ਪੀਜੀਆਈ ’ਚ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਬੰਦ
ਕੁਲਦੀਪ ਸਿੰਘ
ਚੰਡੀਗੜ੍ਹ, 13 ਅਕਤੂਬਰ
ਪੀਜੀਆਈ ਚੰਡੀਗੜ੍ਹ ਵਿੱਚ ਆਊਟਸੋਰਸਡ ਸੈਨੇਟਰੀ ਅਟੈਂਡੈਂਟਾਂ (ਐੱਸਏ) ਅਤੇ ਹਾਸਪਿਟਲ ਅਟੈਂਡੈਂਟਾਂ (ਐੱਚਏ) ਦੀ ਆਪਣੇ ਬਕਾਏ ਲੈਣ ਲਈ ਚੱਲ ਰਹੀ ਹੜਤਾਲ ਅੱਜ ਵੀ ਜਾਰੀ ਰਹੀ। ਹੜਤਾਲ ਕਰ ਕੇ ਸਾਰੀਆਂ ਓਪੀਡੀਜ਼ ਵਿੱਚ ਕੰਮ-ਕਾਜ ਪ੍ਰਭਾਵਿਤ ਰਿਹਾ। ਹੜਤਾਲੀ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਬਕਾਏ ਤੁਰੰਤ ਰਿਲੀਜ਼ ਕਰਵਾਉਣ ਦੀ ਮੰਗ ਰੱਖੀ।
ਦੂਜੇ ਪਾਸੇ, ਪੀਜੀਆਈ ਪ੍ਰਬੰਧਨ ਨੇ ਐੱਨਐੱਸਐੱਸ ਵਿਦਿਆਰਥੀ ਵਾਲੰਟੀਅਰਾਂ ਤੋਂ ਇਲਾਵਾ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ-ਨਗਰ, ਸੁੱਖ ਫਾਊਂਡੇਸ਼ਨ ਤੇ ਰੋਟਰੈਕਟ ਵਰਗੀਆਂ ਸਵੈ-ਸੇਵੀ ਸੰਸਥਾਵਾਂ ਤੋਂ ਵਾਲੰਟੀਅਰ ਮੰਗਵਾ ਕੇ ਕੰਮ ਚਲਾਇਆ। ਫਿਰ ਵੀ ਮਰੀਜ਼ ਇਸ ਹੜਤਾਲ ਕਰ ਕੇ ਪ੍ਰੇਸ਼ਾਨ ਹੋਏ।
ਪੀਜੀਆਈ ਦੇ ਬੁਲਾਰੇ ਨੇ ਦੱਸਿਆ ਕਿ ਭਲਕੇ 14 ਅਕਤੂਬਰ ਨੂੰ ਸਵੇਰੇ 8 ਤੋਂ ਸਵੇਰੇ 10 ਵਜੇ ਤੱਕ ਸਿਰਫ਼ ਫਾਲੋ-ਅੱਪ ਮਰੀਜ਼ਾਂ ਦੀਆਂ ਰਜਿਸਟ੍ਰੇਸ਼ਨਾਂ ਹੀ ਕੀਤੀਆਂ ਜਾਣਗੀਆਂ। ਕੋਈ ਵੀ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਪਹਿਲਾਂ ਹੀ ਕੀਤੀਆਂ ਗਈਆਂ ਆਨਲਾਈਨ ਰਜਿਸਟ੍ਰੇਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਡੇਅ ਕੇਅਰ ਯੂਨਿਟ ਵਿੱਚ ਪਹਿਲਾਂ ਤੋਂ ਹੀ ਸ਼ਡਿਊਲਡ ‘ਕੀਮੋਥੈਰੇਪੀ’ ਯੋਜਨਾ ਅਨੁਸਾਰ ਜਾਰੀ ਰਹੇਗੀ। ਐਮਰਜੈਂਸੀ, ਟਰੌਮਾ ਅਤੇ ਆਈਸੀਯੂ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਚੋਣਵੇਂ ਮਰੀਜ਼ਾਂ ਨੂੰ ਦਾਖ਼ਲ ਨਹੀਂ ਕੀਤਾ ਜਾਵੇਗਾ ਅਤੇ ਚੋਣਵੀਆਂ ਸਰਜਰੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਗੁਆਂਢੀ ਰਾਜਾਂ ਦੇ ਹਸਪਤਾਲਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਜਾ ਚੁੱਕੀ ਹੈ ਕਿ ਉਹ ਨਵੇਂ ਮਰੀਜ਼ਾਂ ਨੂੰ ਪੀਜੀਆਈ ਵਿੱਚ ਰੈਫਰ ਨਾ ਕਰਨ।
ਮਰੀਜ਼ਾਂ ਦੀ ਸਹੂਲਤ ਲਈ ਬਦਲਵੇਂ ਪ੍ਰਬੰਧ ਕੀਤੇ: ਡਾਇਰੈਕਟਰ
ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਉਹ ਆਊਟਸੋਰਸਡ ਵਰਕਰਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਯਤਨਸ਼ੀਲ ਹਨ। ਮਰੀਜ਼ਾਂ ਦੀ ਸੁਵਿਧਾ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਬਦਲਵੇਂ ਪ੍ਰਬੰਧ ਕੀਤੇ ਗਏ ਹਨ।