ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਸ਼ਤਾ

06:42 AM Jul 02, 2023 IST

ਗੋਵਰਧਨ ਗੱਬੀ


ਕਥਾ ਪ੍ਰਵਾਹ

“ਤੁਸੀਂ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ... ਤਿੰਨ ਚਾਰ ਦਿਨਾਂ ਤੋਂ ਮੈਂ ਸਾਰੇ ਨੁਸਖੇ ਵਰਤ ਕੇ ਦੇਖ ਲਏ ਨੇ... ਕੋਈ ਦਵਾਈ ਅਸਰ ਨਹੀਂ ਕਰ ਰਹੀ... ਇਹਨੂੰ ਤੁਸੀਂ ਘਰ ਲੈ ਜਾਉ। ਇਹ ਕੁਝ ਦਿਨਾਂ ਦਾ ਹੀ ਮਹਿਮਾਨ ਹੈ ਜਿੰਨੀ ਸੇਵਾ ਕਰ ਸਕਦੇ ਹੋ ਕਰ ਲਉ...।” ਬੋਲਦਿਆਂ ਡਾਕਟਰ ਨੇ ਜਵਾਬ ਦੇ ਦਿੱਤਾ।
“ਡਾਕਦਾਰ ਸਾਹਿਬ! ਕੋਈ ਇਲਾਜ ਤਾਂ ਹੋਵੇਗਾ... ਪੈਸਿਆਂ ਦਾ ਫ਼ਿਕਰ ਨਾ ਕਰਿਓ... ਮੈਂ ਕੋਈ ਨਾ ਕੋਈ ਬੰਦੋਬਸਤ ਕਰ ਲਵਾਂਗਾ। ਤੁਹੀਂ ਇਹਦਾ ਇਲਾਜ ਜ਼ਰੂਰ ਕਰੋ। ਇਹਦਾ ਬਚਣਾ ਬਹੁਤ ਜ਼ਰੂਰੀ ਹੈ। ਇਹ ਮੇਰੇ ਪੁੱਤਾਂ ਵਰਗਾ ਹੈ।” ਕਹਿੰਦਿਆਂ ਪਾਪਾ ਜੀ ਦੀ ਭੁੱਬ ਨਿਕਲ ਗਈ।
ਡਾਕਟਰ ਨੇ ਨੀਵੀਂ ਪਾ ਲਈ। ਉਸ ਦੇ ਮੂੰਹੋਂ ਨਿਕਲੇ ਬੋਲ ਥੋਡ਼੍ਹੇ ਬਹੁਤ ਮੇਰੇ ਕੰਨਾਂ ਵਿੱਚ ਵੀ ਪੈ ਗਏ ਸਨ।
ਮੈਂ ਮੁਸ਼ਕਿਲ ਨਾਲ ਅੱਖਾਂ ਖੋਲ੍ਹੀਆਂ। ਡਾਕਟਰ ਵੱਲ ਤੱਕਿਆ। ਉਸ ਨੇ ਮੇਰੇ ਨਾਲ ਨਜ਼ਰਾਂ ਨਹੀਂ ਮਿਲਾਈਆਂ ਜਿਵੇਂ ਆਪਣੀ ਲਾਚਾਰੀ ਦੱਸ ਰਿਹਾ ਹੋਵੇ।
ਸੱਚਮੁੱਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਮੈਨੂੰ ਬਚਾਉਣ ਵਾਸਤੇ ਡਾਕਟਰ ਨੇ ਹਰ ਸੰਭਵ ਯਤਨ ਕੀਤੇ ਸਨ, ਪਰ ਅਖੀਰ ਉਹ ਹਾਰ ਮੰਨ ਗਿਆ ਸੀ। ਪਾਪਾ, ਝਾਈ, ਤਾਰਾ ਤੇ ਚੰਦੂ ਦੇ ਚਿਹਰੇ ਵੇਖੇ ਨਹੀਂ ਜਾ ਰਹੇ ਸਨ। ਉਨ੍ਹਾਂ ਨੇ ਰੋ ਰੋ ਕੇ ਸ਼ਕਲਾਂ ਵਿਗਾੜ ਲਈਆਂ ਸਨ, ਪਰ ਹੁਣ ਕੀ ਹੋ ਸਕਦਾ ਸੀ। ਕੁਦਰਤ ਅੱਗੇ ਕਿਸ ਦਾ ਜ਼ੋਰ ਹੈ।
ਰੋਂਦਿਆਂ ਕੁਰਲਾਉਂਦਿਆ ਉਨ੍ਹਾਂ ਮੈਨੂੰ ਮੰਜੀ ’ਤੇ ਪਾ ਲਿਆ ਤੇ ਘਰ ਨੂੰ ਚੱਲ ਪਏ।
ਮੈਨੂੰ ਲੱਗਿਆ ਕਿ ਚੁੱਕ ਕੇ ਘਰ ਲਿਜਾ ਰਹੇ ਸੱਚਮੁੱਚ ਮੇਰੇ ਆਪਣੇ ਹੀ ਹਨ। ਦੁੱਖ ਦਰਦ ਦੇ ਭਾਈਵਾਲ। ਇਨ੍ਹਾਂ ਨਾਲ ਮੇਰਾ ਰੂਹ ਦਾ ਰਿਸ਼ਤਾ ਹੈ। ਮੋਹ ਦਾ ਰਿਸ਼ਤਾ ਹੈ। ਬਾਕੀ ਰਿਸ਼ਤੇ ਤਾਂ ਟੁੱਟ ਸਕਦੇ ਹਨ, ਪਰ ਇਸ ਤਰ੍ਹਾਂ ਦੇ ਰਿਸ਼ਤੇ ਹਮੇਸ਼ਾ ਕਾਇਮ ਰਹਿੰਦੇ ਹਨ। ਹੁਣ ਮੈਨੂੰ ਕੋਈ ਦੁੱਖ ਨਹੀਂ ਹੋ ਰਿਹਾ। ਮੇਰੇ ਆਪਣੇ ਮੇਰੇ ਕੋਲ ਹਨ। ਸਭ ਤੋਂ ਵੱਡੀ ਖ਼ੁਸ਼ੀ ਇਹ ਵੀ ਹੈ ਕਿ ਮੈਂ ਆਪਣਿਆਂ ਦੇ ਨਿੱਘ ਤੇ ਆਪਣੀ ਜਨਮ ਭੋਇੰ ਉੱਤੇ ਹੀ ਆਖ਼ਰੀ ਸੁਆਸ ਲਵਾਂਗਾ।
ਮੈਂ ਸੱਚਮੁਚ ਬਹੁਤ ਕਮਜ਼ੋਰ ਹੋ ਗਿਆ ਹਾਂ। ਥਕਾਵਟ ਬਹੁਤ ਮਹਿਸੂਸ ਹੋ ਰਹੀ ਹੈ। ਮੇਰਾ ਅੰਗ ਅੰਗ ਟੁੱਟ ਰਿਹਾ ਹੈ। ਸਾਹ ਲੈਣ ਵਿੱਚ ਵੀ ਔਖਿਆਈ ਆ ਰਹੀ ਹੈ। ਮੇਰਾ ਜੀ ਕਰਦੈ ਕਿ ਮੈਂ ਹੁਣ ਲੰਮੀ ਨੀਂਦ ਸੌ ਜਾਵਾਂ। ਮੇਰੀਆਂ ਅੱਖਾਂ ਉਪਰ ਬਹੁਤ ਜ਼ਿਆਦਾ ਭਾਰ ਲੱਦਿਆ ਹੋਇਆ ਹੈ। ਕੋਸ਼ਿਸ਼ ਕਰਨ ਦੇ ਬਾਵਜੂਦ ਮੇਰੀਆਂ ਅੱਖਾਂ ਖੁੱਲ੍ਹ ਨਹੀਂ ਰਹੀਆਂ। ਮੇਰੀ ਜ਼ਿੰਦਗੀ ਦੀ ਫ਼ਿਲਮ ਰੀਲ ਵਾਂਗ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗ ਪਈ ਹੈ...।
ਅਸੀਂ ਸੱਤ ਭੈਣ ਭਰਾ ਸਾਂ। ਉਮਰ ਵਿੱਚ ਚਾਰ ਪੰਜ ਮਿੰਟਾਂ ਦਾ ਹੀ ਫ਼ਰਕ ਸੀ। ਸਾਰੇ ਹੀ ਡੱਬ ਖਡ਼੍ਹਬੇ। ਕਿਸੇ ਦੇ ਮੱਥੇ ਉਪਰ ਪੰਜਫੁੱਲੀ ਤੇ ਕਿਸੇ ਦੀ ਪੂਛਲ ਵੱਖਰੇ ਰੰਗ ਦੀ। ਕੋਈ ਚਿਤਕਬਰਾ ਤੇ ਕੋਈ ਕਾਲਾ। ਕੋਈ ਡੱਬ-ਖੜੱਬਾ ਤੇ ਕੋਈ ਭੂਰਾ। ਨਿੱਕੇ ਨਿੱਕੇ ਪਿਆਰੇ ਪਿਆਰੇ। ਮਲਮਲ ਵਰਗੇ ਮੁਲਾਇਮ। ਮਾਂ ਨੇ ਸਾਨੂੰ ਪਿੰਡੋਂ ਬਾਹਰ ਫਿਰਨੀ ਦੇ ਚਡ਼੍ਹਦੇ ਪਾਸੇ ਬੱਝੇ ਤੂੜੀ ਦੇ ਮੂਸਲ ਵਿੱਚ ਬਣੇ ਇੱਕ ਘੁਰਨੇ ਵਿੱਚ ਜਨਮ ਦਿੱਤਾ। ਸਰਦੀਆਂ ਦੇ ਦਿਨ। ਤੂੜੀ ਸਾਡੇ ਲਈ ਬਿਛਾਉਣੇ ਦਾ ਕੰਮ ਕਰਦੀ। ਅਸੀਂ ਸਾਰੇ ਭੈਣ ਭਰਾ ਇੱਕ-ਦੂਸਰੇ ਉਪਰ ਸਿੱਧੀਆਂ ਪੁੱਠੀਆਂ ਛਾਲਾਂ ਮਾਰਦੇ ਰਹਿੰਦੇ। ਕਦੇ ਇੱਕ ਦੂਜੇ ਦੀ ਪੂਛ ਮੂੰਹ ’ਚ ਪਾ ਲੈਂਦੇ ਤੇ ਕਦੇ ਕੰਨ।
ਮਾਂ ਵਿਚਾਰੀ ਰੋਟੀ ਲਈ ਲੋਕਾਂ ਦੇ ਘਰੀਂ ਜਾਂਦੀ। ਕਈ ਘਰਾਂ ਦੀਆਂ ਔਰਤਾਂ ਬੜੀਆਂ ਨੇਕ ਸੁਭਾਅ ਦੀਆਂ ਹੁੰਦੀਆਂ। ਉਨ੍ਹਾਂ ਨੂੰ ਜਦੋਂ ਇਹ ਪਤਾ ਲੱਗਦਾ ਕਿ ਉਹ ਸੱਜਰੀ ਮਾਂ ਬਣੀ ਹੈ ਤਾਂ ਉਹ ਬਹੁਤ ਸਾਰੀਆਂ ਬੇਹੀਆਂ ਅੱਲੀਆਂ ਰੋਟੀਆਂ ਉਹਨੂੰ ਪਾ ਦਿੰਦੀਆਂ। ਕਈ ਘਰਾਂ ਵਿੱਚ ਲੋਕ ਮਾਂ ਨੂੰ ਡਿਉਡ਼ੀ ਨਹੀਂ ਟੱਪਣ ਦਿੰਦੇ। “ਚੱਲ ਦਫ਼ਾ ਹੋਜਾ... ਆ ਗਈ... ਸਾਝਰੇ ਸਵੇਰੇ... ਮਾਰ ਇਹਦੇ ਗਿੱਟਿਆਂ ਵਿਚ ਡਾਂਗ...।” ਬੋਲਦਿਆਂ ਉਨ੍ਹਾਂ ਦੇ ਹੱਥ ’ਚ ਜੋ ਵੀ ਇੱਟ ਰੋੜਾ ਆਉਂਦਾ ਮਾਰ ਦਿੰਦੇ। ਕਈ ਵਾਰੀ ਸੱਟ ਲੱਗਣ ਕਰਕੇ ਮਾਂ ਲੰਙ ਮਾਰਦੀ ਆਉਂਦੀ।
ਰੱਜੀ ਹੋਵੇ ਜਾਂ ਭੁੱਖੀ, ਪਰ ਮਾਂ ਵੇਲੇ ਸਿਰ ਆ ਕੇ ਸਾਨੂੰ ਸਾਰਿਆਂ ਨੂੰ ਦੁੱਧ ਪਿਆ ਜਾਂਦੀ। ਮਾਂ ਅਜੇ ਦੂਰ ਹੀ ਹੁੰਦੀ, ਪਰ ਸਾਡੇ ਸਾਰੇ ਭੈਣ ਭਰਾਵਾਂ ਦੇ ਕੰਨ ਖਡ਼੍ਹੇ ਹੋ ਜਾਂਦੇ। ਉਸ ਦੇ ਆਉਣ ਦੀ ਗੰਧ ਸਾਨੂੰ ਦੂਰੋਂ ਹੀ ਆਉਣ ਲੱਗਦੀ। ਸਾਰੇ ਖੇਡਣਾ ਛੱਡ ਕੇ ਮਾਂ ਵੱਲ ਝਾਕਣ ਲੱਗਦੇ। ਉਸ ਨੂੰ ਦੇਖਦੇ ਸਾਰ ਹੀ ਅਸੀਂ ਉਲਰਦੇ। ਅਜੀਬ ਜਿਹੀਆਂ ਆਵਾਜ਼ਾਂ ਨਾਲ ਚੂਕਦੇ। ਮਾਂ ਵੀ ਆਉਂਦੇ ਹੀ ਸਾਡੇ ਨਾਲ ਲਾਡ ਲਡਾਉਂਦੀ। ਸਾਡੇ ਸਿਰ ਮੂੰਹ ਚਟਦੀ। ਜਲਦੀ ਹੀ ਜ਼ਮੀਨ ’ਤੇ ਲੱਤਾਂ ਪਸਾਰ ਕੇ ਪੈ ਜਾਂਦੀ। ਅਸੀਂ ਸਾਰੇ ਭੈਣ ਭਰਾ ਜਿਹੜਾ ਥਣ ਲੱਭਦਾ ਉਹਨੂੰ ਹੀ ਮੂੰਹ ’ਚ ਪਾ ਕੇ ਚੁੰਘਣ ਲੱਗ ਪੈਂਦੇ। ਮਾਂ ਅੱਖਾਂ ਬੰਦ ਕਰੀ ਪਈ ਰਹਿੰਦੀ। ਕੁਝ ਘੜੀਆਂ ਵਿੱਚ ਹੀ ਦੁੱਧ ਸੁੱਕ ਜਾਂਦਾ। ਜਦੋਂ ਚੂਸੇ ਮਾਰਨ ’ਤੇ ਵੀ ਦੁੱਧ ਨਾ ਆਉਂਦਾ ਤਾਂ ਅਸੀਂ ਜ਼ੋਰ ਦੀ ਹੁਝਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ। ਮਾਂ ਨੂੰ ਤਕਲੀਫ਼ ਹੁੰਦੀ। ਉਸ ਨੇ ਚਿੜ ਜਾਣਾ।
“ਬਸ ਕਰੋ ਹੁਣ! ਨਹੀਂ ਦੁੱਧ ਨਿਕਲਦਾ ਤਾਂ ਹੁਣ ਮੇਰਾ ਲਹੂ ਪੀਣੈ! ...ਹਟੋ ਪਿੱਛੇ।”
ਬੁੜਬੁੜ ਕਰਦੀ ਮਾਂ ਨੇ ਫਿਰ ਰੋਟੀ ਲਈ ਤੁਰ ਜਾਣਾ।
ਅਸੀਂ ਉਸ ਦੇ ਪਿੱਛੇ ਦੌੜਦੇ, ਪਰ ਉਹ ਇੱਕ ਵੱਖਰੀ ਗੁਸੈਲੀ ਨਜ਼ਰ ਨਾਲ ਸਾਡੇ ਵੱਲ ਦੇਖ ਗੁਰਾਉਂਦੀ ਸਾਨੂੰ ਘੁਰਨੇ ਵਿੱਚ ਵੜੇ ਰਹਿਣ ਦੀ ਹਦਾਇਤ ਦੇ ਕੇ ਚਲੇ ਜਾਂਦੀ। ਦੁੱਧ ਪੀਣ ਤੋਂ ਬਾਅਦ ਥੋਡ਼੍ਹੀ ਦੇਰ ਤੀਕ ਵਿਲਟਣੀਆਂ ਮਾਰਦੇ ਤੇ ਇੱਕ ਦੂਸਰੇ ਦੀਆਂ ਲੱਤਾਂ ਵਿੱਚ ਮੂੰਹ ਦੇ ਕੇ ਅਸੀਂ ਸੌਂ ਜਾਂਦੇ।
ਜ਼ਿੰਦਗੀ ਬਹੁਤ ਪਿਆਰ ਤੇ ਨਿੱਘ ਨਾਲ ਬੀਤ ਰਹੀ ਸੀ।
ਜਦੋਂ ਅਸੀਂ ਮਹੀਨੇ ਕੁ ਦੇ ਹੋਏ ਤਾਂ ਇੱਕ ਦਿਨ ਮਾਂ ਸਵੇਰੇ ਸਾਨੂੰ ਦੁੱਧ ਪਿਆ ਕੇ ਰੋਜ਼ ਦੀ ਤਰ੍ਹਾਂ ਲੋਕਾਂ ਦੇ ਘਰੀਂ ਚਲੇ ਗਈ। ਉਹ ਬਹੁਤ ਦੇਰ ਤੀਕ ਵਾਪਸ ਨਾ ਆਈ। ਅਸੀਂ ਸਾਰੇ ਭੁੱਖ ਨਾਲ ਵਿਲਕਣ ਲੱਗੇ। ਭਉਂ ਭਉਂ ਦੀਆਂ ਆਵਾਜ਼ਾਂ ਨਾਲ ਆਕਾਸ਼ ਸਿਰ ’ਤੇ ਚੁੱਕ ਲਿਆ। ਮੇਰੇ ਇੱਕ ਦੋ ਭੈਣ ਭਰਾ ਘੁਰਨੇ ਤੋਂ ਬਾਹਰ ਨਿਕਲ ਆਏ। ਉਨ੍ਹਾਂ ਦੇ ਪਿੱਛੇ ਪਿੱਛੇ ਮੈਂ ਵੀ ਬਾਹਰ ਆ ਗਿਆ। ਮਾਂ ਦੇ ਵਾਪਸ ਨਾ ਆਉਣ ’ਤੇ ਸਾਰੇ ਬਹੁਤ ਪਰੇਸ਼ਾਨ ਸਾਂ। ਉਸ ਦੇ ਆਉਣ ਦੀ ਕਿਸੇ ਪਾਸੇ ਤੋਂ ਵੀ ਕੋਈ ਸੂਹ ਨਹੀਂ ਮਿਲ ਰਹੀ ਸੀ। ਕੋਈ ਗੰਧ ਨਹੀਂ ਆ ਰਹੀ ਸੀ।
ਅਚਾਨਕ ਕੁਝ ਮਨੁੱਖਾਂ ਦੇ ਬੱਚਿਆਂ ਦੀਆਂ ਆਵਾਜ਼ਾਂ ਸਾਡੇ ਵਾਲੇ ਪਾਸੇ ਆਉਂਦੀਆਂ ਸੁਣਾਈ ਦਿੱਤੀਆਂ। ਬੱਚੇ ਸਾਡੇ ਵੱਲ ਹੀ ਆ ਰਹੇ ਸਨ।ਜਦੋਂ ਉਹ ਬਿਲਕੁਲ ਨਜ਼ਦੀਕ ਆ ਗਏ ਤਾਂ ਸਾਡੇ ਸਾਹ ਸੁੱਕਣੇ ਸ਼ੁਰੂ ਹੋ ਗਏ। ਅਸੀਂ ਸਾਰੇ ਘੁਰਨੇ ਵੱਲ ਦੌੜੇ ਤੇ ਉਹ ਸਾਡੇ ਵੱਲ। ਮੇਰਾ ਇੱਕ ਭਰਾ ਉਨ੍ਹਾਂ ਦੇ ਕਾਬੂ ਆ ਗਿਆ। ਅਸੀਂ ਸਾਰੇ ਅੰਦਰ ਸਹਿਮ ਦੇ ਮਾਰੇ ਦੜ ਕੇ ਬਹਿ ਗਏ। ਸਾਡਾ ਰੋਣਾ ਵੀ ਬੰਦ। ਭੁੱਖ ਵੀ ਗਾਇਬ। ਇੱਕ ਦੋ ਵਾਰ ਪਹਿਲਾਂ ਵੀ ਜਦੋਂ ਇਹ ਬੱਚੇ ਸਾਡੇ ਘੁਰਨੇ ਵੱਲ ਆਉਂਦੇ ਸਨ ਤਾਂ ਮਾਂ ਇਨ੍ਹਾਂ ਦੇ ਪਿੱਛੇ ਪੈ ਜਾਂਦੀ ਸੀ ਤੇ ਉਹ ਡਰਦੇ ਮਾਰੇ ਸਾਡੇ ਨੇੜੇ ਨਹੀਂ ਆਉਂਦੇ ਸਨ ਪਰ ਇਸ ਵਾਰ ਮਾਂ ਸਾਡੇ ਬਚਾਅ ਵਾਸਤੇ ਨਹੀਂ ਆਈ ਸੀ।
ਥੋੜੀ ਦੇਰ ਬਾਅਦ ਇੱਕ ਇਨਸਾਨੀ ਹੱਥ ਮੇਰੇ ਵਲ ਵੀ ਵਧਿਆ। ਹੱਥ ਕਿਸੇ ਸ਼ੈਤਾਨ ਦੇ ਪੰਜੇ ਵਾਂਗ ਲੱਗਿਆ। ਆਪਣਾ ਬਚਾਅ ਕਰਨ ਲਈ ਮੈਂ ਸਿਰ ਤੂੜੀ ਵਿੱਚ ਦੇ ਦਿੱਤਾ। ਬਚਣ ਦੀ ਵਿਅਰਥ ਕੋਸ਼ਿਸ਼ ਕੀਤੀ, ਪਰ ਜਲਦੀ ਹੀ ਹੱਥ ਨੇ ਮੈਨੂੰ ਲੱਕ ਤੋਂ ਫੜ ਲਿਆ ਤੇ ਖਿਚ ਕੇ ਘੁਰਨੇ ਤੋਂ ਬਾਹਰ ਕੱਢ ਲਿਆ। ਬਾਹਰ ਨਿਕਲ ਕੇ ਮੈਂ ਸ਼ੈਤਾਨ ਵਲ ਨਿਗ੍ਹਾ ਮਾਰੀ ਤਾਂ ਛੇ ਸੱਤ ਸਾਲ ਦਾ ਬੱਚਾ ਮੇਰੇ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਮੈਂ ਛੁੱਟਣ ਲਈ ਬਹੁਤ ਹੱਥ ਪੈਰ ਮਾਰੇ, ਪਰ ਉਸ ਦੀ ਪਕੜ ਬਹੁਤ ਮਜ਼ਬੂਤ ਸੀ। ਇਸੇ ਤਰ੍ਹਾਂ ਬਾਕੀ ਦੇ ਭੈਣ ਭਰਾ ਵੀ ਉਨ੍ਹਾਂ ਖਿੱਚ ਕੇ ਬਾਹਰ ਕੱਢ ਲਏ।
ਅਸੀਂ ਬੱਚਿਆਂ ਦੇ ਅਡ਼ਿੱਕੇ ਚੜ੍ਹ ਗਏ ਸਾਂ। ਉਹ ਸਾਨੂੰ ਬਹੁਤ ਲਾਡ ਲੜਾ ਰਹੇ ਸਨ, ਪਰ ਸਾਡੇ ਸਾਹ ਅਜੇ ਵੀ ਸੁੱਕੇ ਹੋਏ ਸਨ। ਸਾਨੂੰ ਆਪਣੀ ਮਾਂ ਦਾ ਫ਼ਿਕਰ ਲੱਗਿਆ ਹੋਇਆ ਸੀ। ਬੱਚਿਆਂ ਨੇ ਸਾਡੇ ਉਪਰ ਆਪੋ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ। ਇੱਕ ਕਹੇ ਕਿ ਇਹ ਵਾਲਾ ਮੈਂ ਲੈਣਾ ਤੇ ਦੂਸਰਾ ਕਹੇ ਕਿ ਉਹ ਵਾਲਾ। ਮੈਂ ਦਿਲ ਵਿੱਚ ਹੀ ਸੋਚ ਰਿਹਾ ਸਾਂ ਕਿ ਹੁਣੇ ਸਾਡੀ ਮਾਂ ਆ ਜਾਏਗੀ ਤੇ ਤੁਹਾਡੇ ਸਾਰਿਆਂ ਨੂੰ ਦੌੜਦੇ ਵਾਰੀ ਨਹੀਂ ਆਉਣੀ। ਪਰ ਮਾਂ ਦਾ ਕੋਈ ਨਾਮੋ-ਨਿਸ਼ਾਨ ਦੂਰ ਤੱਕ ਵਿਖਾਈ ਨਹੀਂ ਦੇ ਰਿਹਾ ਸੀ।
ਕੁਝ ਦੇਰ ਬਾਅਦ ਵਡੇਰੀ ਉਮਰ ਦਾ ਇੱਕ ਬੱਚਾ ਸਾਡੇ ਵੱਲ ਭੱਜਦਾ ਆਇਆ।
“ਉਏ ਭਿੰਦੇ! ਤੁਗੀ ਪਤਾ ਅੱਜ ਸਵੇਰੇ ਸੱਤ ਆਲੀ ਗੱਡੀ ਥੱਲੇ ਆ ਕੇ ਭੂਰੀ ਕੁੱਤੀ ਮਰੀ ਗਈ...!” ਉਹ ਉਨ੍ਹਾਂ ਮੁੰਡਿਆਂ ਵੱਲ ਦੇਖ ਕੇ ਬੋਲਿਆ।
“ਉਹ ਕਿੱਦਾਂ?” ਭਿੰਦੇ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ। ਬਾਕੀ ਮੁੰਡੇ ਵੀ ਸੁਣ ਕੇ ਸੁੰਨ ਹੋ ਗਏ।
“ਉਹ ਯਾਰ ਉਧਰੋਂ ਗੱਡੀ ਆਉਂਦੀ ਸੀ... ਭੂਰੀ ਕੁੱਤੀ ਦੌੜ ਕੇ ਲਾਈਨ ਲੱਗੀ ਟੱਪਣ... ਫੰਡ ਵੱਜੀ ਤੇ ਉਹ ਜਾਈ ਪਈ ਫੁੜਕ ਕੇ... ਬਸ ਦੋ ਵਾਰੀ ਹੀ ਭਊਂ ਭਊਂ ਮੂੰਹੋਂ ਨਿਕਲਿਆ ਤੇ ਉਹਦੀ ਕਹਾਣੀ ਖ਼ਤਮ...।”
“ਚ...ਚ...ਚ... ਯਾਰ! ਇਹ ਤਾਂ ਬੜਾ ਮਾੜਾ ਹੋਇਆ... ਇਹ ਵਿਚਾਰੇ ਕਤੂਰਿਆਂ ਦਾ ਕੀ ਬਣੇਗਾ!” ਇੱਕ ਬੱਚੇ ਦੇ ਮੂੰਹੋਂ ਨਿਕਲਿਆ।
