ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਹ ਦਾ ਨਿਖਾਰ

08:42 AM Aug 02, 2023 IST

ਗੁਰਮਲਕੀਅਤ ਸਿੰਘ ਕਾਹਲੋਂ

ਕਾਲੋਨੀ ਵਾਲੇ ਵੱਡੇ ਸਾਰੇ ਬੋਹੜ ਦੇ ਗਿਰਦ ਬਣੇ ਥੜ੍ਹੇ ਕੋਲੋਂ ਲੰਘਦਿਆਂ ਬੰਤੇ ਕਿਆਂ ਦੇ ਜੀਤੇ ਨੇ ਪਾਪਾ ਨੂੰ ਹਾਕ ਮਾਰੀ, “ਜਰਨੈਲ ਸਿਆਂ ਮਾਸਟਰ ਹੋਰੀਂ ਠੀਕ ਠਾਕ ਨੇ, ਕਈ ਦਿਨ ਹੋਗੇ ਆਏ ਨ੍ਹੀਂ, ਉਹ ਤਾਂ ਸਾਡੀ ਸੱਥ ਦੀ ਰੂਹ ਨੇ। ਉਸ ਦੇ ਬਿਨਾਂ ਤਾਂ ਥੜ੍ਹੇ ’ਤੇ ਬੈਠਣ ਨੂੰ ਜੀਅ ਨ੍ਹੀਂ ਕਰਦਾ। ਮਾਸਟਰ ਨੂੰ ਆਉਂਦਿਆਂ ਵੇਖ ਸਾਡੇ ਤਾਂ ਨਵੀਂ ਗੱਲ ਸੁਣਨ ਦੀਆਂ ਕੁਤਕੁਤਾਰੀਆਂ ਨਿਕਲਣ ਲੱਗ ਪੈਂਦੀਆਂ ਨੇ।’’ ਜੀਤੇ ਨੇ ਇੱਕੋ ਸਾਹੇ ਤਾਇਆ ਜੀ ਦਾ ਵਹੀ-ਖਾਤਾ ਫਰੋਲ ਮਾਰਿਆ।
ਬਾਰ ਲੰਘਦੇ ਈ ਪਾਪਾ ਅੰਦਰ ਆਉਣ ਦੀ ਬਜਾਏ ਕਾਹਲੇ ਕਦਮੀਂ ਖੱਬੇ ਪਾਸੇ ਨੂੰ ਤਾਇਆ ਜੀ ਦੇ ਕਮਰਿਆਂ ਵੱਲ ਗਏ। ਬਿਨਾਂ ਠਕੋਰੇ ਉਨ੍ਹਾਂ ਜਾਲੀ ਵਾਲਾ ਪੱਲਾ ਬਾਹਰ ਨੂੰ ਖਿੱਚਿਆ ਤੇ ਅੰਦਰ ਲੰਘ ਗਏ। ਸਾਡੀ ਹੈਰਾਨੀ ਕੁਦਰਤੀ ਸੀ। ਪਹਿਲਾਂ ਉਹ ਘੱਟ ਹੀ ਤਾਇਆ ਜੀ ਵੱਲ ਜਾਂਦੇ ਸੀ। ਜੇ ਕਦੇ ਕੋਈ ਚੀਜ਼ ਲੈਣ ਜਾਂਦੇ ਤਾਂ ਪਹਿਲਾਂ ਠੱਕ ਠੱਕ ਕਰਕੇ ਵੱਡੇ ਭਰਾ ਦੇ ਹੁੰਗਾਰੇ ਤੋਂ ਬਾਅਦ ਅੰਦਰ ਲੰਘਦੇ। ਮੈਂ ਮੰਮੀ ਦੇ ਮੂੰਹ ਵੱਲ ਵੇਖਿਆ ਤਾਂ ਲੱਗਿਆ ਕਿ ਜੋ ਸਵਾਲ ਮੈਂ ਉਨ੍ਹਾਂ ਤੋਂ ਪੁੱਛਣਾ ਚਾਹ ਰਹੀ ਸੀ, ਸ਼ਾਇਦ ਉਹੀ ਗੱਲ ਉਹ ਮੇਰੇ ਤੋਂ ਜਾਣਨਾ ਚਾਹੁੰਦੇ ਹੋਣ। ਉਂਜ ਵੀ ਵੱਡੀ ਉਮਰ ਦੇ ਬੰਦੇ ਬਾਰੇ ਸੋਚ ਕੇ ਸੁੱਖ ਸਾਂਦ ਵਾਲੇ ਤੌਂਖਲੇ ਝੱਟ ਪੈਦਾ ਹੋ ਜਾਂਦੇ ਨੇ। ਮੈਂ ਸੋਚਣ ਲੱਗੀ, ਅਜੇ ਦੁਪਹਿਰੇ ਤਾਂ ਪ੍ਰੀਤੋ ਆਂਟੀ ਤਾਇਆ ਜੀ ਨੂੰ ਰੋਟੀ ਖਵਾ ਕੇ ਆਈ ਸੀ। ਕੋਈ ਗੱਲ ਹੁੰਦੀ ਤਾਂ ਉਹ ਦੱਸ ਕੇ ਜਾਂਦੀ। ਫਿਰ ਯਾਦ ਆਇਆ, ਤਾਇਆ ਜੀ ਕਈ ਦਿਨਾਂ ਤੋਂ ਚੁੱਪ ਚੁੱਪ ਸਨ। ਪਹਿਲਾਂ ਵਾਂਗ ਬਰਾਂਡੇ ਬੈਠਿਆਂ ਸਕੂਲੋਂ ਮੁੜਦੇ ਪਿੰਟੇ ਤੇ ਜੋਤੀ ਨੂੰ ਹੈਲੋ ਹਾਇ ਕਰਦਿਆਂ ਨਹੀਂ ਸੀ ਸੁਣਿਆ। ਮੇਰੇ ਅੰਦਰ ਸਵਾਲ ’ਚੋਂ ਸਵਾਲ ਪੈਦਾ ਹੋ ਰਹੇ ਸੀ।
ਦਸ ਕੁ ਮਿੰਟਾਂ ਬਾਅਦ ਪਾਪਾ ਨੇ ਅੰਦਰ ਆਉਂਦਿਆਂ ਈ ਬਿੰਦਰ ਨੂੰ ਦਫ਼ਤਰੋਂ ਘੰਟਾ ਕੁ ਪਹਿਲਾਂ ਆਉਣ ਲਈ ਫੋਨ ਕੀਤਾ। ਪਹਿਲਾ ਸਵਾਲ ਮੰਮੀ ਨੇ ਕੀਤਾ।
“ਕੀ ਗੱਲ ਹੋਗੀ, ਆਉਂਦਿਆਂ ਈ ਬਾਈ ਵੱਲ ਵਗਗੇ। ਹੁਣ ਬਿੰਦਰ ਨੂੰ ਸੱਦ ਲਿਆ, ਸੁੱਖ ਤਾਂ ਹੈ ?” ਜਵਾਬ ਸੁਣਨ ਲਈ ਮੰਮੀ ਨੇ ਅੱਖਾਂ ਪਾਪਾ ਦੇ ਚਿਹਰੇ ’ਤੇ ਗੱਡ ਲਈਆਂ।
‘‘ਕੁਝ ਨ੍ਹੀਂ, ਕੁਛ ਖਾਸ ਨ੍ਹੀਂ, ਬਾਈ ਨਿਢਾਲ ਜਿਹਾ ਹੋਇਆ ਪਿਆ, ਕਹਿੰਦਾ ਮੰਜਾ ਛੱਡਣ ਨੂੰ ਚਿੱਤ ਨ੍ਹੀਂ ਮੰਨਦਾ। ਬਿੰਦਰ ਆਉਂਦਾ ਤਾਂ ਡਾਕਟਰ ਗਿੱਲ ਨੂੰ ਵਿਖਾ ਕੇ ਲਿਆਉਂਦੇ ਆਂ। ਨਾ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਕਿਉਂ ਨ੍ਹੀਂ ਸਮਝਿਆ ਕਿ ਬਾਈ ਢਿੱਲਾ ਐ। ਹੈ ਨ੍ਹੀਂ ਨਮੋਸ਼ੀ ਵਾਲੀ ਗੱਲ ਕਿ ਮੇਰੇ ਭਰਾ ਦੇ ਚਿੱਤ ਦਾ ਪਤਾ ਮੈਨੂੰ ਸੱਥ ’ਚੋਂ ਲੱਗੇ। ਮੈਨੂੰ ਸ਼ਰਮ ਆਈ ਬੰਤੇ ਕੇ ਜੀਤੇ ਦੇ ਮੂੰਹੋਂ ਗੱਲ ਸੁਣ ਕੇ। ਕਹਿੰਦੇ ਚਾਰ ਪੰਜ ਦਿਨਾਂ ਤੋਂ ਬਾਈ ਉੱਥੇ ਨ੍ਹੀਂ ਗਿਆ?’’
