For the best experience, open
https://m.punjabitribuneonline.com
on your mobile browser.
Advertisement

ਪੈਟਰੋਲ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਲਈ ਢਿੱਲ

06:56 AM Jul 04, 2023 IST
ਪੈਟਰੋਲ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਲਈ ਢਿੱਲ
ਚੰਡੀਗਡ਼੍ਹ ਵਿੱਚ ਇਕ ਸ਼ੋਅਰੂਮ ’ਚ ਵਿਕਰੀ ਲਈ ਖਡ਼੍ਹੇ ਪੈਟਰੋਲ ਵਾਲੇ ਦੋ-ਪਹੀਆ ਵਾਹਨ।
Advertisement

ਆਤਿਸ਼ ਗੁਪਤਾ
ਚੰਡੀਗਡ਼੍ਹ, 3 ਜੁਲਾਈ
ਚੰਡੀਗਡ਼੍ਹ ਵਿੱਚ ਪੈਟਰੋਲ ਨਾਲ ਚੱਲਣ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਨਹੀਂ ਹੋਵੇਗੀ। ਇਹ ਫ਼ੈਸਲਾ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ‘ਇਲੈਕਟ੍ਰਿਕ ਵਹੀਕਲ ਪਾਲਿਸੀ-2022’ ਦੀ ਸਮੀਖਿਆ ਮੀਟਿੰਗ ਦੌਰਾਨ ਲੈਂਦਿਆਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ, ਪਾਲਿਸੀ ਵਿੱਚ ਸੋਧ ਨੂੰ ਪ੍ਰਵਾਨਗੀ ਦਿਵਾਉਣ ਲਈ ਯੂਟੀ ਦੇ ਪ੍ਰਸ਼ਾਸਕ ਕੋਲ ਭੇਜਿਆ ਜਾਵੇਗਾ। ਪ੍ਰਸ਼ਾਸਕ ਦੀ ਪ੍ਰਵਾਨਗੀ ਤੋਂ ਬਾਅਦ ਹੀ ‘ਇਲੈਕਟ੍ਰਿਕ ਵਹੀਕਲ ਪਾਲਿਸੀ-2022’ ਵਿੱਚ ਸੋਧ ਹੋਵੇਗੀ।
ਇਸ ਪਾਲਿਸੀ ਅਨੁਸਾਰ ਵੀ ਸ਼ਹਿਰ ਨੂੰ ਸਾਲ 2027 ਤੱਕ ‘ਮਾਡਲ ਈਵੀ ਸਿਟੀ’ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਾਲ 2023 ਵਿੱਚ ਸ਼ਹਿਰ ਵਿੱਚ 65 ਫ਼ੀਸਦ ਪੈਟਰੋਲ ਵਾਲੇ ਦੋ-ਪਹੀਆ ਵਾਹਨ ਰਜਿਸਟਰ ਕੀਤੇ ਜਾਣਗੇ, ਜੋ ਕਿ ਪਹਿਲਾਂ ਸਿਰਫ਼ 30 ਫ਼ੀਸਦ ਰਜਿਸਟਰ ਕੀਤੇ ਜਾਣੇ ਸਨ। ਇਸੇ ਤਰ੍ਹਾਂ ਇਲੈਕਟ੍ਰਿਕ ਦੋ-ਪਹੀਆ ਵਾਹਨ 35 ਫ਼ੀਸਦ ਰਜਿਸਟਰ ਕੀਤੇ ਜਾਣਗੇ। ਉਹ ਪਹਿਲਾਂ 70 ਫ਼ੀਸਦ ਰਜਿਸਟਰ ਕੀਤੇ ਜਾਣੇ ਸਨ। ਸਾਲ 2024 ਦੌਰਾਨ 70 ਫ਼ੀਸਦ ਇਲੈਕਟ੍ਰਿਕ ਦੋ-ਪਹੀਆ ਵਾਹਨ ਰਜਿਸਟਰ ਕਰਨ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਨੂੰ ਘਟਾ ਕੇ 25 ਫ਼ੀਸਦ ਕਰ ਦਿੱਤਾ ਹੈ।
ਹੁਣ ਸਾਲ 2024 ਵਿੱਚ 75 ਫ਼ੀਸਦ ਪੈਟਰੋਲ ਵਾਲੇ ਵਾਹਨ ਰਜਿਸਟਰ ਕੀਤੇ ਜਾ ਸਕਣਗੇ। ਇਸੇ ਤਰ੍ਹਾਂ ਸਾਲ 2025 ਵਿੱਚ 50 ਫ਼ੀਸਦ ਇਲੈਕਟ੍ਰਿਕ ਅਤੇ 50 ਫ਼ੀਸਦ ਪੈਟਰੋਲ ਵਾਲੇ ਦੋ-ਪਹੀਆ ਵਾਹਨ ਰਜਿਸਟਰ ਹੋਣਗੇ। ਸਾਲ 2026 ਵਿੱਚ 70 ਫ਼ੀਸਦ ਇਲੈਕਟ੍ਰਿਕ ਅਤੇ 30 ਫ਼ੀਸਦ ਪੈਟਰੋਲ ਵਾਲੇ ਦੋ-ਪਹੀਆ ਵਾਹਨ ਰਜਿਸਟਰ ਹੋਣਗੇ ਅਤੇ ਸਾਲ 2027 ਵਿੱਚ 100 ਫ਼ੀਸਦ ਇਲੈਕਟ੍ਰਿਕ ਦੋ-ਪਹੀਆ ਵਾਹਨ ਹੀ ਰਜਿਸਟਰ ਹੋਣਗੇ। ਹਾਲਾਂਕਿ, ਸ਼ਹਿਰ ਵਿੱਚ ਤਿੰਨ ਪਹੀਆ ਵਾਹਨ ਸਾਰੇ ਹੀ ਈ-ਰਿਕਸ਼ਾ ਰਜਿਸਟਰ ਕੀਤੇ ਜਾਣਗੇ।
