ਸ਼ੇਅਰ ਬਾਜ਼ਾਰ ’ਚ ਮੰਦੀ ਦਾ ਦੌਰ ਜਾਰੀ
ਮੁੰਬਈ, 8 ਨਵੰਬਰ
ਵਿਦੇਸ਼ੀ ਫ਼ੰਡਾਂ ਦੀ ਨਿਕਾਸੀ ਅਤੇ ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ ਤੇ ਭਾਰਤੀ ਸਟੇਟ ਬੈਂਕ ਜਿਹੇ ਬਲੂ ਚਿੱਪ ਸਟਾਕਸ ਨੂੰ ਪਈ ਮਾਰ ਦੇ ਚੱਲਦਿਆਂ ਅੱਜ ਲਗਾਤਾਰ ਦੂਜੇ ਦਿਨ ਸ਼ੇਅਰ ਬਾਜ਼ਾਰ ਵਿਚ ਮੰਦੀ ਦਾ ਦੌਰ ਰਿਹਾ। ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ (ਸੈਂਸੈਕਸ) 55.47 ਅੰਕ ਜਾਂ 0.07 ਫੀਸਦ ਦੇ ਨਿਘਾਰ ਨਾਲ 79,486.32 ਦੇ ਪੱਧਰ ’ਤੇ ਬੰਦ ਹੋਇਆ। ਉਂਝ ਦਿਨ ਦੇ ਕਾਰੋਬਾਰ ਦੌਰਾਨ ਇਹ ਇਕ ਵਾਰ 424.42 ਨੁਕਤਿਆਂ ਨੇ ਨੁਕਸਾਨ ਨਾਲ 79,117.37 ਨੂੰ ਵੀ ਪਹੁੰਚਿਆ। ਉਧਰ ਐੱਨਐੱਸਈ ਦਾ ਨਿਫਟੀ 51.50 ਅੰਕਾਂ ਦੇ ਨੁਕਸਾਨ ਨਾਲ 24,148.20 ਉੱਤੇ ਪਹੁੰਚ ਗਿਆ। ਮਹਾਰਾਸ਼ਟਰ ਅਸੈਂਬਲੀ ਦੀਆਂ ਚੋਣਾਂ ਕਰਕੇ 20 ਨਵੰਬਰ ਨੂੰ ਨੈਸ਼ਨਲ ਸਟਾਕ ਐਕਚੇਂਜ ਬੰਦ ਰਹੇਗਾ ਤੇ ਉਸ ਦਿਨ ਸ਼ੇਅਰਾਂ ਦੀ ਟਰੇਡਿੰਗ ਨਹੀਂ ਹੋਵੇਗੀ। ਉਂਝ ਜਿਨ੍ਹਾਂ ਕੰਪਨੀਆਂ ਦੇ ਅੱਜ ਸ਼ੇਅਰ ਡਿੱਗੇ ਉਨ੍ਹਾਂ ਵਿਚ ਏਸ਼ੀਅਨ ਪੇਂਟਸ, ਟਾਟਾ ਸਟੀਲ, ਭਾਰਤੀ ਸਟੇਟ ਬੈਂਕ, ਰਿਲਾਇੰਸ ਇੰਡਸਟਰੀਜ਼, ਐੱਨਟੀਪੀਸੀ, ਟਾਟਾ ਮੋਟਰਜ਼, ਆਈਸੀਆਈਸੀਆਈ ਬੈਂਕ ਅਤੇ ਇੰਡਸਇੰਡ ਬੈਂਕ ਪ੍ਰਮੁੱਖ ਹਨ। -ਪੀਟੀਆਈ