਂ ਦਾ ਇਕ ਜੋਕਾਂ’ ਦਾ ਆਖਿਆ ਸੀ। ਅੱਜ ਵੀ ਇਸ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਕੋਲ ਸਿਰ ਢਕਣ ਲਈ ਛੱਤ ਨਹੀਂ ਹੈ, ਦੋ ਡੰਗ ਦੀ ਰੋਟੀ ਨਸੀਬ ਨਹੀਂ ਹੁੰਦੀ ਹੈ ਅਤੇ ਉਹ ਇਸ ਦੁਨੀਆ ਦੇ ਲੋਕਾਂ ਵਿਚ ਕਿਤੇ ਵੀ ਨਾ ਗਿਣੇ ਜਾਣ ਵਾਲੇ ਲੋਕਾਂ ’ਚੋਂ ਹਨ। ਦੂਸਰੇ ਪਾਸੇ ਲੋਕਾਂ ਦਾ ਖ਼ੂਨ ਚੂਸਣ ਵਾਲਿਆਂ ਦੀ ਆਮਦਨੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਹੋਈ ਜਾਂਦੀ ਹੈ। ਬਾਬਾ ਫ਼ਰੀਦ ਜੀ ਆਪਣੇ ਸਲੋਕ ਦੀ ਦੂਸਰੀ ਤੁਕ ਵਿਚ ਇਸ ਤਰ੍ਹਾਂ ਦੀ ਸਮਾਜਕ ਵਿਵਸਥਾ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਰੱਬ ਨੂੰ ਨਿਹੋਰਾ ਮਾਰਦੇ ਹਨ ਕਿ ਜੇ ਉਸ ਨੇ ਇਹੋ ਜਿਹੀ ਹਾਲਤ ਵਿਚ ਹੀ ਰੱਖਣਾ ਹੈ ਤਾਂ ਉਸ ਨੂੰ ਜਿਊਂਦੇ ਰਹਿਣ ਦੀ ਕੋਈ ਚਾਹ ਨਹੀਂ ਹੈ। ‘ਬਾਰਿ ਪਰਾਇਐ ਬੈਸਣਾ’ ਮਨੁੱਖ ਦੀ ਅੰਤਾਂ ਦੀ ਤ੍ਰਾਸਦਿਕ ਸਥਿਤੀ ਹੈ। ਜਾਂ ਫਿਰ:
ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ।।
ਆਖਦੇ ਹੋਏ ਆਰਥਿਕਤਾ ਦੀ ਕਾਣੀ ਵੰਡ ਪ੍ਰਤੀ ਆਪਣੇ ਗਿਲੇ ਨੂੰ ਸਿਖ਼ਰ ਤੱਕ ਲੈ ਕੇ ਜਾਂਦੇ ਹਨ। ਬੇਸ਼ੱਕ ਉਹ ਆਪਣੇ ਨਿਮਨ ਸਲੋਕ:
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।।
ਫਰੀਦਾ ਦੇਖਿ ਪਰਾਈ ਚੋਪੜੀ ਨਾਾ ਤਰਸਾਏ ਜੀਉ।।
ਵਿੱਚ ਸਭ ਕੁੱਝ ਵੇਖਦੇ ਹੋਏ ਸਬਰ ਕਰਨ ਦੀ ਨਸੀਹਤ ਦਿੰਦੇ ਪ੍ਰਤੀਤ ਹੁੰਦੇ ਹਨ ਪਰ ‘ਰੁਖੀ ਸੁਖੀ’ (ਰੋਟੀ) ਅਤੇ ਚੋਪੜੀ (ਘਿਓ ਨਾਲ ਚੋਪੜੀ ਹੋਈ ਰੋਟੀ) ਵਿਚਲਾ ਅੰਤਰ ਵੀ ਤਾਂ ਸਪਸ਼ਟ ਕਰਦੇ ਹਨ। ਅਸਲ ਵਿਚ ਰੋਟੀ ਸਿਰਫ ਉਦਰ ਪੂਰਤੀ ਵਾਸਤੇ ਇਕ ਪਦਾਰਥ ਦਾ ਨਾਮ ਨਹੀਂ ਹੈ, ਇਹ ਤਾਂ ਇਕ ਸਮਾਜਿਕ ਤੇ ਆਰਥਿਕ ਪਾੜੇ ਦਾ ਪ੍ਰਤੀਕ ਹੈ। ਅੱਜ ਵੀ ਇਹ ਪਾੜਾ ਬਹੁਤ ਹੀ ਉਭਰਵੇਂ ਰੂਪ ਵਿਚ ਸਨਮੁਖ ਹੋ ਰਿਹਾ ਹੈ ਅਤੇ ਇਸ ਪਾੜੇ ਦਾ ਜਿਵੇਂ ਬਾਬਾ ਫ਼ਰੀਦ ਜੀ ਨੇ ਡਟਵਾਂ ਵਿਰੋਧ ਕੀਤਾ ਸੀ ਤਿਵੇਂ ਹੀ ਬਾਬਾ ਜੀ ਤੋਂ ਸੇਧ ਲੈ ਕੇ ਇਸ ਪਾੜੇ ਦਾ ਵਿਰੋਧ ਕਰਨ ਵਾਲੇ ਉਭਰਵੇਂ ਰੂਪ ਵਿਚ ਸੰਘਰਸ਼ ਕਰਦੇ ਵੇਖੇ ਜਾ ਸਕਦੇ ਹਨ।
ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਸ੍ਰਿਸ਼ਟੀ ਦੀ ਰਚਨਾ ਵਿਚ ਸਾਰੇ ਹੀ ਮਨੁੱਖ ਸਮਾਨ ਹਨ ਅਤੇ ਉਨ੍ਹਾਂ ਵਿਚ ਕੋਈ ਭਿੰਨ-ਭੇਦ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ ਪਰ ਇਹ ਭਿੰਨ-ਭੇਦ ਬਾਰ੍ਹਵੀਂ ਸਦੀ ਵਿਚ ਵੀ ਸੀ ਅਤੇ ਇਹ ਇੱਕੀਵੀਂ ਸਦੀ ਵਿਚ ਵੀ ਬਰਕਰਾਰ ਹੈ। ਸਾਡੇ ਵਰਗੇ ਮੁਲਕ ਵਿਚ ਤਾਂ ਇਸ ਤਰ੍ਹਾਂ ਭਾਸਦਾ ਹੈ ਜਿਵੇਂ ਇਹ ਸਗੋਂ ਹੋਰ ਵੀ ਵਿਕਰਾਲ ਰੂਪ ਵਿਚ ਸਾਹਮਣੇ ਆ ਰਿਹਾ ਹੈ। ਦੇਸ਼ ਨੂੰ ਅਜ਼ਾਦੀ ਮਿਲੀ, ਸੰਵਿਧਾਨ ਲਾਗੂ ਹੋਇਆ ਅਤੇ ਸੰਵਿਧਾਨਕ ਧਾਰਾਵਾਂ ਵਿਚ ਬੜਾ ਸਪਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਦੇਸ਼ ਦੇ ਸਾਰੇ ਨਾਗਰਿਕ ਬਰਾਬਰ ਹਨ ਪਰ ਹੈਰਾਨੀ ਅਤੇ ਦੁੱਖ ਵਾਲੀ ਗੱਲ ਹੈ ਕਿ ਸਾਡੇ ਵਰਗੇ ਵੱਡੇ ਲੋਕਤੰਤਰੀ ਦੇਸ਼ ਅਖਵਾਏ ਜਾਣ ਵਾਲੇ ਦੇਸ਼ ਵਿਚ ਬੰਦੇ, ਬੰਦੇ ਵਿਚ ਪਾੜਾ ਸਾਡੇ ਸਾਹਮਣੇ ਆ ਰਿਹਾ ਹੈ। ਮਨੁੱਖਾਂ ਨਾਲ ਕੀਤਾ ਜਾਣ ਵਾਲਾ ਵਿਹਾਰ ਬੜੇ ਵੱਡੇ ਅੰਤਰ ਵਾਲਾ ਹੁੰਦਾ ਹੈ। ਕਈਆਂ ਵਾਸਤੇ ਅੱਖ ਦੇ ਫ਼ੋਰ ਵਿਚ ਸਹੂਲਤਾਂ ਪ੍ਰਦਾਨ ਕਰਨ ਦਾ ਸਮਾਂ ਆ ਜਾਂਦਾ ਹੈ ਜਦੋਂ ਕਿ ਦੂਸਰਿਆਂ ਵਾਸਤੇ ਇਹ ਦੀਵਾ ਲੈ ਕੇ ਲਭਣੀਆਂ ਪੈਂਦੀਆਂ ਹਨ। ਬਾਬਾ ਫ਼ਰੀਦ ਜੀ ਆਪਣੇ ਸਲੋਕ ਵਿਚ ਵਾਸਤਾ ਪਾਉਂਦੇ ਹਨ:
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ।।
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ।।
ਪਰ ਜਿਵੇਂ ਅਸੀਂ ਅੱਜ ਵੀ ਇਹ ਆਸ ਲਾਈ ਬੈਠੇ ਹਾਂ ਕਿ ਇਕ ਦਿਨ ਆਵੇਗਾ ਜਦੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਿਹੜੇ ਲੋਕ ਆਮ ਲੋਕਾਂ ਤੋਂ ਵਖਰੇਵਾਂ ਰੱਖਣ ਵਾਲੇ ਹਨ, ਇਕ ਦਿਨ ਉਨ੍ਹਾਂ ਨੂੰ ਜਨਤਕ ਕਚਹਿਰੀ ਵਿਚ ਪੇਸ਼ ਹੋਣਾ ਪੈਣਾ ਹੈ ਅਤੇ ਉਨ੍ਹਾਂ ਨੂੰ ਸਜ਼ਾਵਾਂ ਵੀ ਮਿਲਣੀਆਂ ਹਨ। ਸ਼ਾਇਦ ਇਸ ਇੱਛਾ ਦਾ ਅਭਾਸ ਸਾਨੂੰ ਬਾਬਾ ਫ਼ਰੀਦ ਜੀ ਦੀ ਬਾਣੀ ਤੋਂ ਹੀ ਹੋਇਆ ਹੋਵੇਗਾ। ਬਾਬਾ ਫ਼ਰੀਦ ਜੀ ਆਖਦੇ ਹਨ:
