ਰਹਿਮਾਨ ਤੇ ਖੇਰ ਨੇ ਮੁੰਬਈ ਵਿੱਚ ਬਿਖੇਰੇ ਪੰਜਾਬ ਦੇ ਰੰਗ
ਮੁੰਬਈ: ਆਸਕਰ ਅਤੇ ਗਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਨੇ ਮੁੰਬਈ ਵਿੱੱਚ ਪਿੱਠਵਰਤੀ ਗਾਇਕ ਕੈਲਾਸ਼ ਖੇਰ ਨਾਲ ਆਪਣੇ ਵਿਸ਼ੇਸ਼ ਪ੍ਰਦਰਸ਼ਨ ਰਾਹੀਂ ਸਰੋਤੇ ਕੀਲੇ। ਇਥੇ ਬਾਂਦਰਾ ਖੇਤਰ ਵਿੱਚ ਮਹਬਿੂਬ ਸਟੂਡੀਓ ਵਿੱਚ ਰਹਿਮਾਨ ਦੀ ਹਾਜ਼ਰੀ ਵਿੱਚ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਟਰੇਲਰ ਰਿਲੀਜ਼ ਹੋਇਆ। ਉਸ ਨਾਲ ਨਿਰਦੇਸ਼ਕ ਇਮਤਿਆਜ਼ ਅਲੀ, ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਵੀ ਸਨ। ਫ਼ਿਲਮ ਵਿੱਚ ਰਹਿਮਾਨ ਅਤੇ ਇਮਤਿਆਜ਼ ਨੌਂ ਸਾਲ ਮਗਰੋਂ ਇਕੱਠੇ ਕੰਮ ਕਰ ਰਹੇ ਹਨ, ਉਹ ਆਖਰੀ ਵਾਰ ਫ਼ਿਲਮ ‘ਤਮਾਸ਼ਾ’ ਵਿੱਚ ਇਕੱਠੇ ਹੋਏ ਸਨ। ਰਹਿਮਾਨ ਮੀਡੀਆ ਨਾਲ ਗੱਲ ਕਰਨ ਮਗਰੋਂ ਇਮਤਿਆਜ਼, ਪਰਿਨੀਤੀ, ਦਿਲਜੀਤ, ਕੈਲਾਸ਼ ਅਤੇ ਯਾਸ਼ਿਕਾ ਸਿੱਕਾ ਨੂੰ ਸਟੇਜ ’ਤੇ ਲੈ ਗਿਆ। ਉਥੇ ਉਨ੍ਹਾਂ ‘ਬੋਲ ਮੁਹੱਬਤ ਸੀਨੇ ਲਾ’, ‘ਰੱਬਾ ਰੱਬਾ ਸੀਨੇ ਲਾ’ ਗੀਤ ਪੇਸ਼ ਕੀਤੇ। ਇਸ ਮੌਕੇ ਗਾਇਕਾਂ ਦੇ ਪ੍ਰਦਰਸ਼ਨ ਨੇ ਪੰਜਾਬ ਦੇ ਪੇਂਡੂ ਮਾਹੌਲ ਨੂੰ ਚੇਤੇ ਕਰਵਾ ਦਿੱਤਾ, ਕਿਉਂਕਿ ਇਹ ਫ਼ਿਲਮ ਪੰਜਾਬ ਦੇ ਮਰਹੂਮ ਗਾਇਕ ਅਮਰ ਸਿੰੰਘ ਚਮਕੀਲਾ ਦੇ ਜੀਵਨ ’ਤੇ ਆਧਾਰਿਤ ਹੈ। ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੈੱਟਫਲਿਕਸ ’ਤੇ 12 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ। -ਆਈਏਐੱਨਐੱਸ