ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਸ਼ਤੇ

10:39 AM Dec 14, 2023 IST

ਬੂਟਾ ਖ਼ਾਨ ਸੁੱਖੀ

Advertisement

ਜਿਉਣੇ ਨੇ ਆਪਣੇ ਸੀਰੀ ਫੱਗੂ ਨੂੰ ਆਵਾਜ਼ ਮਾਰੀ, ‘‘ਓਏ ਫੱਗੂ! ਚੱਲ ਖੇਤ ਚੱਲੀਏ। ਛੇਤੀ ਨਬੇੜ ਮੱਝਾਂ ਵਾਲਾ ਕੰਮ।’’ ‘‘ਚੱਲਦੇ ਆਂ ਸਰਦਾਰ ਜੀ,’’ ਫੱਗੂ ਨੇ ਦੱਬੀ ਜਿਹੀ ਆਵਾਜ਼ ’ਚ ਉੱਤਰ ਦਿੱਤਾ।
ਜਿਉਣੇ ਨੇ ਮੋਟਰਸਾਈਕਲ ਸਟਾਰਟ ਕੀਤਾ। ਫੱਗੂ ਸਾਫਾ ਠੀਕ ਕਰਦਾ ਮੋਟਰਸਾਈਕਲ ’ਤੇ ਪਿੱਛੇ ਬੈਠ ਗਿਆ। ਮੋਟਰਸਾਈਕਲ ਪਿੰਡ ਦੀ ਫਿਰਨੀ ਲੰਘਦਾ ਸਿੱਧਾ ਮੋਟਰ ਵਾਲੇ ਕੋਠੇ ਕੋਲ ਰੁਕਿਆ। ਜਿਉਣੇ ਨੇ ਸਟੈਂਡ ਲਗਾਇਆ ਅਤੇ ਗੀਝੇ ’ਚੋਂ ਸੀਖਾਂ ਵਾਲੀ ਡੱਬੀ ਕੱਢ ਫੱਗੂ ਵੱਲ ਵਧਾ ਦਿੱਤੀ।
‘‘ਓਏ ਫੱਗੂ, ਆਪਣੇ ਖੇਤਾਂ ’ਚ ਬਚਦੇ ਨਾੜ ਨੂੰ ਅੱਗ ਲਗਾ ਦੇ।’’ ‘‘ਸਰਦਾਰ ਜੀ, ਇਹਨੂੰ ਅੱਗ ਦੀ ਕੀ ਲੋੜ ਏ। ਇਹ ਤਾਂ ਵਿੱਚੇ ਵਾਹ ਦਿਆਂਗੇ।’’ ‘‘ਤੈਨੂੰ ਕੀ ਪਤਾ ਅਨਪੜ੍ਹ ਨੂੰ ਕਿੰਨਾ ਖਰਚਾ ਵਧ ਜਾਵੇਗਾ! ਲੈ ਫੜ ਡੱਬੀ ਲਾ ਦੇ ਅੱਗ। ਮੈਂ ਦੂਜੀ ਮੋਟਰ ’ਤੇ ਆਟੋਮੈਟਿਕ ਦੀ ਸਵਿੱਚ ਲਾ ਆਵਾਂ, ਰਾਤ ਨੂੰ ਬੱਤੀ ਆਵੇਗੀ ਤੇ ਮੋਟਰ ਚੱਲ ਪਵੇਗੀ।’’
‘‘ਨਾ ਸਰਦਾਰ ਜੀ, ਮੈਥੋਂ ਨੀ ਇਹ ਕੰਮ ਹੋਣਾ,’’ ਫੱਗੂ ਨੇ ਨਾਂਹ ’ਚ ਸਿਰ ਹਿਲਾ ਦਿੱਤਾ, ‘‘ਝੋਨੇ ਵੇਲੇ ਕਿੰਨਾ ਨੁਕਸਾਨ ਹੋ ਗਿਆ ਸੀ, ਸੜਕ ਨਾਲ ਖੜ੍ਹੇ ਸਾਰੇ ਦਰੱਖ਼ਤ ਮੱਚਗੇ ਸੀ ਤੇ ਉਪਰ ਰਹਿੰਦੇ ਪੰਛੀਆਂ ਦੇ ਬੱਚੇ ਤੇ ਖੇਤ ’ਚ ਆਂਡਿਆਂ ’ਤੇ ਬੈਠੀ ਟਟੀਹਰੀ ਮੇਰੀਆਂ ਅੱਖਾਂ ਸਾਹਮਣੇ ਝੁਲਸ ਗਏ ਸੀ। ਮੈਂ ਕੁਝ ਨੀ ਕਰ ਸਕਿਆ...। ਮੈਥੋਂ ਇਹ ਪਾਪ ਨਾ ਕਰਾਓ।’’ ‘‘ਕੁਝ ਨੀ ਹੁੰਦਾ ਫੱਗੂ, ਆਹ ਵੇਖ ਓਹੀ ਦਰੱਖ਼ਤ ਨੇ। ਇਕ ਦੋ ਨੂੰ ਛੱਡ ਕੇ ਬਾਕੀ ਸਾਰੇ ਹਰੇ ਖੜ੍ਹੇ ਨੇ।’’ ‘‘...ਸਰਦਾਰ ਜੀ, ਹੁਣ ਨੂੰ ਇਨ੍ਹਾਂ ਸਾਰਿਆਂ ਨੇ ਕਾਫ਼ੀ ਵੱਡੇ ਹੋ ਜਾਣਾ ਸੀ। ਇਹ ਹੀ ਅੰਤ ਸਮੇਂ ਤੱਕ ਸਾਥ ਨਿਭਾਉਂਦੇ ਨੇ। ਬਾਕੀ ਸਾਰੇ ਰਿਸ਼ਤੇ ਛੱਡ ਦਿੰਦੇ ਨੇ। ਇਹ ਹੀ ਨਾਲ ਮੱਚਦੇ ਨੇ... ਵੇਖਿਓ ਕਿਤੇ ਇਕ ਦੋ ਕਰਦੇ ਇਹ ਵੀ ਸਾਥ ਨਾ ਛੱਡ ਜਾਣ।’’ ਇਹ ਸੁਣ ਮੱਥੇ ਵੱਟ ਪਾ ਕੇ ਜਿਉਣੇ ਨੇ ਮੋਟਰਸਾਈਕਲ ਸਟਾਰਟ ਕੀਤਾ। ਫੱਗੂ ਨੂੰ ਗੁੱਸੇ ਨਾਲ ਕਿਹਾ, ‘‘ਆ ਬੈਠ।’’ ਹੁਣ ਫੱਗੂ ਮੋਟਰਸਾਈਕਲ ’ਤੇ ਮਗਰ ਬੈਠਾ ਪਿੰਡ ਵਾਲੀ ਫਿਰਨੀ ’ਤੇ ਜਾ ਰਿਹਾ ਸੀ। ਦਰੱਖਤਾਂ ਦੇ ਹਵਾ ਨਾਲ ਖੜਕਦੇ ਪੱਤੇ ਉਸ ਨੂੰ ਤਾੜੀਆਂ ਪਾਉਂਦੇ ਜਾਪਦੇ ਸਨ।
ਸੰਪਰਕ: 98789-98577
* * *