ਇਹ ਸੁਣਦੇ ਸਾਰ ਉਨ੍ਹਾਂ ਸਾਰੇ ਬੱਚਿਆਂ ਦੇ ਮੂੰਹ ਉਤਰ ਗਏ।
ਉਨ੍ਹਾਂ ਦੀ ਗੱਲਾਂ ਮੇਰੀ ਸਮਝ ਤੋਂ ਬਾਹਰ ਸਨ, ਪਰ ਮੈਨੂੰ ਇੰਨਾ ਪਤਾ ਲੱਗ ਗਿਆ ਸੀ ਕਿ ਸਾਡੀ ਮਾਂ ਬਾਰੇ ਜੋ ਵੀ ਗੱਲ ਸੀ ਉਹ ਮਾੜੀ ਸੀ।
“ਚਲੋ ਯਾਰ ਅਹੀਂ ਪਾਲਾਂਗੇ ਇਨ੍ਹਾਂ ਨੂੰ... ਇਹ ਮੇਰਾ ਸ਼ੇਰੂ ਐ... ਗਿੰਦੇ! ਉਹ ਬਿੱਲੂ ਤੇਰਾ... ਦੀਪੇ! ਉਹ ਚਿੱਟੀ ਦੁੰਬਾਂ ਆਲੀ ਕਤੂਰੀ ਤੇਰੀ...।” ਕਹਿੰਦਿਆਂ ਬੱਚਿਆਂ ਨੇ ਸਾਨੂੰ ਆਪਣੇ ਹੱਥਾਂ ਵਿੱਚ ਫੜ ਲਿਆ।
ਮੈਨੂੰ ਉਸੇ ਬੱਚੇ ਨੇ ਆਪਣੇ ਹੱਥਾਂ ਵਿੱਚ ਬਹੁਤ ਪਿਆਰ ਨਾਲ ਫੜ ਲਿਆ। ਉਸ ਨੇ ਮੈਨੂੰ ਆਪਣੇ ਖੁੱਲ੍ਹੇ ਜਿਹੇ ਸਵੈਟਰ ਹੇਠਾਂ ਲੁਕਾ ਲਿਆ। ਉਸ ਦੇ ਢਿੱਡ ਦੇ ਨਾਲ ਲੱਗ ਕੇ ਮੈਨੂੰ ਬਹੁਤ ਨਿੱਘ ਮਹਿਸੂਸ ਹੋਣ ਲੱਗਾ। ਉਹ ਸਵੈਟਰ ਦੇ ਗਲਮੇਂ ਰਸਤੇ ਮੈਨੂੰ ਵਾਰ ਵਾਰ ਦੇਖਦਾ ਖ਼ੁਸ਼ ਹੋ ਰਿਹਾ ਸੀ। ਮੈਨੂੰ ਲੈ ਕੇ ਉਹ ਤੁਰ ਪਿਆ।
ਛੋਹਲੇ ਪੈਰਾਂ ਨਾਲ ਉਹ ਘਰ ਵਿੱਚ ਦਾਖਲ ਹੋਇਆ।
ਉਸ ਨੇ ਇਧਰ ਉਧਰ ਚੋਰ ਨਿਗ੍ਹਾ ਘੁਮਾਈ। ਮੈਂ ਉਸ ਦੇ ਸਵੈਟਰ ਦੇ ਘੁਰ੍ਹਿਆਂ ਵਿਚੋਂ ਬਾਹਰ ਦਾ ਧੁੰਧਲਾ ਨਜ਼ਾਰਾ ਵੇਖ ਰਿਹਾ ਸਾਂ। ਉਸ ਦਾ ਇਰਾਦਾ ਮੈਨੂੰ ਕਿਤੇ ਛੁਪਾ ਦੇਣ ਦਾ ਸੀ। ਉਹ ਕਾਹਲੇ ਕਦਮੀਂ ਤੁਰਿਆ ਹੀ ਸੀ ਕਿ ਕੜਕਦੀ ਆਵਾਜ਼ ਸੁਣ ਕੇ ਇਕਦਮ ਠਠੰਬਰ ਕੇ ਰੁਕ ਗਿਆ।
“ਓਏ ਮੌਤ ਪੈਣਿਆ ਤਾਰਿਆ...! ਆ ਹਾਂ ਉਰੇ! ਤੈਨੂੰ ਕਰਾਂ ਜ਼ਰਾ ਸਿੱਧਾ... ਕਿੱਥੋਂ ਆਇਆਂ ਤੂੰ... ਤੈਨੂੰ ਸ਼ਰਮ ਨਹੀਂ ਆਈ... ਸਵੇਰੇ ਦਾ ਘਰੋਂ ਨਿਕਲਿਆਂ... ਸੂਰਜ ਸਿਰ ਉਪਰ ਚੜ੍ਹ ਆਇਆ। ਡੰਗਰਾਂ ਖੁਰਲੀ ਭੰਨੀ ਸੁੱਟੀ ਐ। ਭੁੱਖੇ ਮਾਰਨੇ ਨੇ? ਖੋਲ੍ਹਣੇ ਨਹੀਂ ਲਗਦੇ ਆਪਣੇ... ਤਰਕਾਲਾਂ ਨੂੰ ਤਾਂ ਬੜੀ ਛੇਤੀ ਛੰਨਾ ਕਰ ਦਿੰਨਾ ਅੱਗੇ... ਅਖੇ- ਝਾਈ! ਮਲਾਈ ਆਲਾ ਪਾਂਈ... ਗੜਬਾ ਨੱਕੋ ਨੱਕ ਕਰ ਦੇ ਤੇ ਕੰਮ ਕਰਨੇ ਵੇਲੇ ਤੈਨੂੰ ਪੀੜ ਪੈਂਦੀ ਐ... ਉਏ ਰੱਬਾ! ਕੀ ਕਰਾਂ ਮੈਂ ਇਨ੍ਹਾਂ ਨਿਆਂਣਿਆਂ ਦਾ! ਹੈ ਕੋਈ ਫ਼ਿਕਰ ਇਨ੍ਹਾਂ ਨੂੰ ਬਈ ਕੋਈ ਕੰਮ-ਕਾਜ ਵੀ ਕਰਨੈ... ਉਹ ਝੀਰੇਂ ਦੇ ਦੀਪੇ ਨੂੰ ਦੇਖ ਲੈ... ਸਵੇਰੇ ਦੀਆਂ ਦੋ ਪੰਡਾਂ ਪੱਠਿਆਂ ਦੀ ਲੈ ਕੇ ਆ ਵੀ ਗਿਆ ਤੇ ਇਹ ਅਜੇ ਇੱਥੇ ਈ ਕੁੱਤੇ ਭਕਾਈ ਕਰਦਾ ਪਿਐ...।” ਪੈਂਤੀ ਛੱਤੀ ਸਾਲਾਂ ਦੀ ਔਰਤ ਨੇ ਗੁੱਸੇ ਨਾਲ ਬੋਲ ਕੇ ਸਾਡਾ ਸੁਆਗਤ ਕੀਤਾ।
“ਝਾਈ... ਉਹ ਮੈਂ ਨਾਲੇ ਗਿਆ ਸੀ... ਗਿੰਦੇ ਤੇ ਕੁੱਦੂ ਹੁਰਾਂ ਨਾਲ... ਬਸ ਉੱਥੇ ਹੀ ਲੇਟ ਹੋ ਗਿਆ...।”
ਤਾਰੇ ਨੇ ਮੈਨੂੰ ਬਾਹਰੋਂ ਆਪਣੇ ਦੋਵਾਂ ਹੱਥਾਂ ਨਾਲ ਛੁਪਾਇਆ ਹੋਇਆ ਸੀ।
ਕਦੇ ਕਦੇ ਹਲਕੀ ਜਿਹੀ ਚੂੰ ਚੂੰ ਦੀ ਆਵਾਜ਼ ਮੇਰੀ ਆਪਮੁਹਾਰੇ ਨਿਕਲ ਜਾਂਦੀ ਸੀ।
“ਓਏ ਤਾਰੇ! ਇਹ ਕਤੂਰੇ ਦੀ ਅਵਾਜ਼ ਕੁਥੋਂ ਆਵਾ ਦੀ ਐ...?” ਝਾਈ ਨੇ ਪੁੱਛਿਆ।
“ਪਤਾ ਨਹੀਂ ਕਿੱਥੋਂ ਆਉਂਦੀ ਐ...।” ਆਪਣੀ ਸਫ਼ਾਈ ਦਿੰਦੇ ਤਾਰੇ ਦਾ ਹੱਥ ਮੇਰੇ ਮੂੰਹ ਅੱਗੇ ਆ ਗਿਆ।
ਅਚਾਨਕ ਮੇਰਾ ਸਾਹ ਘੁਟਣਾ ਸ਼ੁਰੂ ਹੋ ਗਿਆ।
ਮੇਰੇ ਮੂੰਹੋਂ ਭਊਂ...ਭਊਂ ਜ਼ੋਰ ਨਾਲ ਨਿਕਲ ਗਿਆ।
ਝਾਈ ਨੂੰ ਯਕੀਨ ਹੋ ਗਿਆ ਕਿ ਮੈਂ ਤਾਰੇ ਕੋਲ ਹੀ ਹਾਂ।
ਉਹ ਸਾਡੇ ਕੋਲ ਆ ਗਈ।
“ਕੱਢ ਇਹਨੂੰ ਬਾਹਰ। ਵਿਚਾਰੇ ਦਾ ਸਾਹ ਘੁੱਟਦਾ ਈ ਕਿਤੇ।” ਝਾਈ ਨੇ ਹੁਕਮ ਕੀਤਾ।
ਉਸ ਨੇ ਤਾਰੇ ਦਾ ਸਵੈਟਰ ਕੁਝ ਉਤਾਂਹ ਨੂੰ ਉਠਾਇਆ।
ਤਾਰੇ ਨੇ ਝੱਟ ਹੀ ਮੈਨੂੰ ਸਵੈਟਰ ਹੇਠੋਂ ਬਾਹਰ ਕੱਢ ਦਿੱਤਾ। ਝਾਈ ਨੇ ਮੇਰੇ ਵੱਲ ਦੇਖਿਆ। ਮੈਂ ਵੀ ਚੁੰਨੀਆਂ ਜਿਹੀਆਂ ਅੱਖਾਂ ਨਾਲ ਝਾਈ ਨੂੰ ਦੇਖਿਆ।
ਉਸ ਦੇ ਚਿਹਰੇ ਉੱਤੇ ਕੁਝ ਘਿਰਣਾ ਦੇ ਚਿੰਨ੍ਹ ਵਿਖਾਈ ਦਿੱਤੇ।
“ਉਏ! ਇਹ ਸੁਗਾਤ ਕਿੱਥੋਂ ਲੈ ਕੇ ਆਇਆਂ... ਚਲ ਛੱਡ ਕੇ ਆ ਇਹਨੂੰ ਜਿੱਥੋਂ ਲੈ ਕੇ ਆਇਆਂ। ਚਲ ਚਲ ਤੀਰ ਹੋ...।” ਕਹਿੰਦੀ ਝਾਈ ਨੇ ਤਾਰੇ ਨੂੰ ਹੱਥ ਨਾਲ ਮਾੜਾ ਜਿਹਾ ਧੱਕਾ ਦਿੱਤਾ।
ਤਾਰਾ ਚੁੱਪਚਾਪ ਖਡ਼੍ਹਾ ਰਿਹਾ।
“ਅੱਗੇ ਤੁਹਾਡਾ ਸਿਆਪਾ ਨਹੀਂ ਮੁੱਕਦਾ... ਇਹ ਔਂਤਰੀ ਹੋਰ ਮੁਸੀਬਤ ਲੈ ਆਇਆ ਘਰ। ਚਲ ਛਡ ਕੇ ਆ ਇਹਨੂੰ। ਨਹੀਂ ਤਾਂ ਮੈਂ ਤੈਨੂੰ ਚੰਡਣਾ ਬਹੁਤ ਈ।” ਕਹਿੰਦੇ ਝਾਈ ਨੇ ਫੇਰ ਤਾਰੇ ਦੇ ਧੱਫਾ ਮਾਰਿਆ ਤੇ ਰਸੋਈ ਨੂੰ ਚਲੇ ਗਈ।
ਤਾਰਾ ਉੱਨਾ ਹੀ ਅੱਗੇ ਖਿਸਕਿਆ ਜਿੰਨਾ ਕੁ ਉਸ ਨੂੰ ਧੱਕਾ ਵੱਜਿਆ ਸੀ।
ਉਹ ਨੀਵੀਂ ਪਾਈ ਖਡ਼੍ਹਾ ਰਿਹਾ।
ਉਸ ਨੇ ਮੈਨੂੰ ਦੋਵੇਂ ਹੱਥਾਂ ਨਾਲ ਫੜਿਆ ਹੋਇਆ ਸੀ। ਉਸ ਦੇ ਹੱਥ ਮੈਨੂੰ ਪਲੋਸ ਰਹੇ ਸਨ। ਉਧਰ ਮੇਰਾ ਭੁੱਖ ਨਾਲ ਬਹੁਤ ਬੁਰਾ ਹਾਲ। ਮੈਂ ਜ਼ੋਰ ਜ਼ੋਰ ਨਾਲ ਚੂੰਕਿਆ।
“ਚਲ ਜਾ ਪੁੱਤਰ। ਛੱਡ ਕੇ ਆ... ਇਹਨੂੰ ਭੁਖ ਲੱਗੀ ਐ। ਇਹਦੀ ਮਾਂ ’ਡੀਕਦੀ ਪਈ ਹੋਣੀ ਐ। ਨਾਲੇ ਉਹ ਵਿਚਾਰੀ ਪ੍ਰੇਸ਼ਾਨ ਹੋਣੀ ਐ। ਜਾ ਮੇਰਾ ਸੋਣ੍ਹਾ ਪੁੱਤ, ਜਾ ਛੱਡ ਕੇ ਆ। ਆ ਫਿਰ ਮੈਂ ਤੈਨੂੰ ਰੋਟੀ ਦਿੰਨੀ ਆਂ...।”
ਝਾਈ ਨੇ ਤਾਰੇ ਨੂੰ ਇੱਕ ਕਿਸਮ ਦਾ ਤਰਲਾ ਜਿਹਾ ਪਾਇਆ।
ਤਾਰਾ ਫਿਰ ਨਾ ਹਿੱਲਿਆ।
“ਓ ਤੂੰ ਸੁਣਿਆ ਨਹੀਂ... ਜਾਂਦੈਂ ਕਿ ਜਾਂ ਆਵਾਂ ਮੈਂ... ਕਰਾਂ ਤੈਨੂੰ ਸਿੱਧਾ!”