ਦੋਹਾਂ ਹੱਥਾਂ ਨਾਲ ਚਿਹਰਾ ਘੁੱਟਦਿਆਂ ਪਾਪਾ ਕਿੰਨੇ ਸਾਰੇ ਸਵਾਲ ਇੱਕੋ ਸਾਹੇ ਕਰਗੇ। ਅੱਗੇ ਸ਼ਾਇਦ ਉਨ੍ਹਾਂ ਤੋਂ ਬੋਲਿਆ ਨਾ ਗਿਆ। ਲੱਗਦਾ ਸੀ ਉਨ੍ਹਾਂ ਤੋਂ ਮਨ ਉਤੇ ਕਾਬੂ ਨਹੀਂ ਸੀ ਪੈ ਰਿਹਾ। ਮੈਂ ਤੇ ਮੰਮੀ ਸਮਝ ਗਏ ਕਿ ਮਾਂ ਜਾਏ ਨਾਲ ਸਾਂਝੇ ਖੂਨ ਦੇ ਵਹਿਣ ’ਚ ਤੇਜ਼ੀ ਆਈ ਹੋਈ ਹੈ।

ਪੰਜ ਸੱਤ ਮਿੰਟ ਬਾਅਦ ਪਾਪਾ ਆਪਣੇ ਆਪ ’ਚ ਆ ਗਏ। ਉੱਠੇ ਤੇ ਸਾਨੂੰ ਚਾਹ ਬਣਾ ਕੇ ਲਿਆਉਣ ਲਈ ਕਹਿ ਕੇ ਫਿਰ ਤਾਇਆ ਜੀ ਵੱਲ ਚਲੇ ਗਏ। ਮੰਮੀ ਵੀ ਪਾਪਾ ਦੇ ਪਿੱਛੇ ਚਲੇ ਗਏ। ਮੈਂ ਰਸੋਈ ’ਚ ਜਾ ਕੇ ਚਾਹ ਦਾ ਪਾਣੀ ਰੱਖਿਆ ਈ ਸੀ ਕਿ ਬਿੰਦਰ ਦਾ ਫੋਨ ਆ ਗਿਆ। ਜੀਵਨ ਸਾਥੀ ਦੇ ਬੋਲ ਚਾਲ ’ਚੋਂ ਉਸ ਦਾ ਮਨ ਭਲਾ ਕੌਣ ਨਈਂ ਪੜ੍ਹ ਸਕਦਾ ? ਬਿੰਦਰ ਦੇ ਲਹਿਜੇ ’ਚੋਂ ਘਬਰਾਹਟ ਝਲਕ ਰਹੀ ਸੀ। ਤਾਇਆ ਜੀ ਦੀਆਂ ਆਦਤਾਂ ਤੇ ਉਮਰ ਬਾਰੇ ਗੱਲਾਂ ਕਰ ਕੇ ਮੈਂ ਪਤੀ ਨੂੰ ਠਰ੍ਹਮੇ ’ਚ ਲਿਆਂਦਾ।
ਅਦਰਕ ਤੇ ਲੌਂਗ ਲਾਚੀਆਂ ਪਾ ਕੇ ਮੈਂ ਚਾਹ ਨੂੰ ਕਾਫ਼ੀ ਗਾੜ੍ਹੀ ਕਰ ਲਿਆ। ਕੇਤਲੀ ’ਚ ਪਾ ਕੇ ਟਰੇਅ ’ਚ ਰੱਖਦੇ ਹੋਏ ਨਾਲ ਤਿੰਨ ਕੱਪ ਰੱਖੇ ਤੇ ਤਾਇਆ ਜੀ ਵਾਲੇ ਪਾਸੇ ਹੋ ਤੁਰੀ। ਅੰਦਰ ਦੋ ਹੀ ਕੁਰਸੀਆਂ ਸਨ, ਜਿਨ੍ਹਾਂ ’ਤੇ ਪਾਪਾ-ਮੰਮੀ ਬੈਠੇ ਹੋਏ ਸਨ। ਤਾਇਆ ਜੀ ਨੇ ਇਸ਼ਾਰੇ ਨਾਲ ਮੈਨੂੰ ਥੋੜ੍ਹਾ ਪਰੇ ਪਿਆ ਮੂਹੜਾ ਖਿੱਚ ਕੇ ਬੈਠਣ ਲਈ ਕਿਹਾ। ਮੈਂ ਵੇਖਿਆ ਚਾਹ ਪੀਂਦੇ ਪੀਂਦੇ ਤਾਇਆ ਜੀ ਚੰਗਾ ਮਹਿਸੂਸ ਕਰਨ ਲੱਗ ਪਏ। ਦੋ ਸਾਲ ਮੈਡੀਕਲ ਦੀਆਂ ਕਿਤਾਬਾਂ ਪੜ੍ਹੀਆਂ ਹੋਣ ਕਰਕੇ ਮੈਂ ਸੋਚਿਆ ਕਿ ਤਾਇਆ ਜੀ ਦੀ ਸ਼ੂਗਰ ਘਟੀ ਹੋਊ, ਤਾਂ ਹੀ ਨਿਢਾਲ ਹੋ ਕੇ ਪਏ ਹੋਣਗੇ। ਗਾੜ੍ਹੀ ਚਾਹ ਦੇ ਤੇਜ਼ ਮਿੱਠੇ ਨਾਲ ਉਨ੍ਹਾਂ ਦੀ ਘਾਟ ਪੂਰੀ ਹੋ ਗਈ ਹੋਊ। ਮੈਂ ਆਪਣਾ ਅਨੁਮਾਨ ਲਾਇਆ ਤੇ ਵਿਹਲੇ ਹੋਏ ਕੇਤਲੀ ਕੱਪ ਸਮੇਟਦੀ ਹੋਈ ਵਾਪਸ ਆ ਗਈ। ਮੰਮੀ-ਪਾਪਾ ਤਾਇਆ ਜੀ ਕੋਲ ਬੈਠੇ ਰਹੇ। ਹਾਂ, ਦੱਸਣਾ ਭੁੱਲ ਗਈ। ਵੱਡੇ ਸਾਰੇ ਪਲਾਟ ’ਚ ਇੱਕ ਪਾਸੇ ਸਾਡਾ ਘਰ ਵੱਡਾ ਹੈ ਤੇ ਦੂਜੇ ਪਾਸੇ ਤਾਇਆ ਜੀ ਦਾ ਸਾਡੇ ਤੋਂ ਥੋੜ੍ਹਾ ਛੋਟਾ, ਤਿੰਨ ਕਮਰਿਆਂ ਵਾਲਾ। ਬਾਹਰ ਵਾਲਾ ਦਰਵਾਜ਼ਾ ਇੱਕੋ ਹੈ।
ਚਾਰ ਵੱਜਣ ਵਾਲੇ ਹੋਏ ਤਾਂ ਬਾਰ ਮੂਹਰੇ ਆਪਣੀ ਕਾਰ ਦੇ ਹਾਰਨ ਦੀ ਆਵਾਜ਼ ਮੇਰੇ ਕੰਨੀਂ ਪਈ। ਗੇਟ ਛੇਤੀ ਨਾ ਖੁੱਲ੍ਹੇ ਤਾਂ ਬਿੰਦਰ ਕਾਹਲਾ ਪੈ ਜਾਂਦਾ। ਮੈਂ ਭੱਜ ਕੇ ਗਈ ਤੇ ਗੇਟ ਖੋਲ੍ਹਿਆ। ਕਾਰ ਅੰਦਰ ਕਰਕੇ ਬਿੰਦਰ ਕਾਹਲੇ ਕਦਮੀਂ ਤਾਇਆ ਜੀ ਵਾਲੇ ਪਾਸੇ ਹੋ ਤੁਰਿਆ। ਪਿੱਛੇ ਪਿੱਛੇ ਮੈਂ ਵੀ ਉੱਧਰ ਚਲੇ ਗਈ। ਪਾਪਾ ਦੇ ਕਹਿਣ ’ਤੇ ਤਾਇਆ ਜੀ ਤਿਆਰ ਹੋਣ ਲਈ ਅਲਮਾਰੀ ’ਚੋਂ ਕੱਪੜੇ ਕੱਢ ਕੇ ਪਹਿਨ ਰਹੇ ਸੀ। ਬਿੰਦਰ ਨੇ ਹਾਲ ਚਾਲ ਪੁੱਛ ਕੇ ਤਾਇਆ ਜੀ ਨੂੰ ਕਾਰ ’ਚ ਬੈਠਣ ਲਈ ਕਿਹਾ। ਮੈਂ ਇਸ਼ਾਰੇ ਨਾਲ ਬਿੰਦਰ ਨੂੰ ਕੁਝ ਖਾਣ ਪੀਣ ਬਾਰੇ ਪੁੱਛਿਆ, ਪਰ ਉਸ ਨੇ ਨਾਂਹ ’ਚ ਸਿਰ ਫੇਰਿਆ। ਪਾਪਾ ਨੇ ਡਾ. ਗਿੱਲ ਨੂੰ ਫੋਨ ਕਰਕੇ ਆਪਣੇ ਆਉਣ ਬਾਰੇ ਦੱਸਿਆ। ਬਿੰਦਰ ਨੇ ਦੋਹਾਂ ਨੂੰ ਬੈਠਾ ਕੇ ਕਾਰ ਮੋੜੀ ਤੇ ਹਸਪਤਾਲ ਵਾਲੀ ਸੜਕੇ ਪੈ ਗਿਆ। ਥੋੜ੍ਹੀ ਦੇਰ ਬਾਅਦ ਪਿੰਟਾ ਤੇ ਜੋਤੀ ਟਿਊਸ਼ਨੋਂ ਆ ਗਏ ਤੇ ਮੈਂ ਉਨ੍ਹਾਂ ਦੇ ਖਾਣ ਪੀਣ ’ਚ ਰੁੱਝ ਗਈ।
ਜਾਣ ਤੋਂ ਦੋ ਕੁ ਘੰਟੇ ਬਾਅਦ ਬਿੰਦਰ ਨੇ ਫੋਨ ’ਤੇ ਦੱਸਿਆ ਕਿ ਡਾ. ਗਿੱਲ ਟੈਸਟ ਕਰਵਾ ਰਹੇ ਨੇ, ਨਤੀਜਾ ਵੇਖ ਕੇ ਦੱਸਣਗੇ ਕੀ ਗੱਲ ਹੈ। ਜਵਿੇਂ ਜਵਿੇਂ ਸ਼ਾਮ ਢਲ ਰਹੀ ਸੀ, ਮੇਰੀ ਤੇ ਮੰਮੀ ਦੀ ਚਿੰਤਾ ਵਧ ਰਹੀ ਸੀ। ਜੇ ਤਾਇਆ ਜੀ ਨੂੰ ਕੁਝ ਹੋ ਗਿਆ, ਦੇ ਭੈੜੇ ਭੈੜੇ ਖਿਆਲ ਸਤਾ ਰਹੇ ਸਨ। ਰਾਤ ਅੱਠ ਕੁ ਵਜੇ ਬਿੰਦਰ ਨੇ ਦੱਸਿਆ ਕਿ ਟੈਸਟ ਰਿਪੋਰਟਾਂ ਵੇਖ ਕੇ ਡਾ. ਗਿੱਲ ਹੈਰਾਨ ਨੇ ਕਿ ਦਰਸ਼ਨ ਸਿੰਘ ਤੁਰ ਫਿਰ ਕਵਿੇਂ ਰਿਹਾ ਸੀ। ਡਾਕਟਰ ਨੇ ਸਹੀ ਇਲਾਜ ਵਾਸਤੇ ਕੁਝ ਦਿਨ ਦਾਖਲ ਹੋਣ ਲਈ ਕਿਹਾ ਹੈ। ਤਾਇਆ ਜੀ ਤਾਂ ਨਹੀਂ ਸੀ ਮੰਨਦੇ, ਪਰ ਪਾਪਾ ਨੇ ਹਾਂ ਕਰ ਦਿੱਤੀ ਹੈ। ਉਨ੍ਹਾਂ ਸਾਰਾ ਬੰਦੋਬਸਤ ਕਰਕੇ ਘੰਟੇ ਕੁ ਤੱਕ ਘਰ ਮੁੜਨ ਬਾਰੇ ਦੱਸਿਆ। ਪਿੰਟਾ ਤੇ ਜੋਤੀ ਆਪਣੀਆਂ ਖੇਡਾਂ ’ਚ ਮਸਤ ਹੋ ਗਏ। ਮੰਮੀ ਟੀਵੀ ਔਨ ਕਰਕੇ ਦਰਬਾਰ ਸਾਹਿਬ ਤੋਂ ਲਾਈਵ ਚੱਲਦੇ ਕੀਰਤਨ ਨਾਲ ਜੁੜ ਗਏ ਤੇ ਮੈਂ ਰਸੋਈ ’ਚ ਰਾਤ ਦਾ ਖਾਣਾ ਬਣਾਉਣ ’ਚ ਰੁੱਝ ਗਈ।
ਨੌਂ ਕੁ ਵਜੇ ਕਾਰ ਦਾ ਹਾਰਨ ਵੱਜਿਆ। ਪਿੰਟੇ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ। ਸਾਡੇ ਕੰਨ ਤਾਇਆ ਜੀ ਬਾਰੇ ਸੁਣਨ ਲਈ ਉਤਾਵਲੇ ਹੋ ਗਏ। ਪਾਪਾ ਨੇ ਅੰਦਰ ਵੜਦਿਆਂ ਸਾਡੀ ਉਤਸੁਕਤਾ ਭਾਂਪ ਲਈ ਸੀ। ਬੋਲੇ, ਡਾ. ਗਿੱਲ ਨੇ ਬਾਈ ਨੂੰ ਦਾਖਲ ਕਰ ਲਿਆ ਤੇ ਆਪਣੀ ਸਭ ਤੋਂ ਚੰਗੇ ਸੁਭਾਅ ਵਾਲੀ ਨਰਸ ਨੂੰ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਹੈ। ਡਾਕਟਰ ਕਹਿੰਦੇ ਥੋੜ੍ਹਾ ਲੇਟ ਲੈ ਕੇ ਆਏ ਓ, ਇਸ ਕਰਕੇ ਤੰਦਰੁਸਤ ਕਰਨ ਲਈ ਚਾਰ ਪੰਜ ਦਿਨ ਲੱਗ ਜਾਣਗੇ। ਕੋਈ ਨਾ ਕੋਈ ਸਵੇਰੇ ਸ਼ਾਮ ਜਾ ਆਇਆ ਕਰਾਂਗੇ। ਡਾ. ਗਿੱਲ ਕੋਈ ਓਪਰਾ ਨਹੀਂ ਬਾਈ ਲਈ।
ਅਗਲੇ ਦਿਨ ਸਵੇਰੇ ਪਾਪਾ-ਮੰਮੀ ਜਾ ਆਏ ਤੇ ਸ਼ਾਮ ਨੂੰ ਮੈਂ ਤੇ ਬਿੰਦਰ ਦੋ ਘੰਟੇ ਤਾਇਆ ਜੀ ਕੋਲ ਬੈਠ ਆਏ। ਨਰਸ ਦੇ ਬੋਲਾਂ ’ਚ ਅੱਤ ਦੀ ਮਿਠਾਸ, ਅਪਣੱਤ ਤੇ ਨਿਮਰਤਾ ਵੇਖ ਕੇ ਅਸੀਂ ਦੋਵੇਂ ਹੈਰਾਨ ਸੀ। ਉਸ ਦਾ ਪਤੀ ਉਸੇ ਹਸਪਤਾਲ ਦੀ ਡਿਸਪੈਂਸਰੀ ’ਚ ਕੰਮ ਕਰਦਾ ਸੀ। ਪੰਜਵੇਂ ਦਿਨ ਤਾਇਆ ਜੀ ਘਰ ਆ ਗਏ। ਚਿਹਰੇ ’ਤੇ ਅਨੋਖੀ ਜਿਹੀ ਰੌਣਕ ਵੇਖ ਕੇ ਅਸੀਂ ਖੁਸ਼ ਤਾਂ ਸੀ, ਪਰ ਹੈਰਾਨ ਵੀ ਕਿ ਡਾ. ਗਿੱਲ ਨੇ ਐਸੀ ਕਿਹੜੀ ਦਵਾਈ ਦੇ ਦਿੱਤੀ ਕਿ ਤਾਇਆ ਜੀ ਦੀ ਹਰ ਗੱਲ ’ਚੋਂ ਖੁਸ਼ੀ ਫੁੱਟ ਫੁੱਟ ਪੈਣ ਲੱਗ ਪਈ ਹੈ। ਸ਼ਾਮ ਨੂੰ ਬੱਦਲਵਾਈ ਸੀ ਤੇ ਠੰਢੀ ਠੰਢੀ ਹਵਾ ਰੁਮਕ ਰਹੀ ਸੀ। ਸਾਰੇ ਵਿਹੜੇ ਵਿੱਚ ਬੈਠੇ ਹੋਏ ਸੀ। ਤਾਇਆ ਜੀ ਨੇ ਸਾਡੇ ਸਾਰਿਆਂ ਵੱਲ ਨਜ਼ਰ ਫੇਰਦਿਆਂ ਗੱਲ ਛੇੜੀ, “ਬਈ ਸੁਣੋ, ਹੁਣ ਤੱਕ ਮੈਂ ਆਪਣੀ ਪੁਗਾਉਣ ਦੀ ਥਾਂ ਅਕਸਰ ਤੁਹਾਡੀ ਰਾਇ ਲੈਂਦਾ ਰਿਹਾਂ, ਪਰ ਹਰੇਕ ਦੀ ਜ਼ਿੰਦਗੀ ’ਚ ਕੁਝ ਨਾ ਕੁਝ ਨਿੱਜੀ ਵੀ ਹੁੰਦਾ। ਉਹ ਏਨਾ ਨਿੱਜੀ ਹੁੰਦਾ ਕਿ ਕਿਸੇ ਨੂੰ ਦੱਸਣ ਤੋਂ ਪਹਿਲਾਂ ਈ ਹੱਥ ਖੜ੍ਹੇ ਹੋ ਜਾਂਦੇ ਆ। ਤੁਸੀਂ ਉਸ ਨਰਸ ਨੂੰ ਮਿਲੇ ਈ ਓ, ਉਹੀ ਨਿੰਮੀ ਜੋ ਮੇਰਾ ਖਿਆਲ ਰੱਖਦੀ ਸੀ। ਦੋਵੇਂ ਜੀਅ ਕਿਰਾਏ ’ਤੇ ਰਹਿੰਦੇ ਆ। ਤਿੰਨ ਬੱਚੇ ਨੇ ਉਨ੍ਹਾਂ ਦੇ। ਮੈਨੂੰ ਬੜੇ ਚੰਗੇ ਲੱਗੇ ਉਹ। ਉਨ੍ਹਾਂ ਦੇ ਬੱਚੇ ਐਹ ਨਾਲ ਵਾਲੇ ਸਕੂਲ ਈ ਪੜ੍ਹਦੇ ਆ। ਬੱਸ ਦਾ ਕਿਰਾਇਆ ਵੀ ਬਚ ਜਾਇਆ ਕਰੂ ਉਨ੍ਹਾਂ ਦਾ। ਬਈ ਮੈਂ ਉਨ੍ਹਾਂ ਨੂੰ ਬਿਨਾਂ ਕਿਰਾਏ ਐਥੇ ਰਹਿਣ ਲਈ ਕਹਿ ਆਇਆਂ। ਐਹ ਦੋਵੇਂ ਖਾਲੀ ਕਮਰਿਆਂ ’ਚ ਉਨ੍ਹਾਂ ਦਾ ਵਧੀਆ ਗੁਜ਼ਾਰਾ ਹੋਜੂ।’’
ਤਾਇਆ ਜੀ ਨੇ ਆਪਣੇ ਪਾਸੇ ਦੇ ਖਾਲੀ ਕਮਰਿਆਂ ਵੱਲ ਇਸ਼ਾਰਾ ਕਰਕੇ ਸਮਝਾਇਆ ਤੇ ਨਜ਼ਰਾਂ ਸਾਡੇ ਚਿਹਰਿਆਂ ਉਤੇ ਟਿਕਾ ਲਈਆਂ। ਸ਼ਾਇਦ ਉਹ ਮੱਥਿਆਂ ਤੋਂ ਸਾਡੀ ਪ੍ਰਤੀਕਿਰਿਆ ਪੜ੍ਹ ਰਹੇ ਹੋਣ। ਸਾਡੇ ’ਚੋਂ ਕਿਸੇ ਨੂੰ ਤਾਇਆ ਜੀ ਦਾ ਫੈਸਲਾ ਚੰਗਾ ਲੱਗਾ ਤੇ ਕਿਸੇ ਨੂੰ ਥੋੜ੍ਹਾ ਚੁਭਿਆ। ਮਿੰਟ ਕੁ ਬਾਦ ਪਾਪਾ ਨੇ ਚੁੱਪ ਤੋੜੀ।
‘‘ਬਾਈ ਨਾ ਅਸੀਂ ਕਦੇ ਪਹਿਲਾਂ ਤੇਰੀ ਗੱਲ ਮੋੜੀ ਆ ਤੇ ਨਾ ਸਾਨੂੰ ਤੇਰੇ ਇਸ ਫੈਸਲੇ ’ਤੇ ਕੋਈ ਇਤਰਾਜ਼ ਐ। ਉਂਜ ਵੀ ਜ਼ਿੰਦਗੀ ਦਾ ਤਜਰਬਾ ਤੈਨੂੰ ਮੇਰੇ ਤੋਂ ਤਿੰਨ ਸਾਲ ਵੱਧ ਈ ਆ, ਸਾਨੂੰ ਪਤਾ ਤੂੰ ਉਨ੍ਹਾਂ ਨੂੰ ਸੋਚ ਵਿਚਾਰ ਕਰਕੇ ਈ ਸੱਦਾ ਦਿੱਤਾ ਹੋਊ?’’
ਪਾਪਾ ਦੇ ਮੂੰਹੋਂ ਸਹਿਜ-ਸੁਭਾਅ ਹਾਂ ਸੁਣ ਕੇ ਤਾਇਆ ਜੀ ਦੀਆਂ ਅੱਖਾਂ ਛੋਟੇ ਭਰਾ ਉੱਤੇ ਮਾਣ ਨਾਲ ਤਰ ਹੋਗੀਆਂ। ਕੋਸਾ ਪਾਣੀ ਤੁਪਕੇ ਬਣ ਕੇ ਵਹਿਣ ਲੱਗਿਆ। ਐਨੇ ਸਾਲ ਪਹਿਲਾਂ ਇਸ ਘਰ ਆਈ ਨੇ ਕਦੇ ਕਿਆਸ ਨਹੀਂ ਸੀ ਕੀਤਾ ਕਿ ਦੋਵੇਂ ਭਰਾ ਮਨਾਂ ਤੋਂ ਇੰਨੇ ਸਾਂਝੇ ਹੋਣਗੇ। ਮੈਂ ਦੋਹਾਂ ਨੂੰ ਆਪਸ ’ਚ ਗੱਲ ਕਰਦਿਆਂ ਸ਼ਾਇਦ ਹੀ ਕਦੇ ਵੇਖਿਆ ਸੀ। ਭਾਵੁਕਤਾ ਭਰੇ ਮਾਹੌਲ ਦੀ ਪਕੜ ’ਚ ਸਭ ਦਾ ਆਉਣਾ ਕੁਦਰਤੀ ਸੀ। ਮੈਨੂੰ ਵੀ ਰੁਮਾਲ ਦੀ ਲੋੜ ਪੈ ਗਈ। ਅੱਖਾਂ ਪੂੰਝ ਕੇ ਸੱਜੇ ਬੈਠੀ ਮੰਮੀ ਵੱਲ ਵੇਖਿਆ ਤਾਂ ਉਨ੍ਹਾਂ ਨੇ ਵੀ ਚੁੰਨੀ ਗਿੱਲੀ ਕੀਤੀ ਹੋਈ ਸੀ। ਪਿੰਟਾ ਤੇ ਜੋਤੀ ਬੁੱਤ ਬਣੇ ਹੋਏ ਸਨ। ਮੇਰੇ ਮਨ ’ਚ ਮਾਹੌਲ ਨੂੰ ਸਹਿਜ ਕਰਨ ਦਾ ਖਿਆਲ ਆਇਆ। ਬਿੰਦਰ ਦੇ ਮੋਢੇ ’ਤੇ ਹੱਥ ਮਾਰਦਿਆਂ ਬੋਲੀ:
“ਜੀ ਘਰ ਦੀ ਰੌਣਕ ਵਿੱਚ ਹੋਣ ਵਾਲੇ ਵਾਧੇ ਦੀ ਖੁਸ਼ੀ ਵਿੱਚ ਚਾਹ ਦਾ ਕੱਪ ਤਾਂ ਹੋ ਜਾਣਾ ਚਾਹੀਦਾ ?”
ਸਾਰਿਆਂ ਦਾ ਧਿਆਨ ਮੇਰੇ ਵੱਲ ਹੋ ਗਿਆ ਤੇ ਬਿੰਦਰ ਨੇ ਹਾਂ ’ਚ ਸਿਰ ਹਿਲਾ ਦਿੱਤਾ। ਰਸੋਈ ’ਚ ਗਈ ਤੇ ਗੈਸ ਬਾਲ ਕੇ ਪਾਣੀ ਧਰਿਆ। ਕਿੰਨੇ ਸਾਰੇ ਮਸਾਲੇ ਪਾ ਕੇ ਕਾਨੇ ਗੱਡਵੀਂ ਚਾਹ ਦੀ ਕੇਤਲੀ ਮੇਜ਼ ’ਤੇ ਜਾ ਧਰੀ। ਤਾਇਆ ਜੀ ਤੋਂ ਆਪਣੀ ਖੁਸ਼ੀ ’ਤੇ ਕਾਬੂ ਨਹੀਂ ਸੀ ਪੈ ਰਿਹਾ। ਮੇਜ਼ ਵੱਲ ਵੇਖ ਕੇ ਬੋਲੇ,
“ਕਿੰਦਰ ਇਕੱਲੀ ਚਾਹ ਨਾਲ ਕੀ ਬਣੂੰ, ਥੋੜ੍ਹਾ ਮੂੰਹ ਵੀ ਮਿੱਠਾ ਕਰਵਾ ਦੇ।’’
ਤਾਇਆ ਜੀ ਮੇਰਾ ਨਾਂਅ ਉਦੋਂ ਹੀ ਲੈਂਦੇ ਸੀ, ਜਦੋਂ ਖੁਸ਼ ਮੂਡ ’ਚ ਹੁੰਦੇ, ਆਮ ਤੌਰ ’ਤੇ ਉਹ ਪੁੱਤਰਾ ਕਹਿ ਕੇ ਆਵਾਜ਼ ਮਾਰਦੇ। ਅੱਜ ਸਵੇਰੇ ਈ ਲੰਬੜਾਂ ਦੇ ਅਮਰਜੀਤ ਦੇ ਵਿਆਹ ਦੇ ਸੱਦੇ ਨਾਲ ਮਿਠਾਈ ਦਾ ਡੱਬਾ ਆਇਆ ਸੀ, ਖੋਲ੍ਹ ਕੇ ਵੇਖਿਆ, ਗਜ਼ਰੇਲਾ ਸੀ। ਢੱਕਣ ਪਾਸੇ ਰੱਖ ਕੇ ਮੇਜ਼ ਉਤੇ ਜਾ ਧਰਿਆ। ਪਹਿਲ ਪਾਪਾ ਨੇ ਕੀਤੀ। ਵੱਡਾ ਸਾਰਾ ਪੀਸ ਚੁੱਕ ਕੇ ਭਰਾ ਦੇ ਮੂੰਹ ਵਿੱਚ ਤੁੰਨ ਦਿੱਤਾ। ਪਤਾ ਨਹੀਂ ਤਾਇਆ ਜੀ ਤੋਂ ਭਰਿਆ ਮੂੰਹ ਹਿੱਲ ਨਹੀਂ ਸੀ ਰਿਹਾ ਜਾਂ ਉਹ ਮਿਠਾਈ ਦਾ ਸਵਾਦ ਲੈ ਰਹੇ ਸੀ, ਪਰ ਸਾਡਾ ਹਾਸਾ ਬੰਦ ਨਹੀਂ ਸੀ ਹੋ ਰਿਹਾ।
ਅਗਲੇ ਦਿਨ ਸਵੇਰੇ ਈ ਤਾਇਆ ਜੀ ਨੇ ਪਿੰਡੋਂ ਦੋਹਾਂ ਕਾਮਿਆਂ ਨੂੰ ਟਰੈਕਟਰ ਟਰਾਲੀ ਲੈ ਕੇ ਆਉਣ ਨੂੰ ਕਿਹਾ ਤੇ ਨਿੰਮੀ ਹੋਰਾਂ ਦਾ ਘਰ ਸਮਝਾ ਦਿੱਤਾ। ਫੋਨ ਕਰਕੇ ਨਿੰਮੀ ਹੋਰਾਂ ਨੂੰ ਤਿਆਰੀ ਕੱਸਣ ਲਈ ਕਹਿ ਦਿੱਤਾ। ਮੈਂ ਪ੍ਰੀਤੋ ਆਂਟੀ ਨਾਲ ਲੱਗ ਕੇ ਸਵੇਰੇ ਈ ਉਨ੍ਹਾਂ ਵਾਲੇ ਕਮਰਿਆਂ ਦੀ ਝਾੜ ਪੂੰਝ ਤੇ ਧੋਆ ਧੁਆਈ ਕਰ ਦਿੱਤੀ ਸੀ। ਦੁਪਹਿਰ ਢਲੀ ਤੋਂ ਘਰ ਦੇ ਸਾਮਾਨ ਨਾਲ ਭਰੀ ਟਰਾਲੀ ਵਿਹੜੇ ’ਚ ਆਣ ਖੜ੍ਹੀ। ਨਿੰਮੀ ਦਾ ਪਤੀ ਟਰੈਕਟਰ ਉੱਤੇ ਸੀ। ਤਿੰਨੇ ਬੱਚੇ ਨਿੰਮੀ ਨਾਲ ਐਕਟਵਿਾ ’ਤੇ ਬੈਠੇ ਟਰੈਕਟਰ ਦੇ ਪਿੱਛੇ ਆ ਗਏ।
ਪ੍ਰਾਹੁਣਿਆ ਦੇ ਸਵਾਗਤ ਦੀ ਤਿਆਰੀ ਅਸੀਂ ਪਹਿਲਾਂ ਉਲੀਕੀ ਹੋਈ ਸੀ। ਚਾਹ ਪਾਣੀ ਤੋਂ ਬਾਅਦ ਉਨ੍ਹਾਂ ਨੂੰ ‘ਉਨ੍ਹਾਂ ਦਾ ਘਰ’ ਵਿਖਾ ਦਿੱਤਾ। ਕਾਮੇ ਸਾਮਾਨ ਲਾਹ ਕੇ ਅੰਦਰ ਰੱਖਣ ਲੱਗ ਪਏ। ਮੈਂ ਦੋ ਕੁ ਵਾਰ ਨਿੰਮੀ ਨੂੰ ਭੈਣ ਜੀ ਕਿਹਾ ਹੋਊ, ਉਸ ਨੇ ਹੱਥ ਜੋੜੇ ਤੇ ਮੈਨੂੰ ਟੋਕਦਿਆਂ ਭਾਰ ਨਾ ਚੜ੍ਹਾਉਣ ਲਈ ਕਿਹਾ। ਹਾਸੇ ’ਚ ਗੱਲ ਪਾਉਂਦੀ ਕਹਿੰਦੀ, “ਮੇਰੇ ਪਤਲੇ ਜਿਹੇ ਲੱਕ ਤੋਂ ਆਹ ਭੈਣ ਜੀ ਵਾਲਾ ਭਾਰ ਨਈਂ ਚੁੱਕਿਆ ਜਾਣਾ।’’ ਗੱਲਾਂ ਗੱਲਾਂ ’ਚ ਪਤਾ ਲੱਗਾ ਕਿ ਉਹ ਮੇਰੇ ਤੋਂ ਸੱਤ ਸਾਲ ਛੋਟੀ ਸੀ। ਉਸ ਨੂੰ ਮੇਰੇ ਮੂੰਹੋਂ ਆਪਣਾ ਨਾਂ ਸੁਣਨਾ ਚੰਗਾ ਲੱਗਦਾ। ਸਾਮਾਨ ਦੀ ਟਿਕਾਈ ’ਚ ਮੈਂ ਉਸ ਦੀ ਮਦਦ ਕਰਦੀ ਰਹੀ। ਦੋ ਕੁ ਘੰਟਿਆਂ ’ਚ ਸਾਰੀ ਸੈਟਿੰਗ ਹੋ ਗਈ। ਰਾਤ ਦਾ ਖਾਣਾ ਸਾਡੇ ਨਾਲ ਖਾਣ ਬਾਰੇ ਮੰਮੀ ਨੇ ਕਹਿ ਦਿੱਤਾ ਸੀ। ਨਿੰਮੀ ਦੇ ਪਤੀ ਦਾ ਸੁਭਾਅ ਬਿੰਦਰ ਵਰਗਾ ਹੀ ਸੀ। ਤੱਕਦਾ ਬਹੁਤਾ, ਪਰ ਬੋਲਦਾ ਬੜਾ ਘੱਟ।
ਤਾਇਆ ਜੀ ਅਕਸਰ ਖਾਣਾ ਆਪਣੇ ਕਮਰੇ ’ਚ ਖਾਂਦੇ ਹੁੰਦੇ ਸੀ। ਉਸ ਦਿਨ ਆਪੇ ਈ ਬਰਾਂਡੇ ’ਚ ਲੱਗੀ ਮੇਜ਼ ’ਤੇ ਆਣ ਬੈਠੇ। ਮੇਜ਼ ’ਤੇ ਖਾਣਾ ਲਵਾਉਣ ’ਚ ਮੰਮੀ ਮੇਰੇ ਤੋਂ ਕਾਹਲੇ ਹੋ ਕੇ ਕੰਮ ਕਰ ਰਹੇ ਸੀ। ਕਈ ਮਹੀਨਿਆਂ ਬਾਅਦ ਸਾਰੀਆਂ ਕੁਰਸੀਆਂ ਮੱਲੀਆਂ ਹੋਣ ਤੋਂ ਸ਼ਾਇਦ ਮੇਜ਼ ਹੈਰਾਨ ਵੀ ਹੋ ਰਿਹਾ ਹੋਵੇ। ਖਾਣੇ ਦੇ ਨਾਲ ਨਾਲ ਹਾਸਾ ਠੱਠਾ ਹੁੰਦਾ ਰਿਹਾ। ਘਰ ਦੇ ਮਾਹੌਲ ’ਚੋਂ ਕਿਸੇ ਜਸ਼ਨ ਦੀ ਝਲਕ ਪੈ ਰਹੀ ਸੀ। ਦੇਰ ਰਾਤ ਤੱਕ ਗੱਲਾਂ ਚੱਲਦੀਆਂ ਰਹੀਆਂ। ਤਾਇਆ ਜੀ ਨਿੰਮੀ ਨੂੰ ਛੇੜਨ ਲਈ ਕਹਿ ਦਿੰਦੇ, “ਬਈ ਬਿਮਾਰੀ ਆਈ ਤਾਂ ਮੇਰੀ ਜਾਨ ਲੈਣ ਸੀ, ਪਰ ਐਸ ਕੁੜੀ ਦੇ ਹੱਥ ਖੂੰਡਾ ਵੇਖ ਕੇ ਭੱਜਗੀ ਤੇ ਜਾਂਦੀ ਜਾਂਦੀ ਐਹ ਗੱਠੜੀ ਲਿਜਾਣੀ ਭੁੱਲ ਗਈ। ਮੈਂ ਗੱਠੜੀ ਖੋਲ੍ਹ ਕੇ ਵੇਖਿਆ ਤਾਂ ਇਸ ’ਚੋਂ ਐਹ ਖੁਸ਼ੀਆਂ ਦੀ ਪਟਾਰੀ ਨਿਕਲ ਆਈ। ਕਈ ਉਹ ਖੁਸ਼ੀਆਂ, ਜਿਨ੍ਹਾਂ ਦੀ ਭਾਲ ’ਚ ਮੈਂ ਸੈਂਕੜੇ ਰਾਤਾਂ ਜਾਗ ਜਾਗ ਬਿਤਾਈਆਂ।’’