ਕੱਕਰ

ਹਰਭਿੰਦਰ ਸਿੰਘ ਸੰਧੂ

Advertisement

ਦਸੰਬਰ ਦਾ ਮਹੀਨਾ ਹੋਣ ਕਰਕੇ ਠੰਢ ਨੇ ਪੂਰਾ ਜ਼ੋਰ ਫੜ ਲਿਆ ਸੀ। ਕਰਮੇ ਨੇ ਘਰ ਦੀ ਮੁਰੰਮਤ ਲਈ ਮਿਸਤਰੀ ਲਾਇਆ ਹੋਇਆ ਸੀ। ਅੱਜ ਸਵੇਰੇ ਉਸ ਦਾ ਪਿਤਾ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਣ ਲੱਗਾ ਤਾਂ ਕਰਮਾ ਬੋਲਿਆ, ‘‘ਡੈਡੀ, ਅੰਦਰ ਹੀ ਬੈਠੇ ਰਹੋ। ਬਾਹਰ ਨਿਰੀ ਬਰਫ਼ ਵਰ੍ਹਦੀ ਪਈ ਐ।’’ ਉਧਰ ਮਿਸਤਰੀ ਆਏ ਨੂੰ ਵੀਹ ਮਿੰਟ ਹੋ ਗਏ ਸੀ, ਪਰ ਬਜ਼ੁਰਗ ਦਿਹਾੜੀਆ ਅਜੇ ਨਹੀਂ ਸੀ ਆਇਆ। ਉਹ ਵਿਹੜੇ ਵੜਿਆ ਤਾਂ ਕਰਮੇ ਨੇ ਉਸ ਨੂੰ ਪੈਂਦੀ ਸੱਟੇ ਕਿਹਾ, ‘‘ਇੰਨਾ ਕਿਹੜਾ ਕੱਕਰ ਪੈਂਦਾ ਜਿਹੜਾ...!’’ ਬੁਜ਼ਰਗ ਦਿਹਾੜੀਦਾਰ ਆਪਣਾ ਸਪੱਸ਼ਟੀਕਰਨ ਦਿੰਦਾ ਬੋਲਿਆ, ‘‘ਸਰਦਾਰਾ, ਅੱਜ ਤਾਂ ਪਿੰਡੋਂ ਤੁਰ ਕੇ ਆਉਣਾ ਪਿਆ। ਧੁੰਦ ਵਿੱਚ ਸਾਈਕਲ ਵੀ ਨਹੀਂ ਸੀ ਚੱਲਦਾ। ਬਾਕੀ ਤੁਸੀਂ ਚਿੰਤਾ ਨਾ ਕਰੋ ਸ਼ਾਮ ਨੂੰ ਲੇਟ ਛੱਡ ਦੇਣਾ।’’
ਸੰਪਰਕ: 97810-81888
* * *

ਗੁਰਦੱਖਣਾ

ਗੁਰਮੀਤ ਸਿੰਘ ਸੋਹੀ

ਲਿਖਣ ਦਾ ਸ਼ੌਕ ਬਚਪਨ ਤੋਂ ਪਾਲਿਆ। ਮੈਂ ਸਕੂਲ ਵਿੱਚ ਕਾਪੀ ਦੇ ਪਿਛਲੇ ਪੰਨੇ ’ਤੇ ਵਿਹਲੇ ਸਮੇਂ ਚੋਰੀ ਚੋਰੀ ਕੁਝ ਨਾ ਕੁਝ ਲਿਖਦਾ ਰਹਿੰਦਾ। ਲਿਖੇ ਹੋਏ ਨੂੰ ਕਈ ਕਈ ਵਾਰ ਪੜ੍ਹਦਾ ਤੇ ਫਿਰ ਉਸ ਨੂੰ ਸਾਰਿਆਂ ਤੋਂ ਚੋਰੀ ਪਾੜ ਕੇ ਸੁੱਟ ਦਿੰਦਾ। ਜਵਾਨੀ ਵਿੱਚ ਪੈਰ ਧਰਿਆ ਤਾਂ ਮੇਰੀਆਂ ਛੋਟੀਆਂ ਛੋਟੀਆਂ ਲਿਖਤਾਂ ਨੇ ਉਮਰ ਮੁਤਾਬਿਕ ਗੀਤਾਂ ਤੇ ਗ਼ਜ਼ਲਾਂ ਦਾ ਰੂਪ ਧਾਰਿਆ। ਮੈਨੂੰ ਇਨ੍ਹਾਂ ਵਿੱਚ ਕਈ ਕਮੀਆਂ ਮਹਿਸੂਸ ਹੁੰਦੀਆਂ, ਪਰ ਕਿਸੇ ਨੂੰ ਪੜ੍ਹਾਉਣ ਦੀ ਹਿੰਮਤ ਨਾ ਪੈਂਦੀ। ਸ਼ਾਇਦ ਮੇਰੇ ਅੰਦਰ ਹੀਣਭਾਵਨਾ ਸੀ। ਮੈਂ ਸਾਹਿਤ ਦੀ ਪਣਡੁਬੀ ’ਚ ਸਵਾਰ ਹੋ ਕੇ ਗਹਿਰਾਈਆਂ ਤੱਕ ਪਹੁੰਚਣਾ ਚਾਹੁੰਦਾ ਸੀ। ਅਖ਼ਬਾਰਾਂ ਨੂੰ ਰਚਨਾਵਾਂ ਭੇਜਦਾ ਰਹਿੰਦਾ ਤੇ ਹਰ ਰੋਜ਼ ਫਰੋਲਦਾ ਰਹਿੰਦਾ, ਪਰ ਪੱਲੇ ਮਾਯੂਸੀ ਹੀ ਪਈ। ‘ਗੁਰੂ ਬਿਨਾ ਗਤਿ ਨਹੀਂ’ ਕਹਾਵਤ ਅਨੁਸਾਰ ਲੇਖਣੀ ਦੇ ਚੰਗੇ ਗੁਰ ਸਿੱਖਣ ਲਈ ਉਸਤਾਦ ਦੀ ਭਾਲ ਸ਼ੁਰੂ ਕੀਤੀ। ਹੁਣ ਨਾਮਵਰ ਲਿਖਾਰੀਆਂ ਦੇ ਪਤੇ ਲੱਭੇ ਤੇ ਉਨ੍ਹਾਂ ਦੀ ਰਹਿਨੁਮਾਈ ਲਈ ਬੇਨਤੀ ਪੱਤਰ ਭੇਜੇ, ਪਰ ਕਿਸੇ ਦਾ ਕੋਈ ਜਵਾਬ ਨਾ ਆਇਆ। ਆਪਣੇ ਗੀਤਾਂ ਨੂੰ ਲੈ ਕੇ ਚੰਗੀਆਂ ਕੰਪਨੀਆਂ ਵਿੱਚ ਧੱਕੇ ਖਾਧੇ, ਨਿਰਾਸ਼ਾ ਹੀ ਹੱਥ ਲੱਗੀ। ਇੱਕ ਮਿੱਤਰ ਦੇ ਸਹਿਯੋਗ ਨਾਲ ਨਾਮੀ ਕੰਪਨੀ ਵਿੱਚ ਸੁਲਝੇ ਗੀਤਕਾਰ ਦੇ ਸੰਪਰਕ ਵਿੱਚ ਆਇਆ। ਉਸ ਨੇ ਮੇਰੇ ਗੀਤਾਂ ਨੂੰ ਧਿਆਨ ਨਾਲ ਦੇਖਿਆ ਤੇ ਕੁਝ ਨੁਕਤੇ ਵੀ ਦੱਸੇ। ਉਸ ਨੇ ਮੇਰੇ ਦੋ ਗੀਤ ਆਪਣੇ ਕੋਲ ਰੱਖੇ ਅਤੇ ਕਿਹਾ ਕਿ ਇਨ੍ਹਾਂ ਵਿੱਚ ਸੁਧਾਰ ਕਰ ਕੇ ਰਿਕਾਰਡ ਕਰਾਉਣ ਦੀ ਕੋਸ਼ਿਸ਼ ਕਰਾਂਗਾ। ਮੇਰਾ ਮਨ ਖ਼ੁਸ਼ ਸੀ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਮੈਨੂੰ ਮੇਰੇ ਗੀਤਾਂ ਲਈ ਲੋੜੀਂਦਾ ਉਸਤਾਦ ਮਿਲ ਗਿਆ ਹੈ। ਕੁਝ ਦਿਨਾਂ ਬਾਅਦ ਅਖ਼ਬਾਰਾਂ ਵਿੱਚ ਨਾਮ ਕਮਾ ਚੁੱਕੇ ਇੱਕ ਕਵੀ ਨਾਲ ਮੇਲ ਹੋਇਆ। ਉਸ ਨੇ ਮੇਰੀਆਂ ਰਚਨਾਵਾਂ ਨੂੰ ਗਹੁ ਨਾਲ ਦੇਖਿਆ, ਕੁਝ ਗੁਰ ਦੱਸੇ ਤੇ ਮੇਰੀਆਂ ਕੁਝ ਗ਼ਜ਼ਲਾਂ ਆਪਣੇ ਕੋਲ ਸੋਧ ਕਰਨ ਲਈ ਰੱਖ ਲਈਆਂ। ਆਪਣੇ ਇਸ ਗੁਰੂ ਦੀ ਚਰਨ ਛੋਹ ਲੈ ਮੈਂ ਚਾਅ ਨਾਲ ਘਰ ਮੁੜਦਾ ਇਹ ਸੋਚ ਰਿਹਾ ਸੀ ਕਿ ਮੇਰੀ ਸਾਹਿਤ ਦੇ ਦਰਿਆ ਵਿੱਚ ਡਿੱਕ-ਡੋਲੇ ਖਾਂਦੀ ਕਿਸ਼ਤੀ ਹੁਣ ਗੁਰੂ ਰੂਪੀ ਚੱਪੂ ਦੀ ਮਦਦ ਨਾਲ ਆਪਣੀ ਮੰਜ਼ਿਲ ਵੱਲ ਚੱਲ ਪਵੇਗੀ। ਐਤਵਾਰ ਨੂੰ ਅਖ਼ਬਾਰ ਪੜ੍ਹ ਰਿਹਾ ਸੀ। ਮੇਰੀ ਨਜ਼ਰ ਛਪੀ ਗ਼ਜ਼ਲ ’ਤੇ ਪਈ। ਮੈਂ ਹੈਰਾਨ ਸਾਂ ਕਿ ਮੇਰੀ ਲਿਖੀ ਗ਼ਜ਼ਲ ਮੇਰੇ ਭੇਜੇ ਬਿਨਾਂ ਕਿਵੇਂ ਛਪੀ! ਜਦੋਂ ਥੱਲੇ ਸਿਰਨਾਵਾਂ ਆਪਣੇ ਉਸਤਾਦ ਦਾ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਕੁਝ ਦਿਨਾਂ ਬਾਅਦ ਮੇਰੇ ਗੀਤ ਨੂੰ ਕਿਸੇ ਗਾਇਕ ਨੇ ਸੁਰਬੰਦ ਕੀਤਾ, ਪਰ ਅਖੀਰ ਨਾਮ ਮੇਰੇ ਉਸ ਉਸਤਾਦ ਦਾ ਆਇਆ। ਸਬਰ ਕੀਤਾ ਤੇ ਸੋਚਿਆ ਕਿ ਚਲੋ ਮੇਰੇ ਗੁਰੂਆਂ ਦੀ ਗੁਰਦੱਖਣਾ ਇਹੀ ਹੈ।
ਸੰਪਰਕ: 92179-81404
* * *

