For the best experience, open
https://m.punjabitribuneonline.com
on your mobile browser.
Advertisement

ਰੂਸ ਵਿਚ ਬਗ਼ਾਵਤ

09:15 PM Jun 29, 2023 IST
ਰੂਸ ਵਿਚ ਬਗ਼ਾਵਤ
Advertisement

ਨਿੱਚਰਵਾਰ ਰੂਸ ਵਿਚ ਨਿੱਜੀ ਖੇਤਰ ਦੇ ਸੁਰੱਖਿਆ ਬਲ ਵੈਗਨਰ (Wagner) ਨੇ ਬਗ਼ਾਵਤ ਕਰ ਕੇ ਅਨਿਸ਼ਚਤਤਾ ਵਾਲਾ ਮਾਹੌਲ ਪੈਦਾ ਕੀਤਾ। ਕੁਝ ਸਮੇਂ ਲਈ ਤਾਂ ਇਉਂ ਲੱਗਿਆ ਜਿਵੇਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਸੱਤਾ ਖ਼ਤਰੇ ਵਿਚ ਹੈ। ਪੂਤਿਨ ਨੇ ਟੈਲੀਵਿਜ਼ਨ ‘ਤੇ ਦਿੱਤੇ ਬਿਆਨ ਵਿਚ ਇਸ ਨੂੰ ਪਿੱਠ ਵਿਚ ਛੁਰਾ ਮਾਰਨ ਦੇ ਬਰਾਬਰ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਇਹ ਰੂਸ ਅਤੇ ਰੂਸ ਦੇ ਲੋਕਾਂ ਨਾਲ ਧੋਖਾ ਹੈ। ਵੈਗਨਰ ਗਰੁੱਪ ਦੇ ‘ਸੈਨਿਕਾਂ’ ਨੇ ਦੋਨ/ਡਾਨ ਦਰਿਆ ਕੰਢੇ ਵਸੇ ਸ਼ਹਿਰ ਰਸਤੋਵ ਦੇ ਫ਼ੌਜੀ ਅੱਡੇ ‘ਤੇ ਕਬਜ਼ਾ ਅਤੇ ਮਾਸਕੋ ਵੱਲ ਕੂਚ ਕੀਤਾ। ਮਾਸਕੋ ਵਿਚ ਵੀ ਵੈਗਨਰ ਲੜਾਕਿਆਂ ਦਾ ਸਾਹਮਣਾ ਕਰਨ ਲਈ ਕਾਰਵਾਈਆਂ ਆਰੰਭੀਆਂ ਗਈਆਂ। ਇਸੇ ਦੌਰਾਨ ਰੂਸ ਦੇ ਗੁਆਂਢੀ ਤੇ ਹਮਾਇਤੀ ਦੇਸ਼ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੋਂਕੋ ਨੇ ਵਿਚੋਲਗੀ ਕੀਤੀ ਅਤੇ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਰਾਹ ਵਿਚ ਰੋਕ ਲਿਆ। ਹੁਣ ਪ੍ਰਿਗੋਜ਼ਿਨ ਨੂੰ ਬੇਲਾਰੂਸ ਭੇਜਿਆ ਜਾ ਰਿਹਾ ਹੈ।

