ਬਕਾਇਆ ਟੈਕਸ ਦੀ ਵਸੂਲੀ: ਕਾਂਗਰਸ ਨੂੰ ਜਾਰੀ ਨੋਟਿਸ ’ਤੇ ਰੋਕ ਤੋਂ ਇਨਕਾਰ
ਨਵੀਂ ਦਿੱਲੀ, 13 ਮਾਰਚ
ਦਿੱਲੀ ਹਾਈ ਕੋਰਟ ਨੇ ਆਮਦਨ ਕਰ ਅਪੀਲ ਟ੍ਰਿਬਿਊਨਲ ਵੱਲੋਂ ਕਾਂਗਰਸ ਪਾਰਟੀ ਨੂੰ ਬਕਾਇਆ ਟੈਕਸ ਵਸੂਲੀ ਲਈ ਜਾਰੀ ਹੁਕਮਾਂ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਆਮਦਨ ਕਰ ਵਿਭਾਗ ਨੇ ਕਾਂਗਰਸ ਨੂੰ 100 ਕਰੋੜ ਰੁਪਏ ਤੋਂ ਵਧ ਦੇ ਬਕਾਏ ਦੀ ਰਿਕਵਰੀ ਲਈ ਨੋਟਿਸ ਜਾਰੀ ਕੀਤਾ ਸੀ। ਬੈਂਚ ਨੇ ਕਿਹਾ ਕਿ ਟ੍ਰਿਬਿਊਨਲ ਦੇ 8 ਮਾਰਚ ਨੂੰ ਦਿੱਤੇ ਹੁਕਮਾਂ ’ਚ ਦਖ਼ਲ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਹੈ। ਬੈਂਚ ਨੇ ਕਾਂਗਰਸ ਅਤੇ ਆਈ-ਟੀ ਵਿਭਾਗ ਦੀਆਂ ਦਲੀਲਾਂ ਸੁਣਨ ਮਗਰੋਂ ਮੰਗਲਵਾਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਆਮਦਨ ਕਰ ਅਪੀਲ ਟ੍ਰਿਬਿਊਨਲ ਵੱਲੋਂ ਆਈ-ਟੀ ਵਿਭਾਗ ਦੇ 13 ਫਰਵਰੀ ਨੂੰ ਜਾਰੀ ਨੋਟਿਸ ’ਤੇ ਰੋਕ ਲਾਉਣ ਦੀ ਅਰਜ਼ੀ ਖਾਰਜ ਕੀਤੇ ਜਾਣ ਮਗਰੋਂ ਕਾਂਗਰਸ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਮੁਲਾਂਕਣ ਅਧਿਕਾਰੀ ਨੇ ਜਾਂਚ ਦੌਰਾਨ ਪਾਇਆ ਸੀ ਕਿ ਸਾਲ 2018-19 ਦੌਰਾਨ 100 ਕਰੋੜ ਰੁਪਏ ਤੋਂ ਵਧ ਦਾ ਟੈਕਸ ਡਿਮਾਂਡ ਅਦਾ ਨਹੀਂ ਕੀਤਾ ਗਿਆ ਹੈ। ਕਾਂਗਰਸ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਪਾਰਟੀ ਨੂੰ ਕੁਝ ਰਾਹਤ ਦਿੱਤੀ ਜਾਵੇ ਕਿਉਂਕਿ ਇਸ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ। ਆਈ-ਟੀ ਵਿਭਾਗ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੂਲ ਟੈਕਸ ਡਿਮਾਂਡ 102 ਕਰੋੜ ਰੁਪਏ ਹੈ ਅਤੇ ਵਿਆਜ ਜੋੜਨ ਮਗਰੋਂ ਇਹ ਰਕਮ ਵਧ ਕੇ 135.06 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 65.94 ਕਰੋੜ ਰੁਪਏ ਦੀ ਵਸੂਲੀ ਹੋਈ ਹੈ। ਟ੍ਰਿਬਿਊਨਲ ਨੇ ਸਟੇਅ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। -ਪੀਟੀਆਈ