ਕਹਿੰਦੀ ਹੱਥ ਉਠਾ ਕੇ ਝਾਈ ਤਾਰੇ ਵੱਲ ਵਧੀ।
“ਝਾਈ! ਕਿੱਥੇ ਛੱਡ ਕੇ ਆਵਾਂ... ਕਿਹਦੇ ਕੋਲ ਛੱਡ ਕੇ ਆਵਾਂ ਇਹਨੂੰ? ਇਹਦੀ ਮਾਂ ਤਾਂ ਮਰੀ ਗਈ ਐ...।” ਤਾਰੇ ਨੇ ਰੋਣੀ ਜਿਹੀ ਸੂਰਤ ਬਣਾਉਂਦਿਆਂ ਕਿਹਾ।
“ਹੈਂ! ਕੀ ਆਖਿਆ... ਇਹਦੀ ਮਾਂ ਮਰੀ ਗਈ... ਉਹ ਕਿੰਝਾਂ...?” ਕਹਿੰਦੀ ਝਾਈ ਜਿਸ ਥਾਂ ਖਡ਼੍ਹੀ ਸੀ, ਉੱਥੇ ਹੀ ਬੈਠ ਗਈ। ਤਾਰੇ ਨੂੰ ਮਾਰਨ ਲਈ ਉੱਠਿਆ ਹੱਥ ਵੀ ਹੇਠਾਂ ਨੂੰ ਆ ਗਿਆ।
“ਅੱਜ ਸਵੇਰੇ ਸੱਤ ਆਲੀ ਗੱਡੀ ਥੱਲੇ ਆ ਕੇ...।” ਤਾਰਾ ਬੋਲਿਆ।
ਇਹ ਸੁਣਦੇ ਸਾਰ ਝਾਈ ਦੇ ਗਲੇਡੂ ਭਰ ਆਏ।
ਇੰਨੀ ਦੇਰ ਤੀਕ ਮੇਰੇ ਚੂਕਣ ਦਾ ਸ਼ੋਰ ਵਧ ਗਿਆ।
ਝਾਈ ਨੇ ਹੰਝੂ ਪੂੰਝੇ। ਤਾਰੇ ਕੋਲੋਂ ਲੈ ਕੇ ਮੈਨੂੰ ਆਪਣੀ ਗੋਦ ਵਿੱਚ ਉਠਾ ਲਿਆ।
“ਓਏ ਰੱਬਾ! ਇਹ ਤੂੰ ਕੀ ਕੀਤਾ... ਇਹਦੇ ਕੋਲੋਂ ਇਹਦੀ ਮਾਂ ਈ ਖੋਹ ਲਈ। ਅਜੇ ਤਾਂ ਉਹਦਾ ਦੁੱਧ ਪੀਂਦਾ ਸੀ। ਤੇਰਾ ਕੁਛ ਨਾ ਰਹੇ... ਤੇਰਾ ਕੁਛ ਨਾ ਰਹੇ ਗੱਡੀਏ...।” ਬੋਲਦੀ ਤੇ ਡੁਸਕਦੀ ਝਾਈ ਰਸੋਈ ’ਚ ਗਈ।
ਉਹ ਝੱਟ ਇੱਕ ਬਾਟੀ ਵਿੱਚ ਦੁੱਧ ਲੈ ਆਈ। ਪਾਣੀ ਦੀ ਬਾਲਟੀ ਵਿੱਚ ਬਾਟੀ ਨੂੰ ਕੁਝ ਦੇਰ ਠੰਢਾ ਕੀਤਾ ਤੇ ਮੈਨੂੰ ਚਮਚ ਨਾਲ ਪਿਲਾਉਣ ਲੱਗੀ, ਪਰ ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਇੰਨੀ ਦੇਰ ਨੂੰ ਤਾਰਾ ਪਤਾ ਨਹੀਂ ਕਿੱਥੋਂ ਬੱਚੇ ਨੂੰ ਦੁੱਧ ਪਿਲਾਉਣ ਵਾਲੀ ਪੁਰਾਣੀ ਬੋਤਲ ਲੈ ਆਇਆ ਜਿਸ ਉੱਤੇ ਨਿੱਪਲ ਵੀ ਲੱਗਾ ਹੋਇਆ ਸੀ। ਝਾਈ ਨੇ ਛੇਤੀ ਨਾਲ ਦੁੱਧ ਬੋਤਲ ਵਿੱਚ ਪਾਇਆ ਤੇ ਨਿੱਪਲ ਮੇਰੇ ਮੂੰਹ ਵਿੱਚ ਦੇ ਦਿੱਤਾ।
“ਲੈ ਫੜ ਬੋਤਲ ਹੁਣ। ਪਿਲਾ ਆਪਣੇ ਫੁੱਫੜ ਨੂੰ। ਮੈਂ ਤੁਹਾਡੇ ਆਸਤੇ ਪਕਾਵਾਂ ਕੋਈ ਟੁੱਕੜ। ਅੱਗੇ ਦੋ ਨਹੀਂ ਸੰਭਲਦੇ ਸੀ ਹੁਣ ਇਕ ਹੋਰ ਸੁਗਾਤ ਲਈ ਆਇਆ ਈ...।”
ਕੋਸਾ ਕੋਸਾ ਦੁੱਧ ਪੀਂਦਿਆਂ ਕੁਝ ਦੇਰ ਲਈ ਮੈਨੂੰ ਲੱਗੇ ਜਿਵੇਂ ਮੈਂ ਆਪਣੀ ਮਾਂ ਦਾ ਥਣ ਹੀ ਮੂੰਹ ਵਿੱਚ ਪਾਇਆ ਹੋਵੇ। ਜਦੋਂ ਮੇਰੀਆਂ ਵੱਖੀਆਂ ਬਾਹਰ ਨੂੰ ਨਿਕਲ ਆਈਆਂ ਤਾਂ ਜਾ ਕੇ ਮੈਂ ਨਿੱਪਲ ਨੂੰ ਮੂੰਹ ਤੋਂ ਬਾਹਰ ਕੱਢਿਆ। ਥੋਡ਼੍ਹੀ ਦੇਰ ਬਾਅਦ ਤਾਰੇ ਨੇ ਡੰਗਰਾਂ ਵਾਲੇ ਅੰਦਰ ਪਰਾਲੀ ਉਪਰ ਮੈਨੂੰ ਇੱਕ ਪੁਰਾਣੀ ਜਿਹੀ ਬਿਛਾਉਣੀ ਉਪਰ ਲਿਟਾ ਦਿੱਤਾ। ਕੋਸੀ ਕੋਸੀ ਧੁੱਪ ਵਿੱਚ ਲੇਟਣ ਦਾ ਆਪਣਾ ਹੀ ਮਜ਼ਾ ਆ ਰਿਹਾ ਸੀ। ਜਲਦ ਹੀ ਨੀਂਦ ਨੇ ਮੈਨੂੰ ਦਬੋਚ ਲਿਆ।
ਦੁਪਹਿਰ ਨੂੰ ਜਦੋਂ ਅੱਖ ਖੁੱਲ੍ਹੀ ਤਾਂ ਘਰ ਵਿੱਚ ਪਾਪਾ ਜੀ, ਤਾਰੇ ਦਾ ਵੱਡਾ ਭਰਾ ਚੰਦੂ ਮੇਰੇ ਵੱਲ ਦੇਖ ਰਹੇ ਸਨ। ਸਾਰੇ ਵਾਰੀ ਵਾਰੀ ਮੇਰੇ ਨਾਲ ਲਾਡ ਲਡ਼ਾ ਰਹੇ ਸਨ। ਚੰਦੂ ਦੀ ਪੁਰਾਣੀ ਛੋਟੀ ਜਿਹੀ ਮੰਜੀ ਮੈਨੂੰ ਦੇ ਦਿੱਤੀ ਗਈ। ਸ਼ਾਮ ਨੂੰ ਜਦੋਂ ਚੰਦੂ ਤੇ ਤਾਰਾ ਡੰਗਰ ਚਰਾਉਣ ਗਏ ਤਾਂ ਮੈਨੂੰ ਵੀ ਨਾਲ ਚੁੱਕ ਕੇ ਲੈ ਗਏ। ਮੈਂ ਬਾਹਰ ਖੁੱਲ੍ਹੇ ਮਾਹੌਲ ਵਿੱਚ ਜਾ ਕੇ ਬੜਾ ਖ਼ੁਸ਼ ਹੋਇਆ। ਨਾਲਾ, ਡਿੱਬਰ, ਛੱਪੜ, ਖਜੂਰਾਂ, ਝਲੈਟੀਆਂ, ਬੇਰੀਆਂ, ਬੋਹੜ, ਪਿੱਪਲ ਤੇ ਕਿੱਕਰ ਤੇ ਹਰੇ ਭਰੇ ਲਹਿਲਰਾਉਂਦੇ ਖੇਤ ਸਾਰਾ ਕੁਝ ਬਹੁਤ ਮਨਭਾਉਣਾ ਸੀ। ਪਿੰਡ ਬਿਲਕੁਲ ਪਹਾੜਾਂ ਦੇ ਪੈਰਾਂ ਵਿੱਚ ਵੱਸਿਆ ਹੋਇਆ ਸੀ।
ਕੁਝ ਦਿਨਾਂ ਬਾਅਦ ਹੀ ਮੈਂ ਵੀ ਘਰ ਦਾ ਇੱਕ ਅਟੁੱਟ ਹਿੱਸਾ ਬਣ ਗਿਆ।
ਸਮਾਂ ਆਪਣੀ ਚਾਲੇ ਚਲਦਾ ਰਿਹਾ। ਦੇਖਦੇ ਹੀ ਦੇਖਦੇ ਮੈਂ ਜਵਾਨ ਹੋ ਗਿਆ। ਤਾਰੇ ਤੇ ਚੰਦੂ ਭਾ ਨੇ ਸਕੂਲੋਂ ਆਉਂਦਿਆ ਹੀ ਡੰਗਰ ਖੋਲ੍ਹ ਲੈਣੇ। ਘਾਹ ਪੱਠੇ ਲੈਣ ਤੁਰ ਪੈਣਾ। “ਚੱਲ ਉਏ ਡੱਬੂ ਚੱਲੀਏ ਪੱਠਿਆਂ ਨੂੰ...।” ਤਾਰੇ ਨੇ ਅਕਸਰ ਕਹਿਣਾ।
“ਚਲ ਚਲੀਏ ਡੰਗਰ ਚਰਾਉਣ...।” ਕਦੇ ਚੰਦੂ ਭਾ ਨੇ ਸੁਲਾਹ ਮਾਰਨੀ।
ਕਈ ਵਾਰੀ ਤਾਂ ਦੋਵੇਂ ਭਰਾਵਾਂ ਦੀ ਮੇਰੀ ਖ਼ਾਤਰ ਲੜਾਈ ਹੋ ਜਾਣੀ। ਮੈਂ ਬੜੇ ਧਰਮ ਸੰਕਟ ਵਿੱਚ ਪੈ ਜਾਣਾ ਕਿ ਕਿਸ ਦਾ ਕਿਹਾ ਮੋੜਾਂ ਤੇ ਕਿਸ ਦਾ ਨਹੀਂ। ਅਜਿਹੇ ਮੌਕੇ ਪਾਪਾ ਜੀ ਨੇ ਮੈਨੂੰ ਆਪਣੇ ਨਾਲ ਪੈਲੀ ਵਿੱਚ ਲੈ ਜਾਣਾ। ਉਸ ਨੇ ਮਿੱਟੀ ਦੀਆਂ ਢੀਮਾਂ ਚੁੱਕ ਕੇ ਅਮਰੂਦਾਂ ਤੇ ਸੰਗਤਰਿਆਂ ਦੇ ਰੁੱਖਾਂ ਵੱਲ ਸੁੱਟਣੀਆਂ। ਮੈਂ ਉੱਚੀ ਉੱਚੀ ਭੌਂਕਦੇ ਨੇ ਉਛਲਦੇ ਕੁੱਦਦੇ ਢੀਮਾਂ ਦੀ ਦਿਸ਼ਾ ਵੱਲ ਦੌੜਣਾ। ਮੇਰੇ ਭੌਂਕਣ ਦੀ ਆਵਾਜ਼ ਸੁਣ ਕੇ ਤੋਤਿਆਂ ਤੇ ਕਾਵਾਂ ਨੇ ਡਰਦਿਆਂ ਉੱਡ ਜਾਣਾ। ਕਈ ਵਾਰੀ ਮੈਂ ਗੰਨਿਆਂ ਦੇ ਖੇਤਾਂ ਵਿੱਚੋਂ ਗਿੱਦੜਾਂ ਨੂੰ ਵੀ ਭਜਾਉਣਾ। ਤਾਰੇ ਹੁਰਾਂ ਮੈਨੂੰ ਕਈ ਵਾਰੀ ਸ਼ਿਕਾਰ ਖੇਡਣ ਵੀ ਲੈ ਜਾਣਾ। ਕਈ ਵਾਰ ਸੇਹਿਆਂ ਤੇ ਤਿੱਤਰਾਂ ਪਿੱਛੇ ਮੇਰੀਆਂ ਦੌੜਾਂ ਲਗਾਉਣੀਆਂ। ਜਦੋਂ ਉਨ੍ਹਾਂ ਰਾਤ ਨੂੰ ਜੰਗਲ ਪਾਣੀ ਜਾਣਾ ਹੁੰਦਾ ਤਾਂ ਵੀ ਮੈਨੂੰ ਨਾਲ ਲੈ ਜਾਣਾ। ਮੈਨੂੰ ਵੀ ਉਹੀ ਕੁਝ ਖਾਣ ਪੀਣ ਨੂੰ ਮਿਲਣਾ ਜਿਹੜਾ ਝਾਈ ਨੇ ਤਾਰੇ ਤੇ ਚੰਦੂ ਨੂੰ ਦੇਣਾ। ਉਹ ਮੈਨੂੰ ਆਪਣਾ ਤੀਸਰਾ ਪੁੱਤਰ ਸਮਝਦੀ ਸੀ। ਪਾਪਾ ਜੀ ਵੀ ਮੈਨੂੰ ਬਹੁਤ ਪਿਆਰ ਕਰਦੇ। ਮੈਨੂੰ ਆਪਣੇ ਇਲਾਕੇ ਦੀ ਹਰ ਸ਼ੈਅ ਨਾਲ ਪਿਆਰ ਹੋ ਗਿਆ। ਸਾਰੇ ਮਨੁੱਖ, ਜਾਨਵਰ ਤੇ ਕੁਦਰਤ ਦਾ ਸਾਰਾ ਕੁਝ ਆਪਣਾ ਲੱਗਣਾ। ਵਕਤ ਬਹੁਤ ਮਜ਼ੇ ਨਾਲ ਲੰਘਦਾ ਗਿਆ।
... ... ...