Advertisement

ਸਾਡੇ ਦੇਸ਼ ਦੇ ਲੋਕਾਂ ਲਈ ਇਹ ਖ਼ਬਰ ਹੈਰਾਨ ਕਰ ਦੇਣ ਵਾਲੀ ਹੋ ਸਕਦੀ ਹੈ ਕਿ ਕੋਈ ਅਜਿਹਾ ਸੁਰੱਖਿਆ ਬਲ ਜਿਸ ਦੀ ਸਮਰੱਥਾ ਫ਼ੌਜ ਵਰਗੀ ਹੋਵੇ, ਨਿੱਜੀ ਖੇਤਰ ਵਿਚ ਹੋ ਸਕਦਾ ਹੈ ਪਰ ਰੂਸ ਵਿਚ ਇਹ ਸਚਾਈ ਹੈ। ਇਹ ਪੂਤਿਨ ਦੇ ਹਮਾਇਤੀ ਰਹੇ ਕਾਰੋਬਾਰੀ ਯੇਵਗੇਨੀ ਪ੍ਰਿਗੋਜ਼ਿਨ ਦੁਆਰਾ ਬਣਾਈ ਨਿੱਜੀ ਫ਼ੌਜ ਹੈ ਜੋ ਰੂਸ ਦੀਆਂ ਫ਼ੌਜਾਂ ਦੇ ਨਾਲ ਨਾਲ ਯੂਕਰੇਨ ਦੀਆਂ ਫ਼ੌਜਾਂ ਵਿਰੁੱਧ ਲੜ ਰਹੀ ਹੈ। ਇਸ ਨੂੰ ਰੂਸ ਦੀ ਫ਼ੌਜ ਦੇ ਇਕ ਖ਼ਾਸ ਹਿੱਸੇ ਵਜੋਂ ਮਾਨਤਾ ਦਿੱਤੀ ਜਾਂਦੀ ਰਹੀ ਹੈ। ਇਸ ਦੇ ਲੜਾਕੇ ਸੀਰੀਆ, ਲਿਬੀਆ, ਸੂਡਾਨ, ਸੈਂਟਰਲ ਅਫਰੀਕੀ ਰਿਪਬਲਿਕ, ਮੌਜ਼ੰਬੀਕ, ਮਡਗਾਸਕਰ, ਵੈਨੇਜ਼ੁਏਲਾ ਆਦਿ ਵਿਚ ਤਾਇਨਾਤ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਵਿਚ ਚੱਲ ਰਹੇ ਗ੍ਰਹਿ ਯੁੱਧਾਂ ਤੇ ਸੱਤਾ ਲਈ ਲੜਾਈਆਂ ਵਿਚ ਹਿੱਸਾ ਲਿਆ ਹੈ। ਵੈਗਨਰ ਗਰੁੱਪ 2014 ਵਿਚ ਯੂਕਰੇਨ ਵਿਚ ਲੋਕਾਂ ਦੇ ਧਿਆਨ ਦੇ ਕੇਂਦਰ ਵਿਚ ਆਇਆ ਜਦੋਂ ਇਸ ਨੇ ਯੂਕਰੇਨ ਦੇ ਲੁਹਾਂਸਕ ਖਿੱਤੇ ਵਿਚ ਰੂਸ ਪੱਖੀ ਬਾਗ਼ੀਆਂ ਦੀ ਸਹਾਇਤਾ ਕੀਤੀ। ਇਸ ਵਿਚ ਸਾਬਕਾ ਰੂਸੀ ਫ਼ੌਜੀ ਵੱਡੀ ਗਿਣਤੀ ਵਿਚ ਭਰਤੀ ਕੀਤੇ ਗਏ ਹਨ। ਇਸ ਨੇ 2014 ਵਿਚ ਹੀ ਰੂਸ ਦੁਆਰਾ ਯੂਕਰੇਨ ਦੇ ਦੱਖਣੀ ਹਿੱਸੇ ਕਰੀਮੀਆ ਨੂੰ ਹਥਿਆਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ। ਇਹ ਗਰੁੱਪ ਰੂਸੀ ਫ਼ੌਜਾਂ ਦੀ ਕਮਾਨ ਤਹਿਤ ਕੰਮ ਕਰਦਾ ਰਿਹਾ ਹੈ ਅਤੇ ਇਸ ਨੂੰ ਫ਼ੌਜੀ ਅੱਡਿਆਂ ‘ਤੇ ਰਹਿਣ ਦੀ ਵੀ ਇਜਾਜ਼ਤ ਦਿੱਤੀ ਜਾਂਦੀ ਰਹੀ ਹੈ। ਰੂਸੀ ਹਵਾਈ ਫ਼ੌਜ ਦੇ ਜਹਾਜ਼ ਵੈਗਨਰ ਗਰੁੱਪ ਦੇ ‘ਸੈਨਿਕਾਂ’ ਨੂੰ ਢੋਂਹਦੇ ਵੀ ਰਹੇ ਹਨ ਅਤੇ ਰੂਸੀ ਫ਼ੌਜ ਆਪਣੀਆਂ ਯੋਜਨਾਵਾਂ ਇਸ ਜਥੇਬੰਦੀ ਨਾਲ ਸਾਂਝੀਆਂ ਕਰਦੀ ਰਹੀ ਹੈ। ਵੱਖ ਵੱਖ ਅਨੁਮਾਨਾਂ ਅਨੁਸਾਰ 200-250 ਲੜਾਕਿਆਂ ਦੇ ਆਧਾਰ ਤੋਂ ਸ਼ੁਰੂ ਹੋਈ ਇਸ ਕੰਪਨੀ ਵਿਚ ਹੁਣ 50,000 ਲੜਾਕੇ ਹਨ ਅਤੇ ਇਹ ਆਪਣੇ ਆਪ ਨੂੰ ਮਾਤ-ਭੂਮੀ ਦੀ ਰੱਖਿਆ ਕਰਨ ਵਾਲੀ ਜਥੇਬੰਦੀ ਵਜੋਂ ਪੇਸ਼ ਕਰਦੀ ਹੈ। ਪਿਛਲੇ ਕੁਝ ਸਮੇਂ ਤੋਂ ਇਸ ਦੇ ਰੂਸੀ ਫ਼ੌਜ ਨਾਲ ਮਤਭੇਦ ਹੋਏ ਹਨ। ਪਿਛਲੇ ਸ਼ਨਿੱਚਰਵਾਰ ਰੂਸ ਦੇ ਉੱਪ ਰੱਖਿਆ ਮੰਤਰੀ ਨਿਕੋਲਾਈ ਪਨਕੋਵ ਨੇ ਸੰਕੇਤ ਦਿੱਤੇ ਸਨ ਕਿ ਰੂਸੀ ਫ਼ੌਜ ਇਸ ਗਰੁੱਪ ‘ਤੇ ਪੂਰਾ ਕੰਟਰੋਲ ਹਾਸਲ ਕਰ ਲਵੇਗੀ। ਦੂਸਰੇ ਪਾਸੇ ਵੈਗਨਰ ਗਰੁੱਪ ਨੇ ਦੋਸ਼ ਲਗਾਇਆ ਸੀ ਕਿ ਰੂਸੀ ਫ਼ੌਜ ਯੂਕਰੇਨ ਵਿਚ ਸਹੀ ਰਣਨੀਤੀ ਤੇ ਉਸ ਨਿਸ਼ਠਾ ਨਾਲ ਨਹੀਂ ਲੜ ਰਹੀ ਜਿਹੜੀ ਇਹ ਜੰਗ ਜਿੱਤਣ ਲਈ ਲੋੜੀਂਦੀ ਹੈ। ਗਰੁੱਪ ਨੇ ਇਹ ਦੋਸ਼ ਵੀ ਲਗਾਇਆ ਕਿ ਰੂਸੀ ਫ਼ੌਜ ਨੇ ਯੂਕਰੇਨ ਵਿਚ ਉਸ ਦੇ ਇਕ ਟਿਕਾਣੇ ‘ਤੇ ਹਮਲਾ ਕੀਤਾ; ਰੂਸੀ ਫ਼ੌਜ ਨੇ ਇਸ ਦੋਸ਼ ਨੂੰ ਬੇਬੁਨਿਆਦ ਦੱਸਿਆ ਹੈ।