ਚੋਰ

ਜਨਮੇਜਾ ਸਿੰਘ ਜੌਹਲ

ਕਿਸੇ ਕਾਨਫਰੰਸ ਦੇ ਸਿਲਸਿਲੇ ਵਿੱਚ ਆਇਆ ਸੀ। ਛੋਟੇ ਜਿਹੇ ਹਾਲ ’ਚ ਕਾਫ਼ੀ ਲੋਕ ਰਜਿਸਟਰੇਸ਼ਨ ਕਰਵਾਉਣ ਲਈ ਕਤਾਰ ’ਚ ਖੜ੍ਹੇ ਸਨ। ਪੰਜ ਘੰਟੇ ਦੇ ਸਫ਼ਰ ਕਰਕੇ ਕੁਝ ਥੱਕਿਆ ਮਹਿਸੂਸ ਕੀਤਾ। ਮੇਜ਼ ਤੋਂ ਚਾਹ ਦਾ ਕੱਪ ਲੈ ਕੇ ਸੋਫੇ ’ਤੇ ਬੈਠ ਗਿਆ। ਦੋ ਕੁੜੀਆਂ ਫਟਾਫਟ ਕੰਮ ਕਰ ਰਹੀਆਂ ਸਨ ਤੇ ਆਏ ਲੋਕਾਂ ਨੂੰ ਕਮਰੇ ਅਲਾਟ ਕਰ ਰਹੀਆਂ ਸਨ। ਉਨ੍ਹਾਂ ਦੀ ਨਿਗਰਾਨੀ ਇੱਕ ਮੈਡਮ ਕਰ ਰਹੀ ਸੀ ਤੇ ਨਾਲ ਹੀ ਕਮਰੇ ਤੱਕ ਪਹੁੰਚਣ ਦਾ ਰਾਹ ਦੱਸ ਰਹੀ ਸੀ। ਜਦ ਤਕ ਮੇਰੀ ਚਾਹ ਮੁੱਕੀ ਕਤਾਰ ਵੀ ਛੋਟੀ ਹੋ ਗਈ। ਮੈਂ ਵੀ ਪਿੱਛੇ ਜਾ ਖੜ੍ਹਿਆ। ਕੁੜੀਆਂ ਸਿਰਫ਼ ਨਾਮ ਪੁੱਛਦੀਆਂ ਤੇ ਸੂਚੀ ਦੇਖ ਕੇ ਕਿੱਟ ਤੇ ਚਾਬੀ ਦੇ ਦਿੰਦੀਆਂ। ਮੈਂ ਵੀ ਨਾਮ ਦੱਸਿਆ ਤਾਂ ਕੁੜੀ ਸੂਚੀ ਦੇਖਣ ਲੱਗ ਪਈ।
- ਤੁਹਾਡਾ ਆਧਾਰ ਕਾਰਡ ਹੈ?
- ਜੀ ਮੈਡਮ।
ਮੈਂ ਜੇਬ ’ਚੋਂ ਕਾਰਡ ਕੱਢ ਕੇ ਦੇ ਦਿੱਤਾ।
- ਪੰਜਾਬ ਤੋਂ ਹੋ?
ਸਿਆਸੀ ਮਾਹੌਲ ਦੇ ਚੱਲਦੇ ਮੈਨੂੰ ਲੱਗਾ ਕਿਧਰੇ ਮੈਨੂੰ ਅਤਿਵਾਦੀ ਨਾ ਸਮਝਦੀ ਹੋਵੇ।
- ਇਨ ਕੋ ਸਤਾਰਾਂ ਨੰਬਰ ਕਮਰਾ ਦੇ ਦੋ।
ਕਮਰਾ ਕਾਫ਼ੀ ਰੌਸ਼ਨਦਾਰ ਤੇ ਖੁੱਲ੍ਹਾ ਸੀ। ਮੈਨੂੰ ਲੱਗਾ ਕਿ ਇਹ ਖ਼ਾਸ ਕਮਰਾ ਹੈ। ਮੇਰੇ ’ਤੇ ਨਿਗਰਾਨੀ ਰੱਖਣ ਲਈ ਜ਼ਰੂਰ ਇਸ ਵਿੱਚ ਗੁਪਤ ਕੈਮਰੇ ਲੱਗੇ ਹੋਣਗੇ। ਮੈਂ ਅੱਧਾ ਘੰਟਾ ਲਾ ਕੇ ਸਭ ਕੰਧਾਂ, ਪਰਦੇ, ਟੀਵੀ ਅਤੇ ਕੰਧਾਂ ’ਤੇ ਲੱਗਾ ਸਾਰਾ ਸਮਾਨ ਚੈੱਕ ਕੀਤਾ। ਹਾਰ ਕੇ ਇਹ ਸੋਚ ਕੇ ਲੰਮਾ ਪੈ ਗਿਆ ਕਿ ਦੇਖੀ ਜਾਊ।
ਸ਼ਾਮ ਨੂੰ ਸਾਰੇ ਇਕੱਠੇ ਹੋਏ ਤਾਂ ਮੇਰੀ ਸੀਟ ਪੰਦਰਵੀਂ ਕਤਾਰ ਵਿੱਚ ਸੀ। ਉੱਥੇ ਇੱਕ ਪਾਸੇ ਉਹ ਮੈਡਮ ਵੀ ਖੜ੍ਹੀ ਸੀ ਜੋ ਕਦੇ ਕਦੇ ਮੇਰੇ ਵੱਲ ਵੇਖ ਲੈਂਦੀ। ਮੈਂ ਥੋੜ੍ਹੀ ਘਬਰਾਹਟ ਮਹਿਸੂਸ ਕੀਤੀ, ਪਰ ਚੁੱਪਚਾਪ ਬੈਠਾ ਰਿਹਾ। ਵਿਚੇ ਕੁਝ ਪਲਾਂ ਲਈ ਝਪਕੀ ਵੀ ਲੈ ਲਈ।
ਦੂਸਰੇ ਦਿਨ ਮੈਂ ਆਪਣੇ ਨਾਮ ਦੀ ਸੀਟ ਲੱਭ ਰਿਹਾ ਸੀ ਤਾਂ ਉਹ ਮੈਡਮ ਆ ਗਈ ਤੇ ਬੋਲੀ, ‘‘ਤੁਹਾਡੀ ਸੀਟ ਚੌਥੀ ਕਤਾਰ ਵਿੱਚ ਹੈ।’’
ਇਹ ਕਹਿ ਉਹ ਚਲੀ ਗਈ। ਸੀਟ ’ਤੇ ਬੈਠਿਆਂ ਮੈਨੂੰ ਇਹ ਯਕੀਨ ਹੋ ਗਿਆ ਕਿ ਪੰਜਾਬ ਤੋਂ ਆਇਆ ਹੋਣ ਕਰਕੇ ਮੇਰੇ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ ਇਸ ਮੈਡਮ ਰਾਹੀਂ। ਰੋਟੀ ਖਾਣ ਵੇਲੇ ਵੀ ਆਨੇ-ਬਹਾਨੇ ਉਸ ਮੇਰੇ ਆਸ-ਪਾਸ ਗੇੜੇ ਮਾਰਦੀ ਰਹਿਣਾ।
ਮੈਂ ਹੁਣ ਅਸਹਿਜ ਮਹਿਸੂਸ ਕਰਨ ਲੱਗ ਪਿਆ ਸੀ। ਸੋਚਿਆ ਪ੍ਰਬੰਧਕਾਂ ਨਾਲ ਗੱਲ ਕਰਾਂ, ਫੇਰ ਮਨ ਬਦਲ ਲਿਆ ਕਿ ਮੈਂ ਕਿਹੜਾ ਇੱਥੇ ਸਦਾ ਬੈਠਾ ਰਹਿਣਾ ਹੈ।
ਵਾਪਸ ਆਉਣ ਤੋਂ ਤੀਜੇ ਕੁ ਦਿਨ ਇੱਕ ਅਗਿਆਤ ਨੰਬਰ ਤੋਂ ਫੋਨ ਆਇਆ।
- ਹੈਲੋ
ਮੈਂ ਉਸ ਦੀ ਆਵਾਜ਼ ਤੋਂ ਹੀ ਪਛਾਣ ਗਿਆ ਕਿ ਇਹ ਕਾਨਫਰੰਸ ਵਾਲੀ ਮੈਡਮ ਹੈ। ਮੈਂ ਫਿਰ ਥੋੜ੍ਹਾ ਅਸਹਿਜ ਹੋ ਗਿਆ ਕਿ ਹੁਣ ਕੀ ਪੰਗਾ ਪੈ ਗਿਆ!
- ਹਾਂ ਜੀ, ਦੱਸੋ।
- ਜੀ ਮਸਲਾ ਹੈ ਕਿ ਸਾਡੇ ਇੱਥੇ ਕੁਝ ਸਾਮਾਨ ਚੋਰੀ ਹੋ ਗਿਆ ਹੈ।
- ਮੈਂ ਕੀ ਕਰਾਂ?
ਮੇਰੇ ਬੋਲਾਂ ਵਿੱਚ ਤਲਖ਼ੀ ਸੀ।
- ਜੀ ਉਹ ਸਾਮਾਨ ਲੱਭ ਨਹੀਂ ਰਿਹਾ। ਸਾਨੂੰ ਲੱਗਦਾ ਹੈ ਕਿ ਉਹ ਤੁਸੀਂ ਲੈ ਗਏ ਹੋ।
- ਪਹਿਲਾਂ ਤੁਸੀਂ ਮੈਨੂੰ ਅਤਿਵਾਦੀ ਸਮਝਦੇ ਰਹੇ, ਹੁਣ ਚੋਰ ਬਣਾਈ ਜਾਂਦੇ ਹੋ। ਕੀ ਪੰਜਾਬੀ ਹੋਣਾ ਗੁਨਾਹ ਹੋ ਗਿਆ ਹੈ?
- ਜੀ ਇਹ ਗੱਲ ਨਹੀਂ, ਪਰ ਚੋਰੀ ਤੁਸੀਂ ਹੀ ਕੀਤੀ ਹੈ, ਪੱਕੇ ਸਬੂਤ ਹਨ ਮੇਰੇ ਕੋਲ।
ਮੈਂ ਗੁੱਸੇ ’ਚ ਬੋਲਿਆ, ‘‘ਦੱਸ ਕੀ ਚੋਰੀ ਕਰ ਲਿਆ ਮੈਂ ਤੇਰਾ?’’
ਉਸ ਨੇ ਫੋਨ ਬੰਦ ਕਰਨ ਤੋਂ ਪਹਿਲਾਂ ਮੱਧਮ ਜਿਹੀ ਆਵਾਜ਼ ਵਿੱਚ ਕਿਹਾ,
‘‘ਮੇਰਾ ਦਿਲ।’’
ਸੰਪਰਕ: 98159-45018
* * *

