ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਹ ਦੇ ਰਿਸ਼ਤੇ

08:05 AM Sep 21, 2023 IST

ਸਤਨਾਮ ਸ਼ਦੀਦ ਸਮਾਲਸਰ

ਮੱਘਰ ਦਾ ਮਹੀਨਾ ਸੀ। ਆਥਣ ਸਵੇਰ ਵਾਹਵਾ ਠੰਢ ਹੋ ਜਾਂਦੀ ਸੀ। ਲੋਕਾਂ ਨੂੰ ਰਜਾਈਆਂ ਲੈ ਕੋਠਿਆਂ ’ਚ ਸੌਣਾ ਪੈਂਦਾ ਸੀ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਆਪਣੀ ਐਮ.ਏ ਡਿਗਰੀ ਲੈਣ ਗਿਆ ਹੋਇਆ ਸੀ। ਉੱਥੋਂ ਆਉਂਦਿਆਂ ਕੁਵੇਲਾ ਹੋ ਗਿਆ। ਪਿੰਡ ਅੱਪੜਨਾ ਬਹੁਤ ਮੁਸ਼ਕਲ ਸੀ। ਇਸ ਵੇਲੇ ਤੱਕ ਪਿੰਡ ਨੂੰ ਕੋਈ ਬੱਸ ਗੱਡੀ ਵੀ ਨਹੀਂ ਜਾਂਦੀ ਸੀ ਕਿਉਂਕਿ ਪਿੰਡ ਸ਼ਹਿਰ ਤੋਂ ਦੂਰ ਲਿੰਕ ਰੋਡ ’ਤੇ ਪੈਂਦਾ ਸੀ। ਰਾਹ ਵਿੱਚ ਭਾਪੇ ਦੇ ਨਾਨਕਿਆਂ ਦਾ ਪਿੰਡ ਆਉਂਦਾ ਸੀ ਜਿੱਥੇ ਬੱਸ ਨੇ ਸਵਾਰੀਆਂ ਉਤਾਰ ਕੇ ਅਗਲੇ ਬਸ ਸਟੈਂਡ ’ਤੇ ਬੰਦ ਹੋ ਜਾਣਾ ਸੀ। ਸੋਚਿਆ, ਚਲੋ ਰੁਕ ਜਾਂਦੇ ਹਾਂ ਨਾਲੇ ਖ਼ੈਰ ਸੁੱਖ ਪੁੱਛਦੇ ਜਾਵਾਂਗੇ। ਮਾਮੇ ਹੋਰੀਂ ਵੀ ਬਹੁਤ ਤਿਹੁ ਕਰਦੇ ਸੀ। ਭਾਪੇ ਹੋਰਾਂ ਪਿੱਛੇ ਅਸੀਂ ਵੀ ਉਨ੍ਹਾਂ ਨੂੰ ਮਾਮਾ ਹੀ ਕਹਿ ਦਿੰਦੇ ਸੀ। ਘਰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਸੀ। ਪਿਛਲੇ ਸਾਲ ਮੈਂ ਤੇ ਭਾਪਾ ਉਨ੍ਹਾਂ ਤੋਂ ਇੱਕ ਝੋਟੀ ਲੈ ਕੇ ਆਏ ਸੀ। ਪਿੰਡ ਦੇ ਬੱਸ ਅੱਡੇ ’ਤੇ ਉਤਰਦਿਆਂ ਮੂੰਹ ਹਨੇਰੇ ਜਾ ਮੂੰਹ ਕੱਢਿਆ। ਮਾਮੀ ਸਾਗ ਘੋਟੀ ਜਾਂਦੀ ਸੀ ਤੇ ਮਾਮਾ ਆਪਣੇ ਸੁਭਾਅ ਮੁਤਾਬਿਕ ਮੰਜੇ ’ਤੇ ਬੈਠਾ ਹਾੜੇ ਲਾਈ ਜਾਂਦਾ ਸੀ। ਮੈਂ ਜਾਂਦਿਆਂ ਪੈਰੀਂ ਹੱਥ ਲਾਉਂਦਿਆਂ ਫ਼ਤਹਿ ਬੁਲਾਈ। ਮਾਮੇ ਨੇ ਕੋਲ ਮੂੰਹ ਕਰ ਕੇ ਪਛਾਣਦਿਆਂ ਕਿਹਾ, ‘‘ਉਏ ਦੋਹਤਰਿਆ ਏਸ ਵੇਲੇ ਖ਼ੈਰ ਸੁੱਖ ਐ ਸਭ?’’ ‘‘ਆਹੋ ਆਹੋ ਮਾਮਾ, ਸਭ ਠੀਕ ਐ। ਮੈਂ ਪਟਿਆਲੇ ਗਿਆ ਸੀ। ਉੱਥੇ ਹਨੇਰਾ ਹੋ ਗਿਆ। ਮੈਂ ਕਿਹਾ, ਮਾਮੇ ਹੋਰਾਂ ਦੇ ਦਰਸ਼ਨ ਕਰ ਚਲਦੇ ਆਂ। ਤੜਕੇ ਚਾਹ ਪੀ ਕੇ ਪਿੰਡ ਨੂੰ ਚਾਲੇ ਪਾ ਦਿਆਂਗੇ।’’ ‘‘ਜੀ ਸਦਕੇ ਪੁੱਤ, ਥੋਡਾ ਆਵਦਾ ਘਰ ਐ ਜਦੋਂ ਮਰਜ਼ੀ ਆਉ।’’ ਕੋਲ ਆਟਾ ਗੁੰਨ੍ਹਦੀ ਮਾਮੀ ਨੇ ਕਿਹਾ। ‘‘ਕੁੜਤਾ ਪਜਾਮਾ ਪਾ ਲੈ ਮੇਰਾ ਏਥੋਂ। ਕਿੱਲੀ ਨਾਲ ਟੰਗਿਆ ਪਿਐ। ਫੇਰ ਗੱਲਾਂਬਾਤਾਂ ਕਰਦੇ ਆਂ ਸ਼ੇਰਾ।’’ ਮਾਮੇ ਨੇ ਕਿਹਾ। ਮਾਮਾ-ਮਾਮੀ ਦੋਵੇਂ ’ਕੱਲੇ ਹੀ ਰਹਿੰਦੇ ਸੀ। ਇੱਕ ਮੁੰਡਾ ਸੀ। ਪੰਜਾਂ ਕੁ ਵਰ੍ਹਿਆਂ ਦਾ ਸੀ ਜੋ ਕੰਧ ਹੇਠ ਆ ਕੇ ਮਰ ਗਿਆ ਸੀ। ਮਗਰੋਂ ਕੋਈ ਜਵਾਕ ਨਾ ਹੋਇਆ। ਮੈਂ ਕੁੜਤਾ ਪਜਾਮਾ ਪਾ ਕੇ ਬਾਹਰ ਆਇਆ ਤਾਂ ਮਾਮੇ ਨੇ ਆਪਣੇ ਦਰਦਾਂ ਦੇ ਰਾਗ ਅਲਾਪ ਲਏ। ਮਾਮੀ ਨੇ ਰੋਟੀ ਲਾਹ ਕੇ ਸਾਨੂੰ ਉੱਥੇ ਮੰਜੇ ’ਤੇ ਹੀ ਫੜਾ ਦਿੱਤੀ। ‘‘ਜਵਾਕਾਂ ਬਿਨਾਂ ਮਾਂ ਪਿਓ ਦੀ ਕਾਹਦੀ ਜ਼ਿੰਦਗੀ! ਬਸ ਐਵੇਂ ਮੇਰੀ ਮੇਰੀ ਕਰੇ ਬਿਨਾਂ ਸਰਦਾ ਨਹੀਂ। ਜੇ ਉਹ ਜਿਉਂਦਾ ਹੁੰਦਾ ਹੁਣ ਨੂੰ ਅਸੀਂ ਪੋਤੇ ਪੋਤੀਆਂ ਵਾਲੇ ਹੁੰਦੇ।’’ ਰੋਟੀ ਖਾਂਦਿਆਂ ਉਹ ਅੱਖਾਂ ਭਰ ਆਇਆ। ਇਸ ਗੱਲ ਨੇ ਮੈਨੂੰ ਵੀ ਦੁਖੀ ਕਰ ਦਿੱਤਾ। ਮਾਮੀ ਨੇ ਅੰਦਰ ਰਜਾਈ ਗਦੈਲਾ ਵਿਛਾ ਦਿੱਤਾ ਸੀ। ਉਨ੍ਹਾਂ ਦੇ ਕਮਰੇ ਤਾਂ ਭਾਵੇਂ ਦੋ ਸੀ, ਪਰ ਹਾਲੇ ਲਿਪਾਈ ਨਹੀਂ ਕੀਤੀ ਸੀ। ਮਾਮੀ ਨੇ ਨਾਲ ਦੇ ਕਮਰੇ ਵਿੱਚ ਮੰਜਾ ਡਾਹ ਲਿਆ ਤੇ ਮੈਂ ਤੇ ਮਾਮਾ ਏਧਰਲੇ ਕੋਠੇ ’ਚ ਪੈ ਗਏ। ਦੋ ਕੁ ਘੰਟਿਆਂ ਪਿੱਛੋਂ ਰਾਤ ਪੂਰੀ ਤਰ੍ਹਾਂ ਟਿਕ ਗਈ। ਮੈਂ ਜਾਗੋ-ਮੀਟੀ ਜਿਹੀ ’ਚ ਪਿਆ ਸੀ ਕਿਉਂਕਿ ਬਿਗਾਨੇ ਥਾਂ ਨੀਂਦ ਛੇਤੀ ਕਿੱਥੇ ਆਉਂਦੀ ਹੈ। ਮੈਨੂੰ ਬੱਚਿਆਂ ਦੇ ਬੋਲ ਸੁਣਾਈ ਦਿੱਤੇ ਜਿਹਦੇ ਵਿੱਚ ਇੱਕ ਬੱਚੀ ਆਪਣੇ ਭਰਾ ਨੂੰ ਕਹਿ ਰਹੀ ਸੀ, ‘‘ਵੀਰੇ, ਮੈਨੂੰ ਭੁੱਖ ਲੱਗੀ ਆ। ਅੱਜ ਆਪਣੇ ਆਟਾ ਹੈਨੀ ਸੀ ਤਾਂ ਹੀ ਮੈਂ ਰੋਟੀ ਨਹੀਂ ਲਾਹੀ। ਤੈਨੂੰ ਲੱਗੀ ਆ ਭੁੱਖ?’’ ਕੁੜੀ ਨੇ ਆਪਣੇ ਭਰਾ ਨੂੰ ਕਿਹਾ। ਘੜੇ ਵਿੱਚੋਂ ਭਰੇ ਗਲਾਸ ਦੀ ਆਵਾਜ਼ ਆਈ। ਸ਼ਾਇਦ ਮੁੰਡੇ ਨੇ ਪਾਣੀ ਦਾ ਗਲਾਸ ਭਰਿਆ ਤੇ ਆਪਣੀ ਭੈਣ ਨੂੰ ਫੜਾ ਕੇ ਕਿਹਾ, ‘‘ਆਹ ਲੈ ਪਾਣੀ ਪੀ ਲਾ। ਕਹਿੰਦੇ ਪਾਣੀ ਪੀਣ ਨਾਲ ਬੰਦੇ ਦੀ ਭੁੱਖ ਮਰ ਜਾਂਦੀ ਐ। ਮੈਂ ਵੀ ਪਹਿਲਾਂ ਦੋ ਵਾਰ ਢਿੱਡ ਭਰ ਕੇ ਪਾਣੀ ਪੀ ਲਿਆ ਸੀ। ਹੁਣ ਭੁੱਖ ਮਰ ਗਈ ਮੇਰੀ ਤਾਂ।’’ ਕੰਧ ਦੀਆਂ ਵਿਰਲਾਂ ਵਿੱਚੋਂ ਜਵਾਕਾਂ ਦੀਆਂ ਆ ਰਹੀਆਂ ਇਨ੍ਹਾਂ ਆਵਾਜ਼ਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਮੈਂ ਆਪਣੇ ਮੰਜੇ ਤੋਂ ਉੱਠ ਕੇ ਬਹਿ ਗਿਆ। ਮੈਨੂੰ ਇਉਂ ਉਸਲਵੱਟੇ ਲੈਂਦਿਆਂ ਜਾਗਦਾ ਵੇਖ ਕੇ ਮਾਮੇ ਨੇ ਕਿਹਾ, ‘‘ਉਏ ਪਾੜ੍ਹਿਆ ਪੈ ਜਾ, ਇਹ ਤਾਂ ਇਨ੍ਹਾਂ ਦਾ ਨਿੱਤ ਦਾ ਹੀ ਕੰਮ ਐ। ਇਨ੍ਹਾਂ ਦੇ ਮਾਂ ਪਿਉ ਮਰ ਗਏ, ਨਾ ਕੋਈ ਹੋਰ ਚਾਚਾ ਤਾਇਆ ਨਾ ਦਾਦੀ ਦਾਦਾ ਏ ਬਈ ਮੋਢੇ ਗੋਢੇ ਲਾ ਲਵੇ। ਤੈਨੂੰ ਪਤਾ ਨਾਨਕੇ ਵੀ ਨਾਨੇ ਨਾਨੀ ਨਾਲ ਹੁੰਦੇ ਐ, ਉਹ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ।” ਮਾਮੇ ਦੀ ਗੱਲ ਸੁਣ ਕੇ ਮੈਂ ਕਿਹਾ, ‘‘ਮਾਮਾ, ਫੇਰ ਇਨ੍ਹਾਂ ਦਾ ਗੁਜ਼ਾਰਾ ਕਿਵੇਂ ਚਲਦਾ ਏ?’’ ‘‘ਰੱਬ ਆਸਰੇ। ਪਹਿਲਾਂ ਪਹਿਲਾਂ ਤਾਂ ਪੰਚਾਇਤ ਆਲੇ ਮਾੜਾ ਮੋਟਾ ਸੌਦਾ ਪੱਤਾ ਦੇ ਦਿੰਦੇ ਸੀ, ਪਰ ਹੁਣ ਤਾਂ ਮੁੰਡਾ ਕਿਸੇ ਦੁਕਾਨ ’ਤੇ ਲੱਗੈ। ਉਹ ਮਹੀਨੇ ਦਾ ਪੰਜ ਸੱਤ ਸੌ ਦਿੰਦੇ ਐ। ਉਹਦੇ ਨਾਲ ਆਵਦੀਆਂ ਦੋ ਗੁੱਲੀਆਂ ਥੱਪ ਲੈਂਦੇ ਐ।’’ ‘ਇਉਂ ਤਾਂ ’ਕੱਲੇ ਜਵਾਕਾਂ ਨੂੰ ਡਰ ਵੀ ਲੱਗਦਾ ਹੋਣਾ।’ ਹਾਲੇ ਮੈਂ ਇਹ ਗੱਲ ਸੋਚ ਹੀ ਰਿਹਾ ਸੀ ਕਿ ਮੁੰਡੇ ਦੀ ਆਵਾਜ਼ ਆਈ, ‘‘ਪੂਨੇ ਭੈਣੇ, ਹੁਣ ਤੇਰੀ ਭੁੱਖ ਮਿਟ ਗਈ ਪਾਣੀ ਨਾਲ? ਮੈਂ ਕੱਲ੍ਹ ਨੂੰ ਆਟਾ ਲਿਆ ਕੇ ਦੇਊਂਗਾ। ਫੇਰ ਤੂੰ ਰੋਟੀਆਂ ਲਾਹੀ ਤੇ ਆਪਾਂ ਢਿੱਡ ਭਰ ਕੇ ਰੋਟੀਆਂ ਖਾਵਾਂਗੇ।’’ ਜਵਾਕਾਂ ਦੇ ਦਿਲ ਵਿੰਨ੍ਹਵੇਂ ਬੋਲ ਮੇਰੇ ਕਾਲਜੇ ਵਿੱਚ ਛੁਰੀ ਵਾਂਗ ਖੁੱਭ ਗਏ। ਮੇਰਾ ਜੀਅ ਕੀਤਾ ਕਿ ਮੈਂ ਹੁਣੇ ਕਮਰੇ ਦੀ ਕੰਧ ਢਾਹ ਜਵਾਕਾਂ ਨੂੰ ਜਾ ਦੇਖਾਂ। ਮੈਂ ਭਰੇ ਮਨ ਨਾਲ ਮਾਮੇ ਨੂੰ ਕਿਹਾ, ‘‘ਮਾਮਾ, ਊਂ ਤਾਂ ਤੂੰ ਰੋਈ ਜਾਂਦੈਂ ਵੀ ਮੇਰੇ ਜਵਾਕ ਹੁੰਦਾ ਤਾਂ ਮੈਂ ਵੀ ਪੋਤੇ ਪੋਤੀਆਂ ਵਾਲਾ ਹੁੰਦਾ, ਆਹ ਤਾਂ ਤੇਰੇ ਘਰ ਦੀ ਕੰਧ ਦੇ ਨਾਲ ਜਵਾਕ ਮਾਂ ਪਿਉ ਨੂੰ ਤਰਸੀ ਜਾਂਦੇ ਐ। ਤੇਰਾ ਦਿਲ ਇਨ੍ਹਾਂ ਦੀ ਆਵਾਜ਼ ਸੁਣ ਕਦੇ ਪਿਘਲਿਆ ਨੀ ਬਈ ਇਹ ਵੀ ਤਾਂ ਇਨਸਾਨ ਦੇ ਬੱਚੇ ਈ ਐ। ਰਿਸ਼ਤੇ ਸਿਰਫ਼ ਖ਼ੂਨ ਦੇ ਨਹੀਂ ਹੁੰਦੇ, ਰਿਸ਼ਤੇ ਤਾਂ ਪਿਆਰ ਦੇ ਹੁੰਦੇ ਐ, ਸਾਂਝ ਦੇ ਹੁੰਦੇ ਐ।’’ ‘‘ਉਏ ਕਮਲਿਆ, ਜੇ ਇਉਂ ਹੋਣ ਲੱਗ ਜਾਵੇ ਤਾਂ ਦੁਨੀਆਂ ਕੋਈ ’ਤੇ ਬੇਸਹਾਰਾ ਤੇ ਯਤੀਮ ਹੋਵੇ ਹੀ ਨਾ। ਇਹ ਸਭ ਕੁਦਰਤ ਦੇ ਰੰਗ ਐ,’’ ਮਾਮੇ ਨੇ ਮੇਰੀਆਂ ਗੱਲਾਂ ਦਾ ਰੌਂਅ ਦੇਖ ਕੇ ਕਿਹਾ। ‘‘ਬਸ ਮਾਮਾ, ਸਾਡੇ ਇਨਸਾਨਾਂ ’ਚ ਇਹੀ ਘਾਟ ਐ, ਜੇ ਹਰੇਕ ਪਿੰਡ ਵਿੱਚ ਪੰਜ-ਚਾਰ ਮਨੁੱਖੀ ਦਰਦ ਨੂੰ ਸਮਝਣ ਵਾਲੇ ਲੋਕ ਪੈਦਾ ਹੋ ਜਾਣ ਤਾਂ ਦੁਨੀਆਂ ’ਤੇ ਕੋਈ ਯਤੀਮ ਤੇ ਬੇਸਹਾਰਾ ਨਹੀਂ ਰਹਿਣਾ। ਅਸੀਂ ਤਾਂ ਚਿੜੀਆਂ ਜਨੌਰਾਂ ਤੋਂ ਵੀ ਗਏ ਗੁਜ਼ਰੇ ਆਂ, ਉਨ੍ਹਾਂ ਨੇ ਕਿਹੜਾ ਬੱਚਿਆਂ ਦੀ ਕਮਾਈ ਖਾਣੀ ਹੁੰਦੀ ਐ। ਇਹ ਤਾਂ ਜੇ ਤੂੰ ਇਨ੍ਹਾਂ ਨੂੰ ਗੋਡੇ ਲਾਵੇਗਾ ਤਾਂ ਤੇਰੀ ਝੇਪ ਮੰਨਣਗੇ, ਤੈਨੂੰ ਆਵਦਾ ਰੱਬ ਮੰਨਣਗੇ।’’ ਹੁਣ ਮਾਮੇ ਕੋਲ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ। ਮੈਂ ਦਿਨ ਚੜ੍ਹਦੇ ਨਾਲ ਹੀ ਮਾਮੇ ਕੇ ਘਰ ਦੀ ਗਲੀ ਦੇ ਪਿਛਲੇ ਪਾਸੇ ਜਵਾਕਾਂ ਦੇ ਘਰੇ ਗਿਆ ਤੇ ਉਨ੍ਹਾਂ ਦੋਵਾਂ ਦੇ ਘਰ ਜਿੰਦਰਾ ਲਾ ਕੇ ਦੋਵਾਂ ਨੂੰ ਉਂਗਲ ਫੜਾ ਆਪਣੇ ਪਿੰਡ ਲਿਜਾਣ ਲੱਗਾ ਤਾਂ ਮਾਮੇ ਨੇ ਪਿੱਛੋਂ ਆ ਕੇ ਮੇਰੀ ਬਾਂਹ ਫੜ ਲਈ ਤੇ ਘਰੇ ਲਿਆਉਂਦਿਆਂ ਆਖਿਆ, ‘‘ਪਾੜ੍ਹਿਆ, ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਤੇਰੀ ਮਾਮੀ ਤਾਂ ਆਪ ਮੈਨੂੰ ਬਹੁਤ ਦਿਨਾਂ ਦੀ ਕਹਿੰਦੀ ਸੀ ਬਈ ਆਪਾਂ ਆਹ ਜਵਾਕਾਂ ਨੂੰ ਹੀ ਆਵਦੇ ਜਵਾਕ ਬਣਾ ਕੇ ਪਾਲ ਲਈਏ। ਉਹ ਤਾਂ ਮੈਂ ਹੀ ਅੱਡੀ ਨੀ ਲਾਈ ਸੀ ਬਈ ਬੇਗਾਨਾ ਖ਼ੂਨ ਤਾਂ ਬੇਗਾਨਾ ਹੀ ਹੁੰਦੈ। ਪਰ ਨਹੀਂ, ਰਿਸ਼ਤੇ ਤਾਂ ਸੱਚੀਂ ਮੋਹ ਦੇ ਹੁੰਦੇ ਐ।” ਜਵਾਕਾਂ ਨੂੰ ਘਰ ਬਿਠਾਉਂਦਿਆਂ ਮਾਮਾ ਸੱਬਲ ਲੈ ਕੇ ਕਮਰਿਆਂ ਵਿਚਲੀ ਕੰਧ ਢਾਹੁਣ ਲੱਗਾ ਤੇ ਮੈਂ ਤੇ ਮਾਮੀ ਜਵਾਕਾਂ ਨੂੰ ਚਾਹ ਪਿਆਉਣ ਲੱਗੇ।
ਸੰਪਰਕ: 99142-98580
* * *

Advertisement

ਕਰਜ਼ਾ ਮੁਆਫ਼ੀ

ਮੇਜਰ ਸਿੰਘ ਨਾਭਾ

ਪਿਛਲੇ ਸਮਿਆਂ ’ਚ ਅਕਸਰ ਸਰਕਾਰਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਦੀਆਂ ਰਹੀਆਂ। ਸੁਖਦੇਵ ਸਿੰਘ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕਿਆ ਸੀ। ਉਸ ਕੋਲ ਪਿੰਡ ਹਿੱਸੇ ਆਈ ਜ਼ਮੀਨ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਸੀ। ਉਸ ਦੇ ਦੋ ਪੁੱਤਰ ਸਨ। ਉਹ ਵਾਹਵਾ ਖਰਚੀਲੇ ਸਨ ਜਿਨ੍ਹਾਂ ਨੂੰ ਉਨ੍ਹਾਂ ਦੀ ਮੰਮੀ ਦੀ ਸ਼ੈਅ ਸੀ। ਹੁਣ ਮੰਮੀ ਉਨ੍ਹਾਂ ਨੂੰ ਕਰਜ਼ਾ ਦਿਵਾਉਣਾ ਚਾਹੁੰਦੀ ਸੀ ਕਿਉਂਕਿ ਸ਼ਰੀਕੇ ਵਾਲਿਆਂ ਦਾ ਲਿਆ ਕਰਜ਼ਾ ਮੁਆਫ਼ ਹੋ ਗਿਆ ਸੀ। ਉਸ ਨੇ ਆਪਣੇ ਪਤੀ ਨੂੰ ਆਪਣੇ ਮਨ ਦੀ ਗੱਲ ਦੱਸੀ ਅਤੇ ਪੁੱਤਰਾਂ ਦੇ ਨਾਂ ਜ਼ਮੀਨ ਲਗਵਾਉਣ ਦੀ ਰਟ ਲਗਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਕਰਜ਼ਾ ਲੈ ਕੇ ਸਰਕਾਰ ਪਾਸੋਂ ਮੁਆਫ਼ ਕਰਵਾ ਸਕਣ।
ਸੰਪਰਕ: 94635-53962

Advertisement
Advertisement