ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਧਾਰ ਅਤੇ ਚੌਕਸੀ ਲਾਜ਼ਮੀ

10:34 PM Jun 23, 2023 IST

ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿਚ ਹੋਏ ਰੇਲ ਹਾਦਸੇ ਬਾਰੇ ਕਈ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰੇਲ ਬੋਰਡ ਦੀ ਆਪਣੀ ਮੁੱਢਲੀ ਤਫ਼ਤੀਸ਼ ਵਿਚ ਇਲੈਕਟ੍ਰੌਨਿਕ ਲਾਕਿੰਗ ਸਿਸਟਮ (Electronic Locking System) ਵਿਚ ਹੋਈ ਗ਼ਲਤੀ ਨੂੰ ਹਾਦਸੇ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਇਸ ਸਿਸਟਮ ਅਨੁਸਾਰ ਰੇਲ ਲਾਈਨਾਂ ਵਿਚ ਹੋਣ ਵਾਲੀ ਅਦਲਾ-ਬਦਲੀ ਨੂੰ ਇਲੈਕਟ੍ਰੌਨਿਕ ਸਿਸਟਮ ਰਾਹੀਂ ਸੁਰੱਖਿਅਤ ਕੀਤਾ ਜਾਂਦਾ ਹੈ। ਇਹ ਸਿਸਟਮ ਸੁਨਿਸ਼ਚਿਤ ਕਰਦਾ ਹੈ ਕਿ ਇਕ ਰੇਲਵੇ ਲਾਈਨ ‘ਤੇ ਦੋ ਰੇਲ ਗੱਡੀਆਂ ਇਕੋ ਸਮੇਂ ਨਾ ਆਉਣ। ਦੱਸਿਆ ਜਾ ਰਿਹਾ ਹੈ ਕਿ ਇਸ ਸਿਸਟਮ ਵਿਚ ਹੋਈ ‘ਗ਼ਲਤੀ’ ਕਾਰਨ ਸ਼ਾਲੀਮਾਰ-ਚੇਨੱਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਮੇਨ ਲਾਈਨ ‘ਤੇ ਜਾਣ ਦੀ ਥਾਂ ਪਾਸੇ ਵਾਲੀ (Side) ਲਾਈਨ ‘ਤੇ ਚਲੀ ਗਈ ਅਤੇ ਉੱਥੇ ਖੜ੍ਹੀ ਮਾਲ ਗੱਡੀ ਨਾਲ ਜਾ ਟਕਰਾਈ, ਇਸ ਦੇ ਕਈ ਡੱਬੇ ਉਲਟ ਕੇ ਦੂਸਰੀ ਲਾਈਨ ‘ਤੇ ਜਾ ਪਏ ਜਿਸ ‘ਤੇ ਬੰਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਆ ਰਹੀ ਸੀ ਅਤੇ ਇਹ ਭਿਆਨਕ ਹਾਦਸਾ ਹੋਇਆ। ਖ਼ਬਰਾਂ ਮੁਤਾਬਿਕ ਫਰਵਰੀ 2023 ਵਿਚ ਇਕ ਸੀਨੀਅਰ ਰੇਲ ਅਧਿਕਾਰੀ ਨੇ ਖ਼ਬਰਦਾਰ ਕੀਤਾ ਸੀ ਕਿ ਇਸ ਸਿਸਟਮ ਵਿਚ ਕਈ ਨੁਕਸ ਹਨ ਅਤੇ ਇਸ ਕਾਰਨ ਹਾਦਸੇ ਹੋ ਸਕਦੇ ਹਨ। ਇਸੇ ਤਰ੍ਹਾਂ ਪੁਰਾਣੀਆਂ ਹੋ ਗਈਆਂ ਰੇਲਵੇ ਲਾਈਨਾਂ ਦੀ ਥਾਂ ਨਵੀਆਂ ਰੇਲਵੇ ਲਾਈਨਾਂ ਵਿਛਾਉਣ ਦੇ ਕੰਮ ਵਿਚ ਘੱਟ ਖਰਚਾ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਸਬੰਧੀ ਵੇਰਵੇ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਦੀ ਰਿਪੋਰਟ ਵਿਚ ਦਿੱਤੇ ਗਏ ਸਨ/ਹਨ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਿਕਮੇ ਵਿਚ ਤਿੰਨ ਲੱਖ ਤੋਂ ਵੱਧ ਆਸਾਮੀਆਂ ਖਾਲੀ ਹੋਣ ਦਾ ਮੁੱਦਾ ਉਠਾਇਆ ਹੈ। ਕੇਂਦਰ ਸਰਕਾਰ ਨੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੂੰ ਹਾਦਸੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਰੇਲਵੇ ਸੁਰੱਖਿਆ ਬਾਰੇ ਕਮਿਸ਼ਨ (Commission of Railway Safety) ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ; ਇਹ ਕਮਿਸ਼ਨ ਰੇਲ ਮਹਿਕਮੇ ਤੋਂ ਬਾਹਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਧੀਨ ਕੰਮ ਕਰਦਾ ਹੈ। ਰੇਲ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਰੇਲ ਸੁਰੱਖਿਆ ਬਾਰੇ ਕਮਿਸ਼ਨ ਹੀ ਹਾਦਸੇ ਦੇ ਅਸਲੀ ਕਾਰਨਾਂ ‘ਤੇ ਰੌਸ਼ਨੀ ਪਾ ਸਕਦਾ ਹੈ।

Advertisement

ਰੇਲ ਸੁਰੱਖਿਆ ਬਾਰੇ ਕਮਿਸ਼ਨ ਅਤੇ ਸੀਬੀਆਈ ਹਾਦਸੇ ਹੋਣ ਦੇ ਕਾਰਨ ਤਾਂ ਲੱਭ ਸਕਦੇ ਹਨ ਪਰ ਇਸ ਸਬੰਧ ਵਿਚ ਪੁੱਛੇ ਵੱਡੇ ਸਵਾਲਾਂ ਜਿਨ੍ਹਾਂ ਵਿਚ ਲੱਖਾਂ ਆਸਾਮੀਆਂ ਦਾ ਖਾਲੀ ਹੋਣ, ਰੇਲ ਪੱਟੜੀਆਂ ਦੀ ਮੁਰੰਮਤ ਤੇ ਨਵੀਨੀਕਰਨ ਅਤੇ ਬੁਨਿਆਦੀ ਢਾਂਚੇ (infrastructure) ਨੂੰ ਮਜ਼ਬੂਤ ਕੀਤੇ ਬਗ਼ੈਰ ਤੇਜ਼ ਰਫ਼ਤਾਰ ਰੇਲ ਗੱਡੀਆਂ ਚਲਾਉਣ ਦੇ ਮੁੱਦੇ ਸ਼ਾਮਿਲ ਹਨ, ਤਫ਼ਤੀਸ਼ ਏਜੰਸੀਆਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੇ। ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ। ਇੰਨੇ ਵੱਡੇ ਦੁਖਾਂਤਕ ਹਾਦਸੇ ਤੋਂ ਬਾਅਦ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਰੇਲਵੇ ਨਾਲ ਸਬੰਧਿਤ ਮੁੱਦਿਆਂ ਬਾਰੇ ਪਾਰਦਰਸ਼ਤਾ ਨਾਲ ਜਾਣਕਾਰੀ ਦਿੱਤੀ ਜਾਵੇ।

ਇਲੈਕਟ੍ਰੌਨਿਕ ਲਾਕਿੰਗ ਸਿਸਟਮ ਵਿਚ ਸ਼ਬਦ ‘ਇਲੈਕਟ੍ਰੌਨਿਕ’ ਲੋਕਾਂ ਦੇ ਮਨ ਵਿਚ ਇਹ ਪ੍ਰਭਾਵ ਦਿੰਦਾ ਹੈ ਕਿ ਅਜਿਹੇ ਸਿਸਟਮ ਵਿਚ ਗ਼ਲਤੀ ਨਹੀਂ ਹੋ ਸਕਦੀ। ਫਰਵਰੀ 2023 ਵਿਚ ਇਹ ਮੁੱਦਾ ਉਠਾਉਣ ਵਾਲੇ ਸੀਨੀਅਰ ਰੇਲ ਅਧਿਕਾਰੀ ਨੇ ਇਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਕਿਵੇਂ ਦੱਖਣ ਪੱਛਮੀ ਰੇਲਵੇਜ਼ ਜ਼ੋਨ ਵਿਚ 9 ਫਰਵਰੀ ਨੂੰ ਇਸ ਸਿਸਟਮ ਦੀ ਗ਼ਲਤੀ ਕਾਰਨ ਹਾਦਸਾ ਹੋ ਜਾਣਾ ਸੀ ਪਰ ਇੰਜਣ ਡਰਾਈਵਰ ਨੇ ਚੌਕਸੀ ਨਾਲ ਵੇਲਾ ਸੰਭਾਲਿਆ ਤੇ ਹਾਦਸਾ ਟਲ ਗਿਆ। ਇਲੈਕਟ੍ਰੌਨਿਕਸ, ਕੰਪਿਊਟਰਾਂ ਅਤੇ ਮਸ਼ੀਨੀਕਰਨ ਦੇ ਹੋਰ ਖੇਤਰਾਂ ਵਿਚ ਆਧੁਨਿਕੀਕਰਨ ਕਰਨ ਦੇ ਨਾਲ ਨਾਲ ਇਨ੍ਹਾਂ ਸ਼ੋਅਬਿਆਂ ਵਿਚ ਕੰਮ ਕਰਨ ਲਈ ਹੁਨਰਮੰਦ ਅਤੇ ਤਜਰਬੇਕਾਰ ਕਰਮਚਾਰੀਆਂ ਦੀ ਜ਼ਰੂਰਤ ਹੁੰਦੀ ਹੇ। ਜਦੋਂ ਲੰਮੇ ਸਮੇਂ ਲਈ ਆਸਾਮੀਆਂ ਖਾਲੀ ਰਹਿੰਦੀਆਂ ਹਨ ਤਾਂ ਨਵੇਂ ਭਰਤੀ ਹੋਣ ਵਾਲੇ ਕਰਮਚਾਰੀ ਤਜਰਬੇਕਾਰ ਕਰਮਚਾਰੀਆਂ ਤੋਂ ਮਿਲਣ ਵਾਲੀ ਸਿੱਖਿਆ ਤੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ। ਇਹ ਆਸ ਕੀਤੀ ਜਾਂਦੀ ਹੈ ਕਿ ਹਾਦਸੇ ਕਾਰਨ ਉਠਾਏ ਜਾ ਰਹੇ ਮੁੱਦੇ ਵਕਤੀ ਸ਼ੋਰ-ਸ਼ਰਾਬੇ ਦਾ ਹਿੱਸਾ ਬਣ ਕੇ ਨਹੀਂ ਰਹਿ ਜਾਣਗੇ; ਰੇਲ ਮੰਤਰਾਲੇ ਨੂੰ ਇਨ੍ਹਾਂ ਮੁੱਦਿਆਂ ‘ਤੇ ਗੰਭੀਰਤਾ ਨਾਲ ਸੋਚਣਾ ਅਤੇ ਇਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਹੈ। ਇਹ ਹਾਦਸਾ ਸਾਨੂੰ ਇਸ ਤੱਥ ਬਾਰੇ ਸੁਚੇਤ ਕਰਦਾ ਹੈ ਕਿ ਮਸ਼ੀਨੀਕਰਨ ਤੇ ਕੰਪਿਊਟਰੀਕਰਨ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਹਾਦਸੇ ਹੋ ਸਕਦੇ ਹਨ; ਹਾਦਸਿਆਂ ਤੋਂ ਬਚਣ ਲਈ ਲਗਾਤਾਰ ਸੁਧਾਰਾਂ ਅਤੇ ਚੌਕਸੀ ਦੀ ਜ਼ਰੂਰਤ ਹੈ।

Advertisement

Advertisement
Advertisement