For the best experience, open
https://m.punjabitribuneonline.com
on your mobile browser.
Advertisement

ਇਕ ਸ਼ਾਇਰਾ ਦਾ ਇਨਕਾਰ

08:36 AM Dec 03, 2023 IST
ਇਕ ਸ਼ਾਇਰਾ ਦਾ ਇਨਕਾਰ
Advertisement
ਸਵਰਾਜਬੀਰ
ਕਲਾਕਾਰ, ਲੇਖਕ, ਰੰਗਕਰਮੀ, ਗਾਇਕ, ਚਿੱਤਰਕਾਰ, ਸੰਗੀਤਕਾਰ ਤੇ ਕਲਾ ਦੇ ਹੋਰ ਖੇਤਰਾਂ ਵਿਚ ਕੰਮ ਕਰਨ ਵਾਲੇ ਕਲਾ-ਕਿਰਤੀ ਬਹੁਤਾ ਕਰਕੇ ਸਮਾਜਿਕ ਹਾਸ਼ੀਏ ’ਤੇ ਵਿਚਰਦੇ ਹਨ। ਉਨ੍ਹਾਂ ’ਚੋਂ ਕੁਝ ਪ੍ਰਸਿੱਧੀ ਹਾਸਿਲ ਕਰ ਕੇ ਲੋਕਾਂ ਤੱਕ ਵੱਡੀ ਪੱਧਰ ’ਤੇ ਪਹੁੰਚਦੇ ਹਨ ਪਰ ਬਹੁਤਾ ਕਰਕੇ ਉਨ੍ਹਾਂ ਦੀ ਆਵਾਜ਼ ਤੇ ਕਲਾ ਸੀਮਤ ਦਾਇਰਿਆਂ ਤੱਕ ਮਹਿਦੂਦ ਰਹਿੰਦੀ ਹੈ। ਇਸ ਦੇ ਬਾਵਜੂਦ ਉਹ ਸਮਾਜ ਦੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਆਵਾਜ਼ ਉਠਾਉਂਦੇ ਰਹਿੰਦੇ ਹਨ ਭਾਵੇਂ ਉਸ ਨੂੰ ਘੱਟ ਲੋਕ ਸੁਣਨ ਜਾਂ ਜ਼ਿਆਦਾ। ਹੁਣ ਝਾਰਖੰਡ ਦੀ ਸ਼ਾਇਰਾ ਤੇ ਸਮਾਜਿਕ ਕਾਰਕੁਨ ਜੇਸਿੰਤਾ ਕੇਰਕੇਟਾ ਨੇ ਇਕ ਪ੍ਰਮੁੱਖ ਮੀਡੀਆ ਹਾਊਸ ਵੱਲੋਂ ਉਸ ਨੂੰ ਦਿੱਤਾ ਗਿਆ ਪੁਰਸਕਾਰ ਇਹ ਕਹਿੰਦਿਆਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਕਿ, ‘‘ਜਦੋਂ ਦੇਸ਼ ਭਰ ਵਿਚ ਆਦਿਵਾਸੀਆਂ ’ਤੇ ਹਮਲੇ ਕੀਤੇ ਜਾ ਰਹੇ ਹੋਣ, ਜਦੋਂ ਮਨੀਪੁਰ ਦੇ ਕਬਾਇਲੀ ਲੋਕ ਰੋਜ਼ ਕਸ਼ਟ ਸਹਿ ਰਹੇ ਹੋਣ, ਜਦੋਂ ਆਦਿਵਾਸੀ ਜੀਵਨ ਦੇ ਗੌਰਵ ਨੂੰ ਮਿੱਟੀ ਵਿਚ ਮਿਲਾਇਆ ਜਾ ਰਿਹਾ ਹੋਵੇ, ਤਾਂ ਉਸ ਵੇਲੇ ਕੋਈ ਪੁਰਸਕਾਰ ਲੇਖਕਾਂ ਤੇ ਸ਼ਾਇਰਾਂ ਨੂੰ ਕਿਵੇਂ ਟੁੰਬ ਸਕਦਾ ਹੈ?’’ ਕੇਰਕੇਟਾ ਨੂੰ ਉਸ ਦੀ ਸ਼ਾਇਰੀ ਦੀ ਕਿਤਾਬ ‘ਈਸ਼ਵਰ ਔਰ ਬਾਜ਼ਾਰ’ ਲਈ ਸਨਮਾਨਿਤ ਕੀਤਾ ਗਿਆ ਹੈ/ਸੀ। ਕੇਰਕੇਟਾ ਅਨੁਸਾਰ ਮੁੱਖਧਾਰਾਈ ਮੀਡੀਆ ਨੇ ਕਬਾਇਲੀਆਂ ਦੇ ਮਸਲਿਆਂ ਅਤੇ ਮਨੀਪੁਰ ਬਾਰੇ ਚੁੱਪ ਧਾਰੀ ਹੋਈ ਹੈ। ਉਸ ਦਾ ਇਨਾਮ ਲੈਣ ਤੋਂ ਇਨਕਾਰ ਇਸ ਚੁੱਪ ਵਿਰੁੱਧ ਰੋਸ ਦਰਜ ਕਰਵਾਉਣ ਲਈ ਹੈ। ਮਨੀਪੁਰ ਵਿਚ ਮਈ ਤੋਂ ਸ਼ੁਰੂ ਹੋਈ ਹਿੰਸਾ ਅਜੇ ਤਕ ਖ਼ਤਮ ਨਹੀਂ ਹੋਈ; ਦੋ ਭਾਈਚਾਰਿਆਂ ਨੂੰ ਇਕ ਦੂਜੇ ਦਾ ਦੁਸ਼ਮਣ ਬਣਾ ਦਿੱਤਾ ਗਿਆ ਹੈ। ਕੁੱਕੀ ਕਬਾਇਲੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇੰਟਰਨੈੱਟ ਬੰਦ ਹੋਇਆਂ 200 ਦਿਨਾਂ ਤੋਂ ਵੱਧ ਹੋ ਗਏ ਹਨ।
ਲੇਖਕ, ਕਲਾਕਾਰ ਸਭ ਪਛਾਣੇ ਜਾਣ ਲਈ ਤਾਂਘਦੇ ਹਨ। ਇਸ ਪਛਾਣ ਦੇ ਕਈ ਪੱਧਰ ਹੁੰਦੇ ਹਨ: ਆਪਣੇ ਸਾਥੀ ਲੇਖਕਾਂ, ਕਲਾਕਾਰਾਂ ਦੁਆਰਾ ਪਛਾਣ, ਕਲਾ ਜਗਤ ਵਿਚ ਪਛਾਣ, ਸਮਾਜ ਵਿਚ ਪਛਾਣ, ਕਲਾ ਅਦਾਰਿਆਂ ਵਿਚ ਪਛਾਣ ਤੇ ਸਰਕਾਰੇ-ਦਰਬਾਰੇ ਸਥਾਪਤੀ ਦੁਆਰਾ ਪਛਾਣ। ਕਿਸੇ ਵੀ ਲੇਖਕ ਜਾਂ ਕਲਾਕਾਰ ਲਈ ਇਹ ਤਾਂਘ ਕਰਨੀ ਬਹੁਤ ਮਨੁੱਖੀ ਤੇ ਸੁਭਾਵਿਕ ਹੈ ਕਿ ਉਸ ਨੂੰ ਸਮਾਜ ਵਿਚ ਪਛਾਣ ਤੇ ਮਾਣ-ਸਨਮਾਨ ਮਿਲੇ ਪਰ ਕਈ ਵਾਰ ਉਸ ਨੂੰ ਲੀਕ ਖਿੱਚਣੀ ਅਤੇ ਕੁਝ ਕਲਾ ਅਦਾਰਿਆਂ, ਸਰਕਾਰਾਂ ਆਦਿ ਤੋਂ ਦੂਰੀ ਵਿਹਾਜਣੀ ਪੈਂਦੀ ਹੈ ਕਿ ਕਿਨ੍ਹਾਂ ਸੰਸਥਾਵਾਂ, ਸਰਕਾਰਾਂ ਤੇ ਜਥੇਬੰਦੀਆਂ ਨਾਲ ਜੁੜਨਾ ਹੈ ਅਤੇ ਕਿਨ੍ਹਾਂ ਨਾਲ ਨਹੀਂ। ਜੇਸਿੰਤਾ ਕੇਰਕੇਟਾ ਨੂੰ ਵੀ ਮਾਣ-ਸਨਮਾਨ ਮਿਲੇ ਹਨ ਅਤੇ ਉਸ ਨੇ ਸਵੀਕਾਰ ਵੀ ਕੀਤੇ ਹਨ ਪਰ ਉਸ ਦਾ ਮਨ ਨਿਸ਼ਚੇ ਹੀ ਮੁੱਖਧਾਰਾਈ ਮੀਡੀਆ ਦੇ ਵਤੀਰੇ ਪ੍ਰਤੀ ਦੁਖੀ ਹੋਵੇਗਾ ਤਾਂ ਹੀ ਉਸ ਨੇ ਪੁਰਸਕਾਰ ਲੈਣ ਤੋਂ ਇਨਕਾਰ ਕੀਤਾ ਹੈ। ਇੱਥੇ ਇਹ ਧਿਆਨ ਦੇਣਯੋਗ ਹੈ ਕਿ ਜਿਸ ਮੀਡੀਆ ਹਾਊਸ ਤੋਂ ਉਸ ਨੇ ਇਨਾਮ ਲੈਣ ਤੋਂ ਇਨਕਾਰ ਕੀਤਾ ਹੈ, ਉਹ ਕੇਂਦਰ ਸਰਕਾਰ ਅਤੇ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਬਹੁਤ ਨਜ਼ਦੀਕ ਹੈ।
ਜੇਸਿੰਤਾ ਕੇਰਕੇਟਾ ਓਰਾਨ ਕਬੀਲੇ ਨਾਲ ਸਬੰਧ ਰੱਖਦੀ ਹੈ। ਝਾਰਖੰਡ ਦੇ ਖ਼ੁਦਾਪੋਸ਼ ਪਿੰਡ ’ਚ ਜਨਮੀ ਜੇਸਿੰਤਾ ਦਾ ਬਚਪਨ ਸਾਰੰਦਾ ਵਣ ਦੇ ਨਜ਼ਦੀਕ ਗੁਜ਼ਰਿਆ। ਉਸ ਨੇ ਪੱਤਰਕਾਰੀ ਕੀਤੀ ਅਤੇ ਆਪਣਾ ਧਿਆਨ ਆਦਿਵਾਸੀ ਮੁੱਦਿਆਂ ’ਤੇ ਕੇਂਦਰਿਤ ਕੀਤਾ ਜਿਸ ਲਈ ਉਸ ਨੂੰ ਸੰਯੁਕਤ ਰਾਸ਼ਟਰ ਤੋਂ ਇਨਾਮ ਮਿਲਿਆ। ਜੇਸਿੰਤਾ ਦੀ ਪੱਤਰਕਾਰੀ ਤੇ ਕਵਿਤਾ ਵਿਚ ਪ੍ਰਕਿਰਤੀ/ਕੁਦਰਤ ਪ੍ਰਤੀ ਡੂੰਘੀ ਸੰਵੇਦਨਾ ਹੈ; ਉਹ ਮਨੁੱਖ ਤੇ ਸਰਮਾਏਦਾਰੀ ਨਿਜ਼ਾਮ ਦੁਆਰਾ ਜਲਵਾਯੂ ਤੇ ਵਾਤਾਵਰਨ ਤੇ ਕੁਦਰਤੀ ਖ਼ਜ਼ਾਨਿਆਂ ਦੀ ਕੀਤੀ ਜਾ ਰਹੀ ਤਬਾਹੀ ਤੇ ਲੁੱਟ ਨੂੰ ਬਾਖ਼ੂਬੀ ਜਾਣਦੀ ਹੈ। ਉਹ ਆਦਿਵਾਸੀਆਂ ਤੇ ਔਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੀ ਹੈ। ਬਾਜ਼ਾਰ ਤੇ ਕੁਦਰਤੀ ਖ਼ਜ਼ਾਨਿਆਂ ਦੀ ਲੁੱਟ ਕਰਨ ਵਾਲੀਆਂ ਜਮਾਤਾਂ ਆਦਿਵਾਸੀ ਪਛਾਣ ਦੇ ਸਾਰੇ ਤੱਤਾਂ ਨੂੰ ਖ਼ਤਮ ਕਰਨ ਦਾ ਯਤਨ ਕਰਦੀਆਂ ਹਨ। ਆਦਿਵਾਸੀ ਜੀਵਨ ਦੇ ਸੱਭਿਆਚਾਰਕ ਉਜਾੜੇ ਬਾਰੇ ਆਪਣੀ ਕਵਿਤਾ ‘ਇਹ ਕਿਸ ਦਾ ਨਾਂ ਹੈ?’ ਵਿਚ ਉਹ ਲਿਖਦੀ ਹੈ:
ਮੈਂ ਸੋਮਵਾਰ ਜੰਮਿਆ
ਤੇ ਮੇਰਾ ਨਾਂ ਸੋਮਰਾ ਹੋ ਗਿਆ
ਮੰਗਲਵਾਰ ਜੰਮਿਆ
ਤੇ ਮੰਗਲ, ਮੰਗਰ ਜਾਂ ਮੰਗਰਾ ਹੋ ਗਿਆ
ਬ੍ਰਹਿਸਪਤੀਵਾਰ ਜੰਮਿਆ
ਤੇ ਬਿਰਸਾ1 ਹੋ ਗਿਆ
ਮੈਂ ਦਿਨ ਤੇ ਤਾਰੀਕ ਦੇ ਵਾਂਗ
ਆਪਣੇ ਸਮੇਂ ਦੇ ਸੀਨੇ ’ਤੇ ਖਲੋਤਾ ਸਾਂ
ਪਰ ਉਹ ਆਏ, ਤੇ
ਉਨ੍ਹਾਂ ਨੇ ਮੇਰਾ ਨਾਂ ਬਦਲ ਦਿੱਤਾ
ਉਹ ਦਿਨ, ਉਹ ਤਾਰੀਕਾਂ ਮਿਟਾ ਦਿੱਤੀਆਂ
ਜਿਨ੍ਹਾਂ ’ਚ, ਮੇਰਾ ਹੋਣਾ ਤੈਅ ਸੀ
ਹੁਣ ਮੈਂ ਰਮੇਸ਼, ਨਰੇਸ਼ ਤੇ ਮਹੇਸ਼ ਹਾਂ
ਐਲਬਰਟ, ਗਿਲਬਰਟ ਜਾਂ ਅਲਫਰੈਡ ਹਾਂ
ਮੇਰੇ ਕੋਲ ਹਰ ਉਸ ਦੁਨੀਆ ਦੇ ਸਾਰੇ ਨਾਂ ਹਨ
ਜਿਨ੍ਹਾਂ ਦਾ ਮੇਰੀ ਜ਼ਮੀਨ ਨਾਲ ਕੋਈ ਰਿਸ਼ਤਾ ਨਹੀਂ
ਜਿਨ੍ਹਾਂ ਦਾ ਇਤਿਹਾਸ ਮੇਰਾ ਇਤਿਹਾਸ ਨਹੀਂ
ਮੈਂ ਉਨ੍ਹਾਂ ਦੇ ਇਤਿਹਾਸ ਦੇ ਅੰਦਰ
ਆਪਣਾ ਇਤਿਹਾਸ ਖੋਜ ਰਿਹਾਂ
ਤੇ ਦੇਖ ਰਿਹਾਂ
ਦੁਨੀਆ ਦੇ ਹਰ ਕੋਨੇ ਵਿਚ, ਹਰ ਜਗ੍ਹਾ
ਮੇਰੀ ਹੱਤਿਆ ਹੋਈ ਹੈ
ਤੇ ਹਰ ਹੱਤਿਆ ਦਾ
ਕੋਈ ਸੋਹਣਾ ਜਿਹਾ ਨਾਂ ਰੱਖ ਗਿਆ ਹੈ।
(1. ਬਿਰਸਾ: ਇਹ ਸ਼ਾਇਦ ਮਹਾਨ ਕਬਾਇਲੀ ਨਾਇਕ ਬਿਰਸਾ ਮੁੰਡਾ ਵੱਲ ਸੰਕੇਤ ਹੈ ਜਿਸ ਨੇ ਉਨ੍ਹੀਵੀਂ ਸਦੀ ਦੇ ਅਖ਼ੀਰ ਵਿਚ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦੀ ਅਗਵਾਈ ਕੀਤੀ)
ਜੇਸਿੰਤਾ ਦੀਆਂ ਕਵਿਤਾਵਾਂ ਵਿਚ ਆਦਿਵਾਸੀਆਂ ਤੇ ਔਰਤਾਂ ਨਾਲ ਹੋਈਆਂ ਬੇਹੂਦਗੀਆਂ ਤੇ ਜ਼ੁਲਮਾਂ ਦੇ ਵਿਰੁੱਧ ਕੁਦਰਤੀ ਉਬਾਲ ਤੇ ਤੂਫ਼ਾਨ ਹੈ; ਉਸ ਕੋਲ ਡੂੰਘੀ ਮਾਨਵੀ ਸੰਵੇਦਨਾ ਹੈ। ਉੱਥੇ ਕੁੜੱਤਣ ਤੇ ਮਮਤਾ ਦੋਵੇਂ ਮੌਜੂਦ ਹਨ। ਉਹਦੀ ਕਵਿਤਾ ਸਪੱਸ਼ਟ ਤੇ ਤਰਲ ਹੈ, ਵਹਿੰਦੇ ਪਾਣੀਆਂ ਵਰਗੀ, ਬੇਰੋਕ, ਸਰਲ, ਸਾਦੀ ਤੇ ਬੰਧਨਾਂ ਨੂੰ ਨਾ ਮੰਨਣ ਵਾਲੀ।
-2-
ਲੇਖਕ ਤੇ ਕਲਾਕਾਰ ਵੱਖ ਵੱਖ ਮੌਕਿਆਂ ’ਤੇ ਸਮਾਜਿਕ ਅਨਿਆਂ ਵਿਰੁੱਧ ਆਵਾਜ਼ ਉਠਾਉਂਦੇ ਰਹੇ ਹਨ। 2015 ਵਿਚ ਉੱਘੀ ਲੇਖਕ ਨਯਨਤਾਰਾ ਸਹਿਗਲ ਨੇ ਦੇਸ਼ ਦੇ ਲੇਖਕਾਂ ਦੀ ਸਾਹਿਤ ਅਕੈਡਮੀ ਦੇ ਇਨਾਮ ਵਾਪਸ ਦੇਣ ਦੀ ਮੁਹਿੰਮ ਦੀ ਅਗਵਾਈ ਕੀਤੀ; ਉਸ ਦੀ ਇਨਾਮ ਵਾਪਸੀ ਉਹਦੇ ਅਨੁਸਾਰ ‘ਦੇਸ਼ ’ਚ ਵਧ ਰਹੀ ਅਸਹਿਣਸ਼ੀਲਤਾ’ ਵਿਰੁੱਧ ਰੋਸ ਜ਼ਾਹਿਰ ਕਰਨ ਅਤੇ ‘ਅਸਹਿਮਤੀ ਦੇ ਹੱਕ ਦੀ ਹਮਾਇਤ’ ਕਰਨ ਲਈ ਸੀ। ਉਸ ਸਮੇਂ ਦੇਸ਼ ਵਿਚ ਗੋਵਿੰਦ ਪਨਸਾਰੇ, ਨਰਿੰਦਰ ਦਾਭੋਲਕਰ ਤੇ ਐੱਮ ਐੱਮ ਕਲਬਰਗੀ ਦੀਆਂ ਹੱਤਿਆਵਾਂ ਹੋਈਆਂ ਸਨ ਅਤੇ ਹਜੂਮ ਦੁਆਰਾ ਦਾਦਰੀ, ਉੱਤਰ ਪ੍ਰਦੇਸ਼ ’ਚ ਮੁਹੰਮਦ ਅਖ਼ਲਾਕ ਦੀ ਹੱਤਿਆ ਨਾਲ ਹਜੂਮੀ ਹਿੰਸਾ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਹੋਰ ਲੇਖਿਕਾਵਾਂ ਜਿਨ੍ਹਾਂ ਵਿਚ ਹਿੰਦੀ ਨਾਵਲਕਾਰ ਕ੍ਰਿਸ਼ਨਾ ਸੋਬਤੀ,  ਮਰਾਠੀ ਨਾਵਲਕਾਰ ਸ਼ਸ਼ੀ ਦੇਸ਼ਪਾਂਡੇ ਤੇ ਮਲਿਆਲੀ ਲੇਖਿਕਾ ਸਾਰਾ ਜੋਸੇਫ ਸ਼ਾਮਿਲ ਹਨ, ਵੀ ਇਸ ਵਿਰੋਧ ਵਿਚ ਕੁੱਦੀਆਂ ਸਨ। ਪੰਜਾਬੀ ਲੇਖਕ ਅਜਮੇਰ ਔਲਖ, ਵਰਿਆਮ ਸੰਧੂ, ਆਤਮਜੀਤ ਤੇ ਚਮਨ ਲਾਲ ਇਨਾਮ ਵਾਪਸ ਕਰਨ ਵਾਲਿਆਂ ਦੀ ਮੂਹਰਲੀ ਕਤਾਰ ’ਚ ਸਨ।