ਇਲੈਕਟ੍ਰਿਕ ਵਹੀਕਲ ਪਾਲਿਸੀ ਵਿੱਚ ਸੋਧ ਅਨੁਸਾਰ ਸ਼ਹਿਰ ਵਿੱਚ ਨਿੱਜੀ ਇਲੈਕਟ੍ਰਿਕ ਕਾਰਾਂ ਦੀ ਮਿੱਥੇ ਟੀਚੇ ਨਾਲੋਂ ਵੱਧ ਰਜਿਸਟਰੇਸ਼ਨ ਹੋਣ ਕਰਕੇ ਸਾਲ 2024 ਵਿੱਚ ਇਲੈਕਟ੍ਰਿਕ ਕਾਰਾਂ ਦਾ ਟੀਚਾ ਵਧਾ ਦਿੱਤਾ ਗਿਆ ਹੈ। ਹੁਣ 20 ਦੀ ਥਾਂ 25 ਫ਼ੀਸਦ ਇਲੈਕਟ੍ਰਿਕ ਕਾਰਾਂ ਦੀ ਰਜਿਸਟਰੇਸ਼ਨ ਹੋਵੇਗੀ।
ਇਸੇ ਤਰ੍ਹਾਂ ਹਰ ਸਾਲ ਪੰਜ ਫ਼ੀਸਦ ਵਧਾਉਂਦੇ ਹੋਏ ਸਾਲ 2027 ਤੱਕ 55 ਫ਼ੀਸਦ ਇਲੈਕਟ੍ਰਿਕ ਕਾਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਈ-ਬੱਸਾਂ ਦੀ ਰਜਿਸਟਰੇਸ਼ਨ ’ਚ ਵੀ ਮਾਮੂਲੀ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ 53 ਚਾਰਜਿੰਗ ਸਟੇਸ਼ਨਾਂ ’ਤੇ 418 ਚਾਰਜਿੰਗ ਪੁਆਇੰਟ ਜਲਦੀ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਤੈਅ ਕੀਤੇ ਅੰਕਡ਼ੇ ਨਾਲੋਂ ਵੱਧ ਹੋਣ ਕਰਕੇ ਬੰਦ ਕਰ ਦਿੱਤੀ ਗਈ ਸੀ। ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਹੋਣ ਦਾ ਸ਼ਹਿਰ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।
ਇਸੇ ਦੌਰਾਨ ਮੇਅਰ ਅਨੂਪ ਗੁਪਤਾ ਨੇ ਵੀ ਲੋਕਾਂ ਦੀ ਹਮਾਇਤ ਵਿੱਚ ਆਉਂਦੇ ਹੋਏ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਪਾਬੰਦੀ ਲਗਾਉਣ ਦਾ ਵਿਰੋਧ ਕੀਤਾ ਸੀ। ਉਸੇ ਕਰ ਕੇ ਅੱਜ ਯੂਟੀ ਪ੍ਰਸ਼ਾਸਨ ਨੇ ‘ਇਲੈਕਟ੍ਰਿਕ ਵਹੀਕਲ ਪਾਲਿਸੀ-2022’ ਦੀ ਸਮੀਖਿਆ ਕੀਤੀ ਅਤੇ ਕੁਝ ਬਦਲਾਅ ਲਈ ਯੂਟੀ ਦੇ ਪ੍ਰਸ਼ਾਸਕ ਨੂੰ ਭੇਜਿਆ ਗਿਆ ਹੈ।

Advertisement

ਈ-ਸਾਈਕਲ ’ਤੇ ਨਹੀਂ ਮਿਲੇਗੀ 25 ਫ਼ੀਸਦ ਸਬਸਿਡੀ
ਚੰਡੀਗਡ਼੍ਹ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਹੀਕਲ ਪਾਲਿਸੀ-2022 ਦੀ ਸਮੀਖਿਆ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਸ਼ਹਿਰ ਵਿੱਚ ਈ-ਸਾਈਕਲ ਦੀ ਖਰੀਦ ’ਤੇ 25 ਫ਼ੀਸਦ ਦੀ ਸਬਸਿਡੀ ਨਹੀਂ ਮਿਲੇਗੀ, ਬਲਕਿ ਹੁਣ ਈ-ਸਾਈਕਲ ਦੀ ਖਰੀਦ ਉੱਤੇ ਸਿਰਫ ਤਿੰਨ ਤੋਂ ਚਾਰ ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।

Advertisement
Tags :
Author Image

Advertisement
Advertisement
×