ਜਦੋਂ ਮੈਂ ਅੱਠ ਨੌਂ ਸਾਲ ਦਾ ਹੋਇਆ ਤਾਂ ਮੇਰਾ ਦਿਲ ਨੱਠਣ ਭੱਜਣ ਨੂੰ ਘਟ ਹੀ ਕਰਦਾ ਸੀ। ਉਧਰ ਚੰਦੂ ਤੇ ਤਾਰਾ ਭਾਅ ਭਰਭੂਰ ਜਵਾਨ ਹੋ ਗਏ ਸਨ। ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਮਸਤੀਆਂ ਕਰਦੇ। ਕਦੇ ਕਦੇ ਮੈਨੂੰ ਉਨ੍ਹਾਂ ਦੀਆਂ ਜ਼ਿਆਦਤੀਆਂ ਨਾਲ ਚਿੜ ਵੀ ਹੋ ਜਾਂਦੀ। ਕਈ ਵਾਰੀ ਪਾਪੇ ਤੇ ਝਾਈ ਨੇ ਉਨ੍ਹਾਂ ਨੂੰ ਸਮਝਾਉਣਾ ਵੀ, ਪਰ ਉਹ ਫਿਰ ਵੀ ਮੇਰੇ ਨਾਲ ਹੀ ਖੇਡਣਾ ਪਸੰਦ ਕਰਦੇ।
ਹੁਣ ਕੁਝ ਦਿਨ ਪਹਿਲਾਂ ਦੀ ਗੱਲ ਹੈ, ਮੇਰਾ ਸਰੀਰ ਟੁੱਟ ਜਿਹਾ ਰਿਹਾ ਸੀ। ਸ਼ਾਇਦ ਬੁਖਾਰ ਚਡ਼੍ਹਿਆ ਹੋਇਆ ਸੀ। ਦੋ ਦਿਨ ਤਾਂ ਮੈਂ ਤਾਰੇ ਭਾ ਨਾਲ ਡੰਗਰ ਚਰਾਉਣ ਚਲਾ ਗਿਆ, ਪਰ ਤੀਸਰੇ ਦਿਨ ਤਾਂ ਮੇਰਾ ਹਿਲਣ-ਜੁਲਣ ਨੂੰ ਬਿਲਕੁਲ ਮਨ ਨਾ ਕਰੇ। ਨਾ ਖਾਣ ਨੂੰ ਚਿਤ ਕਰੇ ਨਾ ਪੀਣ ਨੂੰ। ਮੇਰਾ ਜੀਅ ਚੁੱਪਚਾਪ ਆਰਾਮ ਕਰਨ ਨੂੰ ਕਰੇ। ਤਾਰਾ ਭਾ ਸਕੂਲੋਂ ਆਇਆ। ਉਸ ਨੇ ਰੋਟੀ ਖਾਧੀ ਤੇ ਰੋਜ਼ ਦੀ ਤਰ੍ਹਾਂ ਡੰਗਰ ਚਰਾਉਣ ਵਾਸਤੇ ਤੁਰ ਪਿਆ।
“ਡੱਬੂ! ਚੱਲ ਉੱਠ ਚੱਲੀਏ...।” ਉਹ ਬੋਲਿਆ।
ਮੈਂ ਘੇਸ ਜਿਹੀ ਵੱਟੀ ਰੱਖੀ ਜਿਵੇਂ ਸੁਣਿਆ ਹੀ ਨਾ ਹੋਵੇ। ਮੈਂ ਮੰਜੀ ਹੇਠਾਂ ਗੁੱਛਾਮੁੱਛਾ ਹੋਇਆ ਪਿਆ ਸਾਂ। ਉਸ ਨੇ ਨਿਉਂ ਕੇ ਮੇਰੇ ਵੱਲ ਦੇਖਿਆ। ਮੈਂ ਨਜ਼ਰਾਂ ਨਹੀਂ ਮਿਲਾਈਆਂ।
“ਚਲ ਉੱਠਦਾ ਕਿਉਂ ਨਹੀਂ?” ਉਹ ਫੇਰ ਬੋਲਿਆ।
ਮੈਂ ਆਪਣਾ ਸਿਰ ਆਪਣੀ ਪਿਛਲੀਆਂ ਲੱਤਾਂ ਵਿੱਚ ਦੇ ਲਿਆ। ਉਸ ਨੇ ਹੱਥ ਵਿੱਚ ਫੜੀ ਪਰੈਣੀ ਮੇਰੀ ਪਿੱਠ ਵਿੱਚ ਖੋਭੀ। ਮੈਂ ਥੋਡ਼੍ਹਾ ਜਿਹਾ ਗੁਰਰਾਇਆ।
“ਬੜੇ ਨਖਰੇ ਕਰਦੈਂ... ਚੱਲ ਉੱਠ ਯਾਰ ਲੇਟ ਹੋ ਰਹੇ ਆਂ... ਉਹ ਘੁੱਦੂ ਨੇ ਡੰਗਰ ਕਦੋਂ ਦੇ ਖੋਲ੍ਹ ਲਏ ਨੇ।” ਬੋਲਦਿਆਂ ਉਸ ਨੇ ਹਲਕੇ ਜਿਹੇ ਪਰੈਣੀ ਫੇਰ ਮੇਰੀ ਵੱਖੀ ਵਿੱਚ ਮਾਰੀ।
ਮੈਨੂੰ ਸੱਚਮੁੱਚ ਦਰਦ ਹੋਇਆ। ਮੈਂ ਥੋਡ਼੍ਹਾ ਉੱਚੀ ਜਿਹੀ ਆਵਾਜ਼ ਵਿੱਚ ਫਿਰ ਗੁਰਰਾਇਆ। ਤਾਰਾ ਭਾ ਮੇਰੀ ਮਜਬੂਰੀ ਸਮਝ ਨਹੀਂ ਰਿਹਾ ਸੀ। ਉਸ ਨੇ ਹੱਦੋਂ ਵੱਧ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਜ਼ਿਆਦਤੀ ਹੋ ਗਈ, ਮੈਂ ਦੰਦ ਕੱਢ ਕੇ ਉਸ ਵੱਲ ਦੌੜਿਆ। ਉਸ ਨੂੰ ਟੱਕ ਮਾਰਨ ਦਾ ਨਾਟਕ ਕਰਦਾ ਹੋਇਆ। ਪਹਿਲੀ ਵਾਰ ਤਾਰੇ ਨੂੰ ਮੇਰੇ ਕੋਲੋਂ ਡਰ ਲੱਗਿਆ। ਉਹ ਬਾਹਰ ਨੂੰ ਦੌੜਿਆ। ਮੈਂ ਫੇਰ ਆ ਕੇ ਮੰਜੀ ਹੇਠਾਂ ਲੰਮਾ ਪੈ ਗਿਆ। ਉਸ ਵੇਲੇ ਘਰ ਵਿੱਚ ਕੋਈ ਵੀ ਨਹੀਂ ਸੀ। ਕੁਝ ਦੇਰ ਬਾਅਦ ਆ ਕੇ ਤਾਰਾ ਭਾ ਦੁਬਾਰਾ ਪਰੈਣੀ ਮੇਰੀ ਪਿੱਠ ’ਚ ਖੋਭਣ ਲੱਗ ਪਿਆ।
“ਕੀ ਐ ਯਾਰ! ਕਿਉਂ ਤੰਗ ਕਰਦੈਂ! ਰਦ ਹੁੰਦੀ ਐ... ਖੁਭੋ ਯਾਰ... ਆ ਟਾਹਲੀ ਦੀ ਪਰੈਣੀ ਜਿਹੀ ਬੜੀ ਚੁਭਦੀ ਹੈ... ਇਹਦੀ ਚੁੰਝ ਬੜੀ ਤੇਜ਼ ਹੈ... ਓਏ ਚੁਭਦੀ ਐ ਯਾਰ... ਮੈਨੂੰ ਤਾਪ ਚੜ੍ਹਿਆ ਹੋਇਐ।” ਮੈਂ ਇਹੀ ਕਹਿਣਾ ਚਾਹੁੰਦਾ ਸਾਂ ਪਰ ਮਨੁੱਖਾਂ ਵਾਂਗ ਬੋਲ ਨਹੀਂ ਸਕਦਾ।
ਉਸ ਨੇ ਫੇਰ ਪਰੈਣੀ ਮੇਰੀ ਵੱਖੀ ਵਿੱਚ ਜ਼ੋਰ ਨਾਲ ਖੋਭ ਦਿੱਤੀ।
ਹਿੰਮਤ ਕਰਕੇ ਮੈਂ ਉਸ ਉਪਰ ਝਪਟਿਆ।
“ਓਏ! ਮੈਨੂੰ ਡੱਬੂ ਨੇ ਵੱਢ ਖਾਧਾ ਈ ਓ... ਝਾਈ! ਮੈਨੂੰ ਡੱਬੂ ਨੇ ਵੱਢ ਖਾਧਾ ਈ।” ਚੀਖਦਾ ਹੋਇਆ ਤਾਰਾ ਭਾ ਲੱਤ ਫੜ ਕੇ ਬਾਹਰ ਨੂੰ ਦੌੜਿਆ।
ਮੈਂ ਇਸ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ। ਮੈਂ ਸੋਚਿਆ ਐਵੇਂ ਹੀ ਡਰਾਮੇ ਕਰਦਾ ਪਿਆ ਹੈ। ਮੈਂ ਮੰਜੀ ਥੱਲੇ ਆ ਕੇ ਲੇਟ ਗਿਆ।
ਉਸ ਦਿਨ ਮੈਨੂੰ ਪਹਿਲੀ ਵਾਰ ਲੱਗਿਆ ਕਿ ਜੇਕਰ ਮੈਂ ਵੀ ਮਨੁੱਖੀ ਭਾਸ਼ਾ ਬੋਲਦਾ ਹੁੰਦਾ ਤਾਂ ਬਹੁਤ ਚੰਗਾ ਹੋਣਾ ਸੀ। ਮੈਂ ਆਪਣੇ ਦੁੱਖ ਦੱਸ ਸਕਦਾ ਸੀ। ਆਪਣੇ ਬੁਖਾਰ ਚਡ਼੍ਹੇ ਦੀ ਗੱਲ ਤਾਰੇ ਭਾ ਨੂੰ ਦੱਸ ਸਕਦਾ ਸੀ।
ਕੁਝ ਦੇਰ ਬਾਅਦ ਤਾਰੇ ਦੀ ਬਾਂਹ ਫੜੀ ਝਾਈ ਮੇਰੇ ਵੱਲ ਆਈ।
“ਓਏ ਤੈਨੂੰ ਗੋਲਾ ਵੱਜੇ... ਕਿੱਥੇ ਐਂ ਤੂੰ! ਹੈਂ ਮੇਰੇ ਮੁੰਡੇ ਨੂੰ ਵੱਢ ਖਾਧਾ... ਆ ਹਾਂ ਉਰੇ ਤੈਨੂੰ ਦਿਆਂ ਮਜ਼ਾ... ਹੈਂ ਮੌਤ ਪੈਣੇ ਨੇ ਚਾਰੇ ਦੰਦ ਲਾ ਦਿੱਤੇ ਈ ਓ... ਤੈਨੂੰ ਤਾਂ ਅਹੀਂ ਰੋਜ਼ ਦੁੱਧ ਇਸ ਕਰਕੇ ਪਿਆਂਦੇ ਸਾਂ ਬਈ ਤੂੰ ਸਾਡੇ ਹੀ ਬੱਚਿਆਂ ਨੂੰ ਵੱਢੇਂ। ਹੈ ਕਿਹੋ ਜਿਹਾ ਜ਼ਮਾਨਾ ਆ ਗਿਆ ਈ ਲੋਕੋ! ਭਲਮਾਨਸੀ ਖ਼ਤਮ ਹੋਈ ਗਈ।” ਝਾਈ ਤਾਰੇ ਭਾ ਨੂੰ ਲੈ ਕੇ ਵਿਹੜੇ ਵਿੱਚ ਪਏ ਮੰਜੇ ’ਤੇ ਬੈਠਦੀ ਬੋਲੀ।
ਉਹ ਤਾਰੇ ਦੀ ਲੱਤ ਉਪਰ ਵਾਰ ਵਾਰ ਹੱਥ ਲਾ ਕੇ ਦੇਖ ਰਹੀ ਸੀ। ਚਿਹਰੇ ’ਤੇ ਉਸ ਦਾ ਦੁੱਖ ਝਲਕ ਰਿਹਾ ਸੀ।
ਤਾਰੇ ਭਾ ਦੇ ਸੱਚਮੁੱਚ ਦੰਦ ਲੱਗ ਗਏ ਸਨ। ਇਹ ਸੁਣਦੇ ਸਾਰ ਮੇਰਾ ਸਰੀਰ ਕੰਬ ਗਿਆ। ਘੜੀ ਦੀ ਘੜੀ ਮੇਰਾ ਬੁਖਾਰ ਪਤਾ ਨਹੀਂ ਕਿੱਥੇ ਫੁਰ ਹੋ ਗਿਆ। ਮੈਂ ਮੰਜੀ ਹੇਠੋਂ ਨਿਕਲ ਕੇ ਉਨ੍ਹਾਂ ਕੋਲ ਗਿਆ। ਤਾਰੇ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਵਗ ਆਏ ਸਨ। ਮੈਂ ਨੀਵੀਂ ਪਾਈ ਖੜ੍ਹਾ ਰਿਹਾ। ਪੂਛ ਨੂੰ ਹਿਲਾਉਂਦਾ ਹੋਇਆ।