ਵੈਗਨਰ ਗਰੁੱਪ ਦੇ ਬਾਨੀ ਪ੍ਰਿਗੋਜ਼ਿਨ ਨੂੰ ਸੋਵੀਅਤ ਯੂਨੀਅਨ ਦੇ ਸਮਿਆਂ ਵਿਚ 1981 ਵਿਚ ਡਾਕਾ ਤੇ ਠੱਗੀ ਮਾਰਨ ਦੇ ਦੋਸ਼ ਵਿਚ 12 ਸਾਲ ਕੈਦ ਦੀ ਸਜ਼ਾ ਹੋਈ ਸੀ। ਉਸ ਨੂੰ 1988 ਵਿਚ ਮੁਆਫ਼ੀ ਦਿੱਤੀ ਗਈ ਅਤੇ 1990 ਵਿਚ ਰਿਹਾਅ ਕਰ ਦਿੱਤਾ ਗਿਆ। ਉਸ ਨੇ ਪਰਚੂਨ ਦੀਆਂ ਹੱਟੀਆਂ ਤੇ ਰੈਸਤਰਾਂ ਖੋਲ੍ਹੇ ਅਤੇ ਵੱਡਾ ਕਾਰੋਬਾਰੀ ਬਣ ਗਿਆ। ਉਹ ਵਲਾਦੀਮੀਰ ਪੂਤਿਨ ਦਾ ਨਜ਼ਦੀਕੀ ਬਣਿਆ ਅਤੇ ਉਸ ਨੂੰ ਰੂਸੀ ਫ਼ੌਜ ਤੋਂ ਵੱਡੇ ਠੇਕੇ ਮਿਲੇ। 2014 ਵਿਚ ਉਹ ਨੀਮ-ਫ਼ੌਜੀ ਦਸਤੇ ਬਣਾਉਣ ਦੇ ਕਾਰੋਬਾਰ ਵਿਚ ਆਇਆ ਤੇ ਕੁਝ ਸਾਲਾਂ ਵਿਚ ਹੀ ਅਤਿਅੰਤ ਤਾਕਤਵਰ ਕਾਰੋਬਾਰੀ ਬਣ ਗਿਆ। ਉਸ ਦੇ ਨੀਮ-ਫ਼ੌਜੀ ਦਸਤਿਆਂ ਨੇ 2008 ਵਿਚ ਸੀਰੀਆ ਵਿਚ ਕੁਰਦ ਬਾਗ਼ੀਆਂ ਜਿਨ੍ਹਾਂ ਨੂੰ ਅਮਰੀਕਾ ਦੀ ਹਮਾਇਤ ਹਾਸਲ ਸੀ, ‘ਤੇ ਕਈ ਹਮਲੇ ਕੀਤੇ। ਇਸ ਤੋਂ ਉਸ ਦੀ ਫ਼ੌਜੀ ਤਾਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪ੍ਰਿਗੋਜ਼ਿਨ ਅਨੁਸਾਰ ਉਸ ਦਾ ਨਿਸ਼ਾਨਾ ਰੂਸ ਦੇ ਰੱਖਿਆ ਮੰਤਰਾਲੇ ਵਿਚ ਤਬਦੀਲੀਆਂ ਕਰਾਉਣਾ ਹੈ। ਹਾਲ ਦੀ ਘੜੀ ਸ਼ਨਿੱਚਰਵਾਰ ਬਣੀ ਗ੍ਰਹਿ ਯੁੱਧ ਵਰਗੀ ਸਥਿਤੀ ਤਾਂ ਟਲ ਗਈ ਹੈ ਪਰ ਅੰਦਰੂਨੀ ਜਮਹੂਰੀਅਤ ਨੂੰ ਢਾਹ ਲਾਉਣ ਵਾਲੀਆਂ ਪੂਤਿਨ ਦੀਆਂ ਨੀਤੀਆਂ ਨੇ ਰੂਸ ਨੂੰ ਵੱਡੀ ਮੁਸ਼ਕਿਲ ਵਿਚ ਪਾ ਦਿੱਤਾ ਹੈ। ਇਹ ਹਾਲਾਤ ਅਮਰੀਕਾ, ਯੂਰੋਪ ਦੇ ਦੇਸ਼ਾਂ ਅਤੇ ਯੂਕਰੇਨ ਲਈ ਬੜੇ ਸਾਜ਼ਗਰ ਹਨ; ਅਮਰੀਕਾ ਰੂਸ ਨੂੰ ਤਬਾਹ ਤੇ ਪੂਤਿਨ ਨੂੰ ਸੱਤਾ ਤੋਂ ਬਾਹਰ ਕਰਨ ਲਈ ਟਿੱਲ ਲਾ ਰਿਹਾ ਹੈ।

Advertisement
Tags :
Advertisement
Advertisement
×