ਅੱਗੋਂ ਤਾਇਆ ਜੀ ਇਕਦਮ ਚੁੱਪ ਹੋਗੇ, ਜਵਿੇਂ ਉਨ੍ਹਾਂ ਦੇ ਮੂੰਹੋਂ ਕੋਈ ਭੇਦ ਵਾਲੀ ਗੱਲ ਨਿਕਲ ਗਈ ਹੋਵੇ। ਮੇਰੇ ਜ਼ਿਹਨ ’ਚ ਉਹ ਗੱਲ ਸਵਾਲ ਵਾਂਗ ਬੈਠ ਗਈ। ਅਗਲੇ ਦਿਨ ਤੋਂ ਤਾਇਆ ਜੀ ਦੇ ਖਾਣ ਪੀਣ ਦੀ ਜ਼ਿੰਮੇਵਾਰੀ ਨਿੰਮੀ ਨੇ ਮੰਮੀ ਤੋਂ ਮੰਗ ਕੇ ਲੈ ਲਈ। ਸਵੇਰ ਦੀ ਚਾਹ ਪੀ ਕੇ ਤਾਇਆ ਜੀ ਕਮਰੇ ਦੀ ਥਾਂ ਬਾਹਰ ਬੈਠ ਕੇ ਅਖ਼ਬਾਰ ਪੜ੍ਹਨ ਲੱਗ ਪੈਂਦੇ। ਅਕਸਰ ਖਾਣੇ ਭਰੀਆਂ ਕੌਲੀਆਂ ਵਟਾਉਣੀਆਂ ਸਾਨੂੰ ਚੰਗੀਆਂ ਲੱਗਦੀਆਂ। ਵਿਆਹ ਤੋਂ ਬਾਅਦ ਤਾਂ ਮੈਨੂੰ ਇੰਜ ਕਰਨ ਦਾ ਕਦੇ ਮੌਕਾ ਨਹੀਂ ਸੀ ਮਿਲਿਆ। ਕੁਝ ਕੈਲੰਡਰ ਬਦਲ ਗਏ। ਡਾ. ਗਿੱਲ ਦੀ ਹਦਾਇਤ ਅਨੁਸਾਰ ਨਿੰਮੀ ਹਰ ਮਹੀਨੇ ਬਾਅਦ ਤਾਇਆ ਜੀ ਨੂੰ ਟੈਸਟਾਂ ਵਾਸਤੇ ਹਸਪਤਾਲ ਲੈ ਜਾਂਦੀ। ਤਾਇਆ ਜੀ ਸੱਥ ’ਚ ਗੇੜਾਂ ਤਾਂ ਮਾਰਦੇ, ਪਰ ਪਹਿਲਾਂ ਵਾਂਗ ਰੋਜ਼ਾਨਾ ਦੀ ਥਾਂ ਕਦੇ ਕਦੇ। ਨਿੰਮੀ ਦੇ ਬੱਚੇ ਪਿੰਟੇ ਤੇ ਜੋਤੀ ਤੋਂ ਛੋਟੇ ਸਨ। ਤਾਇਆ ਜੀ ਨੂੰ ਉਨ੍ਹਾਂ ਨਾਲ ਛੇੜਛਾੜ ਕਰਕੇ ਮਜ਼ਾ ਆਉਂਦਾ।
ਦੋ ਕੁ ਸਾਲ ਬਾਅਦ ਵੱਡੇ ਹੋ ਰਹੇ ਬੱਚਿਆਂ ਦੀ ਅਣਦੇਖੀ ਕਾਰਨ ਨਿੰਮੀ ਨੇ ਨੌਕਰੀ ਛੱਡਣ ਦਾ ਮਨ ਬਣਾ ਲਿਆ। ਪਰ ਡਾ. ਗਿੱਲ ਉਸ ਨੂੰ ਛੱਡਣਾ ਨਹੀਂ ਸੀ ਚਾਹੁੰਦੇ। ਆਖਰ ਨਰਸਿੰਗ ਹੈੱਡ ਬਣਾ ਕੇ ਉਸ ਦੇ ਕੰਮ ਵਾਲੇ ਘੰਟੇ ਘਟਾ ਦਿੱਤੇ। ਨਿੰਮੀ ਬੱਚਿਆਂ ਨੂੰ ਸਕੂਲ ਤੋਰ ਕੇ ਹਸਪਤਾਲ ਜਾਂਦੀ। ਸਟਾਫ਼ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਅਤੇ ਮਰੀਜ਼ਾਂ ਨਾਲ ਦੁਆ ਸਲਾਮ ਕਰਕੇ ਦੁਪਹਿਰ ਤੱਕ ਘਰ ਮੁੜ ਆਉਂਦੀ। ਤਦ ਤੱਕ ਤਾਇਆ ਜੀ ਨੇ ਦੋਵੇਂ ਅਖ਼ਬਾਰਾਂ ਦੇ ਅੱਖਰ ਅੱਖਰ ਉਤੇ ਨਜ਼ਰ ਮਾਰ ਲਈ ਹੁੰਦੀ। ਮੈਂ ਨੋਟ ਕੀਤਾ, ਕਿਸੇ ਖਾਸ ਖ਼ਬਰ ਜਾਂ ਆਰਟੀਕਲ ਉੱਤੇ ਨਜ਼ਰ ਗੱਡਦਿਆਂ ਉਨ੍ਹਾਂ ਦੇ ਬੁੱਲ੍ਹ ਫਰਕਣ ਲੱਗ ਪੈਂਦੇ ਸੀ। ਸ਼ਾਇਦ ਮਨ ਹੀ ਮਨ ਖੁਸ਼ ਜਾਂ ਦੁਖੀ ਹੁੰਦੇ ਹੋਣਗੇ ਤੇ ਉਹ ਪ੍ਰਗਟਾਵਾ ਆਪਣੇ ਆਪ ਬੁੱਲ੍ਹਾਂ ਤੱਕ ਆਣ ਪਹੁੰਚਦਾ। ਉਨ੍ਹਾਂ ਦੇ ਛੜੇ ਰਹਿਣ ਦਾ ਸਵਾਲ ਮੇਰੇ ਮਨ ’ਚ ਕਈ ਵਾਰ ਆਉਂਦਾ, ਪਰ ਕਿਸੇ ਨੂੰ ਪੁੱਛਣ ਦਾ ਹੀਆ ਨਾ ਕਰ ਸਕੀ।
ਉਸ ਸਾਲ ਨਵੰਬਰ ਚੜ੍ਹਦੇ ਈ ਮੱਠੀ ਮੱਠੀ ਠੰਢ ਉਤਰ ਆਈ ਸੀ। ਪਾਪਾ-ਮੰਮੀ, ਦੀਦੀ (ਮੇਰੀ ਨਣਦ) ਕੋਲ ਅਮਰੀਕਾ ਗਏ ਹੋਏ ਸਨ। ਮੰਮੀ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣਾ ਮੇਰੇ ਸਿਰ ’ਤੇ ਸੀ। ਚੰਡੀਗੜ੍ਹੋਂ ਆਏ ਪਿੰਟੇ ਨੇ ਦੋਵੇਂ ਦਿਨ ਤਾਇਆ ਜੀ ਨਾਲ ਗੱਲਾਂ ਕਰਦਿਆਂ ਬਿਤਾਏ। ਉਹ ਦਾਦੇ ਤੋਂ ਕਾਨੂੰਨਾਂ ਦੀ ਜਾਣਕਾਰੀ ਲੈਂਦਾ ਰਹਿੰਦਾ। ਵਕੀਲ ਬਣਨ ਦਾ ਸ਼ੌਕ ਪਿੰਟੇ ਨੂੰ ਬਚਪਨ ਤੋਂ ਸੀ। ਉਸ ਨੂੰ ਚੰਡੀਗੜ੍ਹ ਦੇ ਲਾਅ ਕਾਲਜ ’ਚ ਦਾਖਲਾ ਮਿਲਿਆ ਤੇ ਹੋਸਟਲ ’ਚ ਰਹਿੰਦਾ ਸੀ। ਸਾਰੇ ਵੀਕਐਂਡ ਉਹ ਸਾਡੇ ਕੋਲ ਬਿਤਾ ਕੇ ਜਾਂਦਾ। ਮੈਂ ਉਸ ਤੋਂ ਹਰ ਨਿੱਕੀ ਨਿੱਕੀ ਗੱਲ ਪੁੱਛਦੀ। ਉਸ ਦੇ ਦੋਸਤ ਕਿੱਦਾਂ ਦੇ ਨੇ, ਇਸ ਦੀ ਬਿੜਕ ਰੱਖਦੀ। ਉਹ ਮੇਰੇ ਨਾਲ ਕਦੇ ਝੂਠ ਨਾ ਬੋਲਦਾ। ਪਾਪਾ ਦੇ ਸਵਾਲਾਂ ਨੂੰ ਕਈ ਵਾਰ ਟਾਲ ਜਾਂਦਾ, ਪਰ ਬਾਅਦ ’ਚ ਮੈਨੂੰ ਉਸ ਦਾ ਕਾਰਨ
ਦੱਸ ਦਿੰਦਾ। ਉਸ ਨੂੰ ਡਰ ਰਹਿੰਦਾ ਕਿ ਮੰਮੀ ਨੇ ਝੂਠ ਫੜ ਲੈਣਾ ਤੇ ਡਾਂਟ ਪਊਗੀ। ਸੋਮਵਾਰ ਸਵੇਰੇ ਚੰਡੀਗੜ੍ਹ ਜਾਣ ਲੱਗਿਆਂ ਉਹ ਦੋਹਾਂ ਦਾਦਿਆਂ ਦੇ ਪੈਰੀਂ ਹੱਥ ਲਾਉਣੇ ਕਦੇ ਨਹੀਂ ਸੀ ਭੁੱਲਦਾ। ਉਸ ਦਿਨ ਤਾਇਆ ਜੀ ਉਦਾਸ ਜਿਹੇ ਲੱਗਦੇ ਸੀ। ਪਹਿਲਾਂ ਤਾਂ ਮੈਂ ਸੋਚਿਆ, ਸ਼ਾਇਦ ਪਿੰਟੇ ਦੇ ਜਾਣ ਕਰਕੇ ਕੁਝ ਸੋਚੀ ਜਾਂਦੇ
ਹੋਣ। ਦੁਪਹਿਰ ਤੱਕ ਮੈਂ ਇਸ ਗੱਲ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਿਆ।
ਬਿੰਦਰ ਦਫ਼ਤਰੋਂ ਮੁੜਿਆ ਤਾਂ ਤਾਇਆ ਜੀ ਨੇ ਆਵਾਜ਼ ਮਾਰ ਕੇ ਕੋਲ ਬਿਠਾ ਲਿਆ। ਕਹਿੰਦੇ, ਕਿੰਦਰ ਨੂੰ ਕਹਿਦੇ ਰਾਤ ਦੇ ਖਾਣੇ ਵਾਲੀ ਮੇਜ਼ ਨਿੰਮੀ ਹੋਰਾਂ ਨਾਲ ਇਕੱਠੀ ਲਾਵੇ। ਸਵੇਰ ਤੋਂ ਉਨ੍ਹਾਂ ਦੀ ਉਦਾਸੀ ਕਾਰਨ ਮੇਰੇ ਮਨ ’ਚ ਕਈ ਸਵਾਲ ਪਹਿਲਾਂ ਹੀ ਉਸਲਵੱਟੇ ਲੈ ਰਹੇ ਸੀ। ਮੈਂ ਸੋਚ ਲਿਆ ਕਿ ਸਾਜਗਾਰ ਜਿਹਾ ਮਾਹੌਲ ਬਣਾ ਕੇ ਅੱਜ ਤਾਇਆ ਜੀ ਨੂੰ ਵਿਆਹ ਨਾ ਕਰਾਉਣ ਵਾਲਾ ਸਵਾਲ ਪੁੱਛ ਹੀ ਲੈਣਾ।
