ਕਾਵਿ ਪੁਸਤਕਾਂ ‘ਜਜ਼ਬਾਤ’ ਤੇ ‘ਹੱਕਾਂ ਖ਼ਾਤਰ ਤੂੰ ਵੀ ਬੋਲ’ ਰਿਲੀਜ਼
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 2 ਅਗਸਤ
ਮੈਲਬਰਨ ਵਿੱਚ ਪੰਜਾਬੀ ਸੱਥ ਅਤੇ ਸਾਹਿਤਕ ਸੱਥ ਦੇ ਸਹਿਯੋਗ ਨਾਲ ‘ਇਕ ਸ਼ਾਮ ਨਵੀਆਂ ਕਿਤਾਬਾਂ ਦੇ ਨਾਮ’ ਸਿਰਲੇਖ ਹੇਠ ਕਰਵਾਏ ਗਏ ਸਮਾਗਮ ਵਿੱਚ ਰਮਿੰਦਰ ਕੌਰ ਖਿਆਲਾ ਦੀ ਕਾਵਿ ਪੁਸਤਕ ‘ਜਜ਼ਬਾਤ’ ਅਤੇ ਹਰਪਾਲ ਸਿੰਘ ਨਾਗਰਾ ਦੀ ਕਾਵਿ ਪੁਸਤਕ ‘ਹੱਕਾਂ ਖ਼ਾਤਰ ਤੂੰ ਵੀ ਬੋਲ’ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਵਿਚ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਕਿਹਾ ਕਿ ‘ਜਜ਼ਬਾਤ’ ਦੀ ਲੇਖਿਕਾ ਰਮਿੰਦਰ ਕੌਰ ਦਾ ਮਨ ਸੂਖਮ ਭਾਵਨਾਵਾਂ ਨਾਲ ਲਬਰੇਜ਼ ਹੈ, ਜਿਸ ’ਚੋਂ ਸਮੁੱਚੀ ਮਾਨਵਤਾ ਦੇ ਦੁੱਖ-ਸੁੱਖ ਤੇ ਫ਼ਿਕਰ ਨਾਲ ਓਤ-ਪੋਤ ਕਵਿਤਾ ਦਾ ਸੋਮਾ ਫੁੱਟਦਾ ਹੈ। ਇਸੇ ਤਰ੍ਹਾਂ ਹਰਪਾਲ ਸਿੰਘ ਨਾਗਰਾ ਨੇ ਲੋਕ ਸੰਘਰਸ਼ਾਂ ਵਿਚ ਵਿਚਰ ਕੇ ਪੀੜਤ ਧਿਰ ਦੇ ਹੱਕਾਂ ਦੀ ਬਾਖ਼ੂਬੀ ਗੱਲ ਕੀਤੀ ਹੈ। ਡਾ. ਸੰਦੀਪ ਭਗਤ ਨੇ ਕਿਹਾ ਕਿ ਰਮਿੰਦਰ ਦੀਆਂ ਰਚਨਾਵਾਂ ਉੱਚੀਆਂ ਕਦਰਾਂ ਤੇ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਕਾਮਨਾ ਕਰਦੀਆਂ ਹਨ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਲੇਖਿਕਾ ਕੁਲਜੀਤ ਕੌਰ ਗ਼ਜ਼ਲ, ਜਸਬੀਰ ਕੌਰ, ਮਨਦੀਪ ਬਰਾੜ, ਰੁਬਿੰਦਰ ਕੌਰ ਅਤੇ ਹਰਸ਼ ਬੋਪਾਰਾਏ ਨੇ ਆਪਣੀਆਂ ਰਚਨਾਵਾਂ ਸੁਣਾਈਆਂ।