ਮੋਹ ਦਾ ਰਿਸ਼ਤਾ

ਇਕਬਾਲ ਸਿੰਘ ਹਮਜਾਪੁਰ

ਆਪਣੇ ਭਣੇਵੇਂ ਨਾਲ ਗੱਲ ਕਰ ਕੇ ਉਹ ਸ਼ਸ਼ੋਪੰਜ ’ਚ ਪੈ ਗਿਆ ਸੀ।
‘‘ਮਾਮਾ! ਮਾਂ ਤੈਨੂੰ ਬਹੁਤ ਯਾਦ ਕਰਦੀ ਐ। ਇਕੇਰਾਂ ਆਣ ਕੇ ਮਾਂ ਨੂੰ ਮਿਲ ਜਾ। ਮਾਂ ਹੁਣ ਪ੍ਰਾਹੁਣੀ ਹੀ ਆ। ਜੱਗ ਜਿਉਂਦਿਆਂ ਦਾ ਮੇਲਾ ਹੁੰਦੈ। ਬਾਅਦ ’ਚ ਬੰਦਾ ਆਇਆ ਤੇ ਨਾ ਆਇਆ ਇੱਕੋ ਜਿਹਾ ਹੀ ਹੁੰਦਾ।’’ ਭਣੇਵੇਂ ਨੇ ਆਖਿਆ ਸੀ।
‘ਛਿੰਦੋ ਨੂੰ ਮਿਲਣ ਜਾਵਾਂ ਜਾਂ ਨਾ!’ ਉਹ ਸੋਚਣ ਬਹਿ ਗਿਆ ਸੀ।
‘ਪ੍ਰਦੇਸ ਵਿੱਚ ਬੈਠੇ ਹਾਂ। ਬੱਸਾਂ-ਗੱਡੀਆਂ ਦਾ ਭਾੜਾ ਹੀ ਨਹੀਂ ਮਾਣ। ਹੁੁਣ ਜੇ ਮਿਲਣ ਨਾ ਵੀ ਜਾਊਂਗਾ ਸਰ ਜਾਣਾ। ਬਾਅਦ ਵਿੱਚ ਨਹੀਂ ਸਰਨਾ। ਬਾਅਦ ਵਿੱਚ ਲੋਕ ਲੱਜ ਨੂੰ ਸਸਕਾਰ ’ਤੇ ਵੀ ਜਾਣਾ ਪੈਣਾ। ਫੁੱਲਾਂ ’ਤੇ ਵੀ ਜਾਣਾ ਪੈਣਾ ਤੇ ਫਿਰ ਭੋਗ ’ਤੇ ਵੀ ਜਾਣਾ ਪੈਣਾ।’
ਉਸ ਨੇ ਆਪਣੀ ਜੇਬ ਵੱਲ ਧਿਆਨ ਮਾਰ ਕੇੇ ਛਿੰਦੋ ਨੂੰ ਮਿਲਣ ਜਾਣਾ ਇਕੇਰਾਂ ਮੁਲਤਵੀ ਕਰ ਦਿੱਤਾ ਸੀ, ਪਰ ਛਿੰਦੋ ਨਾਲ ਜੁੜਿਆ ਅਤੀਤ ਉਸ ਦੇ ਮਨ-ਮਸਤਕ ਵਿੱਚ ਘੁੰਮਣਘੇਰੀਆਂ ਖਾਣ ਲੱਗਾ।
‘ਸਾਡੇ ਘਰ ਕਿਸੇ ਨੂੰ ਤਾਪ ਵੀ ਚੜ੍ਹ ਜਾਵੇ, ਛਿੰਦੋ ਪਹੁੰਚ ਜਾਂਦੀ ਹੁੰਦੀ ਸੀ। ਕਾਂ ਹੱਥ ਸੁਨੇਹਾ ਘੱਲਣ ’ਤੇ ਵੀ ਆ ਜਾਂਦੀ ਹੁੰਦੀ ਸੀ। ਇੱਕ ਵਾਰ ਮੇਰੇ ਕੰਡਾ ਹੀ ਵੱਜਾ ਸੀ, ਉਹ ਕਈ ਦਿਨ ਬੈਠੀ ਰਹੀ ਸੀ। ਉਹ ਮੇਰਾ ਪੈਰ ਰਾਜ਼ੀ ਹੋਣ ਤੋਂ ਬਾਅਦ ਗਈ ਸੀ। ਛਿੰਦੋ ਦਾ ਭਾੜਾ ਨਹੀਂ ਲੱਗਦਾ ਸੀ। ਇਸੇ ਕਰਕੇ ਉਹ ਦੁਖ-ਸੁਖ ਵੇਲੇ ਪਹੁੰਚ ਜਾਂਦੀ ਸੀ। ਉਹ ਆਧਾਰ ਕਾਰਡ ਲੈ ਕੇ ਬਸ ਚੜ੍ਹ ਆਉਂਦੀ ਸੀ।’ ਉਸ ਨੇ ਆਪਣੇ ਆਪ ਨੂੰ ਆਖਿਆ। ਛਿੰਦੋ ਨੂੰ ਨਾ ਮਿਲਣ ਜਾਣ ਦਾ ਉਸ ਨੂੰ ਇਹ ਇੱਕ ਤਰਕ ਲੱਭ ਗਿਆ ਸੀ, ਪਰ ਛਿਣ ਬਾਅਦ ਜਿਵੇਂ ਉਸ ਦੇ ਅੰਦਰੋਂ ਅਵਾਜ਼ ਆਈ।
‘‘ਭਾੜੇ ਦੇ ਰਿਸ਼ਤਿਆਂ ਲਈ ਭਾੜਾ ਅੜਿੱਕਾ ਬਣਦਾ ਏ। ਮੋਹ ਦੇ ਰਿਸ਼ਤਿਆਂ ਲਈ ਨਹੀਂ ਬਣਦਾ ਹੁੰਦਾ। ਮੋਹ ਵਾਲੀ ਥਾਂ ’ਤੇ ਤਾਂ ਲੋਕ ਪੈਦਲ ਵੀ ਪਹੁੰਚ ਜਾਂਦੇ ਹੁੰਦੇ ਹਨ।’’ ਇਹ ਕਹਿੰਦਾ ਹੋਇਆ ਉਹ ਛਿੰਦੋ ਨੂੰ ਮਿਲਣ ਜਾਣ ਦੀ ਤਿਆਰੀ ਕਰਨ ਲੱਗ ਪਿਆ ਸੀ।
ਸੰਪਰਕ: 94165-92149
* * *

