For the best experience, open
https://m.punjabitribuneonline.com
on your mobile browser.
Advertisement

ਰਿਸ਼ਤੇ ਰਹਿ ਗਏ ਗਰਜ਼ਾਂ ਦੇ

08:58 AM Oct 05, 2024 IST
ਰਿਸ਼ਤੇ ਰਹਿ ਗਏ ਗਰਜ਼ਾਂ ਦੇ
Advertisement

ਬਲਜਿੰਦਰ ਮਾਨ

Advertisement

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਸ ਦਾ ਗੁਜ਼ਾਰਾ ਸਮਾਜ ਤੋਂ ਬਗੈਰ ਨਹੀਂ ਹੋ ਸਕਦਾ, ਪਰ ਜਦੋਂ ਅਸੀਂ ਅਜੋਕੇ ਸਮਾਜ ’ਤੇ ਝਾਤੀ ਮਾਰਦੇ ਹਾਂ ਤਾਂ ਤਲਖ ਹਕੀਕਤਾਂ ਸਾਡੇ ਸਨਮੁੱਖ ਹੁੰਦੀਆਂ ਹਨ। ਇਹ ਹਕੀਕਤਾਂ ਉਹ ਹਨ ਜਿਨ੍ਹਾਂ ਬਾਰੇ ਸਾਧਾਰਨ ਮਨੁੱਖ ਨੇ ਕਦੀ ਅੰਦਾਜ਼ਾ ਵੀ ਨਹੀਂ ਲਾਇਆ ਹੁੰਦਾ। ਜਿਵੇਂ ਕਿ ਅੱਜਕੱਲ੍ਹ ਆਰਟੀਫੀਸ਼ੀਅਲ ਇਟੈਂਲੀਜੈਂਸ ਭਾਵ ਮਸਨੂਈ ਬੁੱਧੀ ਦੇ ਚਲਨ ਬਾਰੇ ਚਰਚਾ ਛਿੜੀ ਹੋਈ ਹੈ। ਅਜਿਹੇ ਹਾਲਾਤ ਵਿੱਚ ਮਨੁੱਖ ਦਾ ਮਨੁੱਖਤਾ ਤੋਂ ਦੂਰ ਹੋਣਾ ਕੁਦਰਤੀ ਹੈ।
ਪੁਰਾਣੇ ਸਮਿਆਂ ਦੇ ਮਨੁੱਖ ਕੋਲ ਵਿਹਲ ਬਹੁਤ ਸੀ। ਉਸ ਕੋਲ ਭੈਣ-ਭਾਈ ਅਤੇ ਯਾਰਾਂ ਦੋਸਤਾਂ ਕੋਲ ਜਾਣ ਦਾ ਸਮਾਂ ਵੀ ਸੀ। ਕਾਰਨ ਇਹ ਸੀ ਕਿ ਪੰਜਾਬੀ ਪਰਿਵਾਰ ਖੇਤੀਬਾੜੀ ਹੀ ਕਰਦੇ ਸਨ। ਖੇਤੀਬਾੜੀ ਵੀ ਕੁਦਰਤੀ। ਜਿਸ ਵਿੱਚ ਸਿਰਫ਼ ਦੋ ਫ਼ਸਲਾਂ ਹਾੜ੍ਹੀ ਅਤੇ ਸਾਉਣੀ ਦੀਆਂ ਹੀ ਲਈਆਂ ਜਾਂਦੀਆਂ ਸਨ। ਸਾਲ ਵਿੱਚੋਂ ਬਹੁਤਾ ਸਮਾਂ ਉਨ੍ਹਾਂ ਕੋਲ ਵਿਹਲ ਹੀ ਹੁੰਦੀ ਸੀ। ਕਿਸਾਨ ਮਜ਼ਦੂਰ ਦਾ ਰਿਸ਼ਤਾ ਗੂੜ੍ਹਾ ਹੁੰਦਾ ਸੀ। ਉਹ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਸਹਾਈ ਬਣਦੇ ਸਨ। ਜਦੋਂ ਕਿਸੇ ਰਿਸ਼ਤੇਦਾਰੀ ਵਿੱਚ ਜਾਣਾ ਤਾਂ ਬੱਸਾਂ, ਗੱਡੀਆਂ ਤੇ ਹੋਰ ਤੇਜ਼ ਸਾਧਨ ਨਹੀਂ ਸਨ ਹੁੰਦੇ। ਉਹ ਚਾਰ ਚਾਰ ਦਿਨ ਬੜੇ ਆਰਾਮ ਨਾਲ ਰਿਸ਼ਤੇਦਾਰਾਂ ਦੇ ਘਰ ਗੁਜ਼ਾਰਦੇ ਸਨ। ਇਸ ਤਰ੍ਹਾਂ ਉਨ੍ਹਾਂ ਦੇ ਸਾਰੇ ਦੁੱਖਾਂ ਦਰਦਾ ਦਾ ਨਿਵਾਰਨ ਹੋ ਜਾਂਦਾ ਸੀ। ਕਿਸੇ ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਵੀ ਨਹੀਂ ਸੀ ਰਹਿੰਦਾ। ਜੇਕਰ ਅਜੋਕੇ ਸਮੇਂ ’ਤੇ ਝਾਤੀ ਮਾਰੀਏ ਤਾਂ ਆਧੁਨਿਕ ਯੰਤਰਾਂ ਨੇ ਮਨੁੱਖ ਨੂੰ ਵੀ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ।
ਜੀਵਨ ਵਿੱਚ ਸਾਦਗੀ ਖ਼ਤਮ ਹੋ ਜਾਣ ਕਾਰਨ ਸਾਡੀਆਂ ਖਾਹਿਸ਼ਾਂ ਵਿੱਚ ਬਹੁਤ ਵਾਧਾ ਹੋ ਗਿਆ ਹੈ। ਜਿਨ੍ਹਾਂ ਦੀ ਪੂਰਤੀ ਵਾਸਤੇ ਆਦਮੀ ਹਰ ਤਰ੍ਹਾਂ ਦੀ ਠੱਗੀ ਠੋਰੀ ਕਰਨ ਲਈ ਤਿਆਰ ਬਰ-ਤਿਆਰ ਹੀ ਰਹਿੰਦਾ ਹੈ। ਜਿਸ ਵਸਤੂ ਦਾ ਜ਼ਿਆਦਾ ਪ੍ਰਚਾਰ ਹੈ, ਉਸੇ ਵਸਤੂ ਦੀ ਜ਼ਿਆਦਾ ਵਿੱਕਰੀ ਹੋ ਰਹੀ ਹੈ। ਬੱਚੇ ਵੀ ਬ੍ਰਾਂਡਿਡ ਵਸਤਾਂ ਦੇ ਦੀਵਾਨੇ ਹੋਏ ਪਏ ਹਨ। ਮਾਪਿਆਂ ਦੀ ਹੈਸੀਅਤ ਉਨ੍ਹਾਂ ਨੂੰ ਖ਼ਰੀਦਣ ਦੀ ਹੋਵੇ ਜਾਂ ਨਾ ਪਰ ਉਹ ਉਸ ਦੀ ਪ੍ਰਾਪਤੀ ਦੀ ਜ਼ਿੱਦ ਜ਼ਰੂਰ ਕਰਦੇ ਹਨ। ਪੂਰਾ ਸਮਾਜ ਹੀ ਗਰਜ਼, ਕਰਜ਼ ਅਤੇ ਮਰਜ਼ ਦਾ ਸ਼ਿਕਾਰ ਹੋਇਆ ਪਿਆ ਹੈ।
ਪਹਿਲੇ ਸਮਿਆਂ ਦਾ ਮਨੁੱਖ ਸਿੱਧਾ ਸਾਦਾ ਅਤੇ ਪਰਮਾਤਮਾ ਨੂੰ ਮੰਨਣ ਵਾਲਾ ਸੀ। ਅੱਜ ਦਾ ਮਨੁੱਖ ਤੇਜ਼ ਤਰਾਰ ਬਣ ਗਿਆ ਹੈ। ਉਸ ਦੀ ਇੱਕੋ ਇੱਕ ਨੀਤੀ ਹੈ ਕਿ ਦੂਜਿਆਂ ਨੂੰ ਕਿਵੇਂ ਵਰਤਿਆ ਜਾਵੇ। ਇਸ ਵਰਤਣ ਦੀ ਚਾਹਤ ਵਾਸਤੇ ਮਨੁੱਖ ਸਾਰੇ ਨਿਯਮਾਂ ਤੇ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਦਿੰਦਾ ਹੈ। ਇੱਥੋਂ ਤੱਕ ਕਿ ਜੇਕਰ ਬਾਪ ਬੱਚੇ ਦੀ ਮੰਗ ਪੂਰੀ ਨਹੀਂ ਕਰਦਾ ਤਾਂ ਉਹ ਝੱਟ ਆਖ ਦਿੰਦਾ ਹੈ, ‘‘ਜੇਕਰ ਤੁਸੀਂ ਮੇਰੀਆਂ ਲੋੜਾਂ ਪੂਰੀਆਂ ਨਹੀਂ ਸੀ ਕਰ ਸਕਦੇ ਤਾਂ ਮੈਨੂੰ ਪੈਦਾ ਹੀ ਕਿਉਂ ਕੀਤਾ?’’ ਬਸ ਐਨੀ ਕੁ ਕਦਰ ਰਹਿ ਗਈ ਹੈ ਰਿਸ਼ਤਿਆਂ ਦੀ। ਇਸੇ ਤਰ੍ਹਾਂ ਇੱਕ ਹੋਰ ਕਹਾਣੀ ਜੋ ਇੱਕ ਮਰੀਜ਼ ਤੇ ਡਾਕਟਰ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੋਈ ਅਜੋਕੀ ਸਥਿਤੀ ਨੂੰ ਸਪੱਸ਼ਟ ਕਰਦੀ ਹੈ, ਇਸੇ ਦੱਸਣੀ ਜ਼ਰੂਰੀ ਹੈ। ਜਦੋਂ ਇੱਕ ਬਜ਼ੁਰਗ ਡਾਕਟਰ ਨੇ ਆਪਣਾ ਕਾਰੋਬਾਰ ਆਪਣੇ ਬੇਟੇ ਨੂੰ ਸੰਭਾਲ ਦਿੱਤਾ ਤਾਂ ਉਸ ਨੇ ਬੜੇ ਮਾਣ ਨਾਲ ਆਪਣੇ ਪਿਤਾ ਨੂੰ ਦੱਸਿਆ, ‘‘ਪਿਤਾ ਜੀ ਜਿਹੜਾ ਮਰੀਜ਼ ਚਾਰ ਸਾਲ ਤੋਂ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਸੀ ਉਸ ਨੂੰ ਮੈਂ ਚਾਰ ਦਿਨ ਵਿੱਚ ਰਾਜ਼ੀ ਕਰ ਦਿੱਤਾ।’’ ਇਹ ਗੱਲ ਸੁਣ ਕੇ ਡਾਕਟਰ ਬਾਪ ਖ਼ੁਸ਼ ਨਹੀਂ ਹੋਇਆ ਸਗੋਂ ਨਾਰਾਜ਼ ਹੁੰਦਾ ਹੋਇਆ ਬੋਲਿਆ, ‘‘ਜਿਸ ਤੋਂ ਮੈਂ ਚਾਰ ਸਾਲ ਤੋਂ ਕਮਾਈ ਕਰਦਾ ਆ ਰਿਹਾ ਸੀ ਤੂੰ ਉਸ ਤੋਂ ਹੋਰ ਅੱਗੇ ਕਮਾਈ ਨਹੀਂ ਸੀ ਕਰ ਸਕਦਾ।’’ ਇਹ ਸੁਣ ਕੇ ਬੇਟਾ ਹੈਰਾਨ ਹੁੰਦਾ ਬੋਲਿਆ, ‘‘ਪਿਤਾ ਜੀ ਇਹ ਤਾਂ ਸਾਡੇ ਕਿੱਤੇ ਨਾਲ ਅਨਿਆਂ ਹੈ।’’ ਫਿਰ ਡਾਕਟਰ ਬਾਪ ਨੇ ਮੱਤ ਦਿੰਦਿਆ ਆਖਿਆ, ‘‘ਤੂੰ ਕਲਯੁੱਗ ਵਿੱਚ ਸਤਯੁੱਗ ਦੀਆਂ ਗੱਲਾਂ ਨਾ ਕਰ। ਜੇਕਰ ਕਾਮਯਾਬ ਹੋਣਾ ਹੈ ਤਾਂ ਮੇਰੀ ਮੰਨ।’’ ਇਹ ਹਾਲਤ ਹੈ ਸਾਡੇ ਸਮਾਜ ਦੀ। ਜਿਸ ਡਾਕਟਰ ਨੂੰ ਅਸੀਂ ਰੱਬ ਦਾ ਰੂਪ ਮੰਨਦੇ ਹਾਂ ਉਹ ਕਿਵੇਂ ਸਾਡੀਆਂ ਬਿਮਾਰੀਆਂ ਖ਼ਤਮ ਕਰਨ ਦੀ ਬਜਾਏ ਲੰਮੀਆਂ ਬਣਾਉਂਦੇ ਹਨ ਤਾਂ ਕਿ ਉਨ੍ਹਾਂ ਦੇ ਗਾਹਕ ਬਣੇ ਰਹੀਏ। ਭਾਵੇਂ ਇਹ ਗੱਲ ਸਭ ’ਤੇ ਲਾਗੂ ਨਹੀਂ ਹੁੰਦੀ ਪਰ ਬਹੁਲਤਾ ਇਸੇ ਪ੍ਰਕਾਰ ਦੀ ਹੈ।
ਜਿੱਧਰ ਮਰਜ਼ੀ ਦੇਖੋ ਦੁਨੀਆ ਕਰਜ਼ ਦੇ ਬੋਝ ਹੇਠ ਦੱਬੀ ਜਾ ਰਹੀ ਹੈ। ਇੱਥੋਂ ਤੱਕ ਕਿ ਜਿਹੜੀਆਂ ਸਰਕਾਰਾਂ ਨੇ ਸਾਡਾ ਵਿਕਾਸ ਕਰਨਾ ਸੀ, ਉਨ੍ਹਾਂ ਨੇ ਹਰ ਜਨਮ ਲੈਣ ਵਾਲੇ ਬੱਚੇ ਨੂੰ ਹੀ ਕਰਜ਼ਾਈ ਬਣਾਇਆ ਹੋਇਆ ਹੈ। ਸ਼ਾਇਦ ਬਹੁਤ ਥੋੜ੍ਹੇ ਵਿਅਕਤੀ ਹੋਣਗੇ ਜੋ ਗ਼ੈਰ ਉਤਪਾਦਕ ਕੰਮਾਂ ਵਾਸਤੇ ਕਰਜ਼ਾ ਲੈਣ ਤੋਂ ਗੁਰੇਜ਼ ਕਰਦੇ ਹੋਣਗੇ। ਬਸ ਉਨ੍ਹਾਂ ਨੂੰ ਸਹੂਲਤਾਂ ਚਾਹੀਦੀਆਂ ਹਨ। ਬਾਅਦ ਵਿੱਚ ਕੀ ਹੁੰਦਾ ਹੈ। ਉਸ ਬਾਰੇ ਅਸੀਂ ਸਭ ਭਲੀ ਭਾਂਤ ਜਾਣਦੇ ਹਾਂ। ਸਮਾਜਿਕ ਤਾਣਾ ਬਾਣਾ ਐਨਾ ਉਲਝਿਆ ਪਿਆ ਹੈ ਜਿਸ ਪਾਸੇ ਮਰਜ਼ੀ ਨਜ਼ਰ ਮਾਰੋ ਹਰ ਕਿਸੇ ਨੂੰ ਆਪੋ-ਧਾਪੀ ਪਈ ਹੋਈ ਹੈ। ਮਤਲਬ ਨੂੰ ਗਧੇ ਨੂੰ ਵੀ ਪਿਓ ਬਣਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ।
ਪਹਿਲਾਂ ਪਹਿਲਾਂ ਇਹ ਸੁਣਦੇ ਸਾਂ ਕਿ ਵਿਦੇਸ਼ਾਂ ਵਿੱਚ ਗੱਲਬਾਤ ਅਤੇ ਖ਼ਬਰ ਸਾਰ ਲੈਣ ਦਾ ਕਿਸੇ ਕੋਲ ਵਿਹਲ ਨਹੀਂ ਹੈ, ਪਰ ਹੁਣ ਇਹ ਵਰਤਾਰਾ ਹਰ ਪਾਸੇ ਵਰਤ ਰਿਹਾ ਹੈ। ਜ਼ਿੰਦਗੀ ਰੁਝੇਵਿਆਂ ਭਰੀ ਹੋਣ ਕਰਕੇ ਮਨੁੱਖ ਕੋਲ ਆਪਣੇ ਆਪ ਦਾ ਖ਼ਿਆਲ ਰੱਖਣ ਦਾ ਵੀ ਸਮਾਂ ਨਹੀਂ ਹੈ। ਦੂਜੇ ਬੰਨੇ ਉਹ ਆਪਣਾ ਸਮਾਂ ਫੋਨ ਨਾਲ ਮੂੰਹ ਜੋੜ ਕੇ ਤਾਂ ਗੁਜ਼ਾਰ ਲੈਂਦਾ ਹੈ, ਪਰ ਕਿਸੇ ਨਾਲ ਗੱਲਬਾਤ ਕਰਨ ਨੂੰ ਤਰਜੀਹ ਨਹੀਂ ਦਿੰਦਾ। ਹੁਣ ਤਾਂ ਸਾਰੇ ਦੁੱਖ ਸੁੱਖ ਫੋਨ ’ਤੇ ਸੁਨੇਹਿਆਂ ਰਾਹੀਂ ਹੀ ਹੋਣ ਲੱਗ ਪਏ ਹਨ। ਇਨ੍ਹਾਂ ਵਿੱਚੋਂ ਉਹ ਹਮਦਰਦੀ ਨਹੀਂ ਮਿਲਦੀ ਜੋ ਕਿਸੇ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਰਿਸ਼ਤੇ ਹੀ ਗਰਜ਼ਾਂ ਦੇ ਰਹਿ ਗਏ ਹਨ। ਜਿਸ ਨਾਲ ਸਾਨੂੰ ਗਰਜ਼ ਹੈ, ਉਸ ਨਾਲ ਅਸੀਂ ਹਰ ਹੀਲੇ ਕੋਈ ਨਾ ਕੋਈ ਰਿਸ਼ਤਾ ਗੰਢ ਹੀ ਲੈਂਦੇ ਹਾਂ। ਜਿਸ ਨਾਲ ਗਰਜ਼ ਨਹੀਂ ਉਸ ਨੂੰ ਖੜ੍ਹਾ ਛੱਡ ਅੱਗੇ ਤੁਰ ਜਾਂਦੇ ਹਾਂ। ਜਿਨ੍ਹਾਂ ਰਿਸ਼ਤੇਦਾਰਾਂ ਦੇ ਅਸੀਂ ਕੰਮ ਨਹੀਂ ਕਰਦੇ, ਉਹ ਵੀ ਸਾਨੂੰ ਰਿਸ਼ਤੇਦਾਰ ਨਹੀਂ ਕਹਾਉਂਦੇ। ਜਦੋਂਕਿ ਪਿਆਰ ਅਤੇ ਰਿਸ਼ਤੇ ਗਰਜ਼ ਰਹਿਤ ਚਿਰਸਥਾਈ ਹੁੰਦੇ ਹਨ। ਮਤਲਬ ਦੇ ਰਿਸ਼ਤੇ ਮਤਲਬ ਨਿਕਲਣ ਦੇ ਨਾਲ ਹੀ ਖ਼ਤਮ ਹੋ ਜਾਂਦੇ ਹਨ। ਤੁਸੀਂ ਦੇਖਿਆ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਆਪਣੇ ਮਿੱਤਰ ਮੰਨਦੇ ਹੋ ਉਨ੍ਹਾਂ ਦੇ ਕੁਝ ਹੋਰ ਮਿੱਤਰ ਹੁੰਦੇ ਹਨ।
ਸਮੇਂ ਦੀ ਕਰਵਟ ਨਾਲ ਮਨੁੱਖ ਨੂੰ ਕਿਸੇ ਦੀ ਕੀਤੀ ਨੇਕੀ ਵੀ ਯਾਦ ਨਹੀਂ ਰਹਿੰਦੀ ਕਿਉਂਕਿ ਉਹ ਹੁਣ ਮਤਲਬਪ੍ਰਸਤ ਬਣ ਚੁੱਕਾ ਹੈ। ਉਹ ਭਾਰੇ ਪਾਸੇ ਨੂੰ ਹੀ ਝੁਕਦਾ ਜਾਂਦਾ ਹੈ। ਮਤਲਬ ਦੇ ਮਿੱਤਰਚਾਰੇ ਸਮਾਜ ਨੂੰ ਖੋਰਾ ਲਾ ਰਹੇ ਹਨ। ਕਰਜ਼ੇ ਮਨੁੱਖ ਨੂੰ ਖੋਖਲਾ ਕਰਕੇ ਮੌਤ ਤੱਕ ਪਹੁੰਚਾ ਰਹੇ ਹਨ। ਦਵਾਈ ਲੈਣ ਦੇ ਨਾਲ ਮਰਜ਼ ਵਧਦਾ ਜਾਂਦਾ ਹੈ ਜਦੋਂਕਿ ਇਹ ਘਟਣਾ ਚਾਹੀਦਾ ਹੈ। ਜਿਨ੍ਹਾਂ ਨੇ ਪਵਿੱਤਰ ਰਿਸ਼ਤੇ ਨਿਭਾਉਣੇ ਸਨ ਉਨ੍ਹਾਂ ਵਿੱਚੋਂ ਪਵਿੱਤਰਤਾ ਖ਼ਤਮ ਹੋ ਗਈ ਹੈ। ਸਿਰਫ਼ ਰਿਸ਼ਤੇ ਨਹੀਂ ਸਬੰਧ ਦਿਖਾਈ ਦੇ ਰਹੇ ਹਨ। ਪੂਰੇ ਸਮਾਜ ਵਿੱਚ ਭੈਣ-ਭਾਈ, ਪਿਓ-ਪੁੱਤ, ਯਾਰ-ਦੋਸਤ, ਮਾਸੀ, ਭੂਆ ਅਤੇ ਹੋਰ ਰਿਸ਼ਤਿਆਂ ਵਿੱਚ ਬੇਗਰਜ਼ ਪਿਆਰ ਨਾਂਮਾਤਰ ਹੀ ਰਹਿ ਗਿਆ ਹੈ। ਹਰ ਰਿਸ਼ਤੇ ਨੂੰ ਲੋੜਾਂ ਦੀ ਪੂਰਤੀ ਨਾਲ ਜੋੜਨ ਕਰਕੇ ਮਨੁੱਖ ਮਨੁੱਖਤਾ ਤੋਂ ਦੂਰ ਚਲਾ ਗਿਆ ਹੈ। ਅੱਜ ਲੋੜ ਹੈ ਸਾਨੂੰ ਗਰਜ਼, ਕਰਜ਼ ਅਤੇ ਮਰਜ਼ ਦੇ ਸਬੰਧ ਨੂੰ ਸਮਝ ਕੇ ਇਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਕਰਨ ਦੀ।
ਸੰਪਰਕ: 98150-18947

Advertisement

Advertisement
Author Image

joginder kumar

View all posts

Advertisement