ਰੇਖਾ ਆਈਫਾ ਦੇ ਮੰਚ ’ਤੇ ਵਾਪਸੀ ਲਈ ਤਿਆਰ
ਮੁੰਬਈ:
ਉੱਘੀ ਅਦਾਕਾਰਾ ਰੇਖਾ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਜ਼ (ਆਈਫਾ) ਦੇ ਮੰਚ ’ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਉਮਰਾਓ ਜਾਨ’ ਵਜੋਂ ਮਸ਼ਹੂਰ ਅਦਾਕਾਰਾ 24ਵੇਂ ਐਡੀਸ਼ਨ ਸਮਾਰੋਹ ਨੂੰ ਲੈ ਕੇ ਉਤਸ਼ਾਹਿਤ ਹੈ। ਇਸ ਸਬੰਧੀ ਅਦਾਕਾਰਾ ਰੇਖਾ ਨੇ ਕਿਹਾ ਕਿ ਆਈਫਾ ਉਸ ਦੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ, ਜੋ ਨਾ ਸਿਰਫ਼ ਭਾਰਤੀ ਸਿਨੇਮਾ ਦੇ ਇਤਿਹਾਸ ਨੂੰ ਦਰਸਾਉਂਦਾ ਹੈ, ਸਗੋਂ ਇੱਕ ਵਿਸ਼ਵ ਪੱਧਰ ’ਤੇ ਕਲਾ, ਸੱਭਿਆਚਾਰ ਅਤੇ ਪਿਆਰ ਦੇ ਅਹਿਸਾਸ ਜੀਵੰਤ ਕਰਦਾ ਹੈ। ਉਸ ਨੇ ਕਿਹਾ ਕਿ ਇਸ ਵਾਰ ਫਿਰ ਇਸ ਉੱਘੇ ਸਮਾਰੋਹ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਰੇਖਾ ਨੇ ਆਖਰੀ ਵਾਰ 2018 ਵਿੱਚ ਆਈਫਾ ਵਿੱਚ ਹਿੱਸਾ ਲਿਆ ਸੀ। ਫ਼ਿਲਮ ‘ਪਿਆਰ ਕੀਆ ਤੋ ਡਰਨਾ ਕਿਆ’ ਤੋਂ ‘ਸਲਾਮ-ਏ-ਇਸ਼ਕ ਮੇਰੀ ਜਾਨ’ ਤੱਕ, ਉਸ ਨੇ ਆਪਣੀ ‘ਅਦਾ’ ਨਾਲ ਸਾਰਿਆਂ ਦਾ ਮਨ ਮੋਹਿਆ ਹੈ। ਇਸ ਸਮਾਰੋਹ ਵਿੱਚ ਰਣਬੀਰ ਕਪੂਰ, ਰਿਤੇਸ਼ ਦੇਸ਼ਮੁਖ, ਵਰੁਣ ਧਵਨ, ਕਾਰਤਿਕ ਆਰੀਅਨ ਅਤੇ ਕਰਨ ਜੌਹਰ ਵਰਗੇ ਅਦਾਕਾਰ ਸ਼ਾਮਲ ਹੋਣਗੇ। ਇਸ ਵਾਰ ਇਹ ਐਡੀਸ਼ਨ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਉੱਘੇ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਦੀ ਮੇਜ਼ਬਾਨੀ ਵਿੱਚ ਕਰਵਾਇਆ ਜਾ ਰਿਹਾ ਹੈ। ਐਵਾਰਡ ਸਮਾਰੋਹ ਆਗਾਮੀ 27 ਤੋਂ 29 ਸਤੰਬਰ ਤੱਕ ਆਬੂ ਧਾਬੀ ਦੇ ਯਾਸ ਆਈਲੈਂਡ (ਟਾਪੂ) ’ਤੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਆਗ਼ਾਜ਼ ਮੌਕੇ 27 ਸਤੰਬਰ ਨੂੰ ਚਾਰ ਦੱਖਣੀ ਭਾਰਤੀ ਫ਼ਿਲਮਾਂ ਦਿਖਾਈਆਂ ਜਾਣਗੀਆਂ। 28 ਸਤੰਬਰ ਨੂੰ ਵੱਕਾਰੀ ਆਈਫਾ ਐਵਾਰਡ ਦਿੱਤੇ ਜਾਣਗੇ ਅਤੇ 29 ਸਤੰਬਰ ਨੂੰ ਸਮਾਪਤੀ ਹੋਵੇਗੀ। -ਏਐੱਨਆਈ