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ।।
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਾਉਣੁ।
ਕਿਹਾ ਜਾਂਦਾ ਹੈ ਕਿ ਕੱਫ਼ਣ ਦੀ ਕੋਈ ਜੇਬ ਨਹੀਂ ਹੁੰਦੀ। ਭਾਵ ਜਿੰਨਾ ਮਰਜ਼ੀ ਧਨ ਦੌਲਤ ਇਕੱਤਰ ਕਰ ਲਿਆ ਜਾਵੇ ਮਨੁੱਖ ਦੀ ਜਦੋਂ ਮੌਤ ਹੁੰਦੀ ਹੈ ਤਾਂ ਚੰਗੇ ਕਰਮਾਂ ਤੋਂ ਬਿਨਾ ਉਸ ਨਾਲ ਕੁੱਝ ਨਹੀਂ ਜਾਂਦਾ। ਝੂਠ ਬੋਲਣ, ਭ੍ਰਿਸ਼ਟਾਚਾਰ ਕਰਕੇ ਧਨ ਦੌਲਤ ਦੇ ਅੰਬਾਰ ਲਾਉਣ, ਕੋਠੀਆਂ ਬੰਗਲੇ ਉਸਾਰਨ ਵਾਲਿਆਂ ਨੂੰ ਵੀ ਇਕ ਦਿਨ ਅੰਤਲੇ ਸਥਾਨ ਵਿਚ ਜਾਣਾ ਪੈਣਾ ਹੈ ਅਤੇ ਉਸ ਸਮੇਂ ਕਿਸੇ ਵੀ ਭੌਤਿਕ ਪਦਾਰਥ ਨੇ ਨਾਲ ਨਹੀਂ ਜਾਣਾ।
ਮਨੁੱਖ ਦੇ ਮਾੜੇ ਕਰਮਾਂ ਸਦਕਾ ਇਸ ਸੰਸਾਰ ਵਿਚ ਉਸ ਲਈ ਸ਼ਰਮਿੰਦਾ ਹੋਣ ਵਾਲੀ ਸਥਿਤੀ ਹੀ ਬਣਨੀ ਹੈ ਜਦੋਂ ਕਿ ਚੰਗੇ ਕਾਰਜ ਕਰਨ ਨਾਲ ਉਸ ਦੀ ਉਸਤਤ ਹੋਣੀ ਹੈ। ਇਸੇ ਕਰਕੇ ਬਾਬਾ ਫ਼ਰੀਦ ਜੀ ਆਖਦੇ ਹਨ:
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ।।
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ।।
ਲੋਕ ਕਲਿਆਣ ਅਤੇ ਲੋਕ ਰੁਚੀਆਂ ਦਾ ਧਿਆਨ ਰੱਖ ਕੇ ਸਾਹਿਤ ਰਚਣ ਵਾਲਿਆਂ ਦਾ ਸਾਹਿਤ, ਲੋਕ ਸਾਹਿਤ ਦਾ ਦਰਜਾ ਹਾਸਲ ਕਰ ਜਾਂਦਾ ਹੈ ਅਤੇ ਇਸ ਦੀ ਪ੍ਰਸੰਗਿਕਤਾ ਰਚੇ ਜਾਣ ਦੇ ਸਮੇਂ ਵੀ ਬਹੁਤ ਹੁੰਦੀ ਹੈ ਅਤੇ ਸਮਾਂ ਵਿਹਾਅ ਜਾਣ ’ਤੇ ਵੀ ਇਸ ਦੇ ਮੁੱਲ ਵਿਚ ਕੋਈ ਫ਼ਰਕ ਨਹੀਂ ਪੈਂਦਾ। ਲੋਕ ਭਾਸ਼ਾ ਵਿਚ ਰਚੀ ਗਈ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਸਾਨੂੰ ਕਿਤੇ ਵੀ ਅਹਿਸਾਸ ਨਹੀਂ ਹੁੰਦਾ ਕਿ ਇਹ ਬਾਣੀ ਬਾਰ੍ਹਵੀਂ-ਤੇਰ੍ਹਵੀਂ ਸਦੀ ਵਿਚ ਰਚੀ ਗਈ ਹੈ। ਸਗੋਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਹ ਅੱਜ ਦੇ ਮਨੁੱਖ ਨੂੰ ਨਸੀਹਤਾਂ ਦਿੰਦੀ ਹੋਈ ਬਾਣੀ ਹੀ ਹੈ।
ਸੰਪਰਕ: 95010-20731

Advertisement
Advertisement