For the best experience, open
https://m.punjabitribuneonline.com
on your mobile browser.
Advertisement

ਕੈਲੀਫੋਰਨੀਆ ਅਸੈਂਬਲੀ ’ਚ ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਮਾਨਤਾ

07:34 AM Jun 24, 2024 IST
ਕੈਲੀਫੋਰਨੀਆ ਅਸੈਂਬਲੀ ’ਚ ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਮਾਨਤਾ
ਕੈਲੀਫੋਰਨੀਆ ਦੀ ਅਸੈਂਬਲੀ ਵਿੱਚ ਬਾਪੂ ਬਲਦੇਵ ਸਿੰਘ ਦਾ ਸਨਮਾਨ ਕਰਦੇ ਹੋਏ ਮੈਂਬਰ ਸਾਹਿਬਾਨ। -ਫੋਟੋ ਪੰਜਾਬੀ ਟ੍ਰਿਬਿਊਨ
Advertisement

ਪਾਲ ਸਿੰਘ ਨੌਲੀ
ਜਲੰਧਰ, 23 ਜੂਨ
ਨਕੋਦਰ ਵਿੱਚ 2 ਫਰਵਰੀ 1986 ਨੂੰ ਵਾਪਰੇ ਬੇਅਦਬੀ ਕਾਂਡ ਦੇ ਚਾਰ ਸਿੱਖ ਨੌਜਵਾਨਾਂ ਦੀ ਸ਼ਹਾਦਤ ਨੂੰ ਅਮਰੀਕਾ ਦੇ ਸੂਬੇ ਕੈਲੀਫੋਰੀਆ ਦੀ ਅਸੈਂਬਲੀ ਵਿੱਚ ਮਾਨਤਾ ਦਿੱਤੀ ਗਈ ਹੈ। ਕੈਲੇਫੋਰਨੀਆ ਦੀ 80 ਮੈਂਬਰੀ ਅਸੈਂਬਲੀ ਨੇ ਸਰਬਸਮੰਤੀ ਨਾਲ ਬਿੱਲ ਪਾਸ ਕਰਦਿਆਂ ਕਿਹਾ ਕਿ ਇਸ ਘਟਨਾ ਵਿੱਚ ਪੀੜਤ ਪਰਿਵਾਰਾਂ ਨੂੰ 38 ਸਾਲ ਬੀਤਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ। ਅਸੈਂਬਲੀ ਵਿੱਚ ਇਹ ਵੀ ਪਾਸ ਕੀਤਾ ਗਿਆ ਕਿ ਕੈਲੀਫੋਰਨੀਆ ਵਿੱਚ ਹਰ ਸਾਲ 4 ਫਰਵਰੀ ਵਾਲਾ ਦਿਨ ਸਾਕਾ ਨਕੋਦਰ ਵਜੋਂ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਜ ਬੀੜਾਂ ਸਾੜ ਦਿੱਤੀਆਂ ਗਈਆਂ ਸਨ। ਇਸ ਘਟਨਾ ਵਿਰੁੱਧ ਸ਼ਾਂਤਮਈ ਰੋਸ ਪ੍ਰਗਟਾਉਣ ਵਾਲੀ ਸਿੱਖ ਸੰਗਤ ’ਤੇ ਪੰਜਾਬ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ਵਿੱਚ ਪੁਲੀਸ ਦੀਆਂ ਗੋਲੀਆਂ ਨਾਲ ਚਾਰ ਸਿੱਖ ਨੌਜਵਾਨ ਰਵਿੰਦਰ ਸਿੰਘ ਲਿੱਤਰਾਂ, ਹਰਮਿੰਦਰ ਸਿੰਘ, ਬਲਧੀਰ ਸਿੰਘ ਅਤੇ ਝਿਲਮਿਣ ਸਿੰਘ ਸ਼ਹੀਦ ਹੋ ਗਏ ਸਨ। ਉਸ ਸਮੇਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਕੈਲੀਫੋਰਨੀਆ ਦੀ ਅਸੈਂਬਲੀ ਵਿੱਚ ਡਾ. ਜਸਬੀਰ ਕੌਰ ਬੈਂਸ ਨੇ ਇਹ ਮਤਾ ਲਿਆਂਦਾ ਸੀ। ਇਸ ਮਤੇ ਦੀ ਪ੍ਰੋੜ੍ਹਤਾ ਲਿਜ਼ ਓਰਟੇਗਾ ਨੇ ਕੀਤੀ ਸੀ। ਇਸ 80 ਮੈਂਬਰੀ ਅਸੈਂਬਲੀ ਵਿੱਚ 79 ਮੈਂਬਰ ਹਨ ਤੇ ਇੱਕ ਸੀਟ ਖਾਲੀ ਹੈ। ਇਸ ਮਤੇ ਨੂੰ ਸਰਬਸਮੰਤੀ ਨਾਲ ਪਾਸ ਕਰਦਿਆਂ ਮੈਂਬਰਾਂ ਨੇ ਦੁੱਖ ਪ੍ਰਗਟਾਇਆ ਕਿ 38 ਸਾਲ ਬੀਤਣ ’ਤੇ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਸ ਮਤੇ ਵਿੱਚ ਇਸ ਗੱਲ ਦਾ ਬਾਖੂਬੀ ਜ਼ਿਕਰ ਕੀਤਾ ਗਿਆ ਹੈ ਕਿ ਅਮਰੀਕਾ ਅਤੇ ਕੈਲੀਫੋਰਨੀਆ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦੀ ਵਕਾਲਤ ਕਰਦਾ ਹੈ। ਰੋਸ ਪ੍ਰਦਰਸ਼ਨ ਕਰਨਾ ਦੁਨੀਆਂ ਵਿੱਚ ਸਾਰੇ ਲੋਕਾਂ ਦਾ ਜਮਹੂਰੀ ਅਧਿਕਾਰ ਹੈ। ਅਸੈਂਬਲੀ ਵਿੱਚ ਹਾਜ਼ਰ ਮੈਂਬਰਾਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਉਹ ਨਕੋਦਰ ਦੇ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹਨ। ਕੌਮਾਂਤਰੀ ਪੱਧਰ ’ਤੇ ਉਹ ਸਿੱਖ ਭਾਈਚਾਰੇ ਨਾਲ ਸੱਚ ਅਤੇ ਨਿਆਂ ਦੀ ਪੈਰਵੀ ਕਰਨ ਲਈ ਵਿਸ਼ਵ ਪੱਧਰੀ ਸਮਰਥਨ ਬਣਾਉਣਾ ਜਾਰੀ ਰੱਖਣਗੇ। ਮਤੇ ਵਿੱਚ ਕਿਹਾ ਗਿਆ ਕਿ ਸਿੱਖਾਂ ਵਿਰੁੱਧ ਨਫ਼ਰਤੀ ਪ੍ਰਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਕੀਤੀ ਗਈ ਉਲੰਘਣਾ ਦੀ ਕੈਲੇਫੋਰਨੀਆ ਅਸੈਂਬਲੀ ਨਿਖੇਧੀ ਕਰਦੀ ਹੈ।
ਪਾਸ ਕੀਤੇ ਗਏ ਬਿੱਲ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਇਸ ਘਟਨਾ ਬਾਰੇ ਬਣਾਏ ਜਾਂਚ ਕਮਿਸ਼ਨ ਦੀ ਰਿਪੋਰਟ ’ਤੇ ਵੀ ਅਮਲ ਨਹੀਂ ਕੀਤਾ ਜਦੋਂਕਿ ਇਸ ਰਿਪੋਰਟ ਨੂੰ ਛੇ ਮਹੀਨਿਆਂ ਦੇ ਅੰਦਰ ਪੰਜਾਬ ਅਸੈਂਬਲੀ ਵਿੱਚ ਰੱਖ ਕੇ ਉਸ ਰਿਪੋਰਟ ’ਤੇ ਕਾਰਵਾਈ ਕਰਨੀ ਸੀ। ਇਹ ਵੀ ਕਿਹਾ ਗਿਆ ਹੈ ਕਿ ਅੱਜ ਤੱਕ ਇੱਕ ਵੀ ਦੋਸ਼ੀ ਨੂੰ ਕਾਨੂੰਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ।
ਕੈਲੀਫੋਰਨੀਆ ਅਸੈਂਬਲੀ ਵਿੱਚ ਨਕੋਦਰ ਕਾਂਡ ’ਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਤੇ ਉਨ੍ਹਾਂ ਦੀ ਮਾਤਾ ਦਾ ਸਨਮਾਨ ਵੀ ਕੀਤਾ ਗਿਆ। ਪੀੜਤ ਪਰਿਵਾਰਾਂ ’ਚੋਂ ਬਲਦੇਵ ਸਿੰਘ ਹੀ ਜਿਊਂਦੇ ਹਨ, ਜਦੋਂਕਿ ਤਿੰਨ ਸ਼ਹੀਦ ਸਿੱਖ ਨੌਜਵਾਨਾਂ ਦੇ ਮਾਪੇ ਇਨਸਾਫ ਦੀ ਉਡੀਕ ਕਰਦੇ ਕਰਦੇ ਇਸ ਸੰਸਾਰ ’ਚੋਂ ਜਾ ਚੁੱਕੇ ਹਨ।

Advertisement

ਸ਼ਹੀਦ ਰਵਿੰਦਰ ਸਿੰਘ ਦੇ ਪਿਤਾ ਵੱਲੋਂ ਭਗਵੰਤ ਮਾਨ ਨੂੰ ਪੱਤਰ

ਬਾਪੂ ਬਲਦੇਵ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਜਿਹੜਾ ਮਤਾ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਣਾ ਚਾਹੀਦਾ ਸੀ, ਉਹ ਸੱਤ ਸਮੁੰਦਰੋਂ ਪਾਰ ਕੈਲੇਫੋਰਨੀਆ ਵਿੱਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਿਰੋਧੀ ਧਿਰ ਦੇ ਆਗੂ ਹੁੰਦਿਆਂ ਹਰਪਾਲ ਸਿੰਘ ਚੀਮਾ ਨੇ ਇਸ ਘਟਨਾ ਦੀ ਜਾਂਚ ਬਾਰੇ ਬਣੇ ਕਮਿਸ਼ਨ ਦੀ ਰਿਪੋਰਟ ਦਾ ਇੱਕ ਹਿੱਸਾ ਪੰਜਾਬ ਅਸੈਂਬਲੀ ’ਚੋਂ ਲੈ ਕੇ ਦਿੱਤਾ ਸੀ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਜਾਂਚ ਰਿਪੋਰਟ ਦਾ ਦੂਜਾ ਹਿੱਸਾ ਵੀ ਦਿੱਤਾ ਜਾਵੇ ਤੇ ਸਮੁੱਚੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਕਰ ਕੇ ਇਸ ’ਤੇ ਕਾਰਵਾਈ ਕੀਤੀ ਜਾਵੇ। 1986 ਨੂੰ ਜਦੋਂ ਇਹ ਘਟਨਾ ਵਾਪਰੀ ਸੀ, ਉਸ ਵੇਲੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਰਹੇ ਦਰਬਾਰਾ ਸਿੰਘ ਗੁਰੂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰਹੇ ਸਨ ਤੇ ਮੁੜ ਕੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਇਸੇ ਤਰ੍ਹਾਂ ਉਦੋਂ ਜਲੰਧਰ ਦੇ ਐੱਸਐੱਸਪੀ ਰਹੇ ਇਜ਼ਹਾਰ ਅਲਾਮ ਵੀ ਸੇਵਾਮੁਕਤ ਹੋਣ ਤੋਂ ਬਾਅਦ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਤੇ ਉਨ੍ਹਾਂ ਦੀ ਪਤਨੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਸੰਸਦੀ ਸਕੱਤਰ ਬਣਾਇਆ ਸੀ।

Advertisement

Advertisement
Author Image

sukhwinder singh

View all posts

Advertisement