ਖਾਣਾ ਮੇਜ਼ ’ਤੇ ਲੱਗ ਗਿਆ। ਨਿੰਮੀ ਦੇ ਤਿੰਨੇ ਬੱਚੇ ਤੇ ਜੋਤੀ, ਥੋੜ੍ਹਾ ਪਰੇ ਛੋਟੇ ਮੇਜ਼ ’ਤੇ ਬੈਠ ਕੇ ਖਾਂਦੇ ਖਾਂਦੇ ਮੌਜ ਮਸਤੀ ਕਰਨ ਲੱਗ ਪਏ। ਵੱਡੇ ਮੇਜ਼ ਉਤੇ ਇੱਕ ਪਾਸੇ ਮੈਂ ਤੇ ਬਿੰਦਰ ਸੀ। ਸਾਡੇ ਸਾਹਮਣੇ ਨਿੰਮੀ ਤੇ ਉਸ ਦਾ ਪਤੀ। ਸਾਡੇ ਸੱਜੇ ਤੇ ਨਿੰਮੀ ਹੋਰਾਂ ਦੇ ਖੱਬੇ ਪਾਸੇ ਤਾਇਆ ਜੀ ਇਕੱਲੇ ਸੀ। ਖਾਣਾ ਖਾਂਦੇ ਹੋਏ ਤਾਇਆ ਜੀ ਚੁਟਕਲਿਆਂ ਵਰਗੀਆਂ ਗੱਲਾਂ ਕਰਦੇ ਰਹੇ। ਚਾਰੇ ਬੱਚੇ ਖਾ ਪੀ ਕੇ ਟੀਵੀ ਮੂਹਰੇ ਜਾ ਬੈਠੇ। ਨਿੰਮੀ ਫਰਿੱਜ ’ਚੋਂ ਆਈਸ ਕਰੀਮ ਵਾਲੇ ਕੌਲੇ ਲੈ ਆਈ। ਮੈਂ ਤਾਇਆ ਜੀ ਨੂੰ ਉਹ ਸਵਾਲ ਕਰਨ ਦਾ ਮੌਕਾ ਲੱਭ ਰਹੀ ਸੀ। ਪਤਾ ਨਹੀਂ ਉਨ੍ਹਾਂ ਸਵਾਲ ਮੇਰੇ ਮੱਥੇ ਤੋਂ ਪੜ੍ਹ ਲਿਆ ਸੀ ਜਾਂ ਮਹਿਫਲ ਹੀ ਉਹ ਭੇਦ ਦੱਸਣ ਲਈ ਸਜਾਈ ਸੀ। ਸਹਿਜ ਜਿਹੇ ਹੋ ਕੇ ਬੋਲੇ, “ਦੇਖੋ ਬੱਚਿਓ, ਤੁਹਾਡੇ ਮਨਾਂ ’ਚ ਇਹ ਸਵਾਲ ਕਈ ਵਾਰ ਪੈਦਾ ਹੋਇਆ ਹੋਊ ਕਿ ਮੈਂ ਘਰ ਕਿਉਂ ਨਈ ਵਸਾਇਆ। ਹੈ ਨਾ ? ਸੋਚਦੇ ਹੋਵੋਗੇ ਨਾ ?” ਉਨ੍ਹਾਂ ਆਪੇ ਹੀ ਆਪਣੇ ਸਵਾਲ ਨੂੰ ਦੁਹਰਾ ਲਿਆ।
ਮੈਂ ਬਿੰਦਰ ਦਾ ਸਿਰ ਹਿਲਦਾ ਤਾਂ ਨਾ ਵੇਖ ਸਕੀ, ਪਰ ਸਾਹਮਣੇ ਹੋਣ ਕਰਕੇ ਨਿੰਮੀ ਤੇ ਉਸ ਦੇ ਪਤੀ ਦਾ ਸਿਰ ਹਾਂ ਵਿੱਚ ਹਿੱਲਦਾ ਜ਼ਰੂਰ ਵੇਖਿਆ। ਮੇਰੇ ਮੂੰਹੋਂ ਆਪਣੇ ਆਪ ਕਦੋਂ ਹਾਂ ਨਿਕਲ ਗਈ ਸੀ, ਮੈਨੂੰ ਤਾ ਈ ਨਾ ਲੱਗਾ।
“ਤਾਂ ਸੁਣੋ, ਸਾਹਾਂ ਦਾ ਪਤਾ ਨਹੀਂ ਹੁੰਦਾ, ਕਦ ਰੁਕ ਜਾਣ। ਉਮਰ ਦੇ ਚੌਥੇ ਪਹਿਰ ’ਚ ਹਾਂ। ਕੀ ਪਤਾ ਕਦ ਰਾਮ ਨਾਮ ਸੱਤ ਹੋਜੇ। ਮੈਂ ਜੇਬੀਟੀ ਪਾਸ ਕੀਤੀ ਹੀ ਸੀ ਕਿ ਅਗਲੇ ਮਹੀਨੇ ਪੋਸਟਾਂ ਦਾ ਇਸ਼ਤਿਹਾਰ ਛਪ ਗਿਆ। ਇੰਟਰਵਿਊ ’ਚ ਮੇਰੀ ਚੋਣ ਹੋਗੀ ਤੇ ਸੀਓਵਾਲ ਪਿੰਡ ਦੇ ਮਿਡਲ ਸਕੂਲ ਜੌਇਨ ਕਰਨ ਦੇ ਹੁਕਮ ਹੋਗੇ। ਔਹ ਸੀਓਵਾਲ। ਆਪਣੇ ਪਿੰਡੋਂ ਚਾਰ ਕੁ ਮੀਲ ਪੈਂਡਾ ਮਸੀਂ। ਚਾਰ ਪੰਜ ਮਹੀਨੇ ਤਾਂ ਵਾਧ ਘਾਟ ਹੁੰਦੀ ਰਹੀ, ਬਾਅਦ ’ਚ ਹੈਡਮਾਸਟਰ ਨੇ ਛੇਵੀਂ, ਸੱਤਵੀਂ ਤੇ ਅੱਠਵੀਂ ਨੂੰ ਅੰਗਰੇਜ਼ੀ ਤੇ ਹਿਸਾਬ ਪੜ੍ਹਾਉਣ ਦੇ ਪੀਰੀਅਡ ਪੱਕੇ ਦੇ ਦਿੱਤੇ। ਸਾਲ ਕੁ ਬਾਅਦ ਸਾਡੇ ਸਕੂਲ ਵਾਲੇ ਕਰਮ ਚੰਦ ਨੇ ਆਪਣੀ ਬਦਲੀ ਪਿੰਡ ਦੇ ਨੇੜੇ ਕਰਵਾ ਲਈ। ਸੀਓਵਾਲ ਉਸ ਨੂੰ ਕਾਫ਼ੀ ਦੂਰ ਪੈਂਦਾ ਸੀ। ਹਫ਼ਤੇ ਕੁ ਬਾਅਦ ਉਸ ਦੀ ਥਾਂ ਕਮਲਜੀਤ ਆ ਗਈ। ਬਹੁਤ ਹੀ ਨੇਕ ਕੁੜੀ। ਗੱਲਾਂ ਕਰਦੀ ਤਾਂ ਮੂੰਹ ’ਚੋਂ ਫੁੱਲ ਕਿਰਦੇ। ਕਰਮ ਚੰਦ ਵਾਲੇ ਸਮਾਜਿਕ ਸਿੱਖਿਆ ਤੇ ਪੰਜਾਬੀ ਵਾਲੇ ਪੀਰੀਅਡ ਉਸ ਨੂੰ ਮਿਲ ਗਏ। ਥੋੜ੍ਹੇ ਦਿਨਾਂ ’ਚ ਬੱਚਿਆਂ ਨਾਲ ਐਂ ਘੁਲ-ਮਿਲ ਗਈ ਜਵਿੇਂ ਉਨ੍ਹਾਂ ਨੂੰ ਪਹਿਲੀ ਜਮਾਤ ਤੋਂ ਪੜ੍ਹਾ ਰਹੀ ਹੋਵੇ। ਸਕੂਲ ਦੇ ਗੇਟ ਕੋਲ ਸੜਕ ਕੰਢੇ ਧੀਰੋ ਦਾ ਢਾਬਾ ਸੀ। ਅੱਧੀ ਛੁੱਟੀ ਹੁੰਦੀ ਤਾਂ ਉੱਥੋਂ ਚਾਹ ਪਕੌੜੇ ਆ ਜਾਂਦੇ। ਸਰਦੀਆਂ ’ਚ ਸਾਡਾ ਮੇਜ਼ ਧੁੱਪੇ ਲੱਗਾ ਹੁੰਦਾ ਸੀ। ਸਾਰੇ ਮਾਸਟਰਾਂ ਨੇ ਕੁਰਸੀਆਂ ਪੱਕੀਆਂ ਮੱਲੀਆਂ ਹੋਈਆਂ ਸਨ। ਇਤਫਾਕ ਕਿ ਕਰਮ ਚੰਦ ਵਾਲੀ ਕੁਰਸੀ ਉੱਤੇ ਕਮਲਜੀਤ ਨੇ ਹੱਕ ਜਤਾ ਲਿਆ। ਐਨ ਮੇਰੇ ਸਾਹਮਣੇ ਪਾਸੇ। ਹੱਸਦੇ, ਗੱਲ ਕਰਦੇ, ਖਾਂਦੇ ਪੀਂਦੇ, ਸਾਡੀਆਂ ਅੱਖਾਂ ਸਹਬਿਨ ਹੀ ਇੱਕ ਦੂਜੇ ’ਤੇ ਜਾ ਟਿਕਦੀਆਂ। ਬਸ ਦਿਨ ਲੰਘਦੇ ਗਏ ਤੇ ਅਸੀਂ ਇੱਕ ਦੂਜੇ ਦੇ ਮਨ ’ਚ ਵੱਸਦੇ ਗਏ।
“ਅੰਕਲ ਉਹ ਕਮਲਜੀਤ ਕਿੱਥੋਂ ਦੀ ਸੀ ?” ਨਿੰਮੀ ਨੇ ਝੱਟ ਸਵਾਲ ਕੀਤਾ। ਮੈਂ ਨੋਟ ਕੀਤਾ ਕਿ ਕਮਲਜੀਤ ਦਾ ਨਾਂ ਸੁਣਨ ਤੋਂ ਬਾਅਦ ਨਿੰਮੀ ਦੇ ਚਿਹਰੇ ਉੱਤੇ ਉਤਸੁਕਤਾ ਵਾਲੇ ਹਾਵ-ਭਾਵ ਉੱਭਰ ਆਏ ਸਨ।
“ਬੇਟਾ ਸੁਣੀ ਜਾਓ, ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊ, ਬਸ ਮੈਨੂੰ ਬੋਲੀ ਜਾਣ ਦਿਓ। ਅੱਜ ਮੈਂ ਮਨ ਉੱਤੇ ਲੱਦੀਆਂ ਸਾਰੀਆਂ ਗੱਠੜੀਆਂ ਖੋਲ੍ਹਾਂਗਾ, ਜਿਨ੍ਹਾਂ ਦਾ ਭਾਰ ਐਨੇ ਸਾਲਾਂ ਤੋਂ ਚੁੱਕੀ ਬੈਠਾਂ। ਕਈ ਦਿਨਾਂ ਤੋਂ ਸੋਚ ਰਿਹਾ ਸੀ, ਐਨੇ ਭਾਰ ਨਾਲ ਤਾਂ ਮੇਰੀ ਰੂਹ ਤੋਂ ਉਡਾਰੀ ਨਹੀਂ ਭਰੀ ਜਾਣੀ ?’’
