ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ
ਨਵੀਂ ਦਿੱਲੀ, 23 ਜਨਵਰੀ
ਮਜ਼ਬੂਤ ਆਲਮੀ ਰੁਝਾਨਾਂ ਵਿਚਾਲੇ ਅੱਜ ਕੌਮੀ ਰਾਜਧਾਨੀ ’ਚ ਸੋਨੇ ਦੀ ਕੀਮਤ 170 ਰੁਪਏ ਦੇ ਵਾਧੇ ਨਾਲ 82,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਬੀਤੇ ਦਿਨ ਸੋਨੇ ਦੀ ਕੀਮਤ 82,730 ਰੁਪਏ ਪ੍ਰਤੀ 10 ਗ੍ਰਾਮ ਸੀ। ਲਗਪਗ ਇਕ ਸਾਲ ਵਿੱਚ ਸੋਨਾ ਦੀ ਕੀਮਤ ਵਿੱਚ 20,180 ਰੁਪਏ ਭਾਵ 32.17 ਫੀਸਦ ਵਾਧਾ ਹੋਇਆ ਹੈ। 23 ਫਰਵਰੀ 2024 ਨੂੰ ਇਸ ਦੀ ਕੀਮਤ 62,720 ਰੁਪਏ ਪ੍ਰਤੀ 10 ਗ੍ਰਾਮ ਸੀ। ਪਿਛਲੇ ਸੱਤ ਕਾਰੋਬਾਰੀ ਸੈਸ਼ਨਾਂ ’ਚ 99.9 ਫੀਸਦ ਸ਼ੁੱਧਤਾ ਵਾਲਾ ਸੋਨਾ 2,320 ਰੁਪਏ ਵਧਿਆ ਹੈ। 99.5 ਫੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵਿੱਚ ਵੀ ਇੰਨਾ ਹੀ ਵਾਧਾ ਹੋਇਆ ਹੈ। ਇਸ ਦੌਰਾਨ ਚਾਂਦੀ ਦੀ ਕੀਮਤ 500 ਰੁਪਏ ਘਟ ਕੇ 93,500 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਬੀਤੇ ਦਿਨ ਇਹ 94,000 ਰੁਪਏ ਪ੍ਰਤੀ ਕਿਲੋ ਸੀ। ਸਰਾਫਾ ਕਾਰੋਬਾਰੀਆਂ ਅਨੁਸਾਰ ਮਜ਼ਬੂਤ ਆਲਮੀ ਰੁਝਾਨਾਂ ਦੇ ਨਾਲ-ਨਾਲ ਗਹਿਣਿਆਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਮੰਗ ਵਧਣ ਨਾਲ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਵਾਧਾ ਹੋ ਰਿਹਾ ਹੈ। -ਪੀਟੀਆਈ