ਪਰਾਲੀ ਸਾੜਨ ਦੇ ਮਾਮਲਿਆਂ ’ਚ ਕਮੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਨਵੰਬਰ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਕੱਲ੍ਹ ਦੇ ਮੁਕਾਬਲੇ ਘਟੇ ਹਨ। ਚੇਅਰਮੈਨ ਆਦਰਸ਼ਪਾਲ ਵਿੱਗ ਨੇ ਕਿਹਾ ਕਿ ਪਰਾਲੀ ਸਾੜ ਕੇ ਪ੍ਰਦੂਸ਼ਨ ਫੈਲਾਉਣ ਵਾਲਾ ਕੋਈ ਵੀ ਸ਼ਖ਼ਸ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬੋਰਡ ਅਤੇ ਸਰਕਾਰ ਦੀ ਸਖ਼ਤੀ ਕਾਰਨ ਅੱਜ ਪਰਾਲੀ ਸਾੜਨ ਦੇ ਮਾਮਲੇ ਘਟੇ ਹਨ। ਪੰਜਾਬ ਕਿਸੇ ਵੀ ਹੋਰ ਸੂਬੇ ਵਿੱਚ ਪ੍ਰਦੂਸ਼ਨ ਫੈਲਾਉਣ ਲਈ ਜ਼ਿੰਮੇਵਾਰ ਨਹੀਂ ਹੈ।
ਅੰਕੜਿਆਂ ਅਨੁਸਾਰ ਅੱਜ ਪੰਜਾਬ ਵਿੱਚ 1271 ਥਾਵਾਂ ’ਤੇ ਪਰਾਲੀ ਸਾੜੀ ਗਈ ਜਦ ਕਿ ਕੱਲ੍ਹ 15 ਨਵੰਬਰ ਨੂੰ 1776 ਥਾਵਾਂ ’ਤੇ ਅਤੇ 14 ਨਵੰਬਰ ਨੂੰ 1624 ਥਾਵਾਂ ’ਤੇ ਪਰਾਲੀ ਸਾੜੀ ਗਈ ਸੀ। ਪਿਛਲੇ ਸਾਲ ਅੱਜ ਦੇ ਦਿਨ ਪਰਾਲੀ ਸਾੜਨ ਦੀਆਂ ਘਟਨਾਵਾਂ 1358 ਵਾਪਰੀਆਂ ਸਨ ਜਦ ਕਿ 2021 ਵਿਚ ਇਹ ਘਟਨਾਵਾਂ 1757 ਹੋਈਆਂ ਸਨ। ਅੱਜ ਸਭ ਤੋਂ ਵੱਧ ਪਰਾਲੀ ਸਾੜਨ ਵਾਲਾ ਜ਼ਿਲ੍ਹਾ ਮੋਗਾ ਹੈ ਜਦ ਕਿ ਪਠਾਨਕੋਟ, ਰੋਪੜ ਤੇ ਮੁਹਾਲੀ ਵਿੱਚ ਪਰਾਲੀ ਸਾੜਨ ਦੀ ਇਕ ਵੀ ਘਟਨਾ ਅੱਜ ਨਹੀਂ ਵਾਪਰੀ। ਦੂਜੇ ਨੰਬਰ ’ਤੇ ਪਰਾਲੀ ਸਾੜਨ ਵਾਲਾ ਜ਼ਿਲ੍ਹਾ ਬਠਿੰਡਾ ਹੈ ਜਿਸ ਵਿੱਚ 170 ਥਾਵਾਂ ’ਤੇ ਪਰਾਲੀ ਸਾੜੀ ਗਈ ਜਦ ਕਿ ਤੀਜੇ ਨੰਬਰ ਤੇ ਬਰਨਾਲਾ 145 ਥਾਵਾਂ ਤੇ ਪਰਾਲੀ ਸਾੜੀ ਗਈ।
ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 7, ਫ਼ਤਿਹਗੜ੍ਹ ਸਾਹਿਬ ਵਿੱਚ 5, ਫ਼ਰੀਦਕੋਟ ਵਿੱਚ 113, ਫ਼ਾਜ਼ਿਲਕਾ ਵਿੱਚ 64, ਫ਼ਿਰੋਜ਼ਪੁਰ ਵਿੱਚ 77, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ 2-2 ਥਾਵਾਂ ਤੇ, ਜਲੰਧਰ ਵਿੱਚ 45, ਕਪੂਰਥਲਾ ਵਿੱਚ 13, ਲੁਧਿਆਣਾ ਵਿੱਚ 110, ਮਾਨਸਾ ਵਿੱਚ 32, ਮੁਕਤਸਰ ਵਿੱਚ 61, ਨਵਾਂਸ਼ਹਿਰ ਵਿੱਚ 4, ਪਟਿਆਲਾ ਵਿੱਚ 30, ਸੰਗਰੂਰ ਵਿੱਚ 129, ਤਰਨ ਤਾਰਨ ਵਿੱਚ 13 ਅਤੇ ਮਾਲੇਰਕੋਟਲਾ ਵਿੱਚ 12 ਥਾਵਾਂ ’ਤੇ ਪਰਾਲੀ ਸਾੜੀ ਗਈ। ਇੱਥੇ ਮੁੱਖ ਦਫ਼ਤਰ ਵਿਚ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਵਿੱਗ ਨੇ ਕਿਹਾ ਕਿ ਇਸ ਸਾਲ ਪਰਾਲੀ ਸਾੜਨ ਦੀਆਂ ਰਿਕਾਰਡ ਘਟਨਾਵਾਂ ਘਟੀਆਂ ਹਨ, ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਵੀ ਹੋਰ ਸੂਬੇ ਵਿੱਚ ਪ੍ਰਦੂਸ਼ਨ ਫੈਲਾਉਣ ਲਈ ਜ਼ਿੰਮੇਵਾਰ ਨਹੀਂ ਹੈ।