“ਦੌੜ ਜਾ ਇੱਥੋਂ... ਤੂੰ ਫੇਰ ਆਇਆਂ ਮੇਰੇ ਪੁੱਤ ਨੂੰ ਵੱਢਣ...?” ਬੋਲਦੀ ਝਾਈ ਨੇ ਨੇੜੇ ਪਈ ਚੱਪਲ ਮੇਰੇ ਵੱਲ ਵਗਾਹ ਕੇ ਮਾਰੀ।
ਮੈਂ ਉੱਥੇ ਹੀ ਖੜ੍ਹਾ ਰਿਹਾ। ਝਾਈ ਨੇ ਹਲਦੀ ਤੇ ਤੇਲ ਦਾ ਮਿਸ਼ਰਨ ਤਾਰੇ ਭਾ ਦੀ ਲੱਤ ਉੱਤੇ ਲਾਇਆ।
ਇੰਨੀ ਦੇਰ ਨੂੰ ਆਂਢ-ਗੁਆਂਢ ਵੀ ਇਕੱਠਾ ਹੋ ਗਿਆ। ਜਿੰਨੇ ਮੂੰਹ ਓਨੀਆਂ ਗੱਲਾਂ ਹੋਣ ਲੱਗੀਆਂ। ਮੈਂ ਮਸੋਸਿਆ ਜਿਹਾ ਮੂੰਹ ਲੈ ਕੇ ਇੱਧਰ ਉੱਧਰ ਘੁੰਮਦਾ ਰਿਹਾ। ਉੱਧਰ ਮੇਰਾ ਸਰੀਰ ਜਵਾਬ ਦੇ ਰਿਹਾ ਸੀ। ਮੈਂ ਆਪਣੀ ਕਰਨੀ ’ਤੇ ਬਹੁਤ ਪਛਤਾਅ ਰਿਹਾ ਸਾਂ। ਸੋਚ ਰਿਹਾ ਸਾਂ ਕਿ ਕਿਉਂ ਨਹੀਂ ਆਪਣੇ ਗੁੱਸੇ ’ਤੇ ਕਾਬੂ ਰੱਖ ਸਕਿਆ।
ਸਾਰੇ ਮੇਰੇ ਵੱਲ ਗੁਸੈਲ ਨਜ਼ਰਾਂ ਨਾਲ ਤੱਕ ਰਹੇ ਸਨ। ਮੈਂ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਕੁਝ ਦੇਰ ਘਰ ਤੋਂ ਬਾਹਰ ਚਲੇ ਜਾਣਾ ਬਿਹਤਰ ਸਮਝਿਆ।
ਕਿਸੇ ਨੇ ਪਾਪਾ ਨੂੰ ਵੀ ਜਾ ਖ਼ਬਰ ਪਹੁੰਚਾ ਦਿੱਤੀ। ਉਹ ਵੀ ਖੇਤਾਂ ਤੋਂ ਮੁੜ ਆਏ। ਮੇਰੇ ਵੱਲ ਵੇਖ ਕੇ ਉਹ ਵੀ ਅੱਗ ਬਗੂਲਾ ਹੋ ਗਏ। ਪਾਪਾ ਤਾਰੇ ਦੇ ਜ਼ਖ਼ਮ ਨੂੰ ਵਾਰ ਵਾਰ ਛੂਹ ਰਹੇ ਸਨ। ਉਸ ਨੂੰ ਗਲ ਨਾਲ ਲਗਾ ਰਹੇ ਸਨ। ਉਸ ਦੇ ਹੰਝੂ ਸਾਫ਼ ਕਰ ਰਹੇ ਸਨ। ਤਾਰਾ ਭਾ ਪਾਪੇ ਨੂੰ ਗਾਥਾ ਸੁਣਾਨ ਲੱਗ ਪਿਆ।
“ਪਾਪਾ! ਮੈਂ ਰੋਜ਼ ਵਾਂਗ ਆਖਿਆ ਬਈ ਡੱਬੂ ਚੱਲ ਚੱਲੀਏ ਡੰਗਰ ਚਰਾਣ... ਪਤਾ ਨਹੀਂ ਇਸ ਨੇ ਮੈਨੂੰ ਕਿਉਂ ਵੱਢ ਖਾਧਾ...?” ਮੈਂ ਤਾਰੇ ਭਾਅ ਵੱਲ ਵੇਖ ਰਿਹਾ ਸੀ ਕਿ ਉਹ ਝੂਠ ਨਾ ਬੋਲੇ ਪਰ ਉਹ ਤਾਂ ਆਪਣੀ ਸਫ਼ਾਈ ਦੇਣ ਲੱਗਾ ਹੋਇਆ ਸੀ।
“ਤਾਰਿਆ, ਤੂੰ ਜ਼ਰੂਰ ਇਹਨੂੰ ਤੰਗ ਕੀਤਾ ਹੋਣੈ।” ਪਾਪਾ ਜੀ ਸੱਚ ਜਾਨਣਾ ਚਾਹੁੰਦੇ ਸੀ, ਪਰ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਿੱਚ ਕਾਮਯਾਬ ਹੋ ਗਿਆ।
ਮੈਂ ਬੇਜ਼ੁਬਾਨਾ ਆਪਣਾ ਪੱਖ ਰੱਖ ਹੀ ਨਹੀਂ ਸਕਿਆ।
ਪਾਪਾ ਜੀ ਮੇਰੇ ਨੇੜੇ ਆਏ। ਉਨ੍ਹਾਂ ਲਾਗੇ ਪਾਈ ਪਰੈਣੀ ਚਾਰ ਪੰਜ ਵਾਰ ਮੇਰੀ ਵੱਖੀ ’ਚ ਮਾਰੀ। ਮੈਂ ਅੱਖਾਂ ਮੀਚ ਕੇ ਸਾਰੀ ਪੀੜ ਸਹਿ ਗਿਆ। ਮੈਂ ਪਹਿਲਾਂ ਹੀ ਬਿਮਾਰ ਸਾਂ। ਉੱਪਰੋਂ ਇਸ ਪਰੈਣੀ ਦੀ ਸੱਟਾਂ ਨੇ ਜਿਵੇਂ ਮੇਰੀ ਜਾਨ ਹੀ ਕੱਢ ਦਿੱਤੀ ਹੋਵੇ।
“ਤੈਨੂੰ ਸ਼ਰਮ ’ਤੇ ਨ੍ਹੀਂ ਆਈ ਹੋਣੀ ਜਿਨ੍ਹਾਂ ਦੇ ਖਾਨੈਂ ਉਨ੍ਹਾਂ ਨੂੰ ਵੱਢਦੈਂ... ਦੁਰ ਲਾਹਣਤ ਹੈ ਤੇਰੇ ਉਪਰ। ਰਿਹਾ ਨਾ ਕੁੱਤੇ ਦਾ ਕੁੱਤਾ ਹੀ... ਜਾਨਵਰ ਦਾ ਜਾਨਵਰ ਹੀ।” ਕਹਿੰਦਿਆਂ ਪਾਪਾ ਜੀ ਨੇ ਇੱਕ ਵਾਰ ਫੇਰ ਮੇਰੇ ਪਰੈਣੀ ਮਾਰੀ। ਮੇਰੀ ਚੀਖ ਨਿਕਲ ਗਈ ਪਰ ਮੈਂ ਚੁੱਪਚਾਪ ਸਹਿੰਦਾ ਰਿਹਾ। ਮੇਰੇ ਹੰਝੂ ਵਗ ਆਏ। ਪੀੜ ਅਸਹਿ ਹੋ ਗਈ।
ਮੈਂ ਗੁੰਮਸੁੰਮ ਹੋ ਕੇ ਇੱਕ ਪਾਸੇ ਨੂੰ ਢਹਿ ਗਿਆ।
ਕੁਝ ਦੇਰ ਬਾਅਦ ਪਾਪਾ ਜੀ ਤਾਰੇ ਭਾ ਨੂੰ ਡਾਕਟਰ ਨੂੰ ਵਿਖਾ ਆਏ।
“ਤਾਰੇ ਦੀ ਝਾਈ! ਡਾਕਟਰ ਆਖਦੈ ਬਈ ਚੌਦਾਂ ਟੀਕੇ ਲੱਗਣਗੇ ਤਾਰੇ ਦੀ ਧੁੰਨੀ ’ਚ। ਫਿਰ ਕਿਤੇ ਜਾ ਕੇ ਯਕੀਨ ਹੋਏਗਾ ਬਈ ਇਹਨੂੰ ਹਲਕਾਅ ਨਹੀਂ ਚੜ੍ਹੇਗਾ। ਇਕ ਲੁਆ ਆਇਆਂ। ਹੋਰ ਪਿਆ ਦੁੱਧ... ਹੋਰ ਖੁਆ ਚੂਰੀਆਂ ਆਪਣੇ ਲਾਡਲੇ ਨੂੰ।” ਪਾਪੇ ਨੇ ਮੇਰੇ ਵੱਲ ਘਿਰਣਾ ਨਾਲ ਵੇਖਦਿਆਂ ਕਿਹਾ।
“ਚਲੋ ਛਡੋ ਹੁਣ... ਤਾਰਾ ਕਿਹੜਾ ਘੱਟ ਹੈ ਇਹਨੇ ਵੀ ਤੰਗ ਕੀਤਾ ਹੋਣੈ... ਕਿਉਂ ਤਾਰਿਆ ਮੈਂ ਝੂਠ ’ਤੇ ਨ੍ਹੀਂ ਕਹਿੰਦੀ।” ਝਾਈ ਨੇ ਤਾਰੇ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਦੇ ਕਿਹਾ। ਤਾਰੇ ਨੇ ਮੇਰੇ ਵੱਲ ਦੇਖਿਆ ਤੇ ਸਿਰ ਝੁਕਾ ਕੇ ਖਡ਼੍ਹਾ ਰਿਹਾ।
ਮੈਂ ਆਪਣੀ ਪੂਛ ਲਗਾਤਾਰ ਹਿਲਾਉਂਦਾ ਰਿਹਾ। ਮੇਰੇ ਕੋਲੋਂ ਗ਼ਲਤੀ ਤਾਂ ਹੋ ਚੁੱਕੀ ਸੀ। ਮੈਂ ਤਾਂ ਅਫ਼ਸੋਸ ਹੀ ਕਰ ਸਕਦਾ ਸੀ। ਝਾਈ ਤਾਂ ਕੁਝ ਨਰਮ ਸੀ, ਪਰ ਪਾਪਾ ਜੀ ਦਾ ਗੁੱਸਾ ਅਜੇ ਵੀ ਸੱਤਵੇਂ ਅਸਮਾਨ ’ਤੇ ਚੜ੍ਹਿਆ ਸੀ।
“ਦੇਖ! ਅਜੇ ਵੀ ਢੀਠਾਂ ਵਾਂਗ ਖੜ੍ਹਾ ਹੈ। ਚਲ ਦਫ਼ਾ ਹੋ... ਮੇਰੀਆਂ ਨਜ਼ਰੇਂ ਤੋਂ ਓਹਲੇ ਹੋਜਾ।” ਪਾਪਾ ਜੀ ਨੇ ਮੈਨੂੰ ਘੂਰਦੇ ਕਿਹਾ।
ਮੈਂ ਬਾਹਰ ਨੂੰ ਚਲਾ ਗਿਆ।
ਇੱਕ ਤਾਂ ਮੈਂ ਬਿਮਾਰ ਸਾਂ। ਦੂਸਰਾ ਪਰੈਣੀਆਂ ਦਾ ਦਰਦ ਵੀ ਨਹੀਂ ਭੁੱਲ ਰਿਹਾ ਸੀ। ਮੈਂ ਬੇਗ਼ਾਨਿਆਂ ਤੇ ਅਨਾਥਾਂ ਵਾਂਗ ਬਾਹਰ ਘੁੰਮਦਾ ਰਿਹਾ।
ਸ਼ਾਮ ਹੁੰਦਿਆਂ ਹੀ ਮੈਂ ਫਿਰ ਘਰ ਆ ਕੇ ਮੰਜੀ ਥੱਲੇ ਆ ਵੜਿਆ।
ਪਾਪਾ ਜੀ ਦੀ ਨਿਗ੍ਹਾ ਫੇਰ ਮੇਰੇ ’ਤੇ ਪੈ ਗਈ। ਉਹ ਫੇਰ ਮੇਰੇ ਵੱਲ ਵਧੇ ਪਰ ਝਾਈ ਨੇ ਮੈਨੂੰ ਕੁਝ ਨਾ ਕਹਿਣ ਲਈ ਇਸ਼ਾਰਾ ਕੀਤਾ। ਪਾਪਾ ਜੀ ਬੁੜ ਬੁੜ ਕਰਦੇ ਰਹੇ। ਮੈਂ ਮੰਜੀ ਹੇਠਾਂ ਦੁਬਕਿਆ ਰਿਹਾ।
ਉਸੇ ਸ਼ਾਮ ਨੂੰ ਕੁਦਰਤੀ ਤਾਰੇ ਤੇ ਚੰਦੂ ਭਾਅ ਦੇ ਨਾਨੇ ਹੋਰੀਂ ਘਰ ਆ ਗਏ। ਘਰ ਵਿੱਚ ਮਾਹੌਲ ਅਜੇ ਵੀ ਗਰਮ ਸੀ। ਨਾਨਾ ਜੀ ਵੀ ਮੈਨੂੰ ਬਹੁਤ ਪਿਆਰ ਕਰਦੇ ਸਨ। ਘਰਦਿਆਂ ਤੋਂ ਸਾਰੀ ਗੱਲਬਾਤ ਸੁਣ ਕੇ ਉਹ ਚੁੱਪ ਰਹੇ। ਉਨ੍ਹਾਂ ਨੇ ਅੱਖਾਂ ਹੀ ਅੱਖਾਂ ਵਿੱਚ ਤਾਰੇ ਵੱਲ ਦੇਖਿਆ। ਤਾਰੇ ਨੇ ਅੱਗੋਂ ਖਚਰੀ ਹਾਸੀ ਹੱਸ ਦਿੱਤੀ। ਰਾਤ ਨੂੰ ਪਾਪਾ ਜੀ ਤੇ ਨਾਨਾ ਜੀ ਨੇ ਦੋ ਦੋ ਪੈੱਗ ਦਾਰੂ ਦੇ ਲਾਏ ਤਾਂ ਪਾਪਾ ਜੀ ਨਜ਼ਰ ਫਿਰ ਮੇਰੇ ’ਤੇ ਜਾ ਪਈ।