ਉਪਰੋਕਤ ਇਨਾਮ ਵਾਪਸ ਕਰਨ ਸਮੇਂ ਦੇਸ਼ ਦੇ ਸਾਹਿਤਕ ਹਲਕਿਆਂ ਵਿਚ ਕਾਫ਼ੀ ਵਿਵਾਦ ਹੋਇਆ ਸੀ। ਇਹ ਪੁੱਛਿਆ ਗਿਆ ਕਿ ਲੇਖਕ ਇਨਾਮ ਲੈਂਦੇ ਹੀ ਕਿਉਂ ਹਨ? ਇਹ ਵੀ ਕਿਹਾ ਗਿਆ ਕਿ ਪਹਿਲਾਂ ਲੇਖਕ ਇਨਾਮਾਂ ਪਿੱਛੇ ਦੌੜਦੇ ਹਨ ਅਤੇ ਫਿਰ ਹੋਰ ਮਸ਼ਹੂਰੀ ਖੱਟਣ ਲਈ ਇਨਾਮ ਵਾਪਸ ਕਰ ਦਿੰਦੇ ਹਨ। ਇਸ ਦਾ ਸਿਖਰ ਇਕ ਸੰਸਦੀ ਕਮੇਟੀ ਸੀ ਜਿਸ ਵਿਚ ਇਹ ਸੁਝਾਅ ਦਿੱਤਾ ਗਿਆ ਕਿ ਇਨਾਮ ਦੇਣ ਤੋਂ ਪਹਿਲਾਂ ਲੇਖਕਾਂ ਤੋਂ ਇਹ ਇਕਰਾਰਨਾਮਾ ਲਿਆ ਜਾਵੇ ਕਿ ਉਹ ਇਨਾਮ ਵਾਪਸ ਨਹੀਂ ਕਰਨਗੇ। ਸਥਾਪਤੀ ਤੇ ਸਰਕਾਰਾਂ ਚਾਹੁੰਦੀਆਂ ਹਨ ਕਿ ਲੇਖਕਾਂ ਤੇ ਕਲਾਕਾਰਾਂ ਕੋਲੋਂ ਨਾਂਹ ਕਰਨ ਦਾ ਅਧਿਕਾਰ ਵੀ ਖੋਹ ਲੈਣ। ਉਸ ਸਮੇਂ ਇਕ ਲੇਖਕ ਨੇ ‘ਹਾਅ’ ਦਾ ਨਾਅਰਾ ਮਾਰਦਿਆਂ ਕਿਹਾ ਸੀ, ‘‘ਸਾਨੂੰ ਏਨਾ ਵੀ ਚੁੱਪ ਨਾ ਕਰਾਓ, ਏਨਾ ਵੀ ਨਾ ਖਰੀਦੋ ...ਸਾਨੂੰ ਨਾਂਹ ਕਹਿਣ ਜੋਗੇ ਤਾਂ ਰਹਿਣ ਦਿਓ!’’
-3-
ਜਦੋਂ ਵੀ ਕੋਈ ਲੇਖਕ ਇਨਾਮ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਸਮੇਂ ਫਰਾਂਸੀਸੀ ਲੇਖਕ ਤੇ ਚਿੰਤਕ ਯਾਂ ਪਾਲ ਸਾਰਤਰ ਨੂੰ ਜ਼ਰੂਰ ਚੇਤੇ ਕੀਤਾ ਜਾਂਦਾ ਹੈ ਜਿਸ ਨੇ 1964 ਵਿਚ ਨੋਬੇਲ ਪੁਰਸਕਾਰ ਲੈਣ ਤੋਂ ਨਾਂਹ ਕਰ ਦਿੱਤੀ ਸੀ। ਸਾਰਤਰ ਅਨੁਸਾਰ, ‘‘ਇਕ ਲਿਖਾਰੀ, ਜਿਸ ਨੇ ਕੁਝ ਸਿਆਸੀ, ਸਮਾਜਿਕ ਤੇ ਸਾਹਿਤਕ ਪੈਂਤੜੇ (Positions) ਲਏ ਹੋਣ, ਨੂੰ ਉਨ੍ਹਾਂ ਮਾਨਤਾਵਾਂ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ ਜਿਹੜੀਆਂ ਉਸ ਦੇ ਲਿਖੇ ਸ਼ਬਦਾਂ ’ਤੇ ਪੂਰੀ ਤਰ੍ਹਾਂ ਉਤਰਦੀਆਂ ਹੋਣ।’’ ਉਹ ਆਪਣੀਆਂ ਲਿਖਤਾਂ ਨੂੰ ਕਿਸੇ ਵੀ ਸੰਸਥਾ, ਜਿਨ੍ਹਾਂ ਵਿਚ ਸਵੀਡਨ ਦੀ ਨੋਬੇਲ ਪੁਰਸਕਾਰ ਦੇਣ ਵਾਲੀ ਕਮੇਟੀ ਵੀ ਸ਼ਾਮਿਲ ਸੀ, ਦੇ ਨਾਲ ਨਹੀਂ ਸੀ ਜੋੜਨਾ ਚਾਹੁੰਦਾ।
ਸਾਰਤਰ ਦੁਆਰਾ ਕਾਇਮ ਕੀਤਾ ਗਿਆ ਮਿਆਰ ਬਹੁਤ ਉੱਚਾ ਹੈ। ਇਸੇ ਲੜੀ ਵਿਚ ਉੱਘੀ ਅਮਰੀਕੀ ਕਵੀ ਐਡਰੀਅਨ ਰਿਚ ਨੂੰ ਗਿਣਿਆ ਜਾਂਦਾ ਹੈ ਜਿਸ ਨੇ 1997 ਵਿਚ ਅਮਰੀਕੀ ਸਰਕਾਰ ਦਾ ਕੌਮੀ ਕਿਤਾਬ ਪੁਰਸਕਾਰ (ਨੈਸ਼ਨਲ ਬੁੱਕ ਅਵਾਰਡ) ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਐਡਰੀਅਨ ਰਿਚ ਸਾਰੀ ਉਮਰ ਮਰਦ ਪ੍ਰਧਾਨ ਸੱਤਾ ਵਿਰੁੱਧ ਲਿਖਦੀ ਤੇ ਲੜਦੀ ਰਹੀ ਸੀ ਤੇ ਉਸ ਨੇ ਤਤਕਾਲੀ ਕਲਿੰਟਨ ਪ੍ਰਸ਼ਾਸਨ ਨੂੰ ਮਰਦ ਪ੍ਰਧਾਨ ਸੱਤਾ ਦਾ ਢਕਵੰਜ ਕਹਿੰਦਿਆਂ ਲਿਖਿਆ, ‘‘ਕਲਾ ਦੇ ਅਰਥ, ਜਿਵੇਂ ਮੈਂ ਸਮਝਦੀ ਹਾਂ, ਪ੍ਰਸ਼ਾਸਨ ਦੀ ਸਨਕੀ ਪਹੁੰਚ ਨਾਲ ਮੇਲ ਨਹੀਂ ਖਾਂਦੇ। ...ਮੈਂ ਕਲਾ ਦੀ ਸਮਾਜਿਕ ਪਹੁੰਚ ਵਿਚ ਵਿਸ਼ਵਾਸ ਰੱਖਦੀ ਹਾਂ, ਪਹੁੰਚ ਜੋ ਸਰਕਾਰੀ ਚੁੱਪਾਂ ਨੂੰ ਤੋੜੇ, ਤੇ ਉਨ੍ਹਾਂ ਦੀ ਆਵਾਜ਼ ਬਣੇ ਜਿਨ੍ਹਾਂ ਦੀਆਂ ਆਵਾਜ਼ਾਂ ਨੂੰ ਅਣਗੌਲਿਆ/ਅਣਸੁਣਿਆ ਕਰ ਦਿੱਤਾ ਜਾਂਦਾ ਹੈ...।’’ ਤੇ ਉਸ ਨੇ ਬੁਲੰਦ ਆਵਾਜ਼ ਵਿਚ ਕਿਹਾ, ‘‘ਕਲਾ ਦਾ ਕੋਈ ਮਤਲਬ ਨਹੀਂ ਜੇ ਇਸ ਨੇ ਹਕੂਮਤ ਦੇ ਖਾਣੇ ਦੇ ਮੇਜ਼ ਦਾ ਸ਼ਿੰਗਾਰ ਬਣਨਾ ਹੈ, ਹਕੂਮਤ ਕਲਾ ਨੂੰ ਬੰਧਕ ਬਣਾਉਣਾ ਲੋਚਦੀ ਹੈ।’’ ਐਡਰੀਅਨ ਰਿਚ ਦੀ ਪਹੁੰਚ ਮਹੱਤਵਪੂਰਨ ਸੀ/ਹੈ ਕਿਉਂਕਿ ਅਮਰੀਕਾ ਵਿਚ ‘ਕਲਾ ਕਲਾ ਲਈ’ ਵਾਲੀ ਪਹੁੰਚ (ਭਾਵ ਕਲਾ, ਲੇਖਣ ਆਦਿ ਦਾ ਕੋਈ ਸਮਾਜਿਕ ਸਰੋਕਾਰ ਨਹੀਂ) ਅਤੇ ਨਿੱਜਵਾਦੀ ਲੇਖਣ ਦੀ ਤੂਤੀ ਬੋਲਦੀ ਹੈ। ਜੇਸਿੰਤਾ ਕੇਰਕੇਟਾ ਦੀ ਆਵਾਜ਼ ਵਿਚ ਵੀ ਐਡਰੀਅਨ ਰਿਚ ਦੀ ਆਵਾਜ਼ ਦੀਆਂ ਧੁਨੀਆਂ ਸੁਣਾਈ ਦਿੰਦੀਆਂ ਹਨ, ਸਥਾਪਤੀ ਦਾ ਹਿੱਸਾ ਬਣਨ ਤੋਂ ਇਨਕਾਰ ਕਰਦੀ ਆਵਾਜ਼। ਕਿਤਾਬ ‘ਈਸ਼ਵਰ ਤੇ ਬਾਜ਼ਾਰ’ ਦੀ ਇਕ ਕਵਿਤਾ ਵਿਚ ਉਹ ਲਿਖਦੀ ਹੈ, ‘‘ਜਦੋਂ ਮੇਰਾ ਗੁਆਂਢੀ/ ਮੇਰੇ ਖ਼ੂਨ ਦਾ ਪਿਆਸਾ ਹੋ ਗਿਆ/ ਮੈਂ ਸਮਝ ਗਿਆ/ ਰਾਸ਼ਟਰਵਾਦ ਆ ਗਿਆ ਹੈ।’’
ਸਮਾਜਿਕ ਹਾਲਾਤ ਲੇਖਕਾਂ ਤੇ ਕਲਾਕਾਰਾਂ ਦੀਆਂ ਜ਼ਿੰਦਗੀਆਂ, ਲਿਖਤਾਂ ਤੇ ਕਲਾ ਕਿਰਤਾਂ ਦੇ ਨਕਸ਼ ਘੜਦੇ ਹਨ। ਐਡਰੀਅਨ ਰਿਚ ਅਮਰੀਕਾ ਦੀ ਵੀਅਤਨਾਮ ਵਿਚ ਕੀਤੀ ਜਾ ਰਹੀ ਮਨੁੱਖ-ਮਾਰੂ ਜੰਗ, ਨਸਲਵਾਦ ਅਤੇ ਮਰਦ ਪ੍ਰਧਾਨ ਸੋਚ ਵਾਲੇ ਸੋਚ-ਸੰਸਾਰ ਵਿਰੁੱਧ ਲੜਦੀ ਜਾ ਰਹੀ ਸੀ; ਉਸ ਨੇ ਅਮਰੀਕਾ ਦਾ ਬਿਆਨ ਇਸ ਤਰ੍ਹਾਂ ਕੀਤਾ ਸੀ, ‘‘ਬੰਦਿਆਂ ਦਾ ਸੰਸਾਰ/ ਪਰ ਖ਼ਤਮ ਹੋ ਰਿਹਾ/ ਉਨ੍ਹਾਂ ਨੇ ਖ਼ੁਦ ਇਸ ਨੂੰ ਮਸ਼ੀਨਾਂ ਨੂੰ ਵੇਚ ਦਿੱਤਾ ਏ।’’ ਜੇਸਿੰਤਾ ਕੇਰਕੇਟਾ ਦੇ ਵਿਚਾਰ ਵੀ ਕੁਝ ਇਹੋ ਜਿਹੇ ਹਨ। ਇਸ ਸਮੇਂ ਧਰਮ ਤੇ ਧਰਮ ਆਧਾਰਿਤ ਸਿਆਸਤ ਨੂੰ ਮਜ਼ੂਦਰਾਂ, ਕਿਸਾਨਾਂ, ਮੁਲਾਜ਼ਮਾਂ, ਸਾਡੇ ਦੇਸ਼ ਵਿਚ ਵਿਦਿਆਰਥੀਆਂ, ਔਰਤਾਂ, ਦਲਿਤਾਂ ਤੇ ਹੋਰ ਮਿਹਨਤਕਸ਼ਾਂ ਦੇ ਮਨਾਂ-ਦਿਮਾਗਾਂ ’ਤੇ ਕਬਜ਼ਾ ਕਰਨ ਲਈ ਵਰਤਿਆ ਜਾ ਰਿਹਾ ਹੈ। ਜੇਸਿੰਤਾ ਆਦਿਵਾਸੀ ਔਰਤਾਂ ਦੇ ਹੱਕਾਂ ਦੀ ਹਮ ਨਵਾਈ ਕਰਨ ਦੇ ਨਾਲ ਨਾਲ ਸਾਰੇ ਮਜ਼ਦੂਰਾਂ ਦੇ ਹੱਕ ਅਤੇ ਧਾਰਮਿਕ ਕੱਟੜਪੰਥੀਆਂ ਵਿਰੁੱਧ ਆਵਾਜ਼ ਉਠਾਉਂਦੀ ਹੋਈ ਉਨ੍ਹਾਂ ਦੇ ਰਿਸ਼ਤਿਆਂ ਨੂੰ ਏਦਾਂ ਪਛਾਣਦੀ ਹੈ, ‘‘ਮਜ਼ਦੂਰ ਜਦੋਂ ਆਪਣੇ ਹੱਕਾਂ ਲਈ ਉੱਠੇ/ ਤਾਂ ਕੁਝ ਈਸ਼ਵਰ ਭਗਤਾਂ ਨੇ ਉਨ੍ਹਾਂ ਨੂੰ/ ਹੱਥ ਜੋੜ ਕੇ ਪ੍ਰਾਰਥਨਾ ਕਰਨ ਲਈ ਕਿਹਾ।’’
ਇਹ ਸ਼ਬਦ ਸਾਡੇ ਸਮਿਆਂ ਦੀ ਸਿਆਸਤ ਦੀ ਅੱਕਾਸੀ ਕਰਦੇ ਹਨ। ਸਾਨੂੰ ਜੇਸਿੰਤਾ ਕੇਰਕੇਟਾ ਜਿਹੀਆਂ ਹੋਰ ਆਵਾਜ਼ਾਂ ਦੀ ਲੋੜ ਹੈ। ਅਰਜਨਟਾਈਨਾ ਦੇ ਉੱਘੇ ਚਿੱਤਰਕਾਰ ਲਿਓਨ ਫੇਰਾਰੀ ਨੇ ਕਿਹਾ ਸੀ, ‘‘ਕਲਾ ਨਾ ਤਾਂ ਸੁੰਦਰਤਾ ਦਾ ਨਾਂ ਹੈ ਤੇ ਨਾ ਹੀ ਨਵੇਂਪਣ ਦਾ; ਕਲਾ ਦੇ ਅਰਥ ਉਸ ਦੇ ਪ੍ਰਭਾਵਸ਼ਾਲੀ ਅਤੇ ਅਸਹਿਮਤ ਹੋਣ ਵਿਚ ਪਏ ਹਨ।’’ ਜ਼ਰੂਰਤ ਹੈ ਕਿ ਕਲਾਕਾਰਾਂ ਤੇ ਲੇਖਕਾਂ ਦੀਆਂ ਆਵਾਜ਼ਾਂ ਉੱਭਰਨ ਤੇ ਉਨ੍ਹਾਂ ਆਵਾਜ਼ਾਂ ਵਿਚ ਸਥਾਪਤੀ ਨਾਲ ਅਸਹਿਮਤੀ ਦੀ ਸੁਰ ਉੱਚੀ ਹੋਵੇ। ਮੀਡੀਆ ਦੀ ਇਸ ਵਿਆਪਕ ਚੁੱਪ ਵਿਰੁੱਧ ਇਕ ਸ਼ਾਇਰਾ ਦੇ ਇਨਕਾਰ ਦੀ ਗੂੰਜ ਭਾਵੇਂ ਮੀਡੀਆ ਦੇ ਕਾਰਪੋਰੇਟ ਮਾਲਕਾਂ ਤੇ ਪ੍ਰਬੰਧਕਾਂ ਤਕ ਨਾ ਪਹੁੰਚੇ ਪਰ ਇਨਸਾਨੀਅਤ ਦੇ ਇਤਿਹਾਸ ਵਿਚ ਅਜਿਹੇ ਇਨਕਾਰਾਂ ਦਾ ਜ਼ਿਕਰ ਜ਼ਰੂਰ ਹੋਵੇਗਾ। ਇਸ ਸ਼ਾਇਰਾ ਦਾ ਇਨਕਾਰ ਨਿਸ਼ਚੇ ਹੀ ਲੇਖਕਾਂ ਤੇ ਕਲਾਕਾਰਾਂ ਦੀ ਹਿੰਮਤ ਵਧਾਏਗਾ।

ਮਾਂ ਬੋਲੀ ਤੇ ਰੋਟੀ

