ਖੇਤਰੀ ਯੁਵਕ ਮੇਲਾ: ਮਾਤਾ ਗੁਜਰੀ ਕਾਲਜ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 3 ਨਵੰਬਰ
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੈਸ਼ਨ 2024-25 ਦੇ ਖੇਤਰੀ ਯੁਵਕ ਮੇਲੇ (ਰੋਪੜ ਫ਼ਤਹਿਗੜ੍ਹ ਸਾਹਿਬ ਖੇਤਰ) ਦੇ ਪਹਿਲੇ ਦਿਨ ਕਰਵਾਏ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚ ਕਾਲਜ ਨੇ ਗਰੁੱਪ ਸ਼ਬਦ, ਸਮੂਹ ਗਾਇਨ, ਸੱਭਿਆਚਾਰਕ ਕੁਇਜ਼, ਕਲੇਅ ਮਾਡਲਿੰਗ, ਕਲਾਸੀਕਲ ਵੋਕਲ, ਫ਼ੋਕ ਆਰਕੈਸਟਰਾ ਅਤੇ ਮੌਕੇ ’ਤੇ ਚਿੱਤਰਕਾਰੀ ਮੁਕਾਬਲਿਆਂ ਵਿੱਚ ਪਹਿਲਾ, ਭੰਗੜਾ, ਗੀਤ/ਗ਼ਜ਼ਲ, ਫ਼ੋਟੋਗ੍ਰਾਫ਼ੀ ਅਤੇ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿੱਚ ਦੂਸਰਾ ਅਤੇ ਰੰਗੋਲੀ, ਕਾਰਟੂਨਿੰਗ, ਕੋਲਾਜ ਬਣਾਉਣਾ, ਇੰਸਟਾਲੇਸ਼ਨ ਅਤੇ ਮਹਿੰਦੀ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਜੇਤੂਆ ਨੂੰ ਮੁਬਾਰਕਬਾਦ ਦਿੱਤੀ। ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੁਭਕਾਮਨਾਵਾਂ ਦਿਤੀਆਂ। ਡੀਨ ਸੱਭਿਆਚਾਰਕ ਗਤੀਵਿਧੀਆਂ ਡਾ. ਹਰਮਿੰਦਰ ਸਿੰਘ ਨੇ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਨੂੰ ਆਪਣੀ ਛੁਪੀ ਪ੍ਰਤਿਭਾ ਬਾਰੇ ਪਤਾ ਚੱਲਦਾ ਹੈ ਅਤੇ ਲੀਡਰਸ਼ਿਪ ਦੇ ਗੁਣ, ਆਪਸੀ ਸਹਿਯੋਗ ਅਤੇ ਟੀਮ ਪ੍ਰਬੰਧਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਸੱਭਿਆਚਾਰਕ ਗਤੀਵਿਧੀਆਂ ਦੇ ਕਨਵੀਨਰ ਡਾ. ਜਗਪਾਲ ਸਿੰਘ, ਡਾ. ਸੀਮਾ ਰਾਣੀ, ਡਾ. ਅਵਨੀਤ ਕੌਰ ਹਾਜ਼ਰ ਸਨ।