ਬੰਦੀ ਸਿੰਘਾਂ ਦੀ ਰਿਹਾਈ: ਕੌਮੀ ਇਨਸਾਫ ਮੋਰਚੇ ਵੱਲੋਂ ਰਾਸ਼ਟਰਪਤੀ ਤੇ ਰਾਜਪਾਲ ਦੇ ਨਾਂ ਚੇਤਾਵਨੀ ਪੱਤਰ
08:20 PM May 29, 2025 IST
Advertisement
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 29 ਮਈ
ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦੇ ਸੱਦੇ ’ਤੇ ਅੱਜ ਭਾਈ ਡੱਲ ਸਿੰਘ ਗਤਕਾ ਅਕੈਡਮੀ ਦੇ ਮੁਖੀ ਭਾਈ ਸਰਬਜੀਤ ਸਿੰਘ ਖਾਲਸਾ ਪ੍ਰਧਾਨ ਗਤਕਾ ਦਲ ਪੰਜਾਬ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਨੇ ਰੋਸ ਮਾਰਚ ਕਰਕੇ ਇੱਕ ਚੇਤਾਵਨੀ ਪੱਤਰ ਰਾਜਪਾਲ ਪੰਜਾਬ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਸਥਾਨਕ ਉਪ ਮੰਡਲ ਸਿਵਲ ਅਧਿਕਾਰੀ ਨੂੰ ਸੌਂਪਿਆ।
ਸਿੰਘ ਜਥੇਬੰਦੀਆਂ ਪਹਿਲਾਂ ਭਾਈ ਡੱਲ ਸਿੰਘ ਗਤਕਾ ਅਕੈਡਮੀ ਬਠਿੰਡਾ ਰੋਡ ਸਥਿੱਤ ਇਕੱਠੀਆਂ ਹੋਈਆਂ ਅਤੇ ਫਿਰ ਅਕੈਡਮੀ ਮੁਖੀ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਰੋਸ ਮਾਰਚ ਕਰਦਿਆਂ ਐੱਸਡੀਐੱਮ ਤਲਵੰਡੀ ਸਾਬੋ ਦਫਤਰ ਪੁੱਜੀਆਂ। ਉਨ੍ਹਾਂ ਐੱਸਡੀਐੱਮ ਦੇ ਮੌਕੇ ’ਤੇ ਨਾ ਹੋਣ ਕਰਕੇ ਇੱਕ ਚੇਤਾਵਨੀ ਪੱਤਰ ਗਵਰਨਰ ਪੰਜਾਬ ਅਤੇ ਰਾਸ਼ਟਰਪਤੀ ਦੇ ਨਾਮ ਉਪ ਮੰਡਲ ਸਹਾਇਕ ਰਮਨੀਤ ਕੌਰ ਨੂੰ ਸੌਂਪਿਆ। ਇਸ ਮੌਕੇ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ, ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਪੰਜਾਬ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਕੌਮੀ ਇਨਸਾਫ ਮੋਰਚੇ ਦੇ ਸੱਦੇ ’ਤੇ ਇਹ ਚੇਤਾਵਨੀ ਪੱਤਰ ਸੌਂਪਿਆ ਗਿਆ ਹੈ।
Advertisement
Advertisement