ਮਹਿਲਾ ਏਸ਼ੀਅਨ ਚੈਂਪੀਅਨਜ਼ ਮੁਕਾਬਲੇ ਦੀ ਟਰਾਫੀ ਦਾ ਸਵਾਗਤ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ) , 17 ਅਕਤੂਬਰ
ਅਗਲੇ ਮਹੀਨੇ ਰਾਜਗੀਰ (ਬਿਹਾਰ) ਵਿਖੇ ਹੋਣ ਵਾਲੀ ਛੇ ਮੁਲਕੀ ਮਹਿਲਾ ਹਾਕੀ ਏਸ਼ਿਆਈ ਚੈਂਪੀਅਨਸ ਟਰਾਫੀ-2024 ਦੀ ਟਰਾਫੀ ਭਾਰਤ ਦੌਰੇ ਦੌਰਾਨ ਅੱਜ ਪੰਜਾਬ ਪੁੱਜੀ। ਮੁਹਾਲੀ ਸਥਿਤ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਟਰਾਫ਼ੀ ਦਾ ਸਵਾਗਤ ਕੀਤਾ ਗਿਆ। ਇਹ ਟਰਾਫੀ ਬਿਹਾਰ ਤੋਂ ਚੱਲ ਕੇ ਹਰਿਆਣਾ ਦੇ ਰਸਤੇ ਪੰਜਾਬ ਪਹੁੰਚੀ ਹੈ ਜਿੱਥੋਂ ਇਹ ਅੱਗੇ ਹਵਾਈ ਜਹਾਜ਼ ਰਾਹੀਂ ਭੁਵਨੇਸ਼ਵਰ (ਉੜੀਸਾ) ਲਈ ਰਵਾਨਾ ਹੋਈ।
ਖੇਡ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਹੋਏ ਸਵਾਗਤ ਸਮਾਰੋਹ ਦੇ ਮੁੱਖ ਮਹਿਮਾਨ ਟੋਕੀਓ ਓਲੰਪਿਕ ਖੇਡਾਂ ਦੇ ਮੈਡਲ ਜੇਤੂ ਹਾਕੀ ਟੀਮ ਦੇ ਮੈਂਬਰ ਰੁਪਿੰਦਰ ਪਾਲ ਸਿੰਘ ਤੇ ਸਿਮਰਜੀਤ ਸਿੰਘ ਨੇ ਪਰਦਾ ਹਟਾ ਕੇ ਟਰਾਫੀ ਘੁੰਢ ਚੁਕਾਈ ਕੀਤੀ। ਰੁਪਿੰਦਰ ਪਾਲ ਤੇ ਸਿਮਰਨਜੀਤ ਨੇ ਕਿਹਾ ਕਿ ਟਰਾਫੀ ਦੇ ਭਾਰਤ ਟੂਰ ਨਾਲ ਪੂਰੇ ਦੇਸ਼ ਵਿੱਚ ਖੇਡਾਂ ਅਤੇ ਖਾਸ ਕਰਕੇ ਹਾਕੀ ਖੇਡ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨਵੇਂ ਖਿਡਾਰੀਆਂ ਨੂੰ ਪ੍ਰੇਰਨਾ ਮਿਲੇਗੀ।
ਟਰਾਫੀ ਨੂੰ ਲੈ ਕੇ ਆਏ ਬਿਹਾਰ ਖੇਡ ਵਿਭਾਗ ਦੇ ਅਫਸਰ ਚੰਦਰ ਕੁਮਾਰ ਸਿੰਘ ਤੇ ਮਿਨੀ ਕੁਮਾਰੀ ਨੇ ਪੰਜਾਬ ਖੇਡ ਵਿਭਾਗ ਵੱਲੋਂ ਕੀਤੇ ਸਵਾਗਤ ਲਈ ਧੰਨਵਾਦ ਕਰਦਿਆਂ ਸੂਬਾ ਵਾਸੀਆਂ ਨੂੰ ਰਾਜਗੀਰ ਵਿੱਚ 11 ਤੋਂ 20 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਲਈ ਰਸਮੀ ਸੱਦਾ ਪੱਤਰ ਵੀ ਦਿੱਤਾ। ਖੇਡ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਰਣਬੀਰ ਸਿੰਘ ਭੰਗੂ ਅਤੇ ਜ਼ਿਲਾ ਖੇਡ ਅਫਸਰ ਮੁਹਾਲੀ ਰੁਪੇਸ਼ ਕੁਮਾਰ ਬੇਗੜਾ ਨੇ ਇਸ ਟਰਾਫੀ ਅਤੇ ਨਾਲ ਆਏ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ।