ਪਟਵਾਰੀਆਂ ਤੇ ਕਾਨੂੰਨਗੋਆਂ ਵੱਲੋਂ ਵਾਧੂ ਕੰਮ ਕਰਨ ਤੋਂ ਇਨਕਾਰ
ਪੱਤਰ ਪ੍ਰੇਰਕ
ਰਤੀਆ, 4 ਅਗਸਤ
ਦੀ ਰੈਵੇਨਿਊ ਪਟਵਾਰ ਤੇ ਕਾਨੂੰਨਗੋ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਕੁਮਾਰ ਦੀ ਅਗਵਾਈ ਵਿੱਚ ਰਤੀਆ ਦੇ ਐੱਸਡੀਐੱਮ ਜਗਦੀਸ਼ ਚੰਦਰ ਰਾਹੀਂ ਆਫ਼ਤ ਤੇ ਪ੍ਰਬੰਧਨ ਵਿਭਾਗ ਹਰਿਆਣਾ ਦੇ ਵਿੱਤ ਕਮਿਸ਼ਨਰ ਤੇ ਵਧੀਕ ਮੁੱਖ ਸਕੱਤਰ ਨੂੰ ਮੰਗ ਪੱਤਰ ਭੇਜ ਕੇ ਵਾਧੂ ਪਟਵਾਰ ਸਰਕਲ ਦਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐੱਸਡੀਐੱਮ ਰਾਹੀਂ ਮੰਗ ਪੱਤਰ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਕਾਨੂੰਨਗੋ ਹਰੀ ਸਿੰਘ, ਪਟਵਾਰੀ ਮਦਨ ਲਾਲ ਗੁਰਜਰ, ਅਸ਼ੋਕ ਕੁਮਾਰ, ਗੁਰਪੇਜ ਸਿੰਘ, ਰੂਪ ਸਿੰਘ, ਕ੍ਰਿਪਾਲ ਸਿੰਘ, ਸ਼ੇਰ ਸਿੰਘ ਆਦਿ ਨੇ ਦੱਸਿਆ ਕਿ ਬੀਤੀ 29 ਜੁਲਾਈ ਨੂੰ ਰੈਵੇਨਿਊ ਪਟਵਾਰ ਅਤੇ ਕਾਨੂੰਨਗੋ ਐਸੋਸੀਏਸ਼ਨ ਦੀ ਜੀਂਦ ਵਿਚ ਮੀਟਿੰਗ ਹੋਈ ਸੀ, ਜਿਸ ਵਿਚ ਫ਼ੈਸਲਾ ਲਿਆ ਗਿਆ ਸੀ ਕਿ ਪਟਵਾਰੀ ਮੂਲ ਹਲਕਿਆਂ ਤੋਂ ਇਲਾਵਾ ਹੋਰ ਹਲਕਿਆਂ ਦਾ ਕੰਮ ਨਹੀਂ ਸੰਭਾਲਣਗੇ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਪਟਵਾਰੀਆਂ ਦੇ 1200 ਤੋਂ ਅਸਾਮੀਆਂ ਖਾਲੀ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸੂਬੇ ਵਿੱਚ 2691 ਅਸਾਮੀਆਂ ਦਾ ਕੰਮ ਲਗਪਗ 1400 ਪਟਵਾਰੀਆਂ ਤੋਂ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਜ਼ਿਲਿਆਂ ਵਿਚ ਜਿਵੇਂ ਕਰਨਾਲ, ਹਿਸਾਰ, ਸਿਰਸਾ, ਜੀਂਦ, ਫਤਿਹਾਬਾਦ ਆਦਿ ਵਿਚ ਤਾਂ ਰਾਜਸਵ ਪਟਵਾਰੀਆਂ ਕੋਲ 5 ਤੋਂ 14 ਤੱਕ ਸਰਕਲ ਹੈ। ਅਜਿਹੇ ਵਿਚ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਟਵਾਰੀ ਕਿੰਨਾਂ ਹਾਲਤਾਂ ਵਿਚ ਕੰਮ ਕਰਨ ਲਈ ਮਜ਼ਬੂਰ ਹਨ ਅਤੇ ਗਿਰਦਾਵਰੀ ਜਿਹੇ ਸਮੇਂ ਸੀਮਾ ਦੇ ਕੰਮ ਕਿਵੇਂ ਸੰਭਵ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਸਰਕਾਰ ਨੂੰ ਦੱਸਿਆ ਜਾ ਚੁੱਕਾ ਹੈ ਕਿ ਪਟਵਾਰੀਆਂ ਦੀ ਨਿਯਮਤ ਭਰਤੀ ਦੀ ਤੁਰੰਤ ਬਹੁਤ ਜ਼ਰੂਰਤ ਹੈ ਅਤੇ ਜਦੋਂ ਤੱਕ ਨਿਯਮਤ ਭਰਤੀ ਨਹੀਂ ਕੀਤੀ ਜਾ ਸਕਦੀ ਹੈ, ਤਦ ਤੱਕ ਦੀ ਗਿਰਦਾਵਰੀ ਲਈ ਉਪਲਬੱਧ ਸਹਾਇਕਾਂ ਦੀ ਤਰਜ਼ ’ਤੇ ਵਾਧੂ ਹਲਕਿਆਂ ਲਈ ਸਹਾਇਕ ਉਪਲਬਧ ਕਰਵਾਉਣ ਦੇ ਆਦੇਸ਼ ਪਾਸ ਕਰਵਾਉਣ ਦਾ ਕਸ਼ਟ ਕਰਨ ਤਾਂ ਕਿ ਪਟਵਾਰੀਆਂ ਨੂੰ ਵੀ ਕੁੱਝ ਮਾਨਸਿਕ ਰਾਹਤ ਮਿਲ ਸਕੇ ।