ਪਛਤਾਵਾ
ਹਰਜੀਤ ਸਿੰਘ
ਮੇਰਾ ਇੱਕ ਦੋਸਤ ਸਾਡੇ ਘਰ ਤੋਂ ਚਾਰ ਕੁ ਘਰ ਦੂਰ ਰਹਿੰਦਾ ਸੀ। ਮੇਰੇ ਨਾਲ ਉਸ ਦੇ ਪਰਿਵਾਰਕ ਸਬੰਧ ਹਨ। ਖ਼ੁਸ਼ੀ ਗ਼ਮੀ ਵਿੱਚ ਉਹ ਮੇਰੇ ਨਾਲ ਖੜ੍ਹਦਾ ਹੈ। ਉਸ ਦਾ ਪੁੱਤਰ ਕੈਨੇਡਾ ਵਿੱਚ ਰਹਿੰਦਾ ਹੈ। ਉਹ ਆਪ ਵੀ ਕੈਨੇਡਾ ਦੀ ਪੀਆਰ ਲੈ ਚੁੱਕਾ ਹੈ। ਪੰਜਾਬ ਵਿਚਲੀ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਉਹ ਕੈਨੇਡਾ ਵਿੱਚ ਰਹਿੰਦੇ ਆਪਣੇ ਪੁੱਤਰ ਨੂੰ ਦੇ ਚੁੱਕਾ ਹੈ। ਹੁਣ ਉਸ ਕੋਲ ਪੰਜਾਬ ਵਿੱਚ ਸਿਰਫ਼ ਇੱਕ ਕੋਠੀ ਹੀ ਬਚੀ ਹੈ। ਉਹ ਵੀ ਉਸ ਦਾ ਪੁੱਤਰ ਉਸ ਨੂੰ ਵੇਚਣ ਲਈ ਕਹਿੰਦਾ ਰਹਿੰਦਾ ਹੈ ਪਰ ਅਜੇ ਤੱਕ ਉਹ ਨਾ ਵੇਚਣ ’ਤੇ ਅੜਿਆ ਹੋਇਆ ਹੈ ਕਿਉਂਕਿ ਉਸ ਦਾ ਪੰਜਾਬ ਨਾਲ ਮੋਹ ਕਾਇਮ ਹੈ।
ਸਾਲ- ਦੋ ਸਾਲ ਬਾਅਦ ਉਹ ਪੰਜਾਬ ਜਾਂਦਾ ਹੈ, ਕੁਝ ਚਿਰ ਰਹਿੰਦਾ ਹੈ ਅਤੇ ਜਦੋਂ ਮਨ ਉਚਾਟ ਹੋ ਜਾਂਦਾ ਹੈ ਤਾਂ ਵਾਪਸ ਕੈਨੇਡਾ ਆ ਜਾਂਦਾ ਹੈ। ਢਾਈ ਮੰਜ਼ਲਾ ਕੋਠੀ ਵਿੱਚੋਂ ਇੱਕ ਮੰਜ਼ਲ ਉਸ ਨੇ ਕਿਰਾਏ ’ਤੇ ਦਿੱਤੀ ਹੋਈ ਹੈ। ਇਸ ਨਾਲ ਕਿਰਾਇਆ ਆਉਣ ਦੇ ਨਾਲ ਨਾਲ ਘਰ ਦੀ ਦੇਖਭਾਲ ਵੀ ਹੋ ਜਾਂਦੀ ਹੈ। ਮੇਰੇ ਘਰ ਕੋਈ ਪ੍ਰੋਗਰਾਮ ਸੀ ਜਿਸ ਵਿੱਚ ਰਿਸ਼ਤੇਦਾਰਾਂ ਨੇ ਆਉਣਾ ਸੀ। ਇਸ ਕਾਰਨ ਉਨ੍ਹਾਂ ਦਾ ਰਾਤ ਰਹਿਣ ਦਾ ਇੰਤਜ਼ਾਮ ਜ਼ਰੂਰੀ ਸੀ। ਕੋਈ ਵੀ ਰਿਸ਼ਤੇਦਾਰ ਘਰ ਤੋਂ ਦੁੂਰ ਰਹਿਣ ਲਈ ਤਿਆਰ ਨਹੀਂ ਸੀ। ਮੈਂ ਸੋਚਿਆ ਕਿ ਉਸ ਦਾ ਘਰ ਨੇੜੇ ਹੈ ਅਤੇ ਥਾਂ ਵੀ ਬਹੁਤ ਹੈ। ਇਸ ਲਈ ਮੈਂ ਉਸ ਨੂੰ ਫੋਨ ਕੀਤਾ ਕਿ ਮੈਨੂੰ ਦੋ ਤਿੰਨ ਦਿਨ ਲਈ ਉਸ ਦਾ ਘਰ ਚਾਹੀਦਾ ਹੈ।
ਉਸ ਨੇ ਜਵਾਬ ਦਿੱਤਾ ਕਿ ਕੋਈ ਗੱਲ ਨਹੀਂ ,ਚਾਬੀ ਫਲਾਣਾ ਸਿੰਘ ਕੋਲ ਹੈ। ਉਸ ਕੋਲੋਂ ਚਾਬੀ ਲੈ ਲਓ ਅਤੇ ਜਿੰਨਾ ਚਿਰ ਮਰਜ਼ੀ ਵਰਤੋਂ। ਤੁਹਾਡਾ ਘਰ ਹੈ। ਮੈਂ ਉਸ ਵਿਅਕਤੀ ਕੋਲੋਂ ਚਾਬੀ ਲਈ। ਘਰ ਦੀ ਸਾਫ਼ ਸਫ਼ਾਈ ਕਰਵਾਈ। ਰਿਸ਼ਤੇਦਾਰਾਂ ਨੂੰ ਲੋੜ ਅਨੁਸਾਰ ਉੱਥੇ ਠਹਿਰਾਇਆ। ਫੰਕਸ਼ਨ ਖਤਮ ਹੋ ਗਿਆ। ਘਰ ਦੀ ਸਾਫ਼ ਸਫ਼ਾਈ ਕਰਕੇ ਮੈਂ ਚਾਬੀ ਵਾਪਸ ਕਰ ਦਿੱਤੀ। ਉਸ ਨੂੰ ਫੋਨ ਕਰਕੇ ਉਸ ਦਾ ਧੰਨਵਾਦ ਵੀ ਕਰ ਦਿੱਤਾ। ਪੰਜਾਬ ਤੋਂ ਵਿਹਲਾ ਹੋ ਕੇ ਮੈਂ ਵੀ ਕੈਨੇਡਾ ਆ ਗਿਆ। ਇੱਕ ਦਿਨ ਅਸੀਂ ਦੋਵੇਂ ਮਿਲੇ। ਸਾਰਾ ਦਿਨ ਘੁੰਮਦੇ ਰਹੇ। ਟਿਮ ਹੋਟਨ ਤੋਂ ਕੌਫ਼ੀ ਪੀਤੀ। ਇੰਡੀਅਨ ਰੈਸਟੋਰੈਂਟ ਤੋਂ ਰੋਟੀ ਖਾਧੀ। ਉਸ ਨੇ ਦੱਸਿਆ ਕਿ ਉਹ ਪੰਜਾਬ ਜਾ ਰਿਹਾ ਹੈ। ਕਾਰਨ ਪੁੱਛਣ ’ਤੇ ਉਸ ਨੇ ਦੱਸਿਆ ਕਿ ਪੈਨਸ਼ਨ ਦੇ ਲਗਭਗ 12 ਕੁ ਲੱਖ ਰੁਪਏ ਇਕੱਠੇ ਹੋ ਗਏ ਹਨ। ਭਾਰਤ ਸਰਕਾਰ ਨੇ ਵਿਦੇਸ਼ ਪੈਸੇ ਭੇਜਣ ’ਤੇ 20 ਪ੍ਰਤੀਸ਼ਤ ਟੈਕਸ ਦੀ ਕਟੌਤੀ ਪਹਿਲੀ ਜੁਲਾਈ ਤੋਂ ਸ਼ੁਰੂ ਕਰ ਦੇਣੀ ਹੈ। 