“ਚਾਚਾ! ਮੈਂ ਡੱਬੂ ਨੂੰ ਹੁਣ ਇਸ ਘਰ ਵਿੱਚ ਨਹੀਂ ਰੱਖਣਾ। ਲੈ ਜਾ ਇਹਨੂੰ ਇੱਥੋਂ। ਇਹਦੇ ਅਲ ਦਿਖ ਮੈਨੂੰ ਜ਼ਹਰ ਚੜ੍ਹ ਜਾਂਦਾ ਈ। ਪਿਛਲੇ ਅੱਠ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ। ਹੈਂ ਦੇਖੋ! ਤਾਰੇ ਨੂੰ ਦੰਦ ਲਾ ਦਿੱਤੇ। ਇਹਨੂੰ ਸ਼ਰਮ ਨ੍ਹੀਂ ਆਈ।” ਪਾਪਾ ਜੀ ਨੇ ਫੇਰ ਉਹੀ ਅਲਾਪ ਛੇੜ ਦਿੱਤਾ।
“ਕੁਹ ਨਹੀਂ ਹੋਇਆ। ਤਾਰਾ ਛੇੜਦਾ ਪਿਆ ਹੋਣੈ... ਡੱਬੇ ਨੇ ਡਰਾਉਣ ਆਸਤੇ ਦੰਦ ਕੱਢੇ ਹੋਣੇ ਤੇ ਭੁਲੇਖੇ ਨਾਲ ਲੱਗ ਗਏ ਹੋਣੇ ਐਂ...।” ਨਾਨਾ ਪਾਪੇ ਨੂੰ ਸ਼ਾਂਤ ਕਰਨ ਲਈ ਮੇਰਾ ਪੱਖ ਪੂਰ ਰਿਹਾ ਸੀ, ਪਰ ਪਾਪਾ ਜੀ ਟੱਸ ਤੋਂ ਮੱਸ ਨਾ ਹੋਏ।
ਅਗਲੇ ਦਿਨ ਪਾਪਾ ਜੀ ਨੇ ਮੈਨੂੰ ਨਾਨੇ ਨਾਲ ਭੇਜਣ ਦੇ ਹੁਕਮ ਸੁਣਾ ਦਿੱਤੇ।
ਮੇਰੇ ਗੱਲ ਵਿੱਚ ਪਟਾ ਪਾਇਆ ਤੇ ਉਸ ਵਿੱਚ ਸੰਗਲੀ ਫਸਾ ਦਿੱਤੀ। ਇੱਕ ਵੱਡੀ ਬੋਰੀ ਨੂੰ ਕੱਛੇ ਮਾਰੀ ਨਾਨਾ ਜੀ ਮੈਨੂੰ ਰੇਲਵੇ ਸਟੇਸ਼ਨ ਵੱਲ ਲੈ ਤੁਰੇ। ਮੈਂ ਬਹੁਤ ਕੋਸ਼ਿਸ ਕੀਤੀ ਕਿ ਮੈਨੂੰ ਨਾ ਭੇਜਿਆ ਜਾਵੇ। ਬਥੇਰੀਆਂ ਪਿੱਛੇ ਨੂੰ ਖਿੱਚੀਆਂ ਮਾਰੀਆਂ। ਪਾਪਾ ਤੇ ਝਾਈ ਦੇ ਪੈਰੀਂ ਪਿਆ। ਉਨ੍ਹਾਂ ਦੇ ਤਰਲੇ ਕੱਢੇ, ਪਰ ਪਾਪੇ ਦੇ ਹੁਕਮ ਅੱਗੇ ਕੋਈ ਕੁਝ ਨਹੀਂ ਬੋਲਿਆ। ਤਾਰਾ ਤੇ ਚੰਦੂ ਭਾਅ ਵੀ ਪਹਿਲਾਂ ਤਾਂ ਕੁਝ ਦੇਰ ਮੇਰੇ ਨਾਲ ਨਜ਼ਰਾਂ ਨਾ ਮਿਲਾਉਣ ਪਰ ਜਦੋਂ ਤਾਰੇ ਨੇ ਮੈਨੂੰ ਵਿਲਕਦੇ ਦੇਖਿਆ ਤਾਂ ਉਹਦਾ ਮੂੰਹ ਵੀ ਉਤਰ ਆਇਆ, ਪਰ ਉਹ ਬੋਲਿਆ ਕੁਝ ਨਹੀਂ। ਸੱਚ ਬੋਲਣ ਦੀ ਹਿੰਮਤ ਉਸ ਵਿੱਚ ਨਹੀਂ ਸੀ। ਉਸ ਨੂੰ ਪਤਾ ਸੀ ਕਿ ਜੇ ਹੁਣ ਸੱਚ ਬੋਲਿਆ ਤਾਂ ਪਾਪਾ ਜੀ ਨੇ ਉਸ ਦੀ ਚੰਗੀ ਛਿੱਲ ਲਾਹੁਣੀ ਹੈ। ਹਾਰ ਕੇ ਮੈਂ ਹੋਣੀ ਨੂੰ ਮੰਨ ਲਿਆ।
ਨਾਨਾ ਜੀ ਨੇ ਰੇਲ ਗੱਡੀ ਰਾਹੀਂ ਆਪਣੇ ਪਿੰਡ ਜਾਣਾ ਸੀ। ਸਟੇਸ਼ਨ ’ਤੇ ਜਾ ਕੇ ਨਾਨਾ ਜੀ ਨੇ ਮੈਨੂੰ ਬੋਰੀ ਵਿੱਚ ਪਾ ਲਿਆ। ਉਪਰੋਂ ਬੋਰੀ ਦਾ ਮੂੰਹ ਬੰਨ੍ਹ ਦਿੱਤਾ। ਮੈਂ ਇਕੱਠਾ ਹੋ ਕੇ ਬੈਠ ਗਿਆ। ਮੇਰੇ ਦੇਖਣ ਤੇ ਸਾਹ ਲੈਣ ਵਾਸਤੇ ਬੋਰੀ ਨੂੰ ਕੈਂਚੀ ਨਾਲ ਕੱਟ ਕੇ ਉਸ ਵਿੱਚ ਦੋ ਮਘੋਰੇ ਜਿਹੇ ਬਣਾ ਦਿੱਤੇ। ਮੇਰੀ ਤਬੀਅਤ ਪਹਿਲਾਂ ਹੀ ਬਹੁਤ ਖਰਾਬ ਸੀ। ਗੱਡੀ ਆਈ ਤਾਂ ਨਾਨਾ ਜੀ ਮੈਨੂੰ ਲੈ ਕੇ ਦਰਵਾਜ਼ੇ ਦੇ ਨਜ਼ਦੀਕ ਹੀ ਬੈਠ ਗਏ। ਬੋਰੀ ਉਨ੍ਹਾਂ ਇਸ ਤਰ੍ਹਾਂ ਰੱਖੀ ਹੋਈ ਸੀ ਜਿਵੇਂ ਕੋਈ ਸਾਮਾਨ ਪਾ ਕੇ ਲਿਜਾਇਆ ਜਾ ਰਿਹਾ ਹੋਵੇ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਜਾਨਵਰਾਂ ਨੂੰ ਇਸ ਤਰ੍ਹਾਂ ਗੱਡੀ ਵਿੱਚ ਲਿਜਾਣ ਦੀ ਸ਼ਾਇਦ ਮਨਾਹੀ ਹੋਵੇ। ਸੱਚਮੁੱਚ ਹੀ ਕਿਸੇ ਨੂੰ ਮੇਰੇ ਬਾਰੇ ਪਤਾ ਨਹੀਂ ਚਲਿਆ। ਮੈਂ ਬੋਰੀ ਦੀਆਂ ਮੋਰੀਆਂ ਰਾਹੀਂ ਬਾਹਰ ਦਾ ਸਾਰਾ ਨਜ਼ਾਰਾ ਦੇਖ ਰਿਹਾ ਸਾਂ। ਹੌਲੀ ਹੌਲੀ ਮੇਰੇ ਸਾਹਮਣੇਂ ਤੋਂ ਉਹ ਸਾਰੇ ਖੇਤ, ਬੂਟੇ, ਦਰਖ਼ਤ, ਪੌਦੇ ਪਿੱਛੇ ਨੂੰ ਭੱਜਦੇ ਜਾ ਰਹੇ ਸਨ ਜਿੱਥੇ ਮੈਂ ਰੋਜ਼ ਖੇਡਦਾਂ ਸਾਂ, ਰਹਿੰਦਾ ਸਾਂ। ਮੈਂ ਘਰ ਦੇ ਜੀਆਂ ਬਾਰੇ ਸੋਚਦਾ ਨਿੰਮੋਝੂਣਾ ਜਿਹਾ ਹੋਇਆ ਆਪਣੀ ਹੋਣੀ ’ਤੇ ਪਛਤਾਅ ਰਿਹਾ ਸੀ।
‘ਇੱਕ ਛੋਟੀ ਜਿਹੀ ਗ਼ਲਤੀ ਕਾਰਨ ਮੈਨੂੰ ਮੇਰੇ ਆਪਣਿਆਂ ਨੇ ਹੀ ਮੈਨੂੰ ਆਪਣੇ ਕੋਲੋਂ ਅੱਡ ਕਰ ਦਿੱਤਾ। ਮੈਨੂੰ ਮੇਰੀ ਹੀ ਜਨਮ ਭੋਇੰ ਤੋਂ ਵੱਖ ਕਰ ਦਿੱਤਾ। ਸਾਰੇ ਰਿਸ਼ਤੇ ਨਾਤੇ ਖ਼ਤਮ ਕਰ ਦਿੱਤੇ। ਇੰਨੇ ਚਿਰਾਂ ਦੀ ਸਾਂਝ ਨੂੰ ਇੱਕ ਝਟਕੇ ਨਾਲ ਮੁਕਾ ਦਿੱਤਾ। ਰਹੇ ਨਾ ਫੇਰ ਵੀ ਮਨੁੱਖ ਦੇ ਮਨੁੱਖ ਹੀ। ਜੇ ਇਹੋ ਜਿਹੀ ਗਲਤੀ ਚੰਦੂ ਭਾਅ ਕੋਲੋਂ ਹੋਈ ਹੁੰਦੀ... ਉਸ ਦੇ ਕੋਲੋਂ ਤਾਰੇ ਭਾਅ ਦੇ ਕੋਈ ਸੱਟ ਫੇਟ ਲੱਗੀ ਹੁੰਦੀ ਤਾਂ ਪਾਪੇ ਨੇ ਚੰਦੂ ਨੂੰ ਘਰੋਂ ਬਾਹਰ ਕੱਢ ਦੇਣਾ ਸੀ? ਕਦੇ ਵੀ ਨਹੀਂ ਕਿਉਂਕਿ ਉਹ ਉਸ ਦਾ ਪੁੱਤਰ ਹੈ। ਫਿਰ ਕਹਿਣਾ ਸੀ ਚਲੋ ਛੱਡੋ! ਬੱਚਿਆਂ ਕੋਲੋਂ ਗ਼ਲਤੀਆਂ ਹੋ ਈ ਜਾਂਦੀਆਂ ਪਰ ਜਦੋਂ ਮੇਰੇ ਕੋਲੋਂ ਗ਼ਲਤੀ ਹੋਈ ਤਾਂ ਆਪਣੀ ਤਾਕਤ ਦਾ ਵਿਖਾਵਾ ਕਰ ਦਿੱਤਾ ਕਿਉਂਕਿ ਮੈਂ ਇੱਕ ਜਾਨਵਰ ਹਾਂ, ਪਰ ਮੈਂ ਇਨ੍ਹਾਂ ਨੂੰ ਕਿਵੇਂ ਸਮਝਾਵਾਂ ਕਿ ਮੈਂ ਜਾਣਬੁੱਝ ਕੇ ਗ਼ਲਤੀ ਨਹੀਂ ਕੀਤੀ। ਇਨ੍ਹਾਂ ਮੇਰੀ ਪਰਵਾਹ ਨਹੀਂ ਕੀਤੀ, ਮੇਰੇ ਪਿਆਰ ਤੇ ਵਫ਼ਾਦਾਰੀ ਦੀ ਕੋਈ ਕੀਮਤ ਨਹੀਂ ਪਾਈ। ਵਾਹ ਉਪਰ ਵਾਲਿਆ... ਤੇਰੇ ਮਨੁੱਖਾਂ ਦੇ ਵੀ ਕਿਆ ਕਹਿਣੇ। ਚਲੋ! ਜਿਵੇਂ ਤੈਨੂੰ ਮਨਜ਼ੂਰ।’ ਸੋਚਦਾ ਮੈਂ ਬੋਰੀ ਅੰਦਰ ਗੁੰਮਸੁੰਮ ਹੋਇਆ ਬੈਠਾ ਰਿਹਾ।
ਅਚਾਨਕ ਗੱਡੀ ਰੁਕੀ। ਜਲਦੀ ਹੀ ਨਾਨਾ ਜੀ ਮੈਨੂੰ ਲੈ ਕੇ ਗੱਡੀ ਤੋਂ ਉੱਤਰ ਗਏ। ਮੈਨੂੰ ਬੋਰੀ ਵਿੱਚੋਂ ਬਾਹਰ ਕੱਢਿਆ। ਆਪਣੇ ਘਰ ਲੈ ਗਏ। ਘਰ ਦੇ