ਆਤਮਾ ਵਾਲੀ ਗੱਲ ਕਰਦਿਆਂ ਉਨ੍ਹਾਂ ਦੋਵੇਂ ਹੱਥ ਹਿਲਾਏ। ਮੇਰੀਆਂ ਅੱਖਾਂ ਤਾਇਆ ਜੀ ਦੇ ਚਿਹਰੇ ’ਤੇ ਗੱਡੀਆਂ ਗਈਆਂ ਸਨ। ਜਵਿੇਂ ਜਵਿੇਂ ਉਹ ਬੋਲ ਰਹੇ ਸਨ, ਉਨ੍ਹਾਂ ਦੇ ਮੱਥੇ ਦੀਆਂ ਲਕੀਰਾਂ ਫਿੱਕੀਆਂ ਹੋ ਰਹੀਆਂ ਸੀ। ਉਨ੍ਹਾਂ ਗੱਲ ਅੱਗੇ ਤੋਰੀ।
“ਜਵਿੇਂ ਮੈਂ ਦੱਸਿਆ, ਅਸੀਂ ਮਨਾਂ ’ਚ ਤਾਂ ਵੱਸਦੇ ਗਏ, ਪਰ ਇੱਕ ਦੂਜੇ ਕੋਲ ਮਨ ਫਰੋਲਣ ਦੀ ਜੁਅਰੱਤ ਦੋਵੇਂ ਨਾ ਕਰ ਸਕੇ। ਅੱਜ ਕੱਲ੍ਹ ਕੀ ਕਹਿੰਦੇ ਨੇ ਉਹਨੂੰ, ਹਾਂ, ਪ੍ਰੋਪੋਜ਼ ਕਰਨਾ। ਦੋ ਸਾਲ ਲੰਘ ਗਏ ਸੀ। ਉਸ ਦਿਨ ਹੈੱਡਮਾਸਟਰ ਸਮੇਤ ਚਾਰ ਮਾਸਟਰਾਂ ਨੂੰ ਜ਼ਰੂਰੀ ਕੰਮ ਪੈ ਗਏ। ਮੈਂ ਤੇ ਕਮਲਜੀਤ ਇਕੱਲੇ ਸੀ ਸਕੂਲ ’ਚ। ਸਮਝ ਗਏ ਓ ਨਾ, ਮੈਂ ਇਕੱਲੇ ਕਿਉਂ ਕਿਹਾ, ਯਾਨੀ ਮਨਾਂ ਤੋਂ ਜੁੜੇ ਹੋਣ ਦੇ ਬਾਵਜੂਦ ਵੀ ਇਕੱਲੇ ਸੀ। ਆਪਣੀ ਹਾਜ਼ਰੀ ਲਾ ਕੇ ਉੱਠਣ ਲੱਗਾ ਤਾਂ ਰਜਿਸਟਰ ਕਮਲਜੀਤ ਵੱਲ ਕਰਦਿਆਂ ਟੇਢਾ ਹੋ ਗਿਆ। ਹੇਠਾਂ ਡਿੱਗਣ ਤੋਂ ਬਚਾਉਣ ਲਈ ਉੱਠੇ ਸਾਡੇ ਹੱਥ ਇੱਕ ਦੂਜੇ ਦੇ ਉੱਪਰ ਹੇਠਾਂ ਜੁੜ ਗਏ। ਹੱਥਾਂ ਦੀ ਛੋਹ ਨੇ ਅੱਖਾਂ ਰਸਤੇ ਜੁੜੇ ਸਾਡੇ ਮਨਾਂ ਨੂੰ ਗੰਢ ਮਾਰ ਦਿੱਤੀ। ਅੱਧੀ ਛੁੱਟੀ ਵੇਲੇ ਚਾਹ ਵਾਲੀ ਮੇਜ਼ ’ਤੇ ਬੈਠਿਆਂ ਦੋਹਾਂ ਨੂੰ ਮਹਿਸੂਸ ਹੋਇਆ, ਅਸੀਂ ਤਾਂ ਪ੍ਰੋਪੋਜ ਤੋਂ ਕਿੱਤੇ ਅੱਗੇ ਨਿਕਲ ਗਏ ਹੋਏ ਸੀ। ਮੇਜ਼ ’ਤੇ ਬੈਠੀ ਕਮਲਜੀਤ ਦੀਆਂ ਅੱਖਾਂ ਮੇਰੇ ਚਿਹਰੇ ’ਤੇ ਟਿਕਣ ਦੀ ਥਾਂ ਝੁਕਣ ਲੱਗ ਪਈਆਂ। ਆਪਣੇ ਸੱਭਿਆਚਾਰ ’ਚ ਪਤਨੀ ਵਾਲੇ ਅਹਿਸਾਸਾਂ ਦੀ ਝਲਕ ਉਸ ਦੇ ਚਿਹਰੇ ਤੋਂ ਪੜ੍ਹੀ ਜਾਣ ਲੱਗ ਪਈ। ਭੈਣ-ਭਰਾਵਾਂ ’ਚੋਂ ਉਹ ਵੱਡੀ ਸੀ। ਉਸ ਸਮੇਂ ਅੱਜ ਵਰਗੀਆਂ ਖੁੱਲ੍ਹਾਂ ਨਹੀਂ ਸੀ ਹੁੰਦੀਆਂ। ਕਮਲਜੀਤ ਨੇ ਤਾਂ ਪਹਿਲ ਕਿੱਥੋਂ ਕਰਨੀ ਸੀ, ਮੈਂ ਮੁੰਡਾ ਹੋ ਕੇ ਵੀ ਇਹ ਗੱਲ ਆਪਣੇ ਮਾਂ-ਬਾਪ ਨਾਲ ਕਰਨ ਦੀ ਜੁਅਰੱਤ ਨਹੀਂ ਸੀ ਕਰ ਸਕਿਆ।’’
ਮੈਂ ਵੇਖਿਆ, ਭੈਣ ਭਰਾਵਾਂ ’ਚੋਂ ਵੱਡੀ ਹੋਣ ਵਾਲੀ ਗੱਲ ਸੁਣ ਕੇ ਨਿੰਮੀ ਹੋਰ ਸੰਜੀਦਾ ਹੋ ਗਈ। ਤਾਇਆ ਜੀ ਦੇ ਚਿਹਰੇ ਉਤੇ ਗੱਡੀਆਂ ਉਸ ਦੀਆਂ ਅੱਖਾਂ ਨੂੰ ਝਮਕਣਾ ਭੁੱਲ ਗਿਆ। ਮੂਹਰੇ ਪਏ ਆਈਸ ਕਰੀਮ ਵਾਲੇ ਕੱਪ ਨੂੰ ਪਰੇ ਧੱਕਦਿਆਂ ਤਾਇਆ ਜੀ ਨੇ ਗੱਲ ਜਾਰੀ ਰੱਖੀ।
“ਹੱਥਾਂ ਦੀ ਛੋਹ ਤੋਂ ਬਾਅਦ ਸਾਡਾ ਝਾਕਾ ਲੱਥ ਗਿਆ। ਕਦੇ ਮੌਕਾ ਮਿਲਦਾ ਤਾਂ ਹਾਸਾ ਮਖੌਲ ਕਰ ਲੈਂਦੇ। ਨਾਲਦਿਆਂ ਨੂੰ ਥੋੜ੍ਹਾ ਥੋੜ੍ਹਾ ਸ਼ੱਕ ਹੋਣ ਲੱਗ ਪਿਆ। ਅਸੀਂ ਸਾਈਕਲ ਨਾਲ ਨਾਲ ਖੜ੍ਹੇ ਕਰਦੇ। ਛੁੱਟੀ ਹੁੰਦੀ, ਗੇਟ ਨਿਕਲ ਕੇ ਉਹ ਸੱਜੇ ਮੁੜਦੀ ਤੇ ਮੈਂ ਉਸ ਨੂੰ ਜਾਂਦੀ ਵੇਖ ਕੇ ਆਪਣੇ ਸਾਈਕਲ ਦਾ ਹੈਂਡਲ ਖੱਬੇ ਪਾਸੇ ਮੋੜ ਕੇ ਪੈਡਲ ਮਾਰਨ ਲੱਗਦਾ। ਇੱਕ ਦੂਜੇ ਤੋਂ ਉਲਟੀ ਦਿਸ਼ਾ ਜਾਣਾ ਚੜ੍ਹਾਈ ਚੜ੍ਹਨ ਵਾਂਗ ਲੱਗਦਾ। ਅਗਲੀ ਸਵੇਰ ਸਕੂਲ ਜਾਂਦਿਆਂ ਸਾਈਕਲ ਉਤਰਾਈ ਵਾਂਗ ਆਪੇ ਈ ਭੱਜਿਆ ਜਾਂਦਾ। ਸਾਲ ਕੁ ਲੰਘਿਆ ਹੋਊ। ਉਸ ਦਿਨ ਹੱਸਦੀ ਖੇਡਦੀ ਸਕੂਲੋਂ ਗਈ ਸੀ। ਬੱਦਲਵਾਈ ਸੀ। ਰਸਤੇ ’ਚ ਕਣੀਆਂ ਪੈਣ ਲੱਗੀਆਂ ਤਾਂ ਸੜਕ ਕੰਢੇ ਬਣੇ ਲਾਵਾਰਸ ਜਿਹੇ ਢਾਰੇ ਹੇਠ ਖੜ੍ਹ ਗਈ। ਸੜਕ ਨਾਲ ਦੇ ਖੇਤ ’ਚ ਕਮਾਦ ਸੀ। ਪਤਾ ਨਹੀਂ ਉਹ ਗੁੰਡੇ ਪਹਿਲਾਂ ਤਾਕ ’ਚ ਬੈਠੇ ਸੀ ਜਾਂ ਮੌਕਾ ਮਿਲ ਗਿਆ। ਖਿੱਚ ਕੇ ਕਮਾਦ ’ਚ ਲੈ ਗਏ। ਬਾਅਦ ’ਚ ਉਹ ਕਿਹੜੇ ਹਾਲੀਂ ਘਰ ਪਹੁੰਚੀ ਹੋਊ। ਸਮਝ ਸਕਦੇ ਓ, ਤੁਸੀਂ। ਪੁਲੀਸ ਕੇਸ ਤਾਂ ਹੋਇਆ, ਪਰ ਪੁਲੀਸ ਨੇ ਇੱਜ਼ਤ ਥੋੜ੍ਹਾ ਵਾਪਸ ਮੋੜ ਲਿਆਉਣੀ ਸੀ। ਚੌਥੇ ਦਿਨ ਪੁਲ ਤੋਂ ਨਹਿਰ ’ਚ ਛਾਲ ਮਾਰਦਿਆਂ ਕਿਸੇ ਨੇ ਵੇਖ ਲਿਆ। ਅਗਲੇ ਦਿਨ ਉੱਥੋਂ ਕੁਝ ਮੀਲਾਂ ’ਤੇ ਚੱਲਦੇ ਘਰਾਟ ਦੇ ਗੇਟ ਮੂਹਰੇ ਉਸ ਦੀ ਲਾਸ਼ ਤੈਰਦੀ ਲੱਭੀ।
ਲਾਸ਼ ਵਾਲੀ ਗੱਲ ਸੁਣ ਕੇ ਸੰਜੀਦਾ ਹੋਈ ਜਾ ਰਹੀ ਨਿੰਮੀ ਦਾ ਸਿਰ ਦੋ ਤਿੰਨ ਵਾਰ ਹਿੱਲਿਆ ਤੇ ਅੱਖਾਂ ਦਾ ਵਹਿਣ ਬੇਕਾਬੂ ਹੋ ਗਿਆ। ਤਾਇਆ ਜੀ ਮਨ ਤਕੜਾ ਕਰਕੇ ਆਪਣੀ ਗੱਲ ਮੁਕਾਉਣ ਵੱਲ ਵਧਣ ਲੱਗ ਪਏ।
