For the best experience, open
https://m.punjabitribuneonline.com
on your mobile browser.
Advertisement

ਸਿੱਖ ਧਰਮ ਦੀ ਅਮੀਰ ਵਿਰਾਸਤ ’ਤੇ ਵਿਚਾਰ ਗੋਸ਼ਟੀ

11:07 AM Oct 18, 2023 IST
ਸਿੱਖ ਧਰਮ ਦੀ ਅਮੀਰ ਵਿਰਾਸਤ ’ਤੇ ਵਿਚਾਰ ਗੋਸ਼ਟੀ
Advertisement

ਸਤਨਾਮ ਸਿੰਘ ਢਾਅ
ਕੈਲਗਰੀ : ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਡਾ. ਜੋਗਾ ਸਿੰਘ, ਡਾ. ਅਮਰਜੀਤ ਸਿੰਘ ਅਤੇ ਡਾ. ਅਮਰਜੀਤ ਕੌਰ (ਪਤੀ-ਪਤਨੀ) ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਜਰਨੈਲ ਸਿੰਘ ਤੱਗੜ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਮੁੱਖ ਮਹਿਮਾਨ ਅਤੇ ਸਾਹਿਤਕ ਰਸੀਆਂ ਨੂੰ ਜੀ ਆਇਆਂ ਆਖਿਆ। ਉਪਰੰਤ ਕੈਲਗਰੀ ਵਿੱਚ ਵਿਛੋੜਾ ਦੇ ਗਈਆਂ ਸ਼ਖ਼ਸੀਅਤਾਂ ਕੁਲਵੰਤ ਸਿੰਘ ਅਟਕਰ, ਰੋਮੀ ਪੰਧੇਰ ਅਤੇ ਬੀਬੀ ਅਮਰਜੀਤ ਕੌਰ ਵਿਰਦੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋ. ਅਤੇ ਡਾਇਰੈਕਟਰ ਸੈਂਟਰ ਆਨ ਸੱਟਡੀਜ਼ ਇਨ ਸ੍ਰੀ ਗੂਰੂ ਗ੍ਰੰਥ ਸਾਹਿਬ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਅਧਿਆਨ ਕੇਂਦਰ ਨੇ ਸਖ਼ਤ ਮਿਹਨਤ ਸਦਕਾ ਦੂਰ ਦੁਰਾਡੇ ਅਤੇ ਵੱਖ ਵੱਖ ਥਾਵਾਂ ਤੋਂ ਇਕੱਤਰ (ਸਤਾਰਵੀਂ, ਅਠਾਰਵੀਂ ਅਤੇ ਉਨੀਵੀਂ ਸਦੀ) ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਦੇ ਆਰਟ ਅਤੇ ਕਲਾ ਦੇ ਕੀਤੇ ਕੰਮ ਦਾ ਸਲਾਇਡ ਸ਼ੋਅ ਪੇਸ਼ ਕੀਤਾ। ਉਨ੍ਹਾਂ ਨੇ ਸਿੰਘ ਸਭਾ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਪ੍ਰੋ. ਡਾ. ਅਮਰਜੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਦੂਜੇ ਦੌਰ ਵਿੱਚ ਸਭਾ ਦੇ ਮੈਂਬਰਾਂ ਵੱਲੋਂ ਡਾ. ਜੋੜੀ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਅਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ। ਡਾ. ਅਮਰਜੀਤ ਸਿੰਘ ਨੇ ਆਪਣੀ ਨਵ ਪ੍ਰਕਾਸ਼ਿਤ ਕੌਫ਼ੀ ਟੇਬਲ ਕਿਤਾਬ ‘ਗੁਰੂ ਤੇਗ ਬਹਾਦਰ ਜੀ ਟਰੈਵਲਜ਼ ਐਂਡ ਰੈਲਿਕਸ’ ਅਰਪਨ ਲਿਖਾਰੀ ਸਭਾ ਨੂੰ ਭੇਟ ਕੀਤੀ।
ਪ੍ਰੋਗਾਰਾਮ ਦੌਰਾਨ ਕੇਸਰ ਸਿੰਘ ਨੀਰ ਦੀ ਗੁਰੂ ਤੇਗ ਬਹਾਦਰ ਜੀ ਬਾਰੇ ਲਿਖੀ ਕਵਿਤਾ ਨਾਲ ਹੋਈ। ਡਾ. ਜੋਗਾ ਸਿੰਘ ਸਹੋਤਾ ਨੇ ਅੱਜ ਦੇ ਹਾਲਾਤ ਬਾਰੇ ਗੀਤ ਪੇਸ਼ ਕਰਕੇ ਹਿੰਦੂ ਸਿੱਖ ਪਿਆਰ ਬਣਾਈ ਰੱਖਣ ਦਾ ਸੁਨੇਹਾ ਦਿੱਤਾ। ਪਰਮਿੰਦਰ ਰਮਨ ਨੇ ਕਵਿਤਾ ਪੇਸ਼ ਕੀਤੀ। ਡਾ. ਹਰਮਿੰਦਰਪਾਲ ਸਿੰਘ ਨੇ ਮਾਤਾ ਗੁਜਰੀ ਦਾ ਗੀਤ, ਬੀਬੀ ਗੁਰਨਾਮ ਕੌਰ ਨੇ ‘ਪੰਜਾਬ ਦੀ ਮਿੱਟੀ ਦੀ ਯਾਦ’ ਨਾਂ ਦੀ ਕਵਿਤਾ ਪੇਸ਼ ਕੀਤੀ। ਇਸ ਸਾਹਿਤਕ ਮਿਲਣੀ ਵਿੱਚ ਪ੍ਰਿਤਪਾਲ ਸਿੰਘ ਮੱਲ੍ਹੀ, ਲਖਵਿੰਦਰ ਸਿੰਘ ਜੌਹਲ, ਗੁਰਦਿਆਲ ਸਿੰਘ, ਇਕਬਾਲ ਖ਼ਾਨ, ਸਤਨਾਮ ਸਿੰਘ ਢਾਅ, ਗੁਰਦੀਪ ਸਿੰਘ ਗਹੀਰ, ਇੰਜੀ. ਜੀਰ ਸਿੰਘ ਬਰਾੜ, ਸੁਰਿੰਦਰ ਸਿੰਘ ਢਿੱਲੋਂ, ਮਾ. ਪਰਗਟ ਸਿੰਘ ਰਾਏ, ਗੁਰਦਿਲਰਾਜ ਸਿੰਘ ਦਾਨੇਵਾਲੀਆ, ਬਾਬਾ ਗੁਰਦੇਵ ਸਿੰਘ, ਜਸਵੀਰ ਸਿਹੋਤਾ, ਸਰਬਜੀਤ ਸਿੰਘ ਢਿੱਲੋਂ, ਬਲਜੀਤ ਕੌਰ ਢਿੱਲੋਂ, ਸੁਖਦੇਵ ਕੌਰ ਢਾਅ, ਅਵਤਾਰ ਕੌਰ ਤੱਗੜ, ਸੁਮਨਦੀਪ ਕੌਰ, ਅਤੇ ਰਜਿੰਦਰ ਕੌਰ ਰਨਮਦੀਪ ਸਿੰਘ, ਸੁਬਾ ਸਦੀਕ ਆਦਿ ਨੇ ਆਪਣਾ ਭਰਪੂਰ ਯੋਗਦਾਨ ਪਾਇਆ। ਅਖ਼ੀਰ ’ਤੇ ਡਾ. ਜੋਗਾ ਸਿੰਘ ਨੇ ਦੱਸਿਆ ਕਿ ਅਗਲੀ ਮੀਟਿੰਗ 11 ਨਵੰਬਰ ਨੂੰ ਹੋਵੇਗੀ ਜਿਸ ਵਿੱਚ ਸ਼ਾਇਰ ਕੇਸਰ ਸਿੰਘ ਨੀਰ ਦੀ ਸ਼ਾਹਮੁਖੀ ਵਿੱਚ ਪ੍ਰਕਾਸ਼ਿਤ ਪੁਸਤਕ ‘ਮਹਿਕ ਪੀੜ੍ਹਾਂ ਦੀ’ ਨੂੰ ਲੋਕ ਅਰਪਨ ਕੀਤਾ ਜਾਵੇਗਾ।

Advertisement

ਇਪਸਾ ਵੱਲੋਂ ਲੇਖਕਾਂ ਦਾ ਸਨਮਾਨ

ਬ੍ਰਿਸਬੇਨ: ਆਸਟਰੇਲੀਆ ਦੀ ਅਦਬੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਇੱਥੇ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ, ਕਵਿੱਤਰੀ ਤੇਜਪਾਲ ਕੌਰ ਅਤੇ ਸੂਬਾਈ ਮੁਲਾਜ਼ਮ ਆਗੂ ਦਵਿੰਦਰ ਸਿੰਘ ਪੂੰਨੀਆ ਦਾ ਸਨਮਾਨ ਕੀਤਾ ਗਿਆ ਅਤੇ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਦੀ ਪੁਸਤਕ ‘ਵਿਲੱਖਣਤਾ ਦਾ ਪ੍ਰਤੀਕ ਅਰਬ ਸੰਸਾਰ’ ਲੋਕ ਅਰਪਣ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਮਹਿਮਾਨ ਹਸਤੀਆਂ ਵੱਲੋਂ ਸ਼ਮਾ ਰੌਸ਼ਨ ਕਰਨ ਨਾਲ ਹੋਈ, ਉਪਰੰਤ ਰੁਪਿੰਦਰ ਸੋਜ਼ ਨੇ ਕਵੀ ਦਰਬਾਰ ਦਾ ਸੰਚਾਲਨ ਕੀਤਾ। ਦਲਵੀਰ ਹਲਵਾਰਵੀ, ਸਰਬਜੀਤ ਸੋਹੀ, ਤੇਜਪਾਲ ਕੌਰ, ਨਿਰਮਲ ਸਿੰਘ ਦਿਓਲ ਅਤੇ ਬਲਵੰਤ ਸਾਨੀਪੁਰ ਵੱਲੋਂ ਆਪਣੀਆਂ ਰਚਨਾਵਾਂ ਸੁਣਾਈਆਂ ਗਈਆਂ। ਸਿਡਨੀ ਤੋਂ ਆਏ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਵੱਲੋਂ ਪਰਵਾਸ ਵਿੱਚ ਰਹਿੰਦਿਆਂ ਸਾਹਿਤ ਦੀ ਭੂਮਿਕਾ ਅਤੇ ਪਰਵਾਸੀਆਂ ਵੱਲੋਂ ਆਪਣੀ ਪਿੱਤਰ ਭੂਮੀ ਦੀ ਬਿਹਤਰੀ ਲਈ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਬਹੁਤ ਸੋਹਣਾ ਸੰਵਾਦ ਛੇੜਿਆ ਗਿਆ। ਸਮਾਗਮ ਦੇ ਅੰਤ ਵਿੱਚ ਐਡੀਲੇਡ ਤੋਂ ਆਏ ਦਵਿੰਦਰ ਸਿੰਘ ਪੂੰਨੀਆ ਨੇ ਕਾਰਪੋਰੇਟ ਜਗਤ ਵਿੱਚ ਸਰਕਾਰੀ ਨੀਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਵਿਸ਼ਵ ਭਰ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਸਾਰਥਿਕ ਨੁਕਤਿਆਂ ’ਤੇ ਰੌਸ਼ਨੀ ਪਾਈ। ਇਪਸਾ ਵੱਲੋਂ ਦੋਵਾਂ ਮਹਿਮਾਨਾਂ ਨੂੰ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਪਾਲ ਰਾਊਕੇ, ਅਰਸ਼ਦੀਪ ਦਿਓਲ, ਬਿਕਰਮਜੀਤ ਸਿੰਘ ਚੰਦੀ ਆਦਿ ਹਾਜ਼ਰ ਸਨ।

ਸ਼ਾਇਰਾਨਾ ਸ਼ਾਮ ਨੂੰ ਸਰੋਤਿਆਂ ਨੇ ਰੂਹ ਨਾਲ ਮਾਣਿਆ

ਹਰਦਮ ਮਾਨ
ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿੱਚ ਖੂਬਸੂਰਤ ਸ਼ਾਇਰਾਨਾ ਸ਼ਾਮ ਮਨਾਈ ਗਈ। ਇਸ ਸ਼ਾਮ ਦੀ ਪ੍ਰਧਾਨਗੀ ਅਮਰੀਕਾ ਤੋਂ ਆਏ ਸ਼ਾਇਰ ਕੁਲਵਿੰਦਰ, ਪੰਜਾਬ ਤੋਂ ਆਏ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਜਰਮਨੀ ਤੋਂ ਆਈ ਸ਼ਾਇਰਾ ਨੀਲੂ ਜਰਮਨੀ ਅਤੇ ਦਸਮੇਸ਼ ਗਿੱਲ ਫਿਰੋਜ਼ ਨੇ ਕੀਤੀ।
ਗ਼ਜ਼ਲ ਮੰਚ ਵੱਲੋਂ ਰਾਜਵੰਤ ਰਾਜ ਨੇ ਮੰਚ ਦੀਆਂ ਸਰਗਰਮੀਆਂ ਬਾਰੇ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਦਿੱਤੀ। ਸ਼ਾਇਰਾਨਾ ਸ਼ਾਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲੀ ਨਈਮ ਲੱਖਨ ਨੇ ਨਿਭਾਈ। ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰਾਂ ਦੇ ਸ਼ਿਅਰਾਂ ਨਾਲ ਦਿਲਕਸ਼ ਕਾਵਿਕ ਮਾਹੌਲ ਸਿਰਜਿਆ।
ਡਾ. ਰਣਦੀਪ ਮਲਹੋਤਰਾ ਨੇ ਸ਼ਾਇਰ ਜਸਵਿੰਦਰ ਅਤੇ ਦਵਿੰਦਰ ਗੌਤਮ ਦੀਆਂ ਗ਼ਜ਼ਲਾਂ ਨੂੰ ਆਪਣੇ ਸੁਰੀਲੇ ਸੁਰ ਅਤੇ ਅੰਦਾਜ਼ ਵਿੱਚ ਗਾਇਆ। ਸ਼ਾਇਰ ਜਸਵਿੰਦਰ, ਕੁਲਵਿੰਦਰ, ਕ੍ਰਿਸ਼ਨ ਭਨੋਟ, ਸੁਸ਼ੀਲ ਦੁਸਾਂਝ, ਦਸਮੇਸ਼ ਗਿੱਲ ਫਿਰੋਜ਼, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਪਾਲ ਢਿੱਲੋਂ, ਸਤੀਸ਼ ਗੁਲਾਟੀ, ਮਨਜੀਤ ਕੰਗ, ਸੁਖਜੀਤ ਕੌਰ, ਨੀਲੂ ਜਰਮਨੀ, ਡਾ. ਗੁਰਮਿੰਦਰ ਸਿੱਧੂ ਅਤੇ ਹਰੀ ਸਿੰਘ ਤਾਤਲਾ ਦੀ ਖੂਬਸੂਰਤ ਪੇਸ਼ਕਾਰੀ ਨਾਲ ਸਮੁੱਚਾ ਹਾਲ ਕਾਵਿਕ ਖੁਸ਼ਬੂ ਨਾਲ ਮਹਿਕ ਉੱਠਿਆ। ਸੰਜੇ ਅਰੋੜਾ ਨੇ ਕ੍ਰਿਸ਼ਨ ਭਨੋਟ ਅਤੇ ਜਗੀਰ ਸੱਧਰ ਦੀਆਂ ਗ਼ਜ਼ਲਾਂ ਦੀ ਸੁਰਮਈ ਪੇਸ਼ਕਾਰੀ ਨਾਲ ਵਾਹ ਵਾਹ ਖੱਟੀ।
ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਨੇ ਗਜ਼ਲ ਮੰਚ ਦੀ ਸਥਾਪਨਾ, ਉਦੇਸ਼ ਬਾਰੇ ਦੱਸਿਆ। ਵਿਸ਼ੇਸ਼ ਸਹਿਯੋਗੀ ਭੁਪਿੰਦਰ ਮੱਲ੍ਹੀ ਨੇ ਖੂਬਸੂਰਤ ਗ਼ਜ਼ਲ ਮਹਿਫ਼ਿਲ ਸਜਾਉਣ ਲਈ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦਾ ਧੰਨਵਾਦ ਕੀਤਾ ਸਾਹਿਤਕ ਖੇਤਰ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ।

ਕ੍ਰਿਕਟ ਮੁਕਾਬਲੇ ਵਿੱਚ ਬਾਬਾ ਇਲੈਵਨ ਦੀ ਟੀਮ ਜੇਤੂ

ਸਰੀ: ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵੱਲੋਂ ਇੱਥੋਂ ਦੇ ਪ੍ਰਿੰਸੈਸ ਮਾਰਗਰੇਟ ਪਾਰਕ ਵਿਖੇ ਤੀਜਾ ਪੇਂਡੂ ਖੇਡ ਮੇਲਾ 2023 ਕਰਵਾਇਆ ਗਿਆ ਜਿਸ 800 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਯੂਨੀਅਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਅਤੇ ਸਕੱਤਰ ਰੋਮਨਪ੍ਰੀਤ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਕ੍ਰਿਕਟ, ਵਾਲੀਬਾਲ, ਬੈਡਮਿੰਟਨ, ਮਿਊਜ਼ੀਕਲ ਚੇਅਰ, ਸੀਪ ਆਦਿ ਦੇ ਮੁਕਾਬਲੇ ਕਰਵਾਏ ਗਏ। ਕ੍ਰਿਕਟ ਮੁਕਾਬਲੇ ਵਿੱਚ ਬਾਬਾ ਇਲੈਵਨ ਦੀ ਟੀਮ ਜੇਤੂ ਰਹੀ ਅਤੇ ਸਮਰ ਇਲੈਵਨ ਰਨਰਅੱਪ ਰਹੀ। ਬੈਡਮਿੰਟਨ ਵਿੱਚ ਰੁਪਿੰਦਰ ਕੌਰ ਢਿੱਲੋਂ ਨੇ ਜਿੱਤ ਹਾਸਲ ਕੀਤੀ। ਵਾਲੀਬਾਲ ਮੁਕਾਬਲੇ ਵਿੱਚ ਬੀ.ਸੀ. ਫਰੈਂਡਲੀ ਵਾਲੀਬਾਲ ਕਲੱਬ ਦੀ ਟੀਮ ਜੇਤੂ ਬਣੀ ਅਤੇ ਸਰੀ ਸਪਾਈਕਰ ਰਨਰਅੱਪ ਰਹੀ। ਮਿਊਜ਼ੀਕਲ ਚੇਅਰ ਦਾ ਦਿਲਚਸਪ ਮੁਕਾਬਲਾ ਸੁਖਮਨ ਗਿੱਲ ਨੇ ਆਪਣੇ ਨਾਮ ਕੀਤਾ। ਯੂਨੀਅਨ ਵੱਲੋਂ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਇਨਾਮ ਪ੍ਰਦਾਨ ਕੀਤੇ ਗਏ। ਖਿਡਾਰੀਆਂ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ।
ਸੰਪਰਕ: +1 604 308 6663

Advertisement
Author Image

Advertisement
Advertisement
×