ਵਿੱਹੜੇ ਵਿੱਚ ਡਠੀ ਮੰਜੀ ਦੇ ਪਾਵੇ ਨਾਲ ਮੈਨੂੰ ਬੰਨ੍ਹ ਦਿੱਤਾ। ਨਾਨਾ ਜੀ ਨੇ ਬਾਟੇ ਵਿੱਚ ਦੁੱਧ ਪਾ ਕੇ ਦਿੱਤਾ, ਪਰ ਮੈਂ ਮੂੰਹ ਨਾ ਲਾਇਆ। ਨਾਨਾ ਜੀ ਨੇ ਮੇਰੇ ਨਾਲ ਠੀਕ ਕੀਤਾ ਸੀ ਕਿ ਗ਼ਲਤ ਮੈਨੂੰ ਸਮਝ ਨਹੀਂ ਆ ਰਿਹਾ ਸੀ। ਨਾਨੀ ਵੀ ਚੰਗੀ ਸੀ। ਉਸ ਨੇ ਵੀ ਲਾਡ ਲਡਾਏ, ਪਰ ਨਾ ਚਾਹੁੰਦਿਆਂ ਵੀ ਮੇਰੀਆਂ ਨਜ਼ਰਾਂ ਵਿੱਚੋਂ ਪਾਪਾ, ਝਾਈ, ਤਾਰਾ ਤੇ ਚੰਦੂ ਭਾ ਨਹੀਂ ਜਾ ਰਹੇ ਸਨ। ਮੇਰੀਆਂ ਅੱਖਾਂ ’ਚੋਂ ਪਾਣੀ ਥੰਮਣ ਦਾ ਨਾਂ ਨਹੀਂ ਲੈ ਰਿਹਾ ਸੀ। ਕੁਝ ਦੇਰ ਬਾਅਦ ਨਾਨਾ ਜੀ ਦੇ ਘਰ ਦੇ ਹੋਰ ਜੀਅ ਵੀ ਆਏ। ਉਹ ਵੀ ਮੇਰਾ ਦਿਲ ਪਰਚਾਉਣ ਵਿੱਚ ਕਾਮਯਾਬ ਨਹੀਂ ਹੋਏ। ਮੈਂ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਲੇਟਿਆ ਰਿਹਾ।
ਮੈਂ ਤਿੰਨ ਦਿਨ ਉਨ੍ਹਾਂ ਦੇ ਘਰ ਰਿਹਾ। ਨਾ ਮੈਂ ਜਾਗਦਾ ਰਿਹਾ ਤੇ ਨਾ ਹੀ ਸੁੱਤਾ। ਚੌਥੇ ਦਿਨ ਸਵੇਰੇ ਹੀ ਉਨ੍ਹਾਂ ਦੇ ਪੋਤਰੇ ਨੇ ਭੁਲੇਖੇ ਨਾਲ ਮੇਰਾ ਪਟਾ ਖੋਲ੍ਹ ਦਿੱਤਾ। ਜਿਵੇਂ ਹੀ ਪਟਾ ਖੁਲ੍ਹਿਆ ਮੈਂ ਬਾਹਰ ਨੂੰ ਦੌੜ ਪਿਆ। ਮੈਂ ਸਟੇਸ਼ਨ ’ਤੇ ਪਹੁੰਚਿਆ ਤੇ ਰੇਲਵੇ ਲਾਈਨ ਦੇ ਨਾਲ ਨਾਲ ਬਣੀ ਡੰਡੀ ਉਪਰ ਪਿੰਡ ਨੂੰ ਵਾਪਸ ਤੁਰ ਪਿਆ। ਰਸਤੇ ਵਿੱਚ ਮੇਰਾ ਸਾਹਮਣਾ ਬਹੁਤ ਸਾਰਿਆਂ ਕੁੱਤਿਆਂ ਤੇ ਮਨੁੱਖਾਂ ਨਾਲ ਪਿਆ ਪਰ ਮੈਂ ਕਿਸੇ ਨਾ ਕਿਸੇ ਤਰ੍ਹਾਂ ਬਚਦਾ ਬਚਾਉਂਦਾ ਆਪਣੇ ਪਿੰਡ ਪਹੁੰਚ ਗਿਆ। ਜਦੋਂ ਪਿੰਡ ਪਹੁੰਚਿਆ ਤਾਂ ਰਾਤ ਦਾ ਤੀਸਰਾ ਪਹਿਰ ਸ਼ੁਰੂ ਹੋ ਚੁੱਕਾ ਸੀ। ਮੈਂ ਛੁਪਲੇ ਪੈਰੀਂ ਜਾ ਕੇ ਚੰਦੂ ਭਾ ਦੀ ਮੰਜੀ ਹੇਠਾਂ ਇਕੱਠਾ ਹੋ ਗਿਆ। ਇੱਕ ਤਾਂ ਮੈਂ ਬਿਮਾਰ, ਉਪਰੋਂ ਪੰਜ ਛੇ ਦਿਨਾਂ ਦਾ ਭੁੱਖਾ ਤੇ ਫੇਰ ਦਸ ਗਿਆਰਾਂ ਮੀਲ ਦਾ ਪੈਦਲ ਸਫ਼ਰ ਕਰਨ ਕਰਕੇ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਸਾਹਾਂ ਦੀ ਲੜੀ ਕਿਸੇ ਵੇਲੇ ਵੀ ਟੁੱਟ ਸਕਦੀ ਹੈ। ਸ਼ਾਇਦ ਹੀ ਅੱਜ ਦੀ ਰਾਤ ਕੱਢਾਂ, ਪਰ ਮੈਂ ਹਿੰਮਤ ਨਹੀਂ ਹਾਰਨਾ ਚਾਹੁੰਦਾ ਸਾਂ। ਮੈਂ ਸਿਰ ਲੱਤਾਂ ਵਿੱਚ ਦੇ ਕੇ ਸੌਂ ਗਿਆ।
“ਉਹ ਦੇਖ ਲੈ! ਡੱਬੂ ਵਾਪਸ ਵੀ ਗਿਆ ਈ ਓ...।” ਮੇਰੇ ਵੱਲ ਦੇਖ ਕੇ ਝਾਈ ਖ਼ੁਸ਼ੀ ਨਾਲ ਬੋਲੀ।
ਕੰਨੀ ਅਵਾਜ਼ ਪੈਂਦੇ ਹੀ ਪਾਪਾ, ਚੰਦੂ ਤੇ ਤਾਰਾ ਭਾ ਵੀ ਉੱਠ ਬੈਠੇ। ਮੈਂ ਬੜੀ ਕੋਸਿਸ਼ ਕੀਤੀ ਕਿ ਧੌਣ ਉਠਾਵਾਂ ਪਰ ਨਹੀਂ ਉਠਾ ਸਕਿਆ। ਫੇਰ ਵੀ ਮੈਂ ਥੋਡ਼੍ਹਾ ਜਿਹਾ ਉਨ੍ਹਾਂ ਵੱਲ ਵੇਖਿਆ। ਨਾ ਉੱਠ ਸਕਣ ਦੀ ਲਾਚਾਰੀ ਦਰਸਾਈ। ਝਾਈ ਨੇ ਮੰਜੀ ਨੂੰ ਇੱਕ ਪਾਸੇ ਕਰਕੇ ਮੇਰੀ ਪਿਠ ਸਹਿਲਾਈ।
“ਉਏ ਇਹ ਕੀ... ਤਾਰੇ ਦੇ ਪਾਪਾ! ਡੱਬੂ ਦਾ ਸਰੀਰ ਤਾਂ ਤੰਦੂਰ ਵਾਂਗ ਭਖ ਰਿਹਾ... ਲਗਦੈ ਇਸਨੂੰ ਬੁਖਾਰ ਹੈ...।” ਮੇਰੀ ਪਿੱਠ ਨੂੰ ਹੱਥ ਲਾਉਂਦਿਆਂ ਹੀ ਝਾਈ ਫ਼ਿਕਰਮੰਦ ਹੋ ਕੇ ਬੋਲੀ।
ਗਲੇਡੂ ਉਸ ਦੀਆਂ ਅੱਖਾਂ ਵਿੱਚ ਭਰ ਆਏ। ਪਾਪਾ ਜੀ ਵੀ ਮੇਰੇ ਕੋਲ ਆ ਗਏ। ਉਨ੍ਹਾਂ ਵੀ ਮੈਨੂੰ ਸਹਿਲਾਇਆ। ਉਨ੍ਹਾਂ ਦੀਆਂ ਅੱਖਾਂ ਵਿੱਚ ਵੀ ਪਿਆਰ ਤੇ ਤਰਸ ਆ ਗਿਆ। ਮੇਰੀ ਗ਼ੈਰਹਾਜ਼ਰੀ ਨੇ ਸ਼ਾਇਦ ਉਨ੍ਹਾਂ ਨੂੰ ਵੀ ਝੰਜੋੜਿਆ ਸੀ। ਚੰਦੂ ਤੇ ਤਾਰੇ ਭਾ ਦੀਆਂ ਅੱਖਾਂ ’ਚੋਂ ਹੰਝੂ ਪਰਲ ਪਰਲ ਵਗ ਰਹੇ ਸਨ। ਮੈਂ ਸਿਰਫ਼ ਪੂਛ ਹਿਲਾ ਰਿਹਾ ਸੀ। ਮੇਰੀਆਂ ਅੱਖਾਂ ਵਿੱਚੋਂ ਪਾਣੀ ਲਗਾਤਾਰ ਵਗ ਰਿਹਾ ਸੀ। ਮੈਨੂੰ ਇਸ ਗੱਲ ਦੀ ਅਪਾਰ ਖ਼ੁਸ਼ੀ ਹੋਈ ਕਿ ਮੇਰੇ ਤੇ ਉਨ੍ਹਾਂ ਦੇ ਰਿਸ਼ਤਿਆਂ ਦੀਆਂ ਤੰਦਾਂ ਅਜੇ ਟੁੱਟੀਆਂ ਨਹੀਂ ਸਨ। ਮੇਰਾ ਉਨ੍ਹਾਂ ਵਿੱਚੋਂ ਮਨਫ਼ੀ ਹੋਣਾ ਉਨ੍ਹਾਂ ਲਈ ਵੀ ਅਸਹਿ ਸੀ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਵੇਖ ਕੇ ਜੋ ਖ਼ੁਸ਼ੀ ਮੈਨੂੰ ਉਸ ਸਮੇਂ ਹੋਈ ਉਸ ਨੂੰ ਬਿਆਨ ਕਰਨਾ ਮੇਰੇ ਵੱਸ ਤੋਂ ਬਾਹਰ ਹੈ।
“ਇਸ ਨੂੰ ਹੁਣੇ ਡਾਕਟਰ ਕੋਲ ਲੈ ਕੇ ਜਾਣਾ ਚਾਹੀਦੈ...।” ਮੇਰੇ ਸਿਰ ’ਤੇ ਹੱਥ ਫੇਰਦਿਆਂ ਪਾਪਾ ਜੀ ਬੋਲੇ। ਪਾਪਾ ਜੀ ਨੇ ਝੱਟ ਹੀ ਕਲਾਵਾ ਮਾਰ ਕੇ ਮੈਨੂੰ ਨੇੜੇ ਪਈ ਮੰਜੀ ਉਪਰ ਲਿਟਾਇਆ। ਚਾਰਾਂ ਨੇ ਮੰਜੀ ਨੂੰ ਚੁੱਕਿਆ ਤੇ ਮੈਨੂੰ ਨਜ਼ਦੀਕ ਹੀ ਪੈਂਦੀ ਡੰਗਰਾਂ ਵਾਲੀ ਡਿਸਪੈਂਸਰੀ ’ਚ ਲੈ ਗਏ। ਅਜੇ ਬਹੁਤ ਸਵੇਰਾ ਸੀ। ਡਾਕਟਰ ਨੇ ਜਲਦੀ ਆਉਣ ’ਤੇ ਕੁਝ ਗੁੱਸਾ ਜ਼ਾਹਰ ਕੀਤਾ, ਪਰ ਪਾਪਾ ਜੀ ਦੇ ਤਰਲੇ ਮਿੰਨਤਾਂ ਕਰਨ ’ਤੇ ਡਾਕਟਰ ਨੇ ਮੇਰਾ ਬੁਖਾਰ ਚੈੱਕ ਕੀਤਾ।
“ਲੱਗਦੈ ਇਹ ਤਾਂ ਦਸ ਬਾਰਾਂ ਦਿਨਾਂ ਦਾ ਬਿਮਾਰ ਹੈ... ਤੁਸੀਂ ਪਹਿਲਾਂ ਕਿਉਂ ਨਹੀਂ ਲੈ ਕੇ ਆਏ?” ਡਾਕਟਰ ਨੇ ਪਾਪਾ ਜੀ ਨੂੰ ਪੁੱਛਿਆ।
ਇਹ ਸੁਣ ਕੇ ਪਾਪਾ ਜੀ ਇਕਦਮ ਸੁੰਨ ਹੋ ਗਏ।
“ਉਏ ਰੱਬਾ ਇਹ ਮੇਰੇ ਕੋਲੋਂ ਕੀ ਹੋ ਗਿਆ...? ਮੈਂ ਬੇਜ਼ੁਬਾਨੇ ਦੀ ਭਾਸ਼ਾ ਹੀ ਨ੍ਹੀਂ ਸਮਝੀ ਸਕਿਆ।” ਪਾਪਾ ਜੀ ਸਮੇਤ ਸਾਰੇ ਜਣੇ ਪਛਤਾਵੇ ਦੇ ਹੰਝੂ ਵਹਾ ਰਹੇ ਸਨ। ਡਾਕਟਰ ਨੇ ਮੇਰਾ ਇਲਾਜ ਸ਼ੁਰੂ ਕਰ ਦਿੱਤਾ। ਉਸ ਨੇ ਪੂਰੀ ਵਾਹ ਲਗਾਈ ਪਰ ਅਖੀਰ ਉਹ ਹਾਰ ਗਿਆ।
ਸੰਪਰਕ: 94171-73700

Advertisement

Advertisement
Tags :
rishta gabbiਰਿਸ਼ਤਾ: