ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਸਲ ਜ਼ਿੰਦਗੀ ਦਾ ਅਹਿਸਾਸ

09:49 AM Oct 10, 2023 IST

ਗੁਰਬਿੰਦਰ ਸਿੰਘ ਮਾਣਕ
ਪੰਜ ਛੇ ਸਾਲ ਦੀ ਉਮਰ ਵਿਚ ਵਾਪਰੇ ਇਕ ਹਾਦਸੇ ਕਾਰਨ ਮੈਂ ਇਕ ਪੈਰ ਤੋਂ ਵਿਰਵਾ ਹੋਣ ਕਾਰਨ ਕਈ ਸਾਲਾਂ ਤੱਕ ਅਪਾਹਜ (ਦਵਿਿਆਂਗ) ਹੋਣ ਦੇ ਕਮਤਰੀ ਦੇ ਅਹਿਸਾਸ ਨਾਲ ਜੂਝਦਾ ਰਿਹਾ। ਬਚਪਨ ਵਿਚ ਆਪਣੇ ਸਾਥੀਆਂ ਨੂੰ ਦੌੜਦੇ ਦੇਖਦਾ ਤਾਂ ਮੇਰਾ ਰੋਣ ਨਿਕਲ ਜਾਂਦਾ। ਮਾਪੇ ਮੇਰੇ ਵੱਲ ਦੇਖਦੇ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਵੀ ਉਦਾਸੀ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਹੋ ਜਾਂਦੀਆਂ। ਮੇਰੇ ਸਾਹਮਣੇ ਤਾਂ ਉਹ ਹੰਝੂ ਨਾ ਵਹਾਉਂਦੇ, ਪਰ ਕਿਸੇ ਨਾਲ ਮੇਰੀ ਗੱਲ ਕਰਦਿਆਂ ਅਕਸਰ ਜਜ਼ਬਾਤੀ ਹੋ ਜਾਂਦੇ। ਖੇਤ ਵਿਚ ਵਗਦੇ ਟਰੈਕਟਰ ਤੋਂ ਮੈਂ ਕਦੋਂ ਹੇਠਾਂ ਡਿੱਗ ਗਿਆ ਸਾਂ, ਇਸ ਗੱਲ ਦਾ ਪਤਾ ਡਰਾਈਵਰ ਨੂੰ ਕਾਫ਼ੀ ਸਮੇਂ ਬਾਅਦ ਲੱਗਾ। ਮੇਰੇ ਪਿਤਾ ਫ਼ੌਜ ਵਿਚ ਹੋਣ ਕਾਰਨ ਯੂਪੀ ਵਿਚ ਤਾਇਨਾਤ ਸਨ। ਆਮ ਬੱਚਿਆਂ ਵਾਂਗ ਮੈਂ ਵੀ ਟਰੈਕਟਰ ਉੱਤੇ ਬੈਠ ਕੇ ਝੂਟੇ ਲੈਣ ਦੀ ਜ਼ਿੱਦ ਕਰਦਾ। ਪਿਤਾ ਜੀ ਕਾਰਨ ਡਰਾਈਵਰ ਮੈਨੂੰ ਲਾਡ ਨਾਲ ਟਰੈਕਟਰ ’ਤੇ ਬਿਠਾ ਲੈਂਦਾ।