ਬੱਚਤ

ਸੁਖਪਾਲ ਕੌਰ

ਰਮਨ ਪੜ੍ਹੀ-ਲਿਖੀ ਕੁੜੀ ਸੀ। ਅਜੇ ਮਸਾਂ ਹੀ ਉਸ ਦੇ ਵਿਆਹ ਨੂੰ ਇੱਕ ਮਹੀਨਾ ਹੋਇਆ ਸੀ ਕਿ ਮੁਹੱਲੇ ਦੀਆਂ ਔਰਤਾਂ ਨੇ ਉਸ ਨੂੰ ਇਸਤਰੀ ਸਭਾ ਦੀ ਪ੍ਰਧਾਨ ਨਿਯੁਕਤ ਕਰ ਦਿੱਤਾ। ਇੱਕ ਦਿਨ ਸਭਾ ਦੀ ਪ੍ਰਧਾਨਗੀ ਕਰਦਿਆਂ ਉਹ ਬੋਲ ਰਹੀ ਸੀ, ‘‘ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਿਆ ਗਿਆ ਹੈ... ਘਰਾਂ ਤੇ ਫੈਕਟਰੀਆਂ ’ਚ ਅੰਨ੍ਹੇਵਾਹ ਪਾਣੀ ਡੋਲ੍ਹਿਆ ਜਾਂਦਾ ਹੈ। ਰਹਿੰਦੀ ਕਸਰ ਆਹ ਝੋਨੇ ਦੀ ਫ਼ਸਲ ਨੇ ਕੱਢਤੀ... ਜੇ ਅਸੀਂ ਇਉਂ ਹੀ ਝੋਨੇ ਦੀ ਫ਼ਸਲ ਬੀਜੀ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਉਪਜਾਊ ਧਰਤੀ ਬੰਜਰ ਬਣ ਜਾਵੇਗੀ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੀਆਂ।’’ ਆਪਣੇ ਭਾਸ਼ਣ ਦੇ ਅਖੀਰ ਵਿੱਚ ਰਮਨ ਨੇ ਪਾਣੀ ਦੀ ਬੱਚਤ ਬਾਰੇ ਨਾਅਰਾ ਵੀ ਬੁਲੰਦ ਕੀਤਾ: ‘‘ਜੇ ਬੂੰਦ-ਬੂੰਦ ਨਾ ਵਰਤਾਂਗੇ... ਤਾਂ ਬੂੰਦ-ਬੂੰਦ ਲਈ ਤਰਸਾਂਗੇ।’’
ਅਗਲੇ ਦਿਨ ਮਿੰਦੋ ਬੁੜੀ ਰਮਨ ਦੇ ਘਰ ਵੱਲ ਜਾ ਰਹੀ ਸੀ। ਜਦੋਂ ਉਹ ਰਮਨ ਦੇ ਦਰਵਾਜ਼ੇ ਕੋਲ ਗਈ ਤਾਂ ਉਸ ਨੇ ਦੇਖਿਆ ਕੇ ਰਮਨ ਪਾਣੀ ਵਾਲੀ ਪਾਈਪ ਲੈ ਕੇ ਫਰਸ਼ ਧੋ ਰਹੀ ਸੀ। ਇਹ ਦੇਖ ਕੇ ਮਿੰਦੋ ਦਾ ਦਿਮਾਗ਼ ਸੁੰਨ ਜਿਹਾ ਹੋ ਗਿਆ। ਕੁਝ ਸਮੇਂ ਬਾਅਦ ਉਸ ਨੇ ਸੋਚਿਆ ਕਿ ਕੱਲ੍ਹ ਇਹ ਕੁੜੀ ਪਤਾ ਨਹੀਂ ਕਿਹੜੇ ਪਾਣੀ ਦੀ ਬੱਚਤ ਦੀ ਗੱਲ ਕਰ ਰਹੀ ਸੀ।
* * *