ਆਦਿਵਾਸੀ ਲੋਕਾਂ ਲਈ ਆਪਣੀਆਂ ਬੋਲੀਆਂ/ਭਾਸ਼ਾਵਾਂ ਨੂੰ ਬਚਾਉਣ ਦਾ ਸੰਕਟ ਗਹਿਰਾ ਹੈ। ਉਹ ਬਾਜ਼ਾਰ ਨਾਲ ਜੁੜ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਉਹੀ ਭਾਸ਼ਾਵਾਂ/ਬੋਲੀਆਂ ਸਿੱਖਣੀਆਂ ਪੈਂਦੀਆਂ ਹਨ ਜੋ ਬਾਜ਼ਾਰ ਵਿਚ ਪ੍ਰਵਾਨ ਹੋਣ। ਬਾਜ਼ਾਰ ਹਜ਼ਾਰਾਂ ਸਾਲਾਂ ਦੀ ਮਨੁੱਖ ਦੀ ਕਮਾਈ, ਭਾਵੇਂ ਉਹ ਉਸਦੀ ਮਾਂ ਬੋਲੀ ਹੀ ਕਿਉਂ ਨਾ ਹੋਵੇ, ਦੀ ਕਦਰ ਨਹੀਂ ਕਰਦਾ। ਉਹ ਭਾਵਨਾਵਾਂ ਬਾਜ਼ਾਰ ਦੀ ਤੋਰ ਨਾਲ ਮੇਲ ਨਹੀਂ ਖਾਂਦੀਆਂ।
ਆਪਣੀ ਇਕ ਕਵਿਤਾ ਵਿਚ ਜੇਸਿੰਤਾ ਕੇਰਕੇਟਾ ਲਿਖਦੀ ਹੈ:
ਮਾਂ ਬੋਲੀ ਨੂੰ
ਮਾਂ ਦੇ ਮੂੰਹ ’ਚ ਹੀ
ਕੈਦ ਕਰ ਦਿੱਤਾ ਗਿਆ
ਤੇ ਬੱਚੇ
ਉਸ ਦੀ ਰਿਹਾਈ ਦੀ ਮੰਗ ਕਰਦੇ ਕਰਦੇ
ਵੱਡੇ ਹੋ ਗਏ

Advertisement

ਮਾਂ ਬੋਲੀ ਖ਼ੁਦ ਨਹੀਂ ਸੀ ਮਰੀ
ਉਸ ਨੂੰ ਮਾਰਿਆ ਗਿਆ, ਪਰ
ਮਾਂ ਨੂੰ ਇਸ ਦਾ ਪਤਾ ਹੀ ਨਾ ਚੱਲਿਆ।
ਕਿਉਂ ਮਰੀ ਮਾਂ-ਬੋਲੀ? ਮਾਂ-ਬੋਲੀ ਕਿਵੇਂ ਮਰਦੀ ਹੈ? ਮਾਵਾਂ ਮਾਂ ਬੋਲੀ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਦੂਸਰੀ ਭਾਸ਼ਾ/ਬੋਲੀ ਬੋਲਣਾ ਕਿਉਂ ਸਿਖਾਉਂਦੀਆਂ ਹਨ? ਬਹੁਤਾ ਕਰਕੇ ਅਸੀਂ ਮਾਂ-ਪਿਉ ਨੂੰ ਦੋਸ਼ ਦਿੰਦੇ ਹਾਂ ਕਿ ਉਹ ਮਾਂ ਬੋਲੀ ਨੂੰ ਤਿਆਗ ਕੇ ਦੂਸਰੀਆਂ ਭਾਸ਼ਾਵਾਂ/ਬੋਲੀਆਂ ਨੂੰ ਤਰਜੀਹ ਦਿੰਦੇ ਹਨ ਪਰ ਇਹ ਏਨਾ ਸਰਲ ਨਹੀਂ; ਮਾਂ ਬੋਲੀ ਤੇ ਬਾਜ਼ਾਰ ਦੇ ਰਿਸ਼ਤਿਆਂ ਵਿਚਲੀ ਸਿਆਸਤ ਬਹੁਤ ਤਲਖ਼ ਹੈ। ਇਸ ਦੇ ਕਾਰਨ ਜਾਣਨ ਲਈ ਜੇਸਿੰਤਾ ਕੇਰਕੇਟਾ ਨੂੰ ਸੁਣੋ:
ਰੋਟੀਆਂ ਦੇ ਸੁਪਨੇ
ਦਿਖਾਉਣ ਵਾਲੀਆਂ
ਸੰਭਾਵਨਾਵਾਂ ਦੇ ਸਾਹਮਣੇ
ਮਾਂ ਨੇ ਆਪਣੇ ਬੱਚਿਆਂ ਲਈ
ਚਿੱਥ ਲਏ ਬੁੱਲ੍ਹ

Advertisement

ਤੇ ਬੁਰਕੀਆਂ ਦੇ ਸੁਪਨਿਆਂ ਥੱਲੇ
ਦੱਬ ਗਈ ਮਾਂ ਬੋਲੀ।

ਸੁਰਜੀਤ ਪਾਤਰ ਦੀ ਕੁਝ ਸਾਲ ਪਹਿਲਾਂ ਲਿਖੀ ਗਈ ਕਵਿਤਾ ‘ਜੁਰਮਾਨਾ’ ਵਿਚ ਵੀ ਅਜਿਹੇ ਭਾਵ ਉਦੈ ਹੋਏ ਸਨ।

Advertisement
Author Image

sukhwinder singh

View all posts

Advertisement