20 ਪ੍ਰਤੀਸ਼ਤ ਤੋਂ ਜ਼ਿਆਦਾ ਇਨਕਮ ਟੈਕਸ ਪੈਨਸ਼ਨ ’ਤੇ ਦਿੰਦਾ ਹਾਂ ਅਤੇ ਹੁਣ 20 ਪ੍ਰਤੀਸ਼ਤ ਕਟੌਤੀ ਕਰਵਾ ਕੇ ਮੈਨੂੰ ਕੀ ਬਚਿਆ। ਇਸ ਲਈ ਸੋਚਿਆ ਕਿ ਪੰਜਾਬ ਜਾ ਕੇ ਪਹਿਲੀ ਜੁਲਾਈ ਤੋਂ ਪਹਿਲਾਂ ਪਹਿਲ ਪੈਸੇ ਟਰਾਂਸਫਰ ਕਰਵਾ ਲਵਾਂ, ਦੂਜਾ ਕੁਝ ਚਿਰ ਇੰਡੀਆ ਰਹਿ ਆਵਾਂਗਾ।
ਪੰਜਾਬ ਪਹੁੰਚਣ ਤੋਂ ਦੋ ਕੁ ਦਿਨਾਂ ਬਾਅਦ ਉਸ ਦਾ ਫੋਨ ਆਇਆ। ਸੁੱਖ ਸਾਂਦ ਪੁੱਛਣ ਤੋਂ ਬਾਅਦ ਉਸ ਨੇ ਆਖਿਆ, ‘‘ਮੈਂ ਤੁਹਾਨੂੰ ਉਲਾਂਭਾ ਨਹੀਂ ਦੇ ਰਿਹਾ। ਬਸ ਵੇਸੈ ਦੱਸ ਰਿਹਾ ਹਾਂ ਕਿ ਇੱਕ ਚਾਦਰ ਅਤੇ ਇੱਕ ਤੌਲੀਆ ਮਿਲ ਨਹੀਂ ਰਹੇ। ਲੱਗਦਾ ਹੈ ਕਿ ਜਿਹੜੇ ਵਿਅਕਤੀ ਇੱਥੇ ਠਹਿਰੇ ਸਨ, ਉਨ੍ਹਾਂ ਵਿੱਚੋਂ ਕੋਈ ਲੈ ਗਿਆ ਹੈ।” ‘‘ਕੋਈ ਗੱਲ ਨਹੀਂ, ਦੋਵੇਂ ਚੀਜ਼ਾਂ ਤੁਹਾਨੂੰ ਨਵੀਆਂ ਮਿਲ ਜਾਣਗੀਆਂ।’’ ਮੈ ਆਖਿਆ। ‘‘ਨਹੀਂ, ਮੈਂ ਕੋਈ ਚੀਜ਼ ਲੈਣੀ ਨਹੀਂ, ਮੈਂ ਤਾਂ ਜਦੋਂ ਵੀ ਆਉਂਦਾ ਹਾਂ, ਘਰ ਦੀਆਂ ਚੀਜ਼ਾਂ ਹੌਲੀ ਹੌਲੀ ਕਿਸੇ ਲੋੜਵੰਦ ਨੂੰ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇ ਦਿੰਦਾ ਹਾਂ। ਇਹ ਮੈਂ ਕੈਨੇਡਾ ਤਾਂ ਲੈ ਕੇ ਨਹੀਂ ਜਾ ਸਕਦਾ ਤੁਸੀਂ ਭਾਵੁਕ ਨਾ ਹੋਵੋ। ਮੈਂ ਕੁਝ ਨਹੀਂ ਲੈਣਾ। ਸਿਰਫ਼ ਤੁਹਾਨੂੰ ਦੱਸਣਾ ਜ਼ਰੂਰੀ ਸਮਝਿਆ, ਤਾਂ ਦੱਸ ਦਿੱਤਾ।” ਫਿਰ ਉਸ ਨੇ ਫੋਨ ਬੰਦ ਕਰ ਦਿੱਤਾ।
