ਕੌਮੀ ਰਾਜਧਾਨੀ ’ਚ ਹਵਾ ਪ੍ਰਦੂਸ਼ਣ ’ਚ ਰਿਕਾਰਡ ਤੋੜ ਵਾਧਾ
* ਏਕਿਊਆਈ ਪੱਧਰ 484 ’ਤੇ ਪਹੁੰਚਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਨਵੰਬਰ
ਰਾਜਧਾਨੀ ਨਵੀਂ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਰੀਡਿੰਗ, ਇਸ ਸਾਲ ਲਈ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਭਾਰਤ ਦੀ ਪ੍ਰਦੂਸ਼ਣ ਕੰਟਰੋਲ ਅਥਾਰਟੀ ਦੇ ਅਧਿਕਾਰੀ ਨੇ ਕਿਹਾ ਕਿ ਅੱਜ ਇੱਥੋਂ ਦੇ ਵਾਸੀਆਂ ਦੀਆਂ ਅੱਖਾਂ ਵਿੱਚ ਰੜਕ, ਜਲਣ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੀ ਸੂਚਨਾ ਮਿਲੀ ਹੈ। ਐੱਨਸੀਆਰ ਵਿੱਚ ਵੀ ਧੁਆਂਖੀ ਧੁੰਦ ਦੀ ਚਾਦਰ ਛਾਈ ਰਹੀ। ਅਥਾਰਟੀ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਦਾ 24-ਘੰਟੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਰੀਡਿੰਗ 484 ’ਤੇ ਸੀ, ਜਿਸ ਨੂੰ ‘ਗੰਭੀਰ ਪਲੱਸ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਕਈ ਥਾਵਾਂ ’ਤੇ ਇਹ 500 ਨੂੰ ਪਾਰ ਕਰ ਗਿਆ। ਹਰ ਸਾਲ ਸਰਦੀਆਂ ਵਿੱਚ ਇਸ ਖੇਤਰ ਵਿੱਚ ਧੂੰਏਂ ਦਾ ਪਸਾਰਾ ਇੱਕ ਆਮ ਵਰਤਾਰਾ ਹੋ ਗਿਆ ਹੈ। ਆਲੇ-ਦੁਆਲੇ ਦੇ ਰਾਜਾਂ ਵਿੱਚ ਗੈਰ-ਕਾਨੂੰਨੀ ਪਰਾਲੀ ਸਾੜਨ ਅਤੇ ਧੂੰਏਂ ਨਾਲ ਆਲਾ ਦੁਆਲਾ ਗੰਧਲਾ ਹੋ ਜਾਂਦਾ ਹੈ। ‘ਗੰਭੀਰ ਪਲੱਸ’ ਹਵਾ ਗੁਣਵੱਤਾ ਸੂਚਕਾਂਕ ਦੇ ਕਾਰਨ ਦਿੱਲੀ ਵਿੱਚ ਜੀਆਰਏਪੀ ਚਾਰ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਅਧਿਕਾਰੀਆਂ ਨੇ ਸ਼ਹਿਰ ਵਿੱਚ ਟਰੈਫਿਕ ਨੂੰ ਘੱਟ ਕਰਨ ਲਈ ਸਕੂਲਾਂ ਨੂੰ ਆਨਲਾਈਨ ਜਮਾਤਾਂ ਵਿੱਚ ਜਾਣ ਦੇ ਆਦੇਸ਼ ਦਿੱਤੇ ਹਨ।
ਮੁੱਖ ਮੰਤਰੀ ਆਤਿਸ਼ੀ ਨੇ ਐਤਵਾਰ ਦੇਰ ਰਾਤ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਲਈ ਸਕੂਲਾਂ ਦੀ ਜਮਾਤਾਂ ਵਿੱਚ ਹਾਜ਼ਰੀ ਨਾ ਲਾ ਕੇ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਨਿਰਮਾਣ ਉਸਾਰੀ ਦੀਆਂ ਸਰਗਰਮੀਆਂ ਅਤੇ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀਆਂ ਨੂੰ ਵੀ ਸਖ਼ਤ ਕਰ ਦਿੱਤਾ ਹੈ, ਜਦੋਂ ਕਿ ਬੱਚਿਆਂ ਅਤੇ ਬਜ਼ੁਰਗਾਂ ਦੇ ਨਾਲ-ਨਾਲ ਫੇਫੜਿਆਂ ਜਾਂ ਦਿਲ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਜੇ ਸੰਭਵ ਹੋਵੇ ਤਾਂ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ। ਸਵਿਸ ਗਰੁੱਪ ਏਕਇਊਏਅਰ ਵੱਲੋਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਨੂੰ ‘ਖਤਰਨਾਕ’ ਵਜੋਂ ਦਰਜਾਬੰਦੀ ਦੇ ਸਮੇਂ ਤੋਂ ਪਹਿਲਾਂ ਮੌਤਾਂ ਲਈ ਧੂੰਏਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। 2.5 ਮਾਈਕਰੋਨ ਜਾਂ ਇਸ ਤੋਂ ਘੱਟ ਵਿਆਸ (ਪਈਐਮ 2.5) ਮਾਪਣ ਵਾਲੇ ਕਣਾਂ ਦੀ ਗਾੜ੍ਹਾਪਣ ਸੋਮਵਾਰ ਸਵੇਰੇ 907 ’ਤੇ ਪਹੁੰਚ ਗਈ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਗੈਰ-ਸਿਹਤਮੰਦ ਮੰਨਿਆ ਜਾਂਦਾ ਹੈ। ਇਹ 24 ਘੰਟਿਆਂ ਦੀ ਮਿਆਦ ਵਿੱਚ 15 ਤੋਂ ਵੱਧ ਮਾਪਿਆ ਗਿਆ। ਦਿੱਲੀ ਵਿੱਚ ਵਿਜ਼ੀਬਿਲਟੀ 100 ਮੀਟਰ (109 ਗਜ਼) ਤੱਕ ਘਟ ਗਈ, ਧੂੰਏਂ ਕਾਰਨ ਬਹੁਤ ਸਾਰੀਆਂ ਇਮਾਰਤਾਂ, ਜਿਵੇਂ ਕਿ ਇੰਡੀਆ ਗੇਟ, ਜਾਮਾ ਮਸਜਿਦ ਲਗਪਗ ਅਦਿੱਖ ਹੋ ਗਈਆਂ ਹਨ। ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਫ਼ਰ ਅਨੁਸਾਰ ਦਿੱਲੀ ਵਿੱਚ 40 ਫ਼ੀਸਦ ਤੱਕ ਪ੍ਰਦੂਸ਼ਣ ਝੋਨੇ ਦੀ ਪਰਾਲੀ ਨੂੰ ਸਾੜਨ ਕਾਰਨ ਹੋਇਆ ਹੈ। ਭਾਰਤ ਦੇ ਕਨਸੋਰਟੀਅਮ ਫਾਰ ਰਿਸਰਚ ਆਨ ਐਗਰੋਕੋਸਿਸਟਮ ਮਾਨੀਟਰਿੰਗ ਐਂਡ ਮਾਡਲਿੰਗ ਫਰਾਮ ਸਪੇਸ ਨੇ ਕਿਹਾ ਕਿ ਸੈਟੇਲਾਈਟਾਂ ਨੇ ਐਤਵਾਰ ਨੂੰ ਛੇ ਰਾਜਾਂ ਵਿੱਚ 1,334 ਅਜਿਹੀਆਂ ਘਟਨਾਵਾਂ ਦਾ ਪਤਾ ਲਗਾਇਆ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਫੈਸਲਾ ਸੁਣਾਇਆ ਸੀ ਕਿ ਸਾਫ਼ ਹਵਾ ਇੱਕ ਮੌਲਿਕ ਮਨੁੱਖੀ ਅਧਿਕਾਰ ਹੈ, ਜਿਸ ਨੇ ਕੇਂਦਰ ਸਰਕਾਰ ਅਤੇ ਰਾਜ ਪੱਧਰੀ ਅਧਿਕਾਰੀਆਂ ਦੋਵਾਂ ਨੂੰ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ।
ਪ੍ਰਦੂਸ਼ਣ ਕਾਰਨ ਹਵਾਈ ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਵਧਦੇ ਹਵਾ ਪ੍ਰਦੂਸ਼ਣ ਦੀਆਂ ਚੁਣੌਤੀਆਂ ਦੇ ਵਿਚਕਾਰ ਸੋਮਵਾਰ ਨੂੰ ਹੁਣ ਤੱਕ ਦਿੱਲੀ ਜਾਣ ਵਾਲੀਆਂ 14 ਉਡਾਣਾਂ ਨੂੰ ਜੈਪੁਰ ਅਤੇ ਦੇਹਰਾਦੂਨ ਵੱਲ ਮੋੜ ਦਿੱਤਾ ਗਿਆ ਹੈ। ਕੌਮੀ ਰਾਜਧਾਨੀ ਦੇ ਅਸਮਾਨ ਨੂੰ ਢੱਕਣ ਵਾਲੀ ਸੰਘਣੀ ਧੁੰਦ ਅਤੇ ਇਸ ਤੋਂ ਬਾਅਦ ਘੱਟ ਵਿਜ਼ੀਬਿਲਟੀ ਕਾਰਨ ਉਡਾਣਾਂ ਨੂੰ ਮੋੜ ਦਿੱਤਾ ਗਿਆ। ਇਸ ਤੋਂ ਪਹਿਲਾਂ ਦਿਨ ਵਿੱਚ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ 11 ਉਡਾਣਾਂ ਨੂੰ ਜੈਪੁਰ ਅਤੇ ਦੇਹਰਾਦੂਨ ਵਰਗੇ ਹੋਰ ਸ਼ਹਿਰਾਂ ਵਿੱਚ ਡਾਇਵਰਟ ਕੀਤਾ ਗਿਆ ਸੀ, ਹਾਲਾਂਕਿ, ਇਹ ਗਿਣਤੀ ਹੁਣ 14 ਹੋ ਗਈ ਹੈ। ਸੋਮਵਾਰ ਸਵੇਰੇ, ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕਰਕੇ ਦੱਸਿਆ ਕਿ ਫਲਾਈਟ ਸੰਚਾਲਨ ਪ੍ਰਭਾਵਿਤ ਹੋ ਸਕਦਾ ਹੈ ਪਰ ਹਵਾਈ ਅੱਡੇ ’ਤੇ ‘ਘੱਟ ਵਿਜ਼ੀਬਿਲਟੀ ਪ੍ਰਕਿਰਿਆ’ ਅਜੇ ਵੀ ਜਾਰੀ ਹੈ। ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਉਡਾਣਾਂ ਬਾਰੇ ‘ਅਪਡੇਟ ਕੀਤੀ ਜਾਣਕਾਰੀ’ ਲਈ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ। ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਐਤਵਾਰ ਨੂੰ ‘ਗੰਭੀਰ ਪਲੱਸ’ ਪੱਧਰ ’ਤੇ ਆ ਗਿਆ, ਜਿਸ ਕਾਰਨ ਸੋਮਵਾਰ ਸਵੇਰ ਤੋਂ ਜੀਆਰਏਪੀ-ਚਾਰ ਦੇ ਤਹਿਤ ਪਾਬੰਦੀਆਂ ਲਗਾਈਆਂ ਗਈਆਂ।
ਕੇਂਦਰ ਸਰਕਾਰ ’ਤੇ ਪ੍ਰਦੂਸ਼ਣ ਰੋਕਣ ਵਿੱਚ ਠੋਸ ਕਾਰਵਾਈ ਨਾ ਕਰਨ ਦਾ ਦੋਸ਼
ਨਵੀਂ ਦਿੱਲੀ (ਪੱਤਰ ਪ੍ਰੇਰਕ):
ਮੁੱਖ ਮੰਤਰੀ ਆਤਿਸ਼ੀ ਨੇ ਅੱਜ ਕਿਹਾ ਕਿ ਦਿੱਲੀ-ਐਨਸੀਆਰ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਗੰਭੀਰ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਪਰਾਲੀ ਸਾੜਨ ਦੇ ਮੁੱਦੇ ਨੂੰ ਹੱਲ ਕਰਨ ਲਈ ਕੋਈ ਠੋਸ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਕਾਰਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰਾ ਉੱਤਰੀ ਭਾਰਤ ਇੱਕ ਮੈਡੀਕਲ ਐਮਰਜੈਂਸੀ ਵਿੱਚ ਡੁੱਬ ਗਿਆ ਹੈ ਕਿਉਂਕਿ ਦੇਸ਼ ਭਰ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਦੇਸ਼ ਭਰ ਦੇ ਸਾਰੇ ਸ਼ਹਿਰ ਯੂਪੀ, ਬਿਹਾਰ, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼ ਅਤੇ ਦਿੱਲੀ ਪ੍ਰਦੂਸ਼ਣ ਦੇ ਗੰਭੀਰ ਪੱਧਰ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਪੂਰੇ ਭਾਰਤ ਵਿੱਚ ਪਰਾਲੀ ਸਾੜਨ ਦੀ ਵੱਧ ਰਹੀ ਗੰਭੀਰਤਾ ਦੇ ਬਾਵਜੂਦ, ਕੇਂਦਰ ਸਰਕਾਰ ਨੇ ਇਸ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਪੂਰਾ ਉੱਤਰੀ ਭਾਰਤ ਇਸ ਦੀ ਕੀਮਤ ਅਦਾ ਕਰ ਰਿਹਾ ਹੈ, ਖਾਸ ਕਰਕੇ ਬੱਚੇ ਅਤੇ ਬਜ਼ੁਰਗ ਜੋ ਸਾਹ ਲੈਣ ਲਈ ਸੰਘਰਸ਼ ਕਰ ਰਹੇ ਹਨ।