“ਕਮਲਜੀਤ ਦੇ ਵਿਛੋੜੇ ਨੇ ਮੈਨੂੰ ਧੁਰ ਅੰਦਰ ਤੱਕ ਬੁਰੀ ਤਰ੍ਹਾਂ ਝੰਜੋੜ ਦਿੱਤਾ। ਤਿੰਨ ਚਾਰ ਮਹੀਨੇ ਤਾਂ ਮਨ ’ਚ ਉਸ ਦੇ ਪਿੱਛੇ ਜਾਣ ਦੇ ਖਿਆਲ ਆਉਂਦੇ ਰਹੇ। ਸਮਾਂ ਸਰੀਰਕ ਵਿਛੋੜੇ ਵਾਲੇ ਜ਼ਖ਼ਮ ਤਾਂ ਭਰਦਾ ਗਿਆ, ਪਰ ਮਨ ਦੇ ਜ਼ਖ਼ਮ ਭਰਨ ਵਾਲੀ ਦਵਾਈ ਤਾਂ ਸ਼ਾਇਦ ਕੁਦਰਤ ਬਣਾਉਣਾ ਭੁੱਲ ਗਈ ਹੋਈ ਹੈ। ਮੈਂ ਆਪਣੇ ਆਪ ਨੂੰ ਉਸ ਦੀ ਮੌਤ ਦਾ ਕਸੂਰਵਾਰ ਸਮਝਣ ਲੱਗ ਪਿਆ। ਸੋਚਿਆ ਕਰਾਂ, ਘਟਨਾ ਤੋਂ ਬਾਅਦ ਉਸ ਦਾ ਦਰਦ ਵੰਡਾਉਣ ਉਨ੍ਹਾਂ ਦੇ ਘਰ ਹੀ ਚਲੇ ਜਾਂਦਾ ਤਾਂ ਸ਼ਾਇਦ ਉਹ ਨਹਿਰ ’ਚ ਛਾਲ ਨਾ ਮਾਰਦੀ। ਮਨ ਉੱਤੇ ਬੋਝ ਦੀ ਗੰਢ ਭਾਰੀ ਹੁੰਦੀ ਗਈ। ਇਹੋ ਜਿਹੇ ਮੌਕਿਆਂ ’ਤੇ ਮਾਵਾਂ ਆਪਣੇ ਪੁੱਤਾਂ ਦੇ ਦਰਦ ਵੰਡਾ ਕੇ ਹੌਲੇ ਕਰ ਦਿੰਦੀਆਂ, ਪਰ ਸਾਡੀ ਮਾਂ ਤੇ ਨਿੱਕੇ ਹੁੰਦਿਆਂ ਈ ਰੱਬ ਨੂੰ ਪਿਆਰੀ ਹੋ ਗਈ ਸੀ। ਕਮਲਜੀਤ ਗਈ ਨੂੰ ਥੋੜ੍ਹੇ ਮਹੀਨੇ ਲੰਘੇ ਸੀ ਕਿ ਮੰਡੀਓਂ ਆਉਂਦੇ ਬਾਪੂ ਜੀ ਉਤੇ ਕਿਸੇ ਬੇਧਿਆਨੇ ਡਰਾਈਵਰ ਤੋਂ ਟਰੈਕਟਰ ਚੜ੍ਹ ਗਿਆ। ਐਹ ਡਾ. ਗਿੱਲ ਦਾ ਡੈਡੀ ਉਦੋਂ ਸਵਿਲ ਹਸਪਤਾਲ ਦਾ ਵੱਡਾ ਡਾਕਟਰ ਸੀ। ਬੜਾ ਜ਼ੋਰ ਲਾਇਆ ਉਸ ਨੇ, ਪਰ ਸਰੀਰ ਦੀ ਟੁੱਟ-ਭੱਜ ਮੂਹਰੇ ਡਾਕਟਰਾਂ ਦੇ ਔਜ਼ਾਰ ਤੇ ਉਨ੍ਹਾਂ ਬਾਪੂ ਦਾ ਸਿਰੜ ਹਾਰ ਗਏ। ਵੱਡਾ ਹੋਣ ਕਰਕੇ ਭੈਣ ਤੇ ਜਰਨੈਲ ਦੀ ਜ਼ਿੰਮੇਵਾਰੀ ਮੇਰੇ ਸਿਰ ਆਣ ਪਈ। ਬਸ, ਜ਼ਿੰਮੇਵਾਰੀਆਂ ਦੇ ਭਾਰ ਅਤੇ ਕਮਲਜੀਤ ਦੀ ਯਾਦ ’ਚ ਆਪਣਾ ਘਰ ਵਸਾਉਣਾ ਵਿਸਰ ਗਿਆ। ਤੇ ਐਹ ਅਗਲੀ ਗੱਲ ਨੂੰ ਮੇਰੀ ਵਸੀਅਤ ਸਮਝ ਕੇ ਉਸ ਉੱਤੇ ਪਹਿਰਾ ਦੇ ਦਿਓ।’’
ਤਾਇਆ ਜੀ ਮੇਰੇ ਤੇ ਬਿੰਦਰ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ।
“ਉਸ ਦਿਨ ਜਦੋਂ ਤੁਸੀਂ ਮੈਨੂੰ ਡਾ. ਗਿੱਲ ਕੋਲ ਲੈ ਕੇ ਗਏ ਤਾਂ ਮੇਰੇ ਮਨ ਉੱਤੇ ਕਮਲਜੀਤ ਲਈ ਕੁਝ ਨਾ ਕਰ ਸਕਣ ਦਾ ਭਾਰ ਹੀ ਭਾਰੂ ਹੋਇਆ ਪਿਆ ਸੀ। ਜੇ ਨਿੰਮੀ ਉੱਥੇ ਨਾ ਹੁੰਦੀ ਤਾਂ ਸ਼ਾਇਦ ਮੈਂ ਉਦੋਂ ਈ ਉੱਥੋਂ ਜ਼ਿੰਦਾ ਵਾਪਸ ਨਾ ਮੁੜਦਾ। ਇਸ ਨੇ ਜਵਿੇਂ ਹੀ ਆ ਕੇ ਅੰਕਲ ਜੀ ਕਵਿੇਂ ਹੋ ਕਿਹਾ, ਆਵਾਜ਼, ਲਹਿਜਾ ਤੇ ਮਿਠਾਸ ਮੈਨੂੰ ਝਟਕਾ ਦੇ ਕੇ ਅੱਧੀ ਸਦੀ ਪਿੱਛੇ ਲੈ ਗਈ। ਕਮਲਜੀਤ ਤੋਂ ਕੁਝ ਵੀ ਫ਼ਰਕ ਨਾ ਲੱਗਿਆ। ਇਸ ਨੂੰ ਪਿੰਡ ਪੁੱਛਿਆ, ਇਸ ਨੇ ਸਹੁਰੇ ਪਿੰਡ ਦਾ ਨਾਂ ਲਿਆ। ਮੈਨੂੰ ਯਕੀਨ ਨਾ ਆਇਆ। ਸੋਚਾਂ, ਝੂਠ ਬੋਲ ਗਈ ਆ। ਰਾਤ ਨੀਂਦ ਦੀ ਥਾਂ ਵਿਚਾਰਾਂ ’ਚ ਲੰਘੀ। ਫੁਰਨਾ ਫੁਰਿਆ, ਕੁੜੀ ਨੂੰ ਜਨਮ ਸਥਾਨ ਪੁੱਛਾਂ। ਸਵੇਰੇ ਆਈ, ਪੁੱਛਿਆ ਤਾਂ ਮੇਰਾ ਸ਼ੱਕ ਠੀਕ ਨਿਕਲਿਆ। ਇਹ ਉਸੇ ਕਮਲਜੀਤ ਦੀ ਭਤੀਜੀ ਆ। ਉਸੇ ਵੇਲੇ ਮਨ ਤੋਂ ਭਾਰ ਲਾਹ ਕੇ ਮਰਨ ਦੀ ਠਾਣ ਲਈ। ਇਸ ਨੂੰ ਗੱਲੀਂ ਲਾ ਕੇ ਸਾਰਾ ਕੁਝ ਪੁੱਛ ਲਿਆ। ਇਹ ਕਮਲਜੀਤ ਦੀ ਭਤੀਜੀ ਨਹੀਂ ਮੇਰੀ ਧੀ ਆ ਤੇ ਧੀਆਂ ਆਪਣੇ ਬਾਪ ਦੀ ਹਰ ਚੀਜ਼ ਦੀਆਂ ਵਾਰਸ ਹੁੰਦੀਆਂ ਸਮਝ ਗਏ ਨਾ ਦੋਵੇਂ ?”
ਤਾਇਆ ਜੀ ਨੇ ਸਾਡੇ ਦੋਹਾਂ ਤੋਂ ਹੁੰਗਾਰਾ ਲੈਣਾ ਚਾਹਿਆ। ਬਿੰਦਰ ਉੱਠਿਆ ਤੇ ਤਾਇਆ ਜੀ ਨੂੰ ਜੱਫੀ ’ਚ ਲੈ ਕੇ ਬੋਲਿਆ, ਤਾਇਆ ਜੀ ਫਿਕਰ ਨਾ ਕਰੋ, ਤੁਹਾਡਾ ਇੱਕ ਇੱਕ ਬੋਲ ਸਾਡੇ ਸਿਰ ਮੱਥੇ। ਸ਼ਿੰਦੀ ਬਾਹਰ ਵਿਆਹੀ ਜਾਣ ਤੋਂ ਬਾਅਦ ਮੈਨੂੰ ਕੋਲ ਰਹਿਣ ਵਾਲੀ ਭੈਣ ਦੀ ਘਾਟ ਰੜਕਦੀ ਸੀ, ਤੁਸੀਂ ਅੱਜ ਪੂਰੀ ਕਰਤੀ।
“ਮੈਨੂੰ ਭਰੋਸਾ ਸੀ ਪੁੱਤਰਾ, ਆਖਰ ਤੇਰੀਆਂ ਰਗਾਂ ’ਚ ਵੀ ਕਿਹਰ ਸਿੰਘ ਦਾ ਖੂਨ ਆ। ਤੂੰ ਤਾਂ ਮੇਰੀ ਰੂਹ ਡਰਾਈਕਲੀਨ ਕਰਕੇ ਨਿਖਾਰ ਦਿੱਤੀ। ਹੌਲੇ ਭਾਰ ਉਡਾਰੀ ਭਰਨੀ ਸੌਖੀ ਹੋਜੂ?”
ਅਗਲੀ ਸਵੇਰ ਉੱਠ ਕੇ ਮੈਂ ਚਾਹ ਬਣਾਉਣ ਲਈ ਅਜੇ ਚੁੱਲ੍ਹੇ ਦੀ ਨਾਭ ਘੁੰਮਾਈ ਹੀ ਸੀ ਕਿ ਨਿੰਮੀ ਦੀਆਂ ਚੀਕਾਂ ਕੰਨੀ ਪੈਣ ਲੱਗੀਆਂ। ਰਾਤੀਂ ਹੌਲੀ ਫੁੱਲ ਹੋਈ ਤਾਇਆ ਜੀ ਦੀ ਰੂਹ ਉਡਾਰੀ ਭਰ ਗਈ ਸੀ।
ਸੰਪਰਕ: 16044427676
Advertisement

Advertisement