ਮੈਂ ਹੁਣ ਇਸ ਉਲਝਣ ਵਿੱਚ ਸੀ ਕਿ ਚਾਦਰ ਅਤੇ ਤੌਲੀਆ ਉਸ ਨੂੰ ਇੰਡੀਆ ਵਿੱਚ ਵਾਪਸ ਕਰਾਂ ਜਾਂ ਜਦੋਂ ਉਹ ਕੈਨੇਡਾ ਆਵੇ ਤਾਂ ਉਸ ਦੇ ਘਰ ਪਹੁੰਚਾਵਾ। ਅਜੇ ਮੈਂ ਕਿਸੇ ਵੀ ਫੈਸਲੇ ’ਤੇ ਨਹੀਂ ਸੀ ਪਹੁੰਚਿਆ ਕਿ ਦੋ ਕੁ ਦਿਨਾਂ ਬਾਅਦ ਉਸ ਦਾ ਫੋਨ ਆਇਆ। ‘‘ਯਾਰ ਬੜੀ ਮਾੜੀ ਗੱਲ ਹੋਈ।” ‘‘ਹੁਣ ਕੀ ਹੋਇਆ, ਕੋਈ ਹੋਰ ਚੀਜ਼ ਘੱਟ ਗਈ।” ਮੈਂ ਪੁੱਛਿਆ ‘‘ਮੈਂ ਬਹੁਤ ਸ਼ਰਮਿੰਦਾ ਹਾਂ। ਕਿਸ ਤਰ੍ਹਾਂ ਦੱਸਾਂ, ਚਾਦਰ ਤੇ ਤੌਲੀਆ ਦੋਵੇਂ ਲੱਭ ਗਏ।’’ ਉਸ ਨੇ ਆਖਿਆ ‘‘ਲੈ ਇਹ ਤਾਂ ਬਹੁਤ ਵਧੀਆ ਹੋਇਆ। ਇਸ ਤੋਂ ਵਧੀਆ ਗੱਲ ਤਾਂ ਹੋ ਹੀ ਨਹੀਂ ਸਕਦੀ, ਤੁਸੀਂ ਇਸ ਘਟਨਾ ਨੂੰ ਭੁੱਲ ਜਾਓ, ਮੈਂ ਵੀ ਭੁੱਲ ਗਿਆ ਹਾਂ।’’ ਮੈਂ ਆਖਿਆ। ‘‘ਠੀਕ ਹੈ, ਪਰ ਇੱਕ ਸ਼ਰਤ ਹੈ, ਤੁਸੀਂ ਇਸ ਘਟਨਾ ’ਤੇ ਕਹਾਣੀ ਜ਼ਰੂਰ ਲਿਖੋਗੇ। ਇਹ ਕਹਾਣੀ ਜਿਹੜਾ ਵੀ ਪੜ੍ਹੇਗਾ, ਉਸ ਨੂੰ ਸੇਧ ਮਿਲੇਗੀ ਕਿ ਕਿਸੇ ਨੂੰ ਵੀ ਕੋਈ ਉਲਾਂਭਾ ਦੇਣ ਦੀ ਕਾਹਲੀ ਨਾ ਕਰੋ ਬਲਕਿ, ਠੰਢੇ ਦਿਮਾਗ਼ ਨਾਲ ਸੋਚੋ। ਪੂਰਾ ਸਮਾਂ ਲਵੋ ਤਾਂ ਕਿ ਮੇਰੇ ਵਾਂਗ ਬਾਅਦ ਵਿੱਚ ਪਛਤਾਵਾ ਨਾ ਹੋਵੇ।” ਇਹ ਆਖ ਕੇ ਉਸ ਨੇ ਫੋਨ ਬੰਦ ਕਰ ਦਿੱਤਾ।
ਸੰਪਰਕ: 0016478532775