ਉਹ

ਬਲਜੀਤ ਕੌਰ

‘‘ਅੰਮਾਂ...।’’ ਭਾਰੀ ਮਰਦਾਵੀਂ ਅਵਾਜ਼ ਨੇ ਬਿੰਦਰੋ ਦਾ ਧਿਆਨ ਖਿੱਚਿਆ। ਗਰਦਨ ਘੁਮਾ ਕੇ ਦੇਖਿਆ ਤਾਂ ਨੂਰ ਸੀ।
‘‘ਲੈ ਕੁੜੇ, ਤੂੰ ਤਾਂ ਬਾਹਰ ਦੇ ਕੱਪੜਿਆਂ ’ਚ ਸੀ! ਹੁਣੇ ਬਦਲ ਵੀ ਆਈ ਇੰਨੀ ਛੇਤੀ?’’ ਡੇਰੇ ਦੀ ਮਹੰਤ ਬਿੰਦਰੋ ਨੇ ਨੂਰ ਦੇ ਮਰਦਾਵੇਂ ਕੱਪੜਿਆਂ ਵੱਲ ਦੇਖਦਿਆਂ ਕਿਹਾ।
‘‘ਹਾਹੋ ਅੰਮਾ ਮੇਰੀ ਮਾਂ ਅੱਜ ਕੱਲ੍ਹ ਦੀ ਹੀ ਸੁਣੀਦੀ ਹੈ। ਮੈਂ ਸੋਚਦੀ ਆਂ ਇੱਕ ਵਾਰ ਪਿੰਡ ਜਾ ਕੇ ਉਹਦੇ ਆਖ਼ਰੀ ਦਰਸ਼ਨ ਪਾ ਲਵਾਂ।’’ ਆਖ਼ਰੀ ਵਾਕ ਕਹਿੰਦਿਆਂ ਨੂਰ ਦੀਆਂ ਔਰਤਾਂ ਵਾਂਗ ਕੱਜਲ ਨਾਲ ਸ਼ਿੰਗਾਰੀਆਂ ਅੱਖਾਂ ’ਚੋਂ ਆਪਣੀ ਜਨਮ ਦੇਣ ਵਾਲੀ ਮਾਂ ਲਈ ਜ਼ਾਰੋ-ਜ਼ਾਰ ਹੰਝੂ ਵਹਿ ਤੁਰੇ।
‘‘ਲੈ ਕੁੜੇ ਤੈਨੂੰ ਕੀ ਨਾਂਹ ਐ...? ਜਾ ਆਈਂ... ਕੋਈ ਨ੍ਹੀ...।’’ ਅੱਖੜ ਸੁਭਾਅ ਵਾਲੀ ਬਿੰਦਰੋ ਦੇ ਮੂੰਹੋਂ ਨਰਮ ਲਹਿਜੇ ਵਿੱਚ ਹਾਂ ਸੁਣ ਕੇ ਕੋਲ ਬੈਠੀ ਚਾਂਦਨੀ ਹੈਰਾਨ ਹੋ ਗਈ। ਕੁੜੀਆਂ ਜਿਹੀ ਲਚਕ ਅਤੇ ਮਲੂਕ ਜਿਹੇ ਨੂਰ ਦੇ ਆਉਣ ਤੋਂ ਬਾਅਦ ਡੇਰੇ ਦੀ ਕਮਾਈ ’ਚ ਬਹੁਤ ਮੋਟਾ ਵਾਧਾ ਹੋਇਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਹਨੇ ਨੂਰ ਨੂੰ ਉਹਦੇ ਪਿੰਡ ਜਾਣੋਂ ਨਹੀਂ ਸੀ ਰੋਕਿਆ।
‘‘ਬੱਸ ਘੰਟੇ ’ਚ ਮੁੜ ਆਊਂਗੀ ਅੰਮਾ।’’ ਬਿੰਦਰੋ ਦੇ ਪੈਰੀਂ ਹੱਥ ਲਾਉਂਦਿਆਂ ਨੂਰ ਨੇ ਕਿਹਾ ਅਤੇ ਬੱਸ ਸਟੈਂਡ ਨੂੰ ਚੱਲ ਪਿਆ।
ਵੀਹ-ਪੱਚੀ ਮਿੰਟਾਂ ਵਿੱਚ ਹੀ ਉਹ ਆਪਣੇ ਪਿੰਡ ਦੇ ਬੱਸ ਅੱਡੇ ’ਤੇ ਪੁੱਜ ਗਿਆ। ਨੂਰ ਨੂੰ ਅੱਠ-ਦਸ ਮਹੀਨੇ ਹੋ ਗਏ ਸਨ ਆਪਣੀ ਜਨਮ ਭੋਇੰ ਨੂੰ ਅਲਵਿਦਾ ਆਖਿਆਂ। ਡੇਰੇ ਜਾਣ ਤੋਂ ਬਾਅਦ ਉਹਨੇ ਅੱਜ ਆਪਣੇ ਪਿੰਡ ਦੀ ਧਰਤੀ ’ਤੇ ਕਦਮ ਰੱਖੇ ਸਨ। ਉਹਦੇ ਮਨ ’ਚ ਕੋਈ ਭਾਵ ਨਹੀਂ ਸੀ ਕਿਉਂ ਜੋ ਉਹਨੂੰ ਧੱਕੇ ਨਾਲ ਕਿੰਨਰਾਂ ਦੇ ਡੇਰੇ ਇਸੇ ਪਿੰਡ ਨੇ ਭੇਜਿਆ ਸੀ। ਬੱਸ ਅੱਡੇ ’ਤੇ ਕੁਝ ਉਹੀ ਵਿਅਕਤੀ ਬੈਠੇ ਸਨ ਜੋ ਉਹਨੂੰ ਦੇਸ ਨਿਕਾਲਾ ਦਿਵਾਉਣ ਵਾਲਿਆਂ ਦੀ ਪਹਿਲੀ ਕਤਾਰ ’ਚ ਸਨ।
ਬੇਸ਼ੱਕ ਨੂਰ ਨੇ ਮਰਦਾਵੇਂ ਕੱਪੜੇ ਪਾਏ ਸਨ, ਪਰ ਉਹਦੀ ਜ਼ਨਾਨਾ ਚਾਲ ਉਨ੍ਹਾਂ ਕੱਪੜਿਆਂ ਵਿੱਚ ਨਹੀਂ ਸੀ ਲੁਕ ਰਹੀ। ‘‘ਤੜ-ਤੜ,’’ ਦੋ ਭਾਰੇ ਮਰਦਾਨੇ ਹੱਥਾਂ ਦੀ ਤਾੜੀ ਅਤੇ ਉਸ ਦੇ ਮਗਰ ਹੀ ਇੱਕ ਮੱਚਦਾ ਹੋਇਆ ਜੁਮਲਾ ਉਹਦੀ ਪਿੱਠ ਨਾਲ ਟਕਰਾਇਆ, ‘‘ਆ...ਏ ਹਾਏ, ਮਰ ਗਏ ਤੇਰੀ ਤੋਰ ’ਤੇ।’’ ਨੂਰ ਦੇ ਪੈਰ ਰੁਕੇ ਪਰ ਫਿਰ ‘‘ਚੱਲ ਛੱਡ... ਕੁੱਤੇ ਆ ਭੌਂਕਦੇ ਰਹਿਣਗੇ। ਮਾਂ ਪਤਾ ਨਹੀਂ ਕਿੰਝ ਹੋਣੀ ਐ? ਹੋਣੀ ਵੀ ਐ ਕਿ ਪਤਾ ਨਹੀ...?’’ ਖ਼ੁਦ ਨੂੰ ਕਹਿੰਦਾ ਨੂਰ ਹੰਸੇ ਬਾਬੇ ਵਾਲੀ ਗਲੀ ਵਿੱਚ ਵੜ ਗਿਆ।
ਬਾਬਾ ਹੰਸਾ ਕਰਿਆਨੇ ਦੀ ਦੁਕਾਨ ਚਲਾਉਣ ਵਾਲਾ ਬੇਹੱਦ ਲਾਲਚੀ ਵਪਾਰੀ ਸੀ ਜਿਸ ਦੀ ਉਮਰ ਕੋਈ ਸੱਤਰ-ਪੰਝੱਤਰ ਦੇ ਨੇੜੇ ਸੀ। ਬਾਬੇ ਹੰਸੇ ਕੋਲ ਕੰਮ ਬਹੁਤ ਸੀ, ਪਰ ਸਬਰ-ਸੰਤੋਖ ਰਤਾ ਵੀ ਨਹੀਂ ਸੀ। ਜੇਠ ਦੀ ਦੁਪਹਿਰ ਵਿੱਚ ਕਾਂ ਅੱਖ ਨਿਕਲ ਰਹੀ ਸੀ। ਹੰਸੇ ਦੀ ਦੁਕਾਨ ਨੂੰ ਲੱਗੇ ਲੱਕੜ ਵਾਲੇ ਬੂਹੇ ਦਾ ਇੱਕ ਪੱਲਾ ਖੁੱਲ੍ਹਾ ਸੀ। ਦੁਕਾਨ ਵੇਖ ਕੇ ਨੂਰ ਨੂੰ ਬਚਪਨ ਵਿੱਚ ਹੰਸੇ ਬਾਬੇ ਦੀ ਦੁਕਾਨ ਤੋਂ ਲੈ ਕੇ ਖਾਧੀ ਚੀਜ਼ ਅਤੇ ਉਸ ਨਾਲ ਜੁੜੀਆਂ ਕਈ ਯਾਦਾਂ ਨੇ ਆਣ ਘੇਰਾ ਪਾਇਆ। ਹੰਸੇ ਦੀ ਦੁਕਾਨ ਦੇ ਬੂਹੇ ਅੱਗੋਂ ਲੰਘਦਿਆਂ ਨੂਰ ਭੂਤ ਦੀਆਂ ਮਿੱਠੀਆਂ ਯਾਦਾਂ ਵਿੱਚੋਂ ਉਦੋਂ ਵਰਤਮਾਨ ਵਿੱਚ ਖਿੱਚਿਆ ਗਿਆ ਜਦੋਂ ਉਸ ਨੇ ਵਿੱਚੋਂ ਦੁਕਾਨ ਵਿੱਚੋਂ ਆ ਰਹੀ ਕਿਸੇ ਘੁੱਟੀ ਜਿਹੀ ਆਵਾਜ਼ ਨੂੰ ਸੁਣਿਆ। ਉਹਦੇ ਪੈਰ ਰੁਕ ਗਏ। ਨਾ ਚਾਹੁੰਦਿਆਂ ਵੀ ਉਸ ਨੇ ਦੁਕਾਨ ਦੇ ਬੂਹੇ ਅੱਗੇ ਵਗਦੀ ਗੰਦੇ ਪਾਣੀ ਦੀ ਨਿਕਾਸੀ ਲਈ ਬਣੀ ਨਾਲੀ ’ਤੇ ਰੱਖੇ ਫੱਟੇ ਉੱਤੇ ਆਪਣਾ ਇੱਕ ਪੈਰ ਰੱਖ ਕੇ ਅੰਦਰ ਝਾਤੀ ਜਿਹੀ ਮਾਰੀ। ਅੰਦਰ ਦਾ ਦ੍ਰਿਸ਼ ਵੇਖ ਕੇ ਉਹਦੇ ਮੂੰਹੋਂ ਆਪਮੁਹਾਰੇ ਨਿਕਲਿਆ, ‘‘ਹੈਂ... ਆਹ ਕੀ?’’ ਬਿਨਾਂ ਇੱਕ ਵੀ ਖਿਣ ਗੁਆਏ ਨੂਰ ਅੰਦਰ ਜਾ ਵੜਿਆ। ‘‘ਹੀ...ਹੀ...ਹੀ...।’’ ਬੇਸ਼ਰਮ ਜਿਹਾ ਹਾਸਾ ਹੱਸਦਾ ਹੰਸਾ ਉਸ ਦੇ ਸਾਹਵੇਂ ਜਿਵੇਂ ਨਗਨ ਹੋ ਗਿਆ ਸੀ।
ਨੂਰ ਨੇ ਅੱਗੇ ਵਧ ਕੇ ਫ਼ਰਸ਼ ’ਤੇ ਪਈ ਚਿੰਤੇ ਕਾਮੇ ਦੀ ਤੇਰ੍ਹਾਂ ਕੁ ਸਾਲ ਦੀ ਕੁੜੀ ਨੂੰ ਉਠਾਇਆ। ਇਹ ਕੁੜੀ ਸਮਝ ਪੱਖੋਂ ਤਿੰਨ-ਚਾਰ ਸਾਲ ਦੇ ਬੱਚੇ ਵਾਂਗ ਸੀ ਅਤੇ ਅਕਸਰ ਘਰ ਦਿਆਂ ਨੂੰ ਬਿਨਾ ਦੱਸੇ ਗਲੀਆਂ ’ਚ ਨਿਕਲ ਤੁਰਦੀ ਸੀ। ਅੱਜ ਵੀ ਉਹ ਸ਼ਾਇਦ ਭੋਲੇਪਣ ਵਿੱਚ ਬਾਬੇ ਹੰਸੇ ਦੀ ਹੱਟੀ ’ਤੇ ਆ ਵੜੀ ਸੀ। ਨੂਰ ਨੇ ਭੈਣਾਂ ਵਾਂਗ ਉਸ ਕੁੜੀ ਦੇ ਕੱਪੜੇ ਝਾੜੇ ਅਤੇ ਆਪਣੇ ਪਿੱਛੇ ਲੁਕੋਦਿਆਂ ਤਿੰਨ ਥੱਪੜ ਹੰਸੇ ਦੇ ਪੋਪਲੇ ਮੂੰਹ ’ਤੇ ਜੜ ਦਿੱਤੇ। ਭੈਣਾਂ ਵਾਂਗ ਉਹਨੂੰ ਉਸ ਦੇ ਘਰ ਛੱਡਣ ਲਈ ਉਸ ਨੂੰ ਨਾਲ ਲੈ ਤੁਰਿਆ। ਮਰਦਾਵੇਂ ਕੱਪੜੇ... ਜ਼ਨਾਨਾ ਚਾਲ ਉਹ ਨੂਰ ਸੀ ਇਨਸਾਨੀਅਤ ਦੇ ਜਿਉਂਦੇ ਹੋਣ ਦਾ ਨੂਰ।
ਸੰਪਰਕ: 94684-21280

Advertisement