ਖੇਤਰੀ ਯੁਵਕ ਮੇਲਾ: ਗੁਰੂ ਨਾਨਕ ਕਾਲਜ ਯਮੁਨਾਨਗਰ ਟਰਾਫ਼ੀ ’ਤੇ ਕਾਬਜ਼
ਦਵਿੰਦਰ ਸਿੰਘ
ਯਮੁਨਾਨਗਰ, 24 ਅਕਤੂਬਰ
ਇੱਥੋਂ ਦੇ ਗੁਰੂ ਨਾਨਕ ਗਰਲਜ਼ ਕਾਲਜ ਦੇ ਵਿਹੜੇ ਵਿੱਚ ਯੁਵਾ ਅਤੇ ਸੱਭਿਆਚਾਰ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਤਿੰਨ ਦਿਨਾਂ ਤੋਂ ਚੱਲ ਰਿਹਾ 47ਵਾਂ ਖੇਤਰੀ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ। ਇਸ ਯੂਥ ਫੈਸਟੀਵਲ ਵਿੱਚ ਯਮੁਨਾਨਗਰ ਜ਼ੋਨ ਦੇ ਕੁੱਲ 16 ਕਾਲਜਾਂ ਦੇ ਵਿਦਿਆਰਥੀਆਂ ਨੇ 44 ਮੁਕਾਬਲਿਆਂ ਵਿੱਚ ਹਿੱਸਾ ਲਿਆ। ਯੁਵਕ ਮੇਲੇ ਦੇ ਤੀਜੇ ਦਿਨ ਵਿਧਾਇਕ ਘਨਸ਼ਿਆਮ ਦਾਸ ਅਰੋੜਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਵੱਲੋਂ ਜੇਤੂ ਟੀਮਾਂ ਨੂੰ ਪੁਰਸਕਾਰ ਵੰਡੇ ਗਏ ਅਤੇ ਵਿਦਿਆਰਥੀਆਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਾਰਿਆਂ ਨੂੰ ਵਧਾਈ ਦਿੱਤੀ ਗਈ। ਯੂਥ ਫੈਸਟੀਵਲ ਦੇ ਤੀਜੇ ਦਿਨ ਪੰਜ ਸਟੇਜਾਂ ’ਤੇ 8 ਮੁਕਾਬਲੇ ਕਰਵਾਏ ਗਏ। ਸਮੁੱਚੀ ਟਰਾਫ਼ੀ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਨੇ ਜਿੱਤੀ ਜਦਕਿ ਰਨਰਅੱਪ ਟਰਾਫ਼ੀ ’ਤੇ ਡੀਏਵੀ ਕਾਲਜ ਯਮੁਨਾਨਗਰ ਨੇ ਕਬਜ਼ਾ ਕੀਤਾ। ਫਾਈਨ ਆਰਟ ਦੀ ਟਰਾਫ਼ੀ ਡੀਏਵੀ ਕਾਲਜ ਨੇ ਹਾਸਲ ਕੀਤੀ, ਥੀਏਟਰ, ਡਾਂਸ ਅਤੇ ਮਿਊਜ਼ਿਕ ਦੀ ਓਵਰਆਲ ਟਰਾਫ਼ੀ ਗੁਰੂ ਨਾਨਕ ਗਰਲਜ਼ ਕਾਲਜ ਨੇ ਪ੍ਰਾਪਤ ਕੀਤੀ। ਮੰਚ ਸੰਚਾਲਨ ਪ੍ਰੋਫੈਸਰ ਦੀਪਿਕਾ, ਪ੍ਰੋਫੈਸਰ ਸ਼ੰਮੀ ਬਜਾਜ, ਪ੍ਰੋਫੈਸਰ ਸੁਕ੍ਰਿਤੀ ਵੱਲੋਂ ਕੀਤਾ ਗਿਆ। ਸਮਾਪਤੀ ਸੈਸ਼ਨ ਦਾ ਮੰਚ ਸੰਚਾਲਨ ਪ੍ਰੋਫੈਸਰ ਦਿਲਸ਼ਾਦ ਵੱਲੋਂ ਕੀਤਾ ਗਿਆ। ਪੁਰਸਕਾਰ ਵੰਡਣ ਸਮੇਂ ਮਹਿਮਾਨ ਦੇ ਰੂਪ ਵਿੱਚ ਡਾ. ਰਿਸ਼ੀ ਪਾਲ, ਡਾ. ਆਬੀਦ, ਡਾ. ਸੁਭਾਸ਼ ਤੰਵਰ ਅਤੇ ਡਾ. ਸੁਮਨ ਮੌਜੂਦ ਰਹੇ। ਮੇਲੇ ਦੀ ਸਮਾਪਤੀ ’ਤੇ ਕਾਲਜ ਦੇ ਜਨਰਲ ਸਕੱਤਰ ਐੱਮਐੱਸ ਸਾਹਨੀ, ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਅਤੇ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਨੇ ਜਿੱਤਣ ਵਾਲੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ। ਵੱਖ ਵੱਖ ਮੁਕਾਬਿਲਿਆਂ ਦੇ ਨਤੀਜਿਆਂ ਵਿੱਚ ਇੰਡੀਅਨ ਆਰਕੈਸਟਰਾ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਨੇ ਪਹਿਲਾ ਅਤੇ ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗਰੁੱਪ ਸੌਂਗ ਜਨਰਲ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਦੀ ਟੀਮ ਪਹਿਲੇ, ਡੀਏਵੀ ਗਰਲਜ਼ ਕਾਲਜ ਯਮੁਨਾਨਗਰ ਦੀ ਟੀਮ ਦੂਜੇ ਅਤੇ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੀ ਟੀਮ ਤੀਜੇ ਸਥਾਨ ’ਤੇ ਰਹੀ। ਕਾਰਟੂਨ ਬਣਾਉਣ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਨੇ ਪਹਿਲਾ, ਡੀਏਵੀ ਗਰਲਜ਼ ਕਾਲਜ ਨੇ ਦੂਜਾ ਅਤੇ ਐਮਐਲਐਨ ਕਾਲਜ ਰਾਦੌਰ ਨੇ ਦੂਜਾ ਅਤੇ ਸੰਤ ਨਿਸ਼ਚਲ ਸਿੰਘ ਕਾਲਜ ਆਫ ਐਜੂਕੇਸ਼ਨ ਫ਼ਾਰ ਵਿਮੈੱਨ ਯਮੁਨਾਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।