ਦਿਨ ਤਾਂ ਉਹ ਵੀ ਆਮ ਦਿਨਾਂ ਵਰਗਾ ਹੀ ਸੀ, ਪਰ ਇਹ ਨਹੀਂ ਪਤਾ ਸੀ ਕਿ ਅੱਜ ਵਾਲੀ ਘਟਨਾ ਸਾਰੀ ਜ਼ਿੰਦਗੀ ਨਹੀਂ ਭੁੱਲਣੀ। ਪਿਤਾ ਜੀ ਕਿਤੇ ਬਾਹਰ ਗਏ ਸਨ। ਮਾਂ ਡਰਾਈਵਰ ’ਤੇ ਬਹੁਤ ਭਰੋਸਾ ਕਰਦੀ ਸੀ। ਇਸ ਕਾਰਨ ਉਹਨੇ ਕੋਈ ਬਹੁਤਾ ਉਜਰ ਨਹੀਂ ਕੀਤਾ। ਮੈਨੂੰ ਚੁੱਕ ਕੇ ਡਰਾਈਵਰ ਨੇ ਟਰੈਕਟਰ ’ਤੇ ਬਿਠਾਇਆ ਤੇ ਆਲੇ-ਦੁਆਲਿਓਂ ਘੁੱਟ ਕੇ ਫੜੀ ਰੱਖਣ ਦੀ ਹਦਾਇਤ ਕੀਤੀ।
ਡਰਾਇਵਰ ਦੇ ਖੇਤ ਵਾਹੁੰਦਿਆਂ ਅਚਾਨਕ ਮੈਨੂੰ ਨੀਂਦ ਦਾ ਝੌਂਕਾ ਆ ਗਿਆ ਜਾਂ ਝਟਕਾ ਲੱਗਣ ਨਾਲ ਮੈਂ ਟਰੈਕਟਰ ਤੋਂ ਹੇਠਾਂ ਡਿੱਗ ਪਿਆ। ਆਪਣੇ ਕੰਮ ਵਿਚ ਰੁੱਝੇ ਡਰਾਈਵਰ ਨੂੰ ਕੋਈ ਅਹਿਸਾਸ ਨਾ ਹੋਇਆ। ਕੁਝ ਸਮੇਂ ਬਾਅਦ ਮੈਨੂੰ ਟਰੈਕਟਰ ’ਤੇ ਨਾ ਦੇਖ ਕੇ ਉਹ ਬੌਖਲਾ ਗਿਆ। ਉਹ ਰੌਲਾ ਪਾਉਂਦਾ ਘਰਾਂ ਵੱਲ ਭੱਜਿਆ, ਪਰ ਉਹਦੀ ਗੱਲ ਕਿਸੇ ਨੂੰ ਸਮਝ ਨਾ ਆਈ। ਲੋਕਾਂ ਸਮਝਿਆ ਕਿ ਜੰਗਲ ਵਿਚ ਸ਼ੇਰ ਜਾਂ ਕੋਈ ਹੋਰ ਜਾਨਵਰ ਆ ਗਿਆ ਹੋਵੇਗਾ। ਲੋਕ ਡਾਂਗਾਂ ਸੋਟੇ ਲੈ ਕੇ ਉਹਦੇ ਵੱਲ ਦੌੜੇ। ਡਰਾਈਵਰ ਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ।
‘‘ਲੋਕੋ... ਬੱਚਾ ਹੈਨੀਂ... ਕਿੱਥੇ ਗਿਆ ਬੱਚਾ... ਮੈਂ ਮਾਰਿਆ ਗਿਆ... ਮੈਂ ਕੀ ਜਵਾਬ ਦੇਊਂਗਾ ਬੱਚੇ ਦੇ ਘਰਦਿਆਂ ਨੂੰ... ਓ ਰੱਬਾ...।’’ ਕਈਆਂ ਇਹ ਸਮਝਿਆ ਕਿ ਸ਼ੇਰ ਬੱਚੇ ਨੂੰ ਚੁੱਕ ਕੇ ਲੈ ਗਿਆ। ਸਾਰੇ ਡਰਾਈਵਰ ਦੁਆਲੇ ਇਕੱਠੇ ਹੋ ਕੇ ਉਸ ਨੂੰ ਅਸਲ ਕਹਾਣੀ ਪੁੱਛਣ ਲੱਗੇ ਤਾਂ ਉਸ ਨੇ ਦੱਸਿਆ ਤਾਂ ਸਾਰੇ ਲੋਕ ਉਹਨੂੰ ਲੈ ਕੇ ਟਰੈਕਟਰ ਵੱਲ ਦੌੜੇ ਤੇ ਮੇਰੀ ਭਾਲ ਕਰਨ ਲੱਗੇ। ਕਾਫ਼ੀ ਸਮੇਂ ਬਾਅਦ ਮੈਂ ਮਿੱਟੀ ਵਿਚ ਦੱਬਿਆ ਤੇ ਸਖ਼ਤ ਜ਼ਖ਼ਮੀ ਹਾਲਤ ਵਿਚ ਮਿਲਿਆ। ਮੇਰੇ ਸਾਰੇ ਸਰੀਰ ਉੱਤੇ ਡੂੰਘੇ ਜ਼ਖ਼ਮ ਸਨ ਤੇ ਇਕ ਪੈਰ ਕੱਟ ਕੇ ਲਮਕਿਆ ਹੋਇਆ ਸੀ। ਕਿਸੇ ਨਾ ਕਿਸੇ ਤਰ੍ਹਾਂ ਮੈਨੂੰ ਕਿਸੇ ਹਸਪਤਾਲ ਪਹੁੰਚਾਇਆ ਗਿਆ। ਮੇਰੀ ਹਾਲਤ ਦੇਖ ਕੇ ਡਾਕਟਰਾਂ ਨੇ ਸਿਰ ਮਾਰ ਦਿੱਤਾ ਕਿ ਇਸ ਨੂੰ ਦਿੱਲੀ ਲੈ ਜਾਓ।
ਦਿੱਲੀ ਵਿਚ ਡਾਕਟਰਾਂ ਨੇ ਮੇਰੇ ਪੈਰ ਦਾ ਜ਼ਖ਼ਮ ਬਹੁਤ ਗਹਿਰਾ ਹੋਣ ਅਤੇ ਇਨਫੈਕਸ਼ਨ ਫੈਲਣ ਦੇ ਡਰ ਕਾਰਨ ਪਿਤਾ ਜੀ ਨੂੰ ਮੇਰੀ ਜਾਨ ਬਚਾਉਣ ਲਈ ਲੱਤ ਕੱਟਣ ਦੀ ਤਜਵੀਜ਼ ਤੋਂ ਜਾਣੂੰ ਕਰਾਇਆ। ਪਿਤਾ ਜੀ ਇਹ ਸੁਣ ਕੇ ਬੇਚੈਨ ਹੋ ਉੱਠੇ। ਉਨ੍ਹਾਂ ਨੇ ਡਾਕਟਰਾਂ ਨੂੰ ਬੇਨਤੀ ਕੀਤੀ ਕਿ ਜਵਿੇਂ ਵੀ ਹੋਵੇ, ਬੱਚੇ ਦੀ ਲੱਤ ਬਚਾਅ ਲਉ। ਕਈ ਦਿਨਾਂ ਦੀ ਸੋਚ ਵਿਚਾਰ ਤੋਂ ਬਾਅਦ ਮੇਰੇ ਪੈਰ ਦਾ ਅੱਡੀ ਤੋਂ ਅਗਲਾ ਹਿੱਸਾ ਕੱਟ ਦਿੱਤਾ। ਜ਼ਖ਼ਮ ਇੰਨੇ ਡੂੰਘੇ ਸਨ ਕਿ ਮੈਂ ਛੇ ਮਹੀਨੇ ਹਸਪਤਾਲ ਦੇ ਬੈੱਡ ’ਤੇ ਪਿਆ ਰਿਹਾ। ਹੌਲੀ ਹੌਲੀ ਜ਼ਖਮ ਭਰਨ ਲੱਗੇ ਤਾਂ ਮੈਂ ਵੀ ਗੱਲਾਂ ਕਰਨ ਲੱਗਾ। ਮਾਪਿਆਂ ਲਈ ਇਹ ਵੀ ਵੱਡੀ ਖ਼ੁਸ਼ੀ ਸੀ ਕਿ ਮੈਂ ਪਹਿਲਾਂ ਨਾਲੋਂ ਠੀਕ ਹੋ ਰਿਹਾ ਸਾਂ। ਜਦੋਂ ਮੈਂ ਆਪਣੇ ਪੱਟੀਆਂ ਵਿਚ ਲਪੇਟੇ ਪੈਰ ਨੂੰ ਦੇਖਦਾ ਤਾਂ ਮਾਪਿਆਂ ਨੂੰ ਪੁੱਛਦਾ ਕਿ ਮੈਂ ਹੁਣ ਇਸ ਪੈਰ ਵਿਚ ਸੈਂਡਲ ਕਵਿੇਂ ਪਾਵਾਂਗਾ। ਮੇਰੀ ਮਾਸੂਮੀਅਤ ਭਰੀ ਗੱਲ ਸੁਣ ਕੇ ਦੋਵਾਂ ਦੀਆਂ ਧਾਹਾਂ ਨਿਕਲ ਜਾਂਦੀਆਂ। ਬਾਅਦ ਵਿਚ ਮਾਂ ਨੇ ਦੱਸਿਆ ਸੀ ਕਿ ਤੂੰ ਹਾਦਸੇ ਵਾਲੇ ਦਿਨ ਹੀ ਨਵੇਂ ਸੈਂਡਲ ਪਾਏ ਸਨ।
ਬਾਅਦ ਵਿਚ ਪਿਤਾ ਜੀ ਨੇ ਚਮੜੇ ਦੇ ਇਕ ਕਾਰੀਗਰ ਤੋਂ ਮੈਨੂੰ ਬੂਟ ਬਣਾ ਕੇ ਦਿੱਤੇ। ਇਕ ਪੈਰ ਵਿਚ ਤਾਂ ਸਾਬਤ ਬੂਟ ਸੀ ਤੇ ਦੂਜੇ ਵਿਚ ਪੈਰ ਦੀ ਅੱਡੀ ਉੱਤੇ ਚਾੜ੍ਹਨ ਲਈ ਚਮੜੇ ਦਾ ਖੜ੍ਹਵਾਂ ਜਿਹਾ ਇਕ ਬੂਟ ਬਣਾ ਦਿੱਤਾ ਜਿਸ ਨੂੰ ਮੈਂ ਬੱਧਰੀਆਂ ਨਾਲ ਬੰਨ੍ਹ ਲੈਂਦਾ। ਤੁਰਨ ਤਾਂ ਮੈਂ ਲੱਗ ਪਿਆ ਸਾਂ, ਪਰ ਮੇਰੀ ਤਕਲੀਫ਼ ਮਾਂ ਤੇ ਪਿਤਾ ਜੀ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ। ਪ੍ਰਾਇਮਰੀ ਤੋਂ ਲੈ ਕੇ ਐਮ.ਏ ਤੱਕ ਦੀ ਸਿੱਖਿਆ ਮੈਂ ਇਉਂ ਹੀ ਪੂਰੀ ਕੀਤੀ। ਕਿਤਾਬਾਂ ਪੜ੍ਹਨ ਦੀ ਰੁਚੀ ਸਕੂਲ ਤੋਂ ਹੀ ਹੋ ਗਈ ਸੀ। ਬੀ.ਏ. ਕਰਨ ਉਪਰੰਤ ਮੈਂ ਐਮ.ਏ. ਪੰਜਾਬੀ ਕਰਨ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਦਾਖਲਾ ਲਿਆ। ਇੱਥੇ ਵੀ ਆਪਣੇ ਸਾਥੀਆਂ ਵਿਚ ਬੈਠਣ ਤੋਂ ਜਕਦਾ ਰਹਿੰਦਾ। ਵਿਹਲੇ ਸਮੇਂ ਲਾਇਬਰੇਰੀ ਜਾ ਬੈਠਦਾ। ਪੰਜਾਬੀ ਵਿਭਾਗ ਦੇ ਪ੍ਰੋਫੈਸਰ ਨਰਿੰਜਨ ਸਿੰਘ ਢੇਸੀ ਵੀ ਅਕਸਰ ਲਾਇਬਰੇਰੀ ਵਿਚ ਆ ਬਹਿੰਦੇ। ਸ਼ਾਇਦ, ਮੇਰੇ ਮਨ ਦੀ ਸਥਿਤੀ ਉਨ੍ਹਾਂ ਭਾਂਪ ਲਈ। ਉਹ ਮੇਰੇ ਨਾਲ ਬਹੁਤ ਹੌਸਲਾ-ਵਧਾਊ ਗੱਲਾਂ ਕਰਦੇ। ਇਕ ਦੋ ਦਿਨਾਂ ਬਾਅਦ ਉਨ੍ਹਾਂ ਮੈਨੂੰ ਲਾਇਬਰੇਰੀ ਵਿਚ ਬੈਠਿਆਂ ਦੇਖ ਕੇ ਇਕ ਕਿਤਾਬ ਮੇਰੇ ਮੂਹਰੇ ਲਿਆ ਰੱਖੀ। ਨਾਲ ਹੀ ਕਹਿਣ ਲੱਗੇ ਇਹ ਕਿਤਾਬ ਜ਼ਰੂਰ ਪੜ੍ਹੀਂ। ਇਹ ਕਿਤਾਬ ਸੀ ਬੋਰਿਸ ਪੋਲੇਵੋਈ ਦੀ ‘ਅਸਲੀ ਇਨਸਾਨ ਦੀ ਕਹਾਣੀ’। ਇਹ ਦੂਜੀ ਆਲਮੀ ਜੰਗ ਦੇ ਸਮਿਆਂ ਵਿਚ ਸੋਵੀਅਤ ਪਾਇਲਟ ਅਲੈਕਸੀ ਮਾਰਸੀਯੇਵ ਦੇ ਜੀਵਨ ਦੀ ਅਸਲੀ ਕਹਾਣੀ ’ਤੇ ਆਧਾਰਿਤ ਹੈ। ਜੰਗ ਕਾਰਨ ਦੋਵੇਂ ਪੈਰ ਕੱਟੇ ਜਾਣ ਦੇ ਬਾਵਜੂਦ ਅਲੈਕਸੀ ਦੀ ਹਿੰਮਤ ਤੇ ਇੱਛਾ-ਸ਼ਕਤੀ ਪੜ੍ਹਨ ਵਾਲੇ ਨੂੰ ਝੰਜੋੜ ਸੁੱਟਦੀ ਹੈ। ਮੈਂ ਜਿਉਂ ਜਿਉਂ ਇਸ ਬਹਾਦਰ ਯੋਧੇ ਦੀ ਹਿੰਮਤ ਤੇ ਹੌਸਲੇ ਦੀ ਕਹਾਣੀ ਪੜ੍ਹਦਾ ਗਿਆ, ਤਿਉਂ ਤਿਉਂ ਮੇਰਾ ਮਨੋਬਲ ਉੱਚਾ ਹੁੰਦਾ ਗਿਆ। ਮੈਨੂੰ ਜਾਪਿਆ, ਮੇਰਾ ਦੁੱਖ ਤਾਂ ਕੁਝ ਵੀ ਨਹੀਂ, ਮੈਂ ਤਾਂ ਐਵੇਂ ਹੀ ਹੁਣ ਤੱਕ ਕਮਤਰੀ ਦੇ ਅਹਿਸਾਸ ਵਿਚ ਵਿਚਰਦਾ ਰਿਹਾ। ਮੈਂ ਬਣਾਉਟੀ ਪੈਰ ਦੇ ਨਾਲ ਹੀ ਪੈਂਤੀ ਸਾਲ ਆਪਣੀ ਸਰਕਾਰੀ ਡਿਊਟੀ ਪੂਰੀ ਜ਼ਿੰਮੇਵਾਰੀ ਤੇ ਲਗਨ ਨਾਲ ਨਿਭਾਉਂਦਾ ਸੇਵਾਮੁਕਤ ਹੋਇਆ ਹਾਂ। ਜੀਵਨ ਦੀ ਤੋਰ ਨੂੰ ਚੱਲਦੇ ਰੱਖਣ ਲਈ ਸਵੇਰੇ ਸ਼ਾਮ ਸੈਰ ਦਾ ਅਨੰਦ ਮਾਣਦਿਆਂ ਲਗਪਗ ਚਾਰ ਦਹਾਕੇ ਹੋ ਚੱਲੇ ਹਨ।
ਸੰਪਰਕ: 98153-